ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਰਹੀਮ ਦੇ ਮਕਾਨ 'ਤੇ ਗੋਲੀਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਾਟੀ ਵਿਚ ਜਿੱਥੇ ਇਕ ਪਾਸੇ ਸੁਰੱਖਿਆ ਬਲਾਂ ਵਲੋਂ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਤਿਵਾਦੀਆਂ ਦੀਆਂ ਘਟਨਾਵਾਂ ਵੀ ਹਾਲੇ...

Jammu-Kashmir Former Finance Minister Abdul Raheem

ਸ਼੍ਰੀਨਗਰ : ਘਾਟੀ ਵਿਚ ਜਿੱਥੇ ਇਕ ਪਾਸੇ ਸੁਰੱਖਿਆ ਬਲਾਂ ਵਲੋਂ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਤਿਵਾਦੀਆਂ ਦੀਆਂ ਘਟਨਾਵਾਂ ਵੀ ਹਾਲੇ ਜਾਰੀ ਹਨ। ਕੇਂਦਰੀ ਕਸ਼ਮੀਰ ਵਿਚ ਬਡਗਾਮ ਜ਼ਿਲ੍ਹੇ ਦੇ ਬਦੀਪੁਰਾ ਪਿੰਡ ਵਿਚ ਅਤਿਵਾਦੀਆਂ ਨੇ ਗਏ ਸੂਬੇ ਦੇ ਇਕ ਸਾਬਕਾ ਵਿੱਤ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਬਦੁਲ ਰਹੀਮ ਦੇ ਘਰ 'ਤੇ ਹਮਲਾ ਕੀਤਾ। ਮਿਲੀਆਂ ਖ਼ਬਰਾਂ ਮੁਤਾਬਕ ਕੁਝ ਅਤਿਵਾਦੀਆਂ ਨੇ ਮਕਾਨ 'ਤੇ ਫ਼ਾਇਰਿੰਗ ਕੀਤੀ। ਇਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਫ਼ਾਇਰਿੰਗ ਸਮੇਂ ਘਰ ਵਿਚ ਅਬਦੁੱਲ ਰਹੀਮ ਮੌਜੂਦ ਨਹੀਂ ਸਨ। 

ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਅਲ ਬਦਰ ਮੁਜਾਹਿਦੀਨ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਹਮਲੇ ਦੌਰਾਨ ਐੱਸਓਜੀ ਦਾ ਇਕ ਜਵਾਨ ਜ਼ਖ਼ਮੀ ਹੋਇਆ ਹੈ। ਮੰਗਲਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਖੇ ਕੁਝ ਅੱਤਵਾਦੀਆਂ ਨੇ ਫੌਜ ਦੀ ਇਕ ਮੋਟਰ ਗੱਡੀ 'ਤੇ ਆਈਈਡੀ ਦਾ ਧਮਾਕਾ ਕੀਤਾ। ਧਮਾਕਾ ਪੁਲਵਾਮਾ ਦੇ ਨੌਪਾਰਾ ਇਲਾਕੇ 'ਚ ਕੀਤਾ ਗਿਆ। ਇਸ ਕਾਰਨ ਮੋਟਰ ਗੱਡੀ ਨੂੰ ਕੁਝ ਨੁਕਸਾਨ ਪੁੱਜਾ। ਘਟਨਾ ਪਿਛੋਂ ਜਵਾਨਾਂ ਨੇ ਅਤਿਵਾਦੀਆਂ 'ਤੇ ਫਾਇਰਿੰਗ ਕੀਤੀ ਅਤੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਅਤਿਵਾਦੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।

ਉਕਤ ਮੋਟਰ ਗੱਡੀ ਤੜਕੇ 3 ਵਜੇ ਪੁਲਵਾਮਾ ਜ਼ਿਲ੍ਹੇ ਵਿਚੋਂ ਜਦੋਂ ਲੰਘ ਰਹੀ ਸੀ ਤਾਂ ਇਹ ਧਮਾਕਾ ਕੀਤਾ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਪੁਲਵਾਮਾ ਜ਼ਿਲ੍ਹੇ ਵਿਚ ਹੀ ਲੋਰਗਾਮ ਤਰਾਲ ਇਲਾਕੇ ਵਿਚ ਸ਼ੱਕੀ ਅਤਿਵਾਦੀਆਂ ਨੇ ਇਕ ਨੌਜਵਾਨ ਮੁਹੰਮਦ ਅਮੀਰ ਮਲਿਕ ਨੂੰ ਗੋਲੀ ਮਾਰ ਦਿਤੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਦਸ ਦਈਏ ਕਿ ਬੀਤੇ ਦਿਨ ਸੁਰੱਖਿਆ ਬਲਾਂ ਨੇ ਕੁਪਵਾੜਾ ਤੋਂ 4 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ।  ਇਹ ਅਤਿਵਾਦੀ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਸਨ ਪਰ ਜਦੋਂ ਸੁਰੱਖਿਆ ਬਲਾਂ ਨੂੰ ਇਨ੍ਹਾਂ ਦੀ ਸੂਹ ਮਿਲੀ ਤਾਂ ਉਨ੍ਹਾਂ ਨੇ ਇਨ੍ਹਾਂ ਅਤਿਵਾਦੀਆਂ ਨੂੰ ਘੇਰਾ ਪਾ ਲਿਆ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ਪਰ ਛੇਤੀ ਹੀ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਅੱਗੇ ਗੋਡੇ ਟੇਕ ਦਿਤੇ ਸਨ।