ਟਰੰਪ ਤੇ ਬਿਡੇਨ 'ਚ ਸ਼ਬਦੀ ਵਾਰ, ਟਰੰਪ ਬੋਲੇ ਭ੍ਰਿਸ਼ਟ ਲੀਡਰ ਨੇ 47 ਸਾਲ ਤੱਕ ਦਿੱਤਾ ਅਮਰੀਕਾ ਨੂੰ ਧੋਖਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬਿਡੇਨ ਨੂੰ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ

Donald Trump and Joe Biden

ਵਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਆਪਣੇ ਵਿਰੋਧੀ ਬਿਡੇਨ 'ਤੇ ਭ੍ਰਿਸ਼ਟ ਲੀਡਰ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਡੈਮੋਕ੍ਰੇਟਿਕ ਉਮੀਦਵਾਰ ਨੇ ਪਿਛਲੇ 47 ਸਾਲ 'ਚ ਅਮਰੀਕੀਆਂ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਟਰੰਪ ਨੇ ਮਿਨੇਸੋਟਾ ਦੇ ਰੋਚੇਸਟਰ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਡੇਨ ਨੂੰ ਸੱਤਾ ਦੀ ਸਨਕ ਹੈ।

ਉਨ੍ਹਾਂ ਕਿਹਾ ਕਿ ਬਿਡੇਨ ਘਟੀਆ ਤੇ ਭ੍ਰਿਸ਼ਟ ਲੀਡਰ ਹੈ। ਜਿੰਨ੍ਹਾਂ ਨੇ ਪਿਛਲੇ 47 ਸਾਲ 'ਚ ਅਮਰੀਕਾ ਵਾਸੀਆ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਉਹ ਤੁਹਾਡੀਆਂ ਅੱਖਾਂ 'ਚ ਦੇਖਣਗੇ ਤੇ ਪਿੱਛੇ ਘੁੰਮ ਕੇ ਤੁਹਾਡੀ ਪਿੱਠ 'ਤੇ ਛੁਰਾ ਖੋਪ ਦੇਣਗੇ। ਉਨ੍ਹਾਂ ਨੂੰ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ। ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਉਨ੍ਹਾਂ ਨੂੰ ਫੈਸਲਾਕੁੰਨ ਜਿੱਤ ਦਿਵਾ ਕੇ ਆਪਣੀ ਰੱਖਿਆ ਕਰਨ ਦਾ ਇਹੀ ਇਕ ਤਰੀਕਾ ਹੈ।

ਅਮਰੀਕੀ ਜੀਵਨ ਸ਼ੈਲੀ ਨੂੰ ਸੁਰੱਖਿਅਤ ਰੱਖਣ ਅਤੇ ਉਸ ਦੀ ਰੱਖਿਆ ਕਰਨ ਦਾ ਇਹੀ ਇਕਮਾਤਰ ਤਰੀਕਾ ਹੈ। ਤਹਾਨੂੰ ਤਿੰਨ ਨਵੰਬਰ ਨੂੰ ਮਤਦਾਨ ਕਰਨਾ ਹੋਵੇਗਾ। ਤਿੰਨ ਨਵੰਬਰ ਨੂੰ ਬਿਡੇਨ ਨੂੰ ਹਰਾਉਣ ਅਤੇ ਅਮਰੀਕੀ ਆਜ਼ਾਦੀ ਦੀ ਰੱਖਿਆ ਕਰਨ ਲਈ ਮਤਦਾਨ ਜਰੂਰ ਕਰੋ। ਰਾਸ਼ਟਰਪਤੀ ਨੇ ਕਿਹਾ ਕਿ ਬਿਡੇਨ ਦੀ ਯੋਜਨਾ ਦੇ ਕਾਰਨ ਕੋਰੋਨਾ ਵਾਇਰਸ ਦਾ ਟੀਕਾ ਆਉਣ 'ਚ ਦੇਰੀ ਹੋਵੇਗੀ।

ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦਾ ਨਾਸ਼ ਹੋ ਜਾਵੇਗਾ ਤੇ ਪੂਰਾ ਦੇਸ਼ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਅਸੀਂ ਚੀਨੀ ਪਲੇਗ ਨੂੰ ਹਮੇਸ਼ਾਂ ਲਈ ਮਿਟਾ ਦੇਵਾਂਗੇ ਰਿਪਬਲਿਕਨ ਪਾਰਟੀ ਲਈ ਮਤਦਾਨ ਅਮਰੀਕੀ ਸੁਪਨਿਆਂ ਲਈ ਹੋਵੇਗਾ। ਇਬਰਾਹਿਮ ਲਿੰਕਨ ਦੀ ਪਾਰਟੀ ਲਈ ਮਤਦਾਨ ਹੋਵੇਗਾ। ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਕੁੱਲ 90,34,925 ਲੋਕ ਸੰਕਰਮਿਤ ਹੋ ਚੁੱਕੇ ਹਨ ਤੇ 2,29,544 ਲੋਕਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ 'ਅਸੀਂ ਚਾਰ ਸਾਲ 'ਚ ਅਮਰੀਕਾ ਨੂੰ ਦੁਨੀਆਂ ਦੀ ਮਹਾਸ਼ਕਤੀ ਬਣਾ ਦੇਵਾਂਗੇ ਤੇ ਚੀਨ 'ਤੇ ਨਿਰਭਰਤਾ ਹਮੇਸ਼ਾਂ ਲਈ ਸਮਾਪਤ ਕਰ ਦੇਵਾਂਗੇ।'