ਜਿਨ੍ਹਾਂ ਨੇ ਦੇਸ਼ ‘ਚ ਲੋਕ-ਰਾਜ ਤੇ ਸੰਵਿਧਾਨ ਨੂੰ ਜ਼ਿੰਦਾ ਰੱਖਣ ਲਈ ਲੜਨਾ ਹੈ, ਉਹ ਕਟਹਿਰੇ ‘ਚ ਖੜੇ.....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਨ੍ਹਾਂ ਨੇ ਦੇਸ਼ ਵਿਚ ਲੋਕ-ਰਾਜ ਤੇ ਸੰਵਿਧਾਨ ਨੂੰ ਜ਼ਿੰਦਾ ਰੱਖਣ ਲਈ ਲੜਨਾ ਹੈ, ਉਹ ਕਟਹਿਰੇ ਵਿਚ ਖੜੇ ਕੀਤੇ ਜਾ ਰਹੇ ਹਨ!

saifuddin soz

ਭਾਰਤ ਜਿਨ੍ਹਾਂ ਥਮਲਿਆਂ 'ਤੇ ਖੜਾ ਹੋ ਰਿਹਾ ਸੀ, ਅੱਜ ਉਹ ਥੰਮ੍ਹ ਅੰਦਰੋ ਅੰਦਰੀ ਖੋਖਲੇ ਹੁੰਦੇ ਜਾ ਰਹੇ ਹਨ ਅਤੇ ਇਨ੍ਹਾਂ ਸੱਭ ਕਾਸੇ ਪਿਛੇ ਤਾਕਤ ਦੀ ਹੋੜ ਲੱਗੀ ਹੋਈ ਹੈ। ਅੱਜ ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਵਲੋਂ ਦਿਤੇ ਬਿਆਨ ਨੂੰ ਝੂਠਾ ਸਾਬਤ ਕਰਦਾ ਹੋਇਆ ਜੰਮੂ-ਕਸ਼ਮੀਰ ਦੇ ਇਕ ਕਾਂਗਰਸੀ ਆਗੂ ਦਾ ਅਪਣੇ ਘਰ ਵਿਚ ਕੈਦੀ ਬਣਾ ਕੇ ਰੱਖੇ ਜਾਣ ਦਾ ਵੀਡੀਉ ਸਾਹਮਣੇ ਆਇਆ ਹੈ। ਸਰਕਾਰ ਨੇ ਕੱਲ ਹੀ ਸੁਪਰੀਮ ਕੋਰਟ ਵਿਚ ਆਖਿਆ ਸੀ ਕਿ ਸੈਫ਼ੂਦੀਨ ਸੋਜ਼ ਕੈਦੀ ਨਹੀਂ ਹਨ ਪਰ ਜਦ ਸੋਜ਼ ਨੇ ਮੀਡੀਆ ਸਾਹਮਣੇ ਅਪਣੇ ਘਰੋਂ ਬਾਹਰ ਨਿਕਲਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਪੁਲਿਸ ਵਾਲੇ ਜ਼ਬਰਦਸਤੀ ਖਿੱਚ ਕੇ ਅੰਦਰ ਲੈ ਗਏ।

ਕਾਗ਼ਜ਼ਾਂ ਵਿਚ ਕੋਈ ਕਾਰਵਾਈ ਨਹੀਂ ਹੋਈ ਪਰ ਸੋਜ਼ ਅਤੇ 15 ਹੋਰ ਆਗੂ ਅਜੇ ਵੀ ਹਿਰਾਸਤ ਵਿਚ ਹਨ। ਰਾਜਸਥਾਨ ਦਾ ਗਵਰਨਰ ਵੀ ਉਸ ਸਮੇਂ ਅਪਣੀ ਪਾਰਟੀ ਨਾਲ ਵਫ਼ਾਦਾਰੀ ਵਿਖਾ ਰਿਹਾ ਹੁੰਦਾ ਹੈ ਨਾ ਕਿ ਸੰਵਿਧਾਨ ਪ੍ਰਤੀ ਵਫ਼ਾਦਾਰੀ ਜਦ ਉਹ ਬਹੁਗਿਣਤੀ ਵਾਲੀ ਚੁਣੀ ਹੋਈ ਸਰਕਾਰ ਨੂੰ ਤੋੜਨ ਲਈ ਅਪਣੀ ਪੁਰਾਣੀ ਪਾਰਟੀ ਨੂੰ ਸਮਾਂ ਦਿੰਦੇ ਹਨ। ਫ਼ਲੋਰ ਟੈਸਟ ਵਾਸਤੇ 15 ਦਿਨਾਂ ਦਾ ਸਮਾਂ ਮਤਲਬ 15 ਦਿਨ ਹੋਰ ਇਨ੍ਹਾਂ ਵਿਧਾਇਕਾਂ ਨੂੰ ਮੁਰਗੀਖ਼ਾਨਿਆਂ ਵਿਚ ਡੱਕ ਕੇ ਰਖਣਾ ਪਵੇਗਾ ਅਤੇ ਉਨ੍ਹਾਂ ਨੂੰ ਬਚਾਉਣ ਲਈ ਕਰੋੜਾਂ ਰੁਪਏ ਖ਼ਰਚਣੇ ਪੈਣਗੇ। ਈ.ਡੀ. ਜੇ 2007 ਦਾ ਕੇਸ ਖੋਲ੍ਹ ਕੇ ਗਹਿਲੋਤ ਦੇ ਭਰਾ 'ਤੇ ਸ਼ੱਕ ਕਰ ਸਕਦਾ ਹੈ ਤਾਂ ਜ਼ਾਹਿਰ ਹੈ ਕਿ ਇਨ੍ਹਾਂ 100 ਵਿਧਾਇਕਾਂ ਦੀ ਵੀ ਸਾਰੀ ਜ਼ਿੰਦਗੀ ਜਾਂਚ  ਪੜਤਾਲ ਹੀ ਚਲਦੀ ਰਹੇਗੀ।

ਕਰਨਾਟਕਾ ਵਿਚ 2018 'ਚ ਗਵਰਨਰ ਨੇ ਅਪਣੀ ਪਾਰਟੀ ਨੂੰ ਸੰਵਿਧਾਨ ਦੇ ਕਾਇਦੇ ਕਾਨੂੰਨ ਤੋਂ ਬਾਹਰ ਜਾ ਕੇ ,ਸਰਕਾਰ ਬਣਾਉਣ ਦਾ ਸੱਦਾ ਦੇ ਦਿਤਾ ਸੀ। ਮਹਾਰਾਸ਼ਟਰਾ ਵਿਚ ਲੁਕ-ਛੁਪ ਕੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਫੁਟਦਿਆਂ ਹੀ ਫਰਨਵੀਜ਼ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਗਏ ਸਨ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਤਾਂ ਉਹ ਹਾਰ ਗਏ ਪਰ ਗੋਆ ਵਿਚ ਇਨ੍ਹਾਂ ਦੀ ਚਾਲ ਕਾਮਯਾਬ ਹੋ ਗਈ ਅਤੇ ਕਰਨਾਟਕਾ ਤੇ ਮੱਧ ਪ੍ਰਦੇਸ਼ ਵਿਚ ਵੀ ਸਰਕਾਰ ਨੂੰ ਕਾਮਯਾਬੀ ਮਿਲ ਗਈ। ਗਵਰਨਰ ਸਾਹਮਣੇ ਵਿਧਾਇਕ ਦੀ ਨਹੀਂ ਸਗੋਂ ਲੋਕਤੰਤਰ ਦੀ ਸੌਦੇਬਾਜ਼ੀ ਹੁੰਦੀ ਹੈ ਪਰ ਤਾਕਤ ਵੀ ਜ਼ਰੂਰੀ ਹੈ। ਸੁਪਰੀਮ ਕੋਰਟ ਵਿਚ ਪ੍ਰਸ਼ਾਂਤ ਭੂਸ਼ਣ ਨੂੰ ਮਾਣਹਾਨੀ ਕੇਸ ਵਿਚ ਸਦਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਇਕ ਬੀਜੇਪੀ ਆਗੂ ਦੇ 50 ਲੱਖ ਦੇ ਮੋਟਰ ਸਾਈਕਲ 'ਤੇ ਸਵਾਰੀ ਦੀ ਤਸਵੀਰ ਸਾਂਝੀ ਕੀਤੀ ਸੀ।

ਅਸਲ ਵਿਚ ਤਾਂ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਕੋਲੋਂ ਇਕ ਸਿਆਸਤਦਾਨ ਦੇ 50 ਲੱਖ ਦੇ ਮੋਟਰ ਸਾਈਕਲ 'ਤੇ ਸਵਾਰੀ ਬਾਰੇ ਪੁਛਣਾ ਚਾਹੀਦਾ ਸੀ, ਪਰ ਇਥੇ ਕਟਹਿਰੇ ਵਿਚ ਇਕ ਚੌਕੀਦਾਰ ਨੂੰ ਖੜਾ ਕੀਤਾ ਜਾ ਰਿਹਾ ਹੈ। ਮੀਡੀਆ ਦੀ ਆਜ਼ਾਦੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਅੱਜ ਸਾਰੇ ਰਾਫ਼ੇਲ ਬਾਰੇ ਜਸ਼ਨ ਮਨਾ ਰਹੇ ਹਨ ਪਰ ਕਿਸੇ ਨੇ ਇਹ ਸਵਾਲ ਨਹੀਂ ਚੁਕਿਆ ਕਿ ਅਨਿਲ ਅੰਬਾਨੀ ਦਾ ਰਾਫ਼ੇਲ ਵਿਚ ਜਿਹੜਾ ਹਿੱਸਾ ਹੈ, ਉਸ ਬਾਰੇ ਉਸ ਨੇ ਯੈਸ ਬੈਂਕ ਦੇ ਕਾਗ਼ਜ਼ ਜਾਰੀ ਕੀਤੇ ਹਨ? ਕੋਈ ਇਹ ਨਹੀਂ ਆਖਦਾ ਕਿ ਇਨ੍ਹਾਂ ਪੰਜਾਂ ਨਾਲ ਵੀ ਭਾਰਤ 2023 ਤਕ ਪਾਕਿਸਤਾਨ ਤੋਂ ਘੱਟ ਤਿਆਰ ਮਿਲੇਗਾ ਪਰ ਕਿਸੇ ਨੂੰ ਇਹ ਵੀ ਨਜ਼ਰ ਨਹੀਂ ਆ ਰਿਹਾ ਕਿ ਚੀਨ ਨੇ ਭਾਰਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ।

ਬਸ ਉਪਰੋਂ ਜਿਸ ਵਿਰੁਧ ਵੀ ਆਦੇਸ਼ ਜਾਰੀ ਹੁੰਦੇ ਹਨ, ਉਨ੍ਹਾਂ  ਵਲ ਵੇਖ ਕੇ ਉਸ ਨੂੰ 'ਮਹਾਂ ਦੁਸ਼ਟ' ਕਹਿਣਾ ਸ਼ੁਰੂ ਕਰ ਦਿਤਾ ਜਾਂਦਾ ਹੈ ਜਦਕਿ ਪੂਰੀ ਤਸਵੀਰ ਹਨੇਰੇ ਵਿਚ ਛੁਪੀ ਰਹਿ ਜਾਂਦੀ ਹੈ। ਅੱਜ ਰਾਸ਼ਟਰ ਪ੍ਰੇਮ ਦੀ ਭਾਰੀ ਕਮੀ ਪੈਦਾ ਹੋ ਗਈ ਹੈ ਕਿਉਂਕਿ ਇਸ ਵੇਲੇ ਰਾਜਸੀ ਆਗੂਆਂ ਲਈ ਦੇਸ਼ ਵਿਚ ਸੰਵਿਧਾਨ ਤੋਂ ਪਹਿਲਾਂ ਤਾਕਤ, ਸੱਤਾ ਅਤੇ ਪੈਸਾ ਆਉਂਦੇ ਹਨ। ਇਹ ਕਿਸੇ ਇਕ ਵਰਗ ਦਾ ਹੀ ਕਸੂਰ ਨਹੀਂ ਬਲਕਿ ਸਾਰਾ ਤਲਾਅ ਹੀ ਗੰਦਾ ਹੋਈ ਜਾ ਰਿਹਾ ਹੈ ਨਹੀਂ ਤਾਂ ਕਿਹੜਾ ਪ੍ਰਧਾਨ ਮੰਤਰੀ ਇਨ੍ਹਾਂ ਹਾਲਾਤ ਵਿਚ ਵੀ ਨਵੀਂ ਪਾਰਲੀਮੈਂਟ ਬਿਲਡਿੰਗ ਉਸਾਰਨ, ਨਵੇਂ ਹਵਾਈ ਜਹਾਜ਼ ਖ਼ਰੀਦਣ ਤੇ ਨਵੇਂ ਮੰਦਰ ਉਸਾਰਨ ਦੀ ਗੱਲ ਸੋਚ ਸਕਦਾ ਹੈ?
-ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।