ਜਾਤ-ਪਾਤ ਦਾ ਦੈਂਤ ਮਨੁੱਖ ਨੂੰ ਮਨੁੱਖ ਨਹੀਂ ਬਣਿਆ ਰਹਿਣ ਦੇਂਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਹੜੇ ਦਲਿਤ ਸਫ਼ਾਈ ਦਾ ਕੰਮ ਛੱਡ ਕੇ ਆਮ ਵਰਗ ਦੇ ਕੰਮ ਧੰਦੇ ਅਪਣਾ ਲੈਂਦੇ ਹਨ, ਉਨ੍ਹਾਂ ਨਾਲ ਸਗੋਂ ਜ਼ਿਆਦਾ ਨਫ਼ਰਤ ਕੀਤੀ ਜਾਂਦੀ ਹ

File Photo

ਸੰਗਰੂਰ ਵਿਚ ਦਲਿਤ ਬੱਚਿਆਂ ਕੋਲੋਂ ਸਕੂਲ ਵਿਚ ਸਫ਼ਾਈ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਂਚ ਦੌਰਾਨ ਇਹ ਸਾਫ਼ ਹੋਇਆ ਕਿ ਸਿਰਫ਼ ਦਲਿਤ ਪ੍ਰਵਾਰ ਦੇ ਬੱਚਿਆਂ ਤੋਂ ਹੀ ਸਕੂਲ ਵਿਚ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ। ਕਦੇ ਸਕੂਲ ਦੇ ਖੇਡ ਮੈਦਾਨ ਵਿਚ, ਕਦੇ ਝਾੜੂ-ਪੋਚਾ। ਇਹ ਹਾਲ ਬਾਬੇ ਨਾਨਕ ਦੇ ਪੰਜਾਬ ਦਾ ਹੈ ਤਾਂ ਬਾਕੀ ਭਾਰਤ ਵਿਚ ਕੀ ਹੋਵੇਗਾ?

ਪਿਛਲੇ ਹਫ਼ਤੇ ਰਾਜਸਥਾਨ ਵਿਚ ਇਕ ਵਾਰਦਾਤ ਸਾਹਮਣੇ ਆਈ ਜਿਥੇ ਦੋ ਦਲਿਤਾਂ ਨੂੰ ਬੁਰੀ ਤਰ੍ਹਾਂ ਕੁਟਿਆ ਮਾਰਿਆ ਗਿਆ ਅਤੇ ਇਕ ਦੇ ਪਿਛਵਾੜੇ ਵਿਚ ਪਟਰੌਲ ਵਿਚ ਡੁਬਿਆ ਪੇਚਕਸ ਵੀ ਤੁੰਨਿਆ ਗਿਆ। ਨਾਲ ਨਾਲ ਇਸ ਦਰਦਨਾਕ ਦ੍ਰਿਸ਼ ਨੂੰ ਫ਼ਿਲਮਾਇਆ ਵੀ ਗਿਆ ਤਾਕਿ ਬਾਕੀ ਦਲਿਤਾਂ ਨੂੰ ਡਰਾਉਣ ਦੇ ਕੰਮ ਆ ਸਕੇ।
ਇਕ ਹੋਰ ਵਾਰਦਾਤ ਸਾਹਮਣੇ ਆਈ ਜਿਸ ਵਿਚ ਦੋ ਦਲਿਤ ਔਰਤਾਂ ਨਲਕੇ ਤੋਂ ਪਾਣੀ ਭਰ ਰਹੀਆਂ ਸਨ ਜਦ ਉਥੋਂ ਲੰਘਦੇ ਇਕ 'ਉੱਚ ਜਾਤੀ' ਦੇ ਮਰਦ ਉਤੇ ਸਾਫ਼ ਪਾਣੀ ਦਾ ਛਿੱਟਾ ਪੈ ਗਿਆ।

ਉਸ ਨੇ ਦੋਹਾਂ ਔਰਤਾਂ ਨੂੰ ਕੁਟਣਾ ਸ਼ੁਰੂ ਕਰ ਦਿਤਾ। ਜਦ ਉਨ੍ਹਾਂ ਦੇ ਘਰ ਤੋਂ ਪਿਤਾ ਅਪਣੀ ਬੇਟੀ ਅਤੇ ਪਤਨੀ ਨੂੰ ਬਚਾਉਣ ਆਏ ਤਾਂ ਉਸ ਨੂੰ ਜਾਨੋਂ ਮਾਰ ਦਿਤਾ ਗਿਆ। ਸਿਰਫ਼ ਪਾਣੀ ਦੇ ਛਿੱਟੇ ਇਸ ਕ੍ਰੋਧ ਦਾ ਕਾਰਨ ਨਹੀਂ ਸਨ। ਅਸਲ ਕਾਰਨ ਇਹ ਸੀ ਕਿ ਉਹ ਦਲਿਤ ਪ੍ਰਵਾਰ ਪਹਿਲਾਂ ਮਲ ਸਫ਼ਾਈ ਦਾ ਕੰਮ ਕਰਦਾ ਸੀ ਪਰ ਫਿਰ ਪਿਤਾ ਨੇ ਕੰਮ ਬਦਲ ਕੇ ਅਪਣੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਤਾ।

'ਉੱਚ ਜਾਤੀ' ਦੇ ਮਰਦ ਨੂੰ ਇਸ ਤੇ ਬੜੀ ਨਾਰਾਜ਼ਗੀ ਸੀ ਅਤੇ ਇਹ ਬੱਚਿਆਂ ਉਤੇ ਸਕੂਲ ਵਿਚ ਵੀ ਕੱਢੀ ਜਾ ਰਹੀ ਸੀ। ਇਹ ਹਾਦਸੇ ਇਸ ਗੁੱਸੇ ਵਿਚੋਂ ਉਪਜੇ ਸਨ ਕਿ ਇਹ ਦਲਿਤ ਪ੍ਰਵਾਰ ਅਪਣੀ 'ਔਕਾਤ' ਤੋਂ ਉਪਰ ਉਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਤਾ ਨੂੰ ਮਾਰਨ ਤੋਂ ਬਾਅਦ ਸਾਰੇ ਆਸਪਾਸ ਦੇ ਪਿੰਡਾਂ ਦੀਆਂ ਉੱਚ ਜਾਤੀਆਂ ਇਕੱਠੀਆਂ ਹੋ ਗਈਆਂ ਅਤੇ ਪ੍ਰਵਾਰ ਦਾ ਪਾਣੀ ਬੰਦ ਕਰ ਦਿਤਾ।

ਇਹ ਤਿੰਨ ਵਾਰਦਾਤਾਂ ਪਿਛਲੇ 10 ਦਿਨਾਂ ਦੀਆਂ ਹਨ ਪਰ ਇਹ ਵੀ ਪੂਰੀ ਤਸਵੀਰ ਨਹੀਂ ਦਰਸਾਉਂਦੀਆਂ। ਸਾਡੇ ਸਮਾਜ ਵਿਚ ਦਲਿਤ ਵਰਗ ਨਾਲ ਹਰ ਪਲ ਕੁੱਝ ਨਾ ਕੁੱਝ ਮਾੜਾ ਵਾਪਰਦਾ ਰਹਿੰਦਾ ਹੈ। ਕਦੇ ਜਾਤੀ ਨੂੰ ਔਕਾਤ ਵਿਖਾਉਣ ਦੇ ਨਾਂ 'ਤੇ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਕਦੇ ਕਤਲ ਤੇ ਕਦੇ ਘੋੜੀ ਚੜ੍ਹੇ ਲਾੜੇ ਨੂੰ ਵੇਖ ਕੇ 'ਉੱਚ ਜਾਤੀ' ਦਾ ਦਿਮਾਗ਼ ਗਰਮ ਹੋ ਜਾਂਦਾ ਹੈ।

ਜਿਸ ਤਰ੍ਹਾਂ ਹਰ ਪਲ ਸਾਡੀ ਜ਼ੁਬਾਨ, ਸਾਡੀ ਸੋਚ, ਸਾਨੂੰ ਜਾਤ-ਪਾਤ ਦੀਆਂ ਲਕੀਰਾਂ ਵਿਚ ਵੰਡਦੀ ਹੈ ਤੇ ਦਲਿਤਾਂ ਦੀ ਨਿੰਦਾ ਕਰਦੀ ਹੈ, ਉਸ ਦਾ ਤਾਂ ਕੋਈ ਹਿਸਾਬ ਹੀ ਨਹੀਂ। 'ਚੂੜ੍ਹਾ' ਸ਼ਬਦ ਆਮ ਪੰਜਾਬੀ ਭਾਸ਼ਾ ਵਿਚ ਇਕ ਬੜੀ ਆਮ ਗਾਲ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਗਾਲ ਨਾ ਸਿਰਫ਼ ਦਲਿਤ ਵਰਗ ਵਿਰੁਧ ਬਲਕਿ ਬਾਬੇ ਨਾਨਕ ਦੀ ਬਾਣੀ ਵਿਰੁਧ ਵੀ ਬਗ਼ਾਵਤ ਹੈ।

ਬਾਬੇ ਨਾਨਕ ਦੀ ਬਾਣੀ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਜਿਸ ਤਰ੍ਹਾਂ ਪੰਜਾਬ ਜੱਟ-ਭਾਪੇ ਦੀਆਂ ਗੱਲਾਂ ਕਰਦਾ ਹੈ, ਉਹ ਤਾਂ ਸਾਰੀਆਂ ਹੀ ਈਸ਼ਨਿੰਦਾ (2lasphemy) ਤੋਂ ਘੱਟ ਨਹੀਂ। ਬਾਬਾ ਨਾਨਕ ਨੇ ਅਪਣੇ ਫ਼ਲਸਫ਼ੇ ਰਾਹੀਂ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜੇ ਪੰਜਾਬ ਵਿਚ ਹੀ ਸਕੂਲਾਂ ਵਿਚ ਇਸ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ ਤਾਂ ਫਿਰ ਬਾਕੀ ਦੇਸ਼ ਵਿਚ ਸੁਧਾਰ ਕਿਸ ਤਰ੍ਹਾਂ ਆਵੇਗਾ?

ਉਥੋਂ ਦੀਆਂ ਸਮਾਜਕ/ਧਾਰਮਕ ਰੀਤਾਂ ਤਾਂ ਇਸ ਸੋਚ ਨੂੰ ਹੋਰ ਵੀ ਵਧਾਉਂਦੀਆਂ ਹਨ। ਤੁਸੀ ਕਿੰਨੀ ਵੀ ਤਰੱਕੀ ਦੀ ਗੱਲ ਕਰ ਲਵੋ, ਅੱਗੇ ਵਧਣਾ ਹੈ ਤਾਂ ਇਹ ਸੋਚ ਨਾ ਦੂਜੀ ਸਦੀ ਵਿਚ ਇਨਸਾਨੀਅਤ ਨੂੰ ਜਚਦੀ ਸੀ ਅਤੇ ਨਾ ਅੱਜ 2020 ਵਿਚ ਹੀ ਜਚਦੀ ਹੈ। ਚਲੋ ਪਹਿਲਾਂ ਤਾਂ ਇਨਸਾਨ ਜੰਗਲਾਂ ਵਿਚੋਂ ਨਿਕਲਦੇ ਜਾਨਵਰਾਂ ਨਾਲੋਂ ਜ਼ਿਆਦਾ ਵਖਰਾ ਨਹੀਂ ਸੀ। ਪਰ ਅੱਜ ਸਿਖਿਆ, ਧਾਰਮਕ ਗ੍ਰੰਥਾਂ ਨੂੰ ਪੜ੍ਹਨ ਵਾਲਾ, ਚੰਨ-ਸਿਤਾਰਿਆਂ ਉਤੇ ਪੁੱਜਣ ਵਾਲਾ ਇਨਸਾਨ ਕਿਸ ਤਰ੍ਹਾਂ ਇਸ ਸੋਚ ਨੂੰ ਕਬੂਲਦਾ ਹੈ?

ਕੋਈ ਕਿਸ ਤਰ੍ਹਾਂ ਆਖ ਸਕਦਾ ਹੈ ਕਿ ਇਹ ਇਨਸਾਨ ਛੋਟਾ ਹੈ, ਚੂੜ੍ਹਾ ਹੈ ਕਿਉਂਕਿ ਇਸ ਦਾ ਖ਼ੂਨ ਇਸ ਜਾਤ ਦਾ ਹੈ? ਕਿਹੜੀ ਪ੍ਰਯੋਗਸ਼ਾਲਾ ਹੈ, ਕਿਹੜੀ ਜਾਂਚ ਹੈ ਜਿਹੜੀ ਕਿਸੇ ਦੇ ਖ਼ੂਨ ਰਾਹੀਂ ਦਸ ਸਕੇ ਕਿ ਇਹ ਜੱਟ/ਭਾਪੇ/ਚੂੜ੍ਹੇ ਦਾ ਖ਼ੂਨ ਹੈ? ਜਦੋਂ ਦਿਮਾਗ਼ ਇਸ ਕਦਰ ਬੰਦ ਅਤੇ ਤਰਕ ਤੋਂ ਪਰ੍ਹੇ ਹਨ ਤਾਂ ਦਿਲ ਕਿਸ ਤਰ੍ਹਾਂ ਹਮਦਰਦ ਅਤੇ ਪਿਆਰ ਕਰਨ ਵਾਲੇ ਹੋ ਸਕਦੇ ਹਨ?

ਮੇਰਾ ਨਿਜੀ ਵਿਚਾਰ ਹੈ ਕਿ ਜੋ ਅਪਣੇ ਆਪ ਨੂੰ ਕਿਸੇ ਜਾਤ ਨਾਲ ਜੋੜਦਾ ਹੈ, ਉਹ ਤਾਂ ਇਨਸਾਨੀਅਤ ਦੀ ਪੌੜੀ ਚੜ੍ਹਨਾ ਸ਼ੁਰੂ ਹੀ ਨਹੀਂ ਹੋਇਆ। ਇਨਸਾਨ ਬਣਨ ਦੇ ਇੱਛੁਕ ਅਪਣੀ ਸੋਚ ਅਤੇ ਕਰਮ ਉਤੇ ਅਪਣੇ ਦਿਲ ਨੂੰ ਹਾਵੀ ਹੋਣ ਦਿੰਦੇ ਹਨ। ਇਨਸਾਨ ਕਦੇ ਕਿਸੇ ਦੇ ਪਾਣੀ ਨਾਲ ਮੈਲੇ ਨਹੀਂ ਹੁੰਦੇ ਅਤੇ ਇਨਸਾਨ ਕਿਸੇ ਦੀ ਜਾਨ ਨਹੀਂ ਲੈਂਦੇ। ਸ਼ਾਇਦ ਸਾਡਾ ਸਮਾਜ ਇਨਸਾਨਾਂ ਦਾ ਦੇਸ਼ ਨਹੀਂ ਬਲਕਿ ਹੈਵਾਨਾਂ ਦੀ ਨਗਰੀ ਹੈ ਜੋ ਇਸ ਧਰਤੀ ਦਾ ਨਰਕ ਹੈ, ਜਿਥੇ ਹਰ ਤਰ੍ਹਾਂ ਦੀ ਗੰਦਗੀ ਨੂੰ 'ਦਰਿਦਰ ਦੇਵਤਾ' ਕਹਿ ਕੇ ਪੂਜਿਆ ਜਾਂਦਾ ਹੈ।  -ਨਿਮਰਤ ਕੌਰ