550ਵਾਂ ਪ੍ਰਕਾਸ਼ ਦਿਹਾੜਾ ਜਾਤ-ਪਾਤ ਤੇ ਊਚ-ਨੀਚ ਦੀਆਂ ਲਕੀਰਾਂ ਮਿਟਾਉਣ ਦਾ ਸੁਨਹਿਰੀ ਮੌਕਾ : ਮਨਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਨਤਮਸਤਕ ਹੋਏ ਵਿੱਤ ਮੰਤਰੀ, ਕੀਰਤਨ ਸਰਵਣ ਕੀਤਾ

Eliminate social evils like corruption, atrocities, poverty to mark celebrations of 550th Parkash Purab: Manpreet Singh Badal

ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਅੱਜ ਮੁੱਖ ਪੰਡਾਲ 'ਗੁਰੂ ਨਾਨਕ ਦਰਬਾਰ' ਵਿਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਨ੍ਹਾਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁਕੱਦਸ ਦਿਹਾੜੇ ਦੀ ਸੰਗਤ ਨੂੰ ਮੁਬਾਰਬਾਦ ਦਿੰਦੇ ਹੋਏ ਬਾਬੇ ਨਾਨਕ ਦੇ ਸਿਧਾਤਾਂ 'ਤੇ ਚੱਲ ਕੇ ਸਮਾਜ 'ਚੋਂ ਭ੍ਰਿਸ਼ਟਾਚਾਰ, ਅਤਿਆਚਾਰ, ਗੁਰਬਤ ਜਿਹੀਆਂ ਸਮਾਜਕ ਬੁਰਾਈਆਂ ਦੇ ਖ਼ਾਤਮੇ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ ਪਤਵੰਤਿਆਂ ਨੇ ਵੀ ਮੁੱਖ ਪੰਡਾਲ 'ਚ ਹਾਜ਼ਰੀ ਭਰੀ।

ਇਸ ਮੁਬਾਰਕ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਿਰਫ਼ ਪੰਜਾਬ ਦੀ ਧਰਤੀ 'ਤੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦੁਨੀਆਂ 'ਤੇ ਨਾ ਆਉਂਦੇ ਤਾਂ ਸ਼ਾਇਦ ਇਨਸਾਨੀਅਤ ਅਧੂਰੀ ਰਹਿ ਜਾਂਦੀ।

ਉਨ੍ਹਾਂ ਦੇ ਆਗਮਨ ਨਾਲ ਸਮਾਜ 'ਚ ਇਖਲਾਕੀ ਕਦਰਾਂ-ਕੀਮਤਾਂ ਪ੍ਰਫੁੱਲਿਤ ਹੋਈਆਂ ਤੇ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨ੍ਹਾਂ ਕਿਹਾ ਕਿ ਦੱਬੇ-ਕੁਚਲੇ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਉਚਾ ਚੁੱਕ ਕੇ ਸਮਾਜ 'ਚ ਜੁਰਮ ਦਾ ਖਾਤਮਾ ਕਰਨਾ ਹੀ ਗੁਰੂ ਸਾਹਿਬ ਦਾ ਪੈਗਾਮ ਹੈ, ਜਿਸ ਨੂੰ ਹਰ ਧਰਮ ਦੇ ਲੋਕਾਂ ਵਲੋਂ ਕਬੂਲਿਆ ਗਿਆ ਹੈ। ਉਨ੍ਹਾਂ ਨਵੀਂ ਪੀੜੀ ਨੂੰ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਦਿਲੋਂ ਅਪਣਾਉਣ ਅਤੇ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣ ਲਈ ਪ੍ਰੇਰਿਆ।

ਉਨ੍ਹਾਂ ਆਖਿਆ ਕਿ 20ਵੀਂ ਸਦੀ 'ਚ ਪੰਜਾਬ ਨੇ ਬਹੁਤ ਕੁਝ ਗਵਾਇਆ, ਸਾਡੇ ਤੋਂ ਬਹੁਤ ਅਜ਼ੀਜ਼ ਅਸਥਾਨ ਤੇ ਹੋਰ ਵਿਲੱਖਣ ਚੀਜ਼ਾਂ ਖੁੱਸ ਗਈਆਂ, ਪਰ 21ਵੀਂ ਸਦੀ ਜੋੜਨ ਵਾਲੀ ਸਦੀ ਹੈ, ਜਿਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲ੍ਹਣ ਜਿਹੇ ਮੁਬਾਰਕ ਮੌਕੇ ਤੋਂ ਮਿਲਦੀ ਹੈ। ਇਹ ਦਿਨ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੀ, ਜੋ ਆਖਰ ਬਾਬੇ ਨਾਨਕ ਦੀ ਮਿਹਰ ਨਾਲ ਪ੍ਰਕਾਸ਼ ਦਿਹਾੜੇ ਮੌਕੇ ਸੰਪੂਰਨ ਹੋ ਗਿਆ ਹੈ, ਜਿਸ ਲਈ ਸਾਰੀ ਸੰਗਤ ਵਧਾਈ ਦੀ ਪਾਤਰ ਹੈ।

Related Stories