ਜਿਸ ਕੌਮ ਨੇ ਦੇਸ਼ ਦੀ ਆਜ਼ਾਦੀ, ਰਖਿਆ, ਅਨਾਜ ਤੇ ਤਰੱਕੀ ਦਾ ਜ਼ਿੰਮਾ ਅਪਣੇ ਉਪਰ ਲਿਆ ਹੋਵੇ, ਉਸ ਦੇ ਬੱਚੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

‘ਦੇਸ਼-ਦੁਸ਼ਮਣ’ ਨਹੀਂ ਹੋ ਸਕਦੇ!

photo

 

ਪੰਜਾਬ ਵਿਚ ਗਰਮ-ਖ਼ਿਆਲ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਦੇ ਨਾਲ ਨਾਲ ਹੁਣ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਅਪਣੀਆਂ ਅੰਬੈਸੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਹਿਲਾਂ ਮਾਰਚ ਦੇ ਮਹੀਨੇ ਵਿਚ ਗਰਮ-ਖ਼ਿਆਲੀਆਂ (ਜਿਨ੍ਹਾਂ ਨੂੰ ਖ਼ਾਲਿਸਤਾਨੀ ਨਾਮ ਦਿਤਾ ਗਿਆ ਹੈ) ਨੇ ਭਾਰਤੀ ਅੰਬੈਸੀ ’ਤੇ ਹਮਲਾ ਕੀਤਾ। ਤੇ ਹੁਣ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਨਿਕਲੇ ਰੋਸ ਦੌਰਾਨ ਫ਼ਰਾਂਸਿਸਕੋ ਵਿਚ ਅੰਬੈਸੀ ਨੂੰ ਅੱਗ ਲਗਾ ਦਿਤੀ ਗਈ। ‘ਭਾਰਤ ਮਾਰੋ’ ਨਾਮਕ ਮੁਹਿੰਮ ਸੋਸ਼ਲ ਮੀਡੀਆ ’ਤੇ ਚਲ ਰਹੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਅਮਰੀਕਾ ਸਰਕਾਰ ਤੋਂ ਇਨ੍ਹਾਂ ਗਰਮ ਖ਼ਿਆਲੀਆਂ ਵਿਰੁਧ ਸਖ਼ਤੀ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ੰਘਾਈ (S3O) ਵਿਚ ਅਤਿਵਾਦ ਨੂੰ ਮਦਦ ਪਹੁੰਚਾਉਣ ਵਾਲੇ ਦੇਸ਼ਾਂ ਵਿਰੁਧ ਆਵਾਜ਼ ਚੁੱਕੀ ਹੈ। 
‘ਖ਼ਾਲਿਸਤਾਨੀ’ ਆਖ ਕੇ ਸਿੱਖਾਂ ਦੀ ਛਵੀ ਖ਼ਰਾਬ ਕਰਨ ਵਾਲੀਆਂ ਤਾਕਤਾਂ ਨੂੰ ਅੱਜ ਇਹ ਪੁਛਣਾ ਪਵੇਗਾ ਕਿ ਜਿਹੜੀ ਕੌਮ ਦੇ ਸਿਰ ’ਤੇ ਭਾਰਤ ਨੇ ਆਜ਼ਾਦੀ ਦੀ ਜੰਗ ਜਿੱਤੀ, ਅੱਜ ਉਹ ‘ਦੇਸ਼ ਦੇ ਦੁਸ਼ਮਣ’ ਤੇ ‘ਖ਼ਾਲਿਸਤਾਨੀ ਏਜੰਡਾ’ ਚਲਾਉਣ ਵਾਲੇ ਕਿਸ ਤਰ੍ਹਾਂ ਬਣ ਗਏ? ਇਥੇ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਇਨ੍ਹਾਂ ਗਰਮ ਖ਼ਿਆਲੀਆਂ ਦੀ ਗਿਣਤੀ ਕੁਲ ਸਿੱਖ ਵਸੋਂ ਦੀ ਇਕ ਫ਼ੀਸਦੀ ਵੀ ਨਹੀਂ ਹੋਵੇਗੀ ਪਰ ਕਿਉਂਕਿ ਸਰਕਾਰਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਦੇ ਲੋਕ ਹੀ ਲੱਭਣ ਤੇ ਵੇਖਣ ਦੀ ਆਦਤ ਪੈ ਗਈ ਹੈ, ਇਸ ਲਈ ਇਨ੍ਹਾਂ ਦੇ ਜਨਮ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ। ਸਾਡੀਆਂ ਸਰਕਾਰਾਂ ਨੂੰ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਦੇ ਫ਼ੌਜੀ ਘੱਟ ਦਿਸਦੇ ਹਨ। ਸੋ ਇਨ੍ਹਾਂ ਮੁੱਠੀ ਭਰ ਸਿੱਖਾਂ ਬਾਰੇ ਹੀ ਗੱਲ ਕਰਦੇ ਹਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕੁੱਝ ਦੇਸ਼ ਭਾਰਤ ਵਿਚ ਆਤੰਕ ਪੈਦਾ ਕਰਨ ਦੇ ਇਰਾਦੇ ਨਾਲ ਕੰਮ ਕਰਦੇ ਹਨ। 

ਖ਼ਾਲਿਸਤਾਨ ਦਾ ਮਤਲਬ ਤਾਂ ਇਕ ਖ਼ਾਲਸ ਸੋਚ ਹੈ ਪਰ ਉਸ ਨੂੰ ਇਕ ਭਿਆਨਕ ਅਰਥ ਦੇਣ ਵਾਲੀਆਂ ਸਰਕਾਰਾਂ ਕਿਉਂ ਨਹੀਂ ਖ਼ੁਦ ਅੰਦਰ ਝਾਤ ਮਾਰ ਕੇ ਪੁਛਦੀਆਂ ਕਿ ਇਹ ਸਿੱਖ ਨਾਰਾਜ਼ ਕਿਉਂ ਹਨ? ਜਿਹੜੀ ਕੌਮ ਦੇਸ਼ ਵਾਸਤੇ ਅਨਾਜ ਉਗਾਉਣ ਤੋਂ ਲੈ ਕੇ ਸਰਹੱਦਾਂ ਦੀ ਰਾਖੀ ਕਰਨ ਤਕ ਦਾ ਜ਼ਿੰਮਾ ਲੈਂਦੀ ਹੋਵੇ, ਜਿਸ ਕੌਮ ਦੇ ਪ੍ਰਤੀਨਿਧ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੇਠ ਦੇਸ਼ ਨੇ ਦੁਨੀਆਂ ਵਿਚ ਨਵੇਂ ਮਿੱਤਰ ਬਣਾਏ ਹੋਣ ਤੇ ਆਰਥਕ ਸਥਿਰਤਾ ਦੇ ਨਵੇਂ ਦਰ ਖੋਲ੍ਹੇ ਹੋਣ, ਜਿਸ ਕੌਮ ਦੇ ਬਹਾਦਰ ਫ਼ੌਜੀ ਸਰਹੱਦਾਂ ਤੇ ਸਾਡੀਆਂ ਬੇਟੀਆਂ ਨੂੰ ਬਚਾਉਣ ਲਈ ਅਪਣੀ ਜਾਨ ਜੋਖਮ ਵਿਚ ਪਾ ਰਹੇ ਹੋਣ, ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ? ਕਿਉਂ ਉਹ ਪਾਕਿਸਤਾਨ ਦੇ ਮਨਸੂਬਿਆਂ ਵਿਚ ਮੋਹਰਾ ਬਣ ਜਾਂਦੇ ਹਨ?

ਕਿਉਂ ਵਾਰ ਵਾਰ ਦੀਪ ਸਿੱਧੂ, ਅੰਮ੍ਰਿਤਪਾਲ ਸਿੰਘ, ਜੱਗੀ ਜੌਹਲ ਵਰਗੇ ਨੌਜੁਆਨ ਨਾਰਾਜ਼ ਹੋ ਜਾਂਦੇ ਹਨ? ਗਰਮ ਖ਼ਿਆਲੀ ਹਨ ਤਾਂ ਇਸੇ ਦੇਸ਼ ਦੇ ਨਾਗਰਿਕ ਹੀ ਤੇ ਇਸ ਨਾਤੇ ਇਕ ਸੁਣਵਾਈ ਦੇ ਹੱਕਦਾਰ ਤਾਂ ਹਨ ਹੀ। ਉਨ੍ਹਾਂ ਦੇ ‘ਖ਼ਾਲਿਸਤਾਨੀ’ ਬਣਨ ਦਾ ਕਾਰਨ ਭਾਰਤ ਸਰਕਾਰ ਆਪ ਹੈ। ਇਸ ਵਿਚ ਕਾਂਗਰਰਸ ਜਾਂ ਭਾਜਪਾ ਵਿਚ ਅੰਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦ ਤਕ ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਪੰਜਾਬ ਦੇ ਹੱਕਾਂ (ਪਾਣੀ, ਰਾਜਧਾਨੀ, ਭਾਸ਼ਾ, ਧਰਮ) ਦੇ ਮਾਮਲੇ ਵਿਚ ਅਪਣਾ ਰਵਈਆ ਨਹੀਂ ਬਦਲਦਾ, ਵਿਚੋਂ ਇਹ ਦੋਵੇਂ ਇਕੋ ਹੀ ਰੰਗ ਵਿਚ ਰੰਗੇ ਮੰਨੇ ਜਾਣਗੇ। ਜਦ ਤਕ ਭਾਰਤ ਸਰਕਾਰ ਪੰਜਾਬ ਨਾਲ ਨਿਆਂ ਨਹੀਂ ਕਰਦੀ, ਅਜਿਹੇ ਨੌਜੁਆਨ ਦੁਸ਼ਮਣ ਦੇਸ਼ ਦੀਆਂ ਚਾਲਾਂ ਵਿਚ ਫਸਦੇ ਹੀ ਰਹਿਣਗੇ। ਅਸਲ ਕਦਮ ਭਾਰਤ ਸਰਕਾਰ ਨੂੰ ਚੁਕਣੇ ਪੈਣਗੇ ਨਾ ਕਿ ਦੂਜੇ ਦੇਸ਼ਾਂ ਨੂੰ।
- ਨਿਮਰਤ ਕੌਰ