ਇਕ ਸੀ 1947 ਦੀ ਜਿੱਤ, ਇਕ ਹੈ ਰਾਮ ਮੰਦਰ ਦੀ ਜਿੱਤ, PM ਦੀ ਨਜ਼ਰ ਵਿਚ ਦੋਵੇਂ ਇਕੋ ਜਹੀਆਂ ਹਨ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਵਿਚ ਰਾਮ ਰਾਜ ਲਾਗੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ

PM Modi

ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਵਿਚ ਰਾਮ ਰਾਜ ਲਾਗੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਹੁਤ ਮਹੱਤਵਪੂਰਣ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਵਿਚ ਦਹਾਕਿਆਂ ਤਕ ਆਜ਼ਾਦੀ ਦੀ ਲੜਾਈ ਲੜੀ ਗਈ ਤੇ ਫਿਰ 1947 ਵਿਚ ਆਜ਼ਾਦੀ ਮਿਲੀ, ਠੀਕ ਉਸੇ ਤਰ੍ਹਾਂ ਰਾਮ ਮੰਦਰ ਵਾਸਤੇ ਸਦੀਆਂ ਦੀ ਲੜਾਈ ਤੇ ਕੁਰਬਾਨੀਆਂ ਦੀ 5 ਅਗੱਸਤ ਨੂੰ ਆਖ਼ਰ ਜਿੱਤ ਹੋਈ। ਇਹ ਕਥਨ ਮਹੱਤਵਪੂਰਣ ਇਸ ਕਰ ਕੇ ਹੈ ਕਿ ਉਨ੍ਹਾਂ ਇਕ ਪਾਸੇ ਅੰਗਰੇਜ਼ਾਂ ਤੇ ਦੂਜੇ ਪਾਸੇ ਮੁਗ਼ਲਾਂ, ਤੁਰਕਾਂ ਤੇ ਅਫ਼ਗ਼ਾਨਾਂ ਨੂੰ ਖੜਾ ਕਰ ਦਿਤਾ। ਹਾਂ, ਇਕ ਆਜ਼ਾਦੀ ਦੀ ਲੜਾਈ ਵਾਲੇ ਇਕ ਪਾਸੇ ਭਗਤ ਸਿੰਘ, ਸੁਖਦੇਵ, ਨਹਿਰੂ ਗਾਂਧੀ, ਸਰੋਜਨੀ ਨਾਇਡੂ ਤੇ ਦੂਜੀ (ਰਾਮ ਮੰਦਰ) ਦੀ ਆਜ਼ਾਦੀ ਦੀ ਲੜਾਈ ਵਾਲੇ ਪਾਸੇ, ਐਲ.ਕੇ. ਅਡਵਾਨੀ, ਸਾਧਵੀ ਪ੍ਰਗਿਆ ਆਦਿ ਦੀਆਂ ਕੁਰਬਾਨੀਆਂ ਹਨ।

ਇਕ ਪਾਸੇ ਮਹਾਤਮਾ ਗਾਂਧੀ ਦੀ ਨਾਮਿਲਵਰਤਣ ਲਹਿਰ ਤੇ ਦੂਜੇ ਪਾਸੇ ਆਰ.ਐਸ.ਐਸ. ਵਲੋਂ ਬਾਬਰੀ ਮਸਜਿਦ ਦੀ ਇਟ ਨਾਲ ਇਟ ਵਜਾ ਕੇ ਮੁਸਲਮਾਨਾਂ ਦੇ ਖ਼ੂਨ ਨਾਲ ਜ਼ਮੀਨ ਲਾਲ ਕਰਨੀ। ਇਕ ਪਾਸੇ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਤੇ ਦੂਜੇ ਪਾਸੇ ਆਰ.ਐਸ.ਐਸ ਦੀ ਗਊ ਬਚਾਉ-ਮੁਸਲਮਾਨ ਮਾਰੋ ਸੈਨਾ। ਬਰਾਬਰੀ ਕਿਸ ਤਰ੍ਹਾਂ ਕਰਨੀ ਹੈ, ਉਹ ਤੁਹਾਡੀ ਅਪਣੀ ਸਮਝ ਉਤੇ ਛੱਡ ਦਿੰਦੇ ਹਾਂ। ਇਤਿਹਾਸ ਨੂੰ ਸਮਝਣ ਦੇ ਬੜੇ ਨਜ਼ਰੀਏ ਹੁੰਦੇ ਹਨ ਤੇ ਤੁਸੀਂ ਕਿਹੜੇ ਨਜ਼ਰੀਏ ਨਾਲ ਵੇਖਣਾ ਚਾਹੁੰਦੇ ਹੋ, ਇਸ ਦਾ ਫ਼ੈਸਲਾ ਤੁਸੀਂ ਆਪ ਕਰ ਸਕਦੇ ਹੋ। ਪਰ ਇਕ ਅੰਤਰ ਬਣਾਉਣਾ ਜ਼ਰੂਰੀ ਹੈ ਕਿਉਂਕਿ ਉਸ ਦੇ ਸਿਰ 'ਤੇ ਹੀ ਤਾਂ ਨਵੇਂ ਰਾਮ ਰਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਕ ਪਾਸੇ ਅੰਗਰੇਜ਼ ਸਨ ਜਿਨ੍ਹਾਂ ਨੇ ਸਾਨੂੰ ਗ਼ੁਲਾਮ ਬਣਾਇਆ ਸੀ। ਭਾਰਤੀ ਅਪਣੇ ਹੀ ਦੇਸ਼ ਵਿਚ ਦੂਜੇ ਦਰਜੇ ਦੇ ਨਾਗਰਿਕ ਸਨ।  

ਭਾਰਤ ਦੇ ਨਾਗਰਿਕਾਂ ਨੂੰ ਅਪਣੀ ਆਜ਼ਾਦੀ ਵਾਸਤੇ ਜਗਾਉਣਾ ਪਿਆ ਸੀ ਤੇ ਉਨ੍ਹਾਂ ਅੰਗਰੇਜ਼ਾਂ ਦੇ ਮੁਕਾਬਲੇ ਹੁਣ ਮੁਗ਼ਲ ਤੇ ਤੁਰਕ ਹਮਲਾਵਰ ਖੜੇ ਕੀਤੇ ਗਏ ਹਨ ਜਿਨ੍ਹਾਂ ਉਤੇ, ਮੋਦੀ ਜੀ ਦੇ ਕਥਨ ਅਨੁਸਾਰ, ਅੱਜ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਖ਼ਤਮ ਹੋਏ ਤਾਂ 500 ਸਾਲ ਹੋ ਚੁੱਕੇ ਹਨ। ਅੱਜ ਉਨ੍ਹਾਂ ਉਤੇ ਜਿੱਤ ਕਿਵੇਂ ਹੋਈ? ਜਦ ਅਜ਼ਾਦੀ ਅੰਗਰੇਜ਼ਾਂ ਤੋਂ ਮਿਲੀ ਸੀ ਉਦੋਂ ਕਿਸੇ ਦੋਚਿੱਤੀ ਨੇ ਸਾਨੂੰ ਨਹੀਂ ਸੀ ਘੇਰਿਆ। ਸਪੱਸ਼ਟ ਸੀ ਕਿ ਅਸੀ ਸਾਹਮਣੇ ਖੜੇ ਅੰਗਰੇਜ਼ਾਂ ਤੋਂ ਜਿੱਤੇ ਹਾਂ। ਅੱਜ ਜਦ ਤੁਰਕਾਂ ਜਾਂ ਮੁਗ਼ਲਾਂ ਤੋਂ ਆਜ਼ਾਦੀ ਦੀ ਲੜਾਈ ਜਿੱਤਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਪਿਛਲੇ 500 ਸਾਲ ਦੇ ਭਾਰਤ ਵਿਚ ਉਨ੍ਹਾਂ ਦਾ ਤਾਂ ਨਾਂ ਨਿਸ਼ਾਨ ਵੀ ਕੋਈ ਨਹੀਂ ਸੀ। ਫਿਰ ਉਨ੍ਹਾਂ ਖ਼ਤਮ ਹੋ ਚੁਕਿਆਂ, 500 ਸਾਲ ਪਹਿਲਾਂ ਇਥੋਂ ਜਾ ਚੁੱਕਿਆਂ ਨੂੰ ਅਸੀ ਹਰਾਇਆ ਕਿਥੇ?

ਅਪਣੇ ਸੰਵਿਧਾਨ ਦੀ ਸਥਾਪਨਾ, ਦੇਸ਼ ਦੇ ਨਿਰਮਾਣ, ਅਪਣੇ ਹੱਕਾਂ ਦੇ ਅਹਿਸਾਸ, ਆਜ਼ਾਦੀ ਦੀ ਹਵਾ ਵਿਚ ਸਾਹ ਲੈਣ ਦੀ ਖੁਲ੍ਹ ਨੂੰ ਮਾਣਨਾ ਹੀ ਬੜਾ ਵੱਡਾ ਕਦਮ ਰਿਹਾ ਹੋਵੇਗਾ ਪਰ ਜਦ ਉਸ ਲੜਾਈ ਨੂੰ ਅੱਜ ਦੀ ਇਕ ਸਿਆਸੀ ਸੈਨਾ ਦੀ ਇਕ ਅਦਾਲਤੀ ਲੜਾਈ ਨਾਲ ਮੇਲਿਆ ਜਾਂਦਾ ਹੈ ਤਾਂ ਫਿਰ ਪੁਛਣਾ ਬਣਦਾ ਹੈ ਕਿ ਉਹ ਇਸ ਜਿੱਤ ਨੂੰ ਇਕ ਧਾਰਮਕ ਸੋਚ ਵਾਲਿਆਂ ਦੀ ਨਹੀਂ, ਸਾਰੇ ਦੇਸ਼ ਵਾਸੀਆਂ ਦੀ ਜਿੱਤ ਕਿਵੇਂ ਬਣਾ ਸਕਣਗੇ? ਪ੍ਰਧਾਨ ਮੰਤਰੀ ਦਾ, ਹਿੰਦੂ ਨਜ਼ਰੀਏ ਤੋਂ ਕੀਤਾ ਦਾਅਵਾ, ਅਦਾਲਤੀ ਫ਼ੈਸਲੇ ਤਕ ਤਾਂ ਠੀਕ ਹੈ ਪਰ ਉਨ੍ਹਾਂ ਨੇ ਇਨ੍ਹਾਂ ਦੋ ਜਿੱਤਾਂ ਨੂੰ ਮਿਲਾ ਕੇ ਸਿਰਫ਼ ਇਕ ਸਿਆਸੀ ਖੇਡ ਹੀ ਨਹੀਂ ਖੇਡੀ ਸਗੋਂ ਅਪਣੀ ਸੈਨਾ ਨੂੰ 1947 ਦੀ ਆਜ਼ਾਦੀ ਦੇ ਸ਼ਹੀਦਾਂ ਦੇ ਮੁਕਾਬਲੇ ਖੜਾ ਕਰ ਦਿਤਾ ਹੈ।

ਹੁਣ ਮੰਦਰ ਦੀ ਲੜਾਈ ਨੂੰ ਆਜ਼ਾਦੀ ਦੀ ਲੜਾਈ ਨਾਲ ਮਿਲਾਇਆ ਜਾਵੇ ਤਾਂ ਉਸ ਦੇ ਫ਼ੌਜੀਆਂ (ਐਲ.ਕੇ. ਅਡਵਾਨੀ, ਸਾਧਵੀ ਪ੍ਰਗਿਆ) ਵਿਰੁਧ ਕੇਸ ਲੜਨਾ ਕੀ ਜਾਇਜ਼ ਰਹਿ ਜਾਂਦਾ ਹੈ? ਇਹ ਅਪਰਾਧੀ ਹਾਲ ਵਿਚ ਹੀ ਤਾਂ ਸਿਆਸਤ ਦੇ ਜੇਤੂ ਬਣੇ ਹਨ ਪਰ ਅੱਜ ਇਨ੍ਹਾਂ ਵਾਸਤੇ ਅਦਾਲਤੀ ਮਾਫ਼ੀ ਦਾ ਇਕ ਰਸਤਾ ਖੋਲ੍ਹ ਦਿਤਾ ਗਿਆ ਹੈ ਜਿਸ ਦੀ ਬਦੌਲਤ ਹੁਣ ਬਾਬਰੀ ਮਸਜਿਦ ਢਾਹੁਣ ਵਾਲੇ ਵੀ ਸ਼ਹੀਦ ਅਖਵਾ ਸਕਣਗੇ (ਆਜ਼ਾਦੀ ਦੀ ਲੜਾਈ ਜਿੱਤਣ ਵਾਲੇ ਜੁ ਹੋਏ), ਸ਼ਹੀਦ ਭਗਤ ਸਿੰਘ ਨਾਲ ਹੁਣ ਇਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਵੀ ਸਿਰ ਝੁਕਾਏ ਜਾਣਗੇ

ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਹੁਣ ਸਾਡੇ ਇਤਿਹਾਸ ਵਿਚ ਦਰਜ ਕਰ ਦਿਤੀਆਂ ਜਾਣਗੀਆਂ। ਬੱਚੇ ਇਨ੍ਹਾਂ ਦੀਆਂ ਜੀਵਨੀਆਂ ਪੜ੍ਹਨਗੇ ਤੇ ਇਨ੍ਹਾਂ ਦੇ ਰਾਹ 'ਤੇ ਚਲਣਗੇ ਅਤੇ ਇਹ ਰਾਹ ਕਿਸ ਤਰ੍ਹਾਂ ਦਾ ਹੋਵੇਗਾ, ਉਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਝਲਕੀਆਂ ਜੰਮੂ ਕਸ਼ਮੀਰ ਤੇ ਲੱਦਾਖ਼ ਵਿਚ ਨਜ਼ਰ ਆ ਰਹੀਆਂ ਹਨ। ਏਕਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਵੰਡੇ ਗਏ ਦੇਸ਼ ਦੀ ਕਮਜ਼ੋਰੀ ਦਾ ਫ਼ਾਇਦਾ ਸਰਹੱਦ 'ਤੇ ਚੀਨ ਉਠਾ ਰਿਹਾ ਹੈ। 1947 ਵਾਲੀ ਅਜ਼ਾਦੀ ਦੀ ਜੰਗ ਜਿੱਤਣ ਤੇ ਦੁਨੀਆਂ ਨੇ ਭਾਰਤ ਦੀ ਅਹਿੰਸਾ ਦੇ ਉਪਦੇਸ਼ ਨੂੰ ਯਾਦ ਕੀਤਾ ਸੀ। ਇਸ ਜੰਗ ਨੂੰ ਦੁਨੀਆਂ ਤਾਂ ਕੀ, ਸਾਡੇ ਅਪਣੇ ਬੱਚੇ ਵੀ ਯਾਦ ਰਖਣਾ ਪਸੰਦ ਕਰਨਗੇ?                     - ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।