ਬਲਾਤਕਾਰੀ ਵੀ ਠੀਕ ਅਗਵਾਈ ਤੇ ਮੌਕਾ ਮਿਲਣ ਤੇ ਇਨਸਾਨ ਬਣ ਸਕਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਫਾਂਸੀ ਇਕੋ ਇਕ ਹੱਲ ਨਹੀਂ ਹੈ ਸਮੱਸਿਆ ਦਾ

File Photo

ਨਿਰਭਇਆ ਦੇ ਬਲਾਤਕਾਰੀਆਂ ਅਤੇ ਹੈਵਾਨ ਬਣੇ ਕਾਤਲਾਂ ਨੂੰ ਫਾਂਸੀ ਤੇ ਚੜ੍ਹਾਉਣ ਦੀ ਤਰੀਕ ਮਿਥ ਦਿਤੀ ਗਈ ਹੈ ਅਤੇ ਦੇਸ਼ 22 ਜਨਵਰੀ ਨੂੰ ਇਨ੍ਹਾਂ ਚਾਰ ਮੁੰਡਿਆਂ ਦੀ ਮੌਤ ਦੀ ਉਡੀਕ ਕਰ ਰਿਹਾ ਹੈ। ਜੇ ਸਿਰਫ਼ ਇਨ੍ਹਾਂ ਦੀ ਮੌਤ ਨਾਲ ਕਲੇਜੇ ਨੂੰ ਠੰਢ ਪੈ ਸਕਦੀ ਹੋਵੇ ਤਾਂ ਠੀਕ ਹੈ (ਪਰ ਇਹ ਵੀ ਇਕ ਹੋਰ ਤਰ੍ਹਾਂ ਦੀ ਹੈਵਾਨੀਅਤ ਹੀ ਹੈ ਜੋ ਕਿਸੇ ਦੀ ਮੌਤ ਹੁੰਦੀ ਵੇਖ ਕੇ ਖ਼ੁਸ਼ੀ ਮਹਿਸੂਸ ਕਰੇ) ਪਰ ਜੇ ਤੁਸੀ ਇਹ ਉਮੀਦ ਰੱਖ ਰਹੇ ਹੋ ਕਿ ਇਸ ਤੋਂ ਬਾਅਦ ਭਾਰਤ ਵਿਚ ਬੱਚੀਆਂ ਸੁਰੱਖਿਅਤ ਹੋ ਜਾਣਗੀਆਂ ਤਾਂ ਜ਼ਰਾ ਰੁਕ ਜਾਉ।

ਨਿਰਭਇਆ ਦੇ ਕੇਸ ਤੋਂ ਬਾਅਦ ਹੀ ਉਸ ਵਾਂਗ ਕਿੰਨੀਆਂ ਹੀ ਕੁੜੀਆਂ ਦੇ ਬਲਾਤਕਾਰ ਹੋਏ ਹਨ। ਉਹ ਬਲਾਤਕਾਰ ਜਿਥੇ ਔਰਤਾਂ ਨੂੰ ਸਿਰਫ਼ ਅਪਣੀ ਹਵਸ ਦਾ ਸ਼ਿਕਾਰ ਹੀ ਨਹੀਂ ਬਣਾਇਆ ਗਿਆ ਬਲਕਿ ਉਨ੍ਹਾਂ ਦੇ ਸਰੀਰ ਉਤੇ ਇਸ ਤਰ੍ਹਾਂ ਦਾ ਕਹਿਰ ਢਾਹਿਆ ਗਿਆ ਕਿ ਉਨ੍ਹਾਂ ਦਾ ਪੂਰਾ ਸ੍ਰੀਰ ਹੀ ਲਾਸ਼ ਬਣਾ ਕੇ ਰੱਖ ਦਿਤਾ ਗਿਆ।

ਨਿਰਭਇਆ ਦਾ ਇਹ ਕੋਈ ਇਕੋ ਇਕ ਅਜਿਹਾ ਕੇਸ ਨਹੀਂ ਅਤੇ ਨਾ ਹੀ ਹੈਦਰਾਬਾਦ ਦੀ ਡਾਕਟਰ ਦਾ, ਜਾਂ ਉਨਾਉ ਦਾ ਕੇਸ ਜਾਂ ਕਠੂਆ ਦੀ 8 ਸਾਲ ਦੀ ਬੱਚੀ ਦਾ। ਭਾਰਤ ਵਿਚ ਹਰ 20 ਮਿੰਟਾਂ ਮਗਰੋਂ ਇਕ ਬੇਟੀ ਨਾਲ ਬਲਾਤਕਾਰ ਹੁੰਦਾ ਹੈ। ਹਰ ਰੋਜ਼ 91 ਬੇਟੀਆਂ ਨਾਲ ਬਲਾਤਕਾਰ ਹੁੰਦਾ ਹੈ। ਹਰ ਰੋਜ਼ 91 ਬਲਾਤਕਾਰਾਂ ਮਗਰੋਂ 80 ਦਾ ਕਤਲ ਹੁੰਦਾ ਹੈ। ਯਾਨੀ ਕਿ ਬਲਾਤਕਾਰ ਅੱਜ ਸਾਡੇ ਦੇਸ਼ ਦਾ ਸੱਭ ਤੋਂ ਵੱਡਾ ਅਪਰਾਧ ਬਣ ਗਿਆ ਹੈ।

ਜਿੱਥੇ 91 ਬੇਟੀਆਂ ਦਾ ਬਲਾਤਕਾਰ ਹੁੰਦਾ ਹੈ, ਇਹ ਵੀ ਖ਼ਿਆਲ ਰੱਖੋ ਕਿ 91 ਬੇਟੇ ਹੈਵਾਨ ਬਣਦੇ ਹਨ। ਸੋ ਨੁਕਸਾਨ 91 ਪ੍ਰਵਾਰਾਂ ਦਾ ਨਹੀਂ, 182 ਪ੍ਰਵਾਰਾਂ ਦਾ ਹਰ ਰੋਜ਼ ਹੁੰਦਾ ਹੈ। ਬੜਾ ਮੁਸ਼ਕਲ ਹੈ ਕਿਸੇ ਹੈਵਾਨ ਬਾਰੇ ਸੋਚਣਾ ਪਰ ਇਸ ਸਮੱਸਿਆ ਦੇ ਹੱਲ ਵਾਸਤੇ ਅੱਜ ਨਾ ਸਿਰਫ਼ ਬੇਟੀਆਂ ਉਤੇ ਬਲਕਿ ਮੁੰਡਿਆਂ ਉਤੇ ਵੀ ਜ਼ਿੰਮੇਵਾਰੀ ਪਾਉਣੀ ਪਵੇਗੀ।

ਮੇਰੀ ਭੈਣ ਸਿਮਰਨ ਤਿਹਾੜ ਜੇਲ ਵਿਚ ਇਕ ਸਮਾਜਸੇਵੀ ਸੰਸਥਾ ਨਾਲ ਕੰਮ ਕਰਨ ਜਾਂਦੀ ਸੀ। ਇਕ ਵਾਰੀ ਜਦ ਉਹ ਗਈ ਤਾਂ ਜੋ ਅਪਰਾਧੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਨ, ਉਨ੍ਹਾਂ ਨਾਲ ਵੀ ਮਿਲਣ ਚਲੇ ਗਏ ਅਤੇ ਉਥੇ ਇਕ ਬੜੇ ਪੜ੍ਹੇ-ਲਿਖੇ ਕੈਦੀ ਦੀ ਦੇਖਰੇਖ ਹੇਠ ਸਾਰੇ ਕੈਦੀਆਂ ਵਾਸਤੇ ਇਕ ਆਰਟ ਕਲਾਸ ਚਲਾ ਰਹੀ ਸਿਮਰਨ ਇਕ ਅਪਰਾਧੀ ਨਾਲ ਗੱਲ ਕਰਨ ਬੈਠ ਗਈ। ਉਹ ਤਸਵੀਰ ਬਣਾ ਰਿਹਾ ਸੀ ਜਿਸ ਵਿਚ ਇਕ ਲੜਕੀ ਨੂੰ ਉਹ ਫੁੱਲਾਂ ਨਾਲ ਭਰ ਰਿਹਾ ਸੀ।

ਸਿਮਰਨ ਨੂੰ ਕਿਸੇ ਅਪਰਾਧੀ ਨੂੰ ਉਸ ਦੀ ਸਜ਼ਾ ਜਾਂ ਅਪਰਾਧ ਜਾਂ ਉਸ ਦਾ ਨਾਮ ਵੀ ਪੁੱਛਣ ਦੀ ਇਜਾਜ਼ਤ ਨਹੀਂ ਸੀ। ਸੋ ਗੱਲਬਾਤ ਉਸ ਤਸਵੀਰ ਬਾਰੇ ਹੋਈ। ਉਸ ਲੜਕੇ ਨੇ ਦਸਿਆ ਕਿ ਉਸ ਨੇ ਇਸ ਕੁੜੀ ਨੂੰ ਬੜੀ ਤਕਲੀਫ਼ ਦਿਤੀ ਅਤੇ ਹੁਣ ਚਾਹੁੰਦਾ ਸੀ ਕਿ ਅਪਣਾ ਪਸ਼ਚਾਤਾਪ ਕਰੇ ਅਤੇ ਇਸ ਦੀ ਰੂਹ ਨੂੰ ਰੱਬ ਫੁੱਲਾਂ ਦੀ ਸੇਜ ਦੇਵੇ।

ਫਿਰ ਉਸ ਨੇ ਅਪਣੀ ਪਰਵਰਿਸ਼ ਦੇ ਕੁੱਝ ਕਠੋਰ ਪਲ ਸਾਂਝੇ ਕੀਤੇ ਅਤੇ ਦਸਿਆ ਕਿ ਕਿਸੇ ਨੇ ਕਦੇ ਦਸਿਆ ਹੀ ਨਹੀਂ ਸੀ ਕਿ ਲੜਕੀਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ। ਇਹ ਜੋ ਆਰਟ ਵਰਕਸ਼ਾਪਾਂ ਚਲ ਰਹੀਆਂ ਸਨ, ਉਨ੍ਹਾਂ ਦੌਰਾਨ ਨੋਟ ਕੀਤਾ ਗਿਆ ਕਿ ਜੇਲ ਵਿਚ ਉਹ ਸੋਚ ਵਿਚਾਰ ਕਰ ਕੇ ਪਛਤਾਵੇ ਦੀ ਅੱਗ ਵਿਚੋਂ ਕੁੰਦਨ ਬਣ ਕੇ ਨਿਕਲ ਰਿਹਾ ਸੀ।

ਜਦੋਂ ਸਿਮਰਨ ਬਾਹਰ ਆਈ ਤਾਂ ਕਿਸੇ ਨੇ ਦਸਿਆ ਕਿ ਜੋ ਪੜ੍ਹਿਆ-ਲਿਖਿਆ ਕੈਦੀ ਉਹ ਵਰਕਸ਼ਾਪ ਚਲਾ ਰਿਹਾ ਸੀ, ਉਹ ਉਹੀ ਮਨੂੰ ਸ਼ਰਮਾ ਸੀ ਜਿਸ ਨੇ ਸ਼ਰਾਬ ਦੇ ਨਸ਼ੇ ਵਿਚ ਜੈਸਿਕਾ ਲਾਲ ਦਾ ਕਤਲ ਕੀਤਾ ਸੀ ਅਤੇ ਜਿਸ ਕੈਦੀ ਨਾਲ ਉਹ ਗੱਲ ਕਰ ਰਹੀ ਸੀ, ਉਹ ਨਿਰਭਇਆ ਦੇ ਕਾਤਲਾਂ 'ਚੋਂ ਇਕ ਸੀ। ਸੁਣ ਕੇ ਸਿਮਰਨ ਦੰਗ ਰਹਿ ਗਈ ਕਿਉਂਕਿ ਇਨ੍ਹਾਂ ਦੋਹਾਂ ਤੋਂ ਕੋਈ ਨਰਮਦਿਲੀ ਜਾਂ ਇਨਸਾਨੀਅਤ ਦੀ ਉਮੀਦ ਨਹੀਂ ਸੀ ਰਖਦਾ।

ਹੁਣ ਜਿਹੋ ਜਿਹੇ ਅਪਰਾਧ ਇਨ੍ਹਾਂ ਨੇ ਕੀਤੇ ਹਨ, ਇਨ੍ਹਾਂ ਉਤੇ ਕੋਈ ਵੀ ਨਰਮੀ ਦੀ ਦਲੀਲ ਲਾਗੂ ਨਹੀਂ ਹੁੰਦੀ ਪਰ ਇਨ੍ਹਾਂ ਦੀ ਜ਼ਿੰਦਗੀ ਤੋਂ ਇਕ ਗੱਲ ਜ਼ਰੂਰ ਸਿਖ ਸਕਦੇ ਹਾਂ ਕਿ ਹੈਵਾਨਾਂ ਨੂੰ ਇਕ ਮੌਕਾ ਦੇ ਕੇ ਵੇਖ ਲਉ, ਸ਼ਾਇਦ ਉਹ ਇਨਸਾਨ ਬਣ ਸਕਦੇ ਹੋਣ। ਜੇ ਅਜਿਹਾ ਹੋ ਸਕੇ ਤਾਂ ਇਹ ਫਾਂਸੀ ਦੇ ਮੁਕਾਬਲੇ ਜ਼ਿਆਦਾ ਵੱਡੀ ਖ਼ੁਸ਼ੀ ਦੀ ਗੱਲ ਹੋ ਸਕਦੀ ਹੈ।

ਸਿਆਸਤਦਾਨਾਂ ਵਿਚ ਕਈ ਲੋਕ ਆਦੀ ਬਲਾਤਕਾਰੀ ਹਨ, ਤਾਕਤਵਰ ਲੋਕਾਂ ਦੀ ਸੋਚ ਔਰਤਾਂ ਪ੍ਰਤੀ ਬਹੁਤ ਮਾੜੀ ਹੈ ਪਰ ਅਸਲ ਵਿਚ ਇਹ ਸਾਡੀ ਸਮਾਜਕ ਸੋਚ ਹੈ ਜਿਸ ਵਿਚ ਅਸੀਂ ਔਰਤਾਂ ਨੂੰ ਵਸਤੂ ਬਣਾ ਕੇ ਉਨ੍ਹਾਂ ਨੂੰ ਕਮਜ਼ੋਰ ਕੀਤਾ ਹੈ ਅਤੇ ਮਰਦਾਂ ਨੂੰ ਹੈਵਾਨ ਵੀ ਅਸੀਂ ਆਪ ਹੀ ਬਣਾਉਂਦੇ ਹਾਂ। ਕੋਈ ਬੱਚਾ ਮਾਂ ਦੀ ਕੁੱਖ 'ਚੋਂ ਬਲਾਤਕਾਰੀ ਬਣ ਕੇ ਨਹੀਂ ਨਿਕਲਦਾ। ਬਲਾਤਕਾਰੀ ਬਣਨ ਦੀ ਸਿਖਿਆ ਤੇ ਉਸ ਦੀ ਹੱਲਾਸ਼ੇਰੀ, ਸਾਡਾ ਸਮਾਜ ਦਿੰਦਾ ਹੈ।

ਸੋ ਅੱਜ ਸਮਾਜ ਨੂੰ ਅਪਣੀ ਬੱਚਿਆਂ ਤੇ ਨੌਜੁਆਨਾਂ ਦੀ ਪਰਵਰਿਸ਼ ਬਦਲਣੀ ਪਵੇਗੀ। ਨਿਆਂ ਝਟਪਟ ਹੋਣਾ ਚਾਹੀਦਾ ਹੈ, ਹਰ ਪੀੜਤ ਨੂੰ ਮਰਨ ਤੋਂ ਪਹਿਲਾਂ ਹੀ ਨਿਰਭਇਆ ਵਾਂਗ ਨਿਆਂ ਮਿਲਣਾ ਚਾਹੀਦਾ ਹੈ। ਪਰ ਨਾਲ ਨਾਲ ਬੱਚਿਆਂ, ਖ਼ਾਸ ਕਰ ਕੇ ਮੁੰਡਿਆਂ ਨੂੰ ਇਨਸਾਨ ਬਣਨਾ ਸਿਖਣਾ ਪਵੇਗਾ। ਜੋ ਵੀ ਸਜ਼ਾ-ਏ-ਮੌਤ ਮੰਗਦੇ ਹਨ, ਉਨ੍ਹਾਂ ਨੂੰ ਇਕ ਸਵਾਲ ਪੁਛਦੀ ਹਾਂ। ਕੀ ਹਰ ਰੋਜ਼ 91 ਮੁੰਡਿਆਂ ਨੂੰ ਫਾਂਸੀ ਚੜ੍ਹਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਇਰਾਦਾ ਹੈ ਜਾਂ ਉਨ੍ਹਾਂ 'ਚੋਂ ਬਹੁਗਿਣਤੀ ਨੂੰ ਇਕ ਮੌਕਾ ਦੇ ਕੇ ਹੈਵਾਨ ਤੋਂ ਇਨਸਾਨ ਬਣਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ?  -ਨਿਮਰਤ ਕੌਰ