ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਵਿਚ ਘੱਟ ਗਿਣਤੀਆਂ ਪ੍ਰਤੀ ਗ਼ਲਤ ਜਾਣਕਾਰੀ
ਕਿਤਾਬਾਂ ’ਚੋਂ ਜਿਹੜੀ ਜਾਣਕਾਰੀ ਹਟਾਈ ਗਈ ਹੈ, ਉਹ ਵਿਗੜੀ ਹੋਈ ਸਿਆਸੀ ਬੋਲ-ਬਾਣੀ ਨੂੰ ਜਾਇਜ਼ ਠਹਿਰਾਅ ਦੇਂਦੀ ਹੈ।
ਇਤਿਹਾਸ ਵਿਚ ਹਮੇਸ਼ਾ ਜੇਤੂਆਂ ਬਾਰੇ ਹੀ ਲਿਖਿਆ ਜਾਂਦਾ ਹੈ। ਇਹ ਬੜਾ ਪੁਰਾਣਾ ਸੱਚ ਹੈ ਪਰ ਜਿਸ ਤਰ੍ਹਾਂ ਐਨ.ਸੀ.ਈ.ਆਰ.ਟੀ. ਦਾ ਸਲੇਬਸ ਛਾਂਟਿਆ ਗਿਆ ਹੈ, ਲਗਦਾ ਇਹੀ ਸੀ ਜਿਵੇਂ ਬੁਧ ਧਰਮ ਨੂੰ ਭਾਰਤ ਚੋਂ ਬਾਹਰ ਧੱਕ ਦੇਣ ਵਾਲੇ ਲੋਕ ਫਿਰ ਤੋਂ ਕੋਈ ਜੰਗ ਯੁਧ ਜਿੱਤ ਕੇ ਆ ਗਏ ਹਨ। ਜਦ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਇਆ ਗਿਆ ਸੀ ਤਾਂ ਭਾਰਤੀ ਇਤਿਹਾਸ ਦੀਆਂ ਕਿਤਾਬਾਂ ਵਿਚ ਕੁਦਰਤੀ ਤੌਰ ਤੇ, ਅੰਗਰੇਜ਼ਾਂ ਦੀਆਂ ਚੰਗੀਆਂ ਗੱਲਾਂ, ਜਿਨ੍ਹਾਂ ਦਾ ਹਿੰਦੁਸਤਾਨ ਨੂੰ ਫ਼ਾਇਦਾ ਹੋਇਆ, ਨਹੀਂ ਸਨ ਦਰਜ ਕੀਤੀਆਂ ਗਈਆਂ। ਪਰ ਇਹ ਵੀ ਨਹੀਂ ਸੀ ਸੋਚਿਆ ਗਿਆ ਕਿ ਅੱਜ ਤਿਆਰ ਕੀਤੀਆਂ ਜਾ ਰਹੀਆਂ ਕਿਤਾਬਾਂ ਵਿਚ ਘੱਟ-ਗਿਣਤੀਆਂ ਨੂੰ ਅੰਗਰੇਜ਼ਾਂ ਨਾਲੋਂ ਵੀ ਹੇਠਲੇ ਦਰਜੇ ’ਤੇ ਰਖਿਆ ਜਾਵੇਗਾ।
ਪਰ ਸਿਰਫ਼ ਘੱਟ-ਗਿਣਤੀਆਂ ਹੀ ਨਹੀਂ ਸਗੋਂ ਕਈ ਹੋਰ ਤਬਕੇ ਵੀ ਐਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਦੀ ਛਾਂਟੀ ਸਮੇਂ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤੇ ਗਏ ਹਨ। ਜਾਤ ਆਧਾਰਤ ਕੁੱਝ ਖ਼ਾਸ ਭਾਗ ਹਟਾਏ ਗਏ ਹਨ ਜੋ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਂਦੇ ਸਨ। ਕਿਤਾਬਾਂ ਵਿਚ ਵਾਤਾਵਰਣ ਤੇ ਸਮਾਜ ’ਚੋਂ ਕੁੱਝ ਅਜਿਹੇ ਹਿੱਸੇ ਹਟਾਏ ਗਏ ਹਨ ਜੋ ਬੱਚਿਆਂ ਦੇ ਮਨ ਵਿਚ ਸਵਾਲ ਪੈਦਾ ਕਰਦੇ ਸਨ। ਅੱਜ ਜੋ ਕੀਤਾ ਗਿਆ ਹੈ, ਉਹ ਇਸ ਗੱਲ ਦਾ ਇਸ਼ਾਰਾ ਦੇਂਦਾ ਹੈ ਕਿ ਕਿਤਾਬਾਂ ਦੀ ਸੋਚ ਘੜਨ ਵਾਲੇ ਇਹ ਨਹੀਂ ਚਾਹੁੰਦੇ ਕਿ ਬੱਚੇ ਕੋਈ ਸਵਾਲ ਚੁੱਕਣ ਦੀ ਸੋਚਣ ਵੀ।
ਸਗੋਂ ਕਿਤਾਬਾਂ ’ਚੋਂ ਜਿਹੜੀ ਜਾਣਕਾਰੀ ਹਟਾਈ ਗਈ ਹੈ, ਉਹ ਵਿਗੜੀ ਹੋਈ ਸਿਆਸੀ ਬੋਲ-ਬਾਣੀ ਨੂੰ ਜਾਇਜ਼ ਠਹਿਰਾਅ ਦੇਂਦੀ ਹੈ। ਆਮ ਧਾਰਣਾ ਤਾਂ ਇਹੀ ਹੈ ਕਿ ਮੁਗ਼ਲ ਰਾਜੇ ਸਾਡੇ ’ਤੇ ਰਾਜ ਕਰ ਕੇ ਸਾਨੂੰ ਲੁੱਟਣ ਆਏ ਸਨ, ਇਸ ਕਰ ਕੇ ਉਨ੍ਹਾਂ ਨੂੰ ਨਫ਼ਰਤ ਕੀਤੀ ਜਾਂਦੀ ਸੀ ਜਦਕਿ ਨਿਰਪੱਖ ਇਤਿਹਾਸਕਾਰਾਂ ਤੋਂ ਹਰ ਭਾਰਤੀ ਨੇ ਇਹੀ ਜਾਣਿਆ ਕਿ ਅਕਬਰ ਤੋਂ ਪਹਿਲਾਂ ਉਸ ਵਰਗਾ ਰਾਜਾ ਭਾਰਤ ਨੇ ਨਹੀਂ ਸੀ ਵੇਖਿਆ ਜਿਸ ਨੇ ਹਰ ਧਰਮ ਦਾ ਸਤਿਕਾਰ ਕੀਤਾ। ਇਹ ਸੱਭ ਧਰਮਾਂ ਨੂੰ ਬਰਾਬਰ ਸਮਝਣ ਦੀ ਰਵਾਇਤ ਹਿੰਦੂ ਹਿੰਦੁਸਤਾਨ ਦੀ ਨਹੀਂ ਹੈ ਤੇ ਗਵਾਹੀ ਬੋਧੀਆਂ ਨੂੰ ਮਾਰ ਕੱਟ ਕੇ ਤੇ ਅੱਗਾਂ ਲਾ ਕੇ ਦੇਸ਼ ’ਚੋਂ ਬਾਹਰ ਕੱਢ ਸੁੱਟਣ ਤੋਂ ਮਿਲਦੀ ਹੈ।
ਅੱਜ ਦੀ ਜੀ.ਟੀ. ਰੋਡ ਅਤੇ ਨਿਆਂਪਾਲਿਕਾ ਦੀ ਬੁਨਿਆਦ ਵੀ ਅਕਬਰ ਦੇ ਵਕਤ ਰੱਖੀ ਗਈ ਸੀ। ਸਗੋਂ ਇਤਿਹਾਸ ਤਾਂ ਇਹ ਵੀ ਦਸਦਾ ਹੈ ਕਿ ਤੁਲਸੀਦਾਸ ਨੇ ਅਪਣੀ ਰਾਮਾਇਣ ਵੀ ਮੁਗ਼ਲ ਕਾਲ ਵਿਚ ਲਿਖੀ ਸੀ। ਉਹ ਮੁਗ਼ਲ ਰਾਜੇ ਸਨ ਪਰ ਦਫ਼ਨ ਤਾਂ ਭਾਰਤ ਵਿਚ ਹੋਏ ਸਨ ਤੇ ਉਹਨਾਂ ਹਿੰਦੁਸਤਾਨ ਦਾ ਰਾਜ ਦਿੱਲੀ ਤੋਂ ਸ਼ੁਰੂ ਹੋ ਕੇ ਦੂਰ ਦੂਰ ਤਕ ਫੈਲਾਇਆ ਸੀ। ਸਿਆਸੀ ਸੋਚ ਨੇ ਗੁਜਰਾਤ ਦੇ ਦੰਗੇ ਕਿਤਾਬਾਂ ’ਚੋਂ ਹਟਾ ਦਿਤੇ ਹਨ ਤੇ ਇਸੇ ਸਿਆਸੀ ਸੋਚ ਨੇ ਕਿਤਾਬਾਂ ਵਿਚ ਸਿੱਖਾਂ ਨੂੰ ਵੱਖਵਾਦੀ ਵੀ ਗਰਦਾਨ ਦਿਤਾ ਹੈ। ਹੁਣ ਜਦ ਵੀ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਜਵਾਨ ਹੋਇਆ ਬੱਚਾ ਅੱਜ ਦੀ ਕਹਾਣੀ ਸੁਣੇਗਾ, ਉਹ ਸੋਚੇਗਾ... ਇਹ ਮੁਸਲਮਾਨ ਤਾਂ ਹਮੇਸ਼ਾ ਤੋਂ ਹੀ ਦੇਸ਼ ਦੇ ਦੁਸ਼ਮਣ ਰਹੇ ਹਨ।
ਉਹ ਆਖੇੇਗਾ ਕਿ ਸਿੱਖ ਤਾਂ ਹਮੇਸ਼ਾ ਹੀ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਸਨ। ਉਸ ਨੂੰ ਦੇਸ਼ ਦੇ ਸਿਆਸਤਦਾਨਾਂ ਵਲੋਂ ਘੱਟ-ਗਿਣਤੀਆਂ ਨਾਲ ਕੀਤੇ ਵਿਤਕਰੇ ਤੇ ਬੈਗਾਨੇਪਨ ਦਾ ਸੱਚ ਨਹੀਂ ਪਤਾ ਹੋਵੇਗਾ ਤੇ ਨਾ ਹੀ ਉਹ ਜਾਣਦਾ ਹੋਵੇਗਾ ਕਿ ਮੁਗ਼ਲਾਂ ਨੇ ਇਸ ਦੇਸ਼ ਦੀ ਬੁਨਿਆਦ ਬਣਾਉਣ ਵਿਚ ਯੋਗਦਾਨ ਦਿਤਾ ਹੈ ਤੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਜਿੱਤਣ ਦੀ ਜ਼ਿੰਮੇਵਾਰੀ ਅਪਣੇ ਉਪਰ ਲੈ ਲਈ ਸੀ। ਨਫ਼ਰਤ, ਅਗਿਆਨਤਾ ਉਤੇ ਸਵਾਲ ਨਾ ਚੁਕਣ ਵਾਲੀ ਪੀੜ੍ਹੀ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਅੱਜ ਦੀ ਦੇ ਹਾਕਮ ‘ਆਪ’ ਖੁਲ੍ਹੀ ਹਵਾ ਵਿਚ ਵਧੇ ਫੁੱਲੇ ਹਨ। ਐਨ.ਸੀ.ਈ.ਆਰ.ਟੀ. ਨੇ ਅਪਣੀ ਸੋਚ ਨਾਲ ਸਿਆਸੀ ਲੋਕਾਂ ਦੇ ਦਬਾਅ ਹੇਠ, ਆਉਣ ਵਾਲੀਆਂ ਪੀੜ੍ਹੀਆਂ ਨਾਲ ਵੱਡਾ ਧੋਖਾ ਕੀਤਾ ਹੈ। ਸ਼ਾਇਦ ਜੇਤੂ ਦਾ ਹੱਕ ਹੁੰਦਾ ਹੈ ਕਿ ਦੁਸ਼ਮਣ ਦੇ ਹਰ ਸੱਚ ਨੂੰ ਕਾਲਾ ਝੂਠ ਬਣਾ ਕੇ ਪੇਸ਼ ਕਰ ਦੇਵੇ ਤੇ ਅਪਣੇ ਹਰ ਝੂਠ ਨੂੰ ਦੁੱਧ ਧੋਤਾ ਸੱਚ ਬਣਾ ਕੇ ਪੇਸ਼ ਕਰ ਦੇਵੇ ਪਰ ਅਪਣਿਆਂ ਨਾਲ ਇਕ ਨਫ਼ਰਤ ਭਰੀ ਜੰਗ ਲੜਨ ਵਾਲੇ ਅਸਲ ਵਿਚ ਜੇਤੂ ਤਾਂ ਨਹੀਂ ਹੁੰਦੇ।
ਪੰਜਾਬ ਦੇ ਇਕ ਭਾਜਪਾ ਆਗੂ ਆਰ.ਪੀ. ਸਿੰਘ ਨੇ ਸਾਰੀ ਪ੍ਰਕਿਰਿਆ ਨੂੰ ਬਾਬਾ ਨਾਨਕ ਦੇ ਸ਼ਬਦ ‘‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ॥’’ ਨਾਲ ਜੋੜਦਿਆਂ ਆਖਿਆ ਹੈ ਕਿ ਬਾਬਾ ਨਾਨਕ ਮੁਗ਼ਲਾਂ ਨਾਲ ਨਫ਼ਰਤ ਕਰਦੇ ਸਨ। ਬਾਬਾ ਨਾਨਕ ਨੇ ਤਾਂ ਮਨੂੰ ਸਿਮ੍ਰਤੀ ਵਿਰੁਧ ਵੀ ਲਿਖਿਆ ਸੀ ਅਤੇ ਬਾਬਾ ਨਾਨਕ ਦੇ ਆਖ਼ਰੀ ਦਮ ਤਕ ਦੇ ਸਾਥੀ ਰਹੇ ਭਾਈ ਮਰਦਾਨਾ ਜੀ ਮੁਸਲਮਾਨ ਸਨ ਪਰ ਉਹ ਕਿਸੇ ਨੂੰ ਨਫ਼ਰਤ ਕਰਨ ਦੀ ਸੋਚ ਕਦੇ ਵੀ ਨਹੀਂ ਸਨ ਪਾਲ ਸਕਦੇ। ਸਿਆਸਤਦਾਨਾਂ ਨੇ ਅਪਣੀ ਮਰਜ਼ੀ ਨਾਲ ਜੋ ਕਰਨੈ, ਉਹੀ ਕਰਨਾ ਹੈ। ਇਹ ਉਨ੍ਹਾਂ ਦੀ ਅਪਣੀ ਸਮਝ ਹੈ ਪਰ ਇਸ ਵਿਚ ਘੱਟ ਗਿਣਤੀਆਂ ਨੂੰ ਆਪਸ ਵਿਚ ਵੰਡਣ ਦੀ ਗੱਲ ਨਹੀਂ ਚਲੇਗੀ। ਉਹ ਸਕੂਲੀ ਕਿਤਾਬਾਂ ’ਚੋਂ ਸੱਚ ਕਢ ਸਕਦੇ ਹਨ, ਗੁਰੂ ਗ੍ਰੰਥ ਸਾਹਿਬ ’ਚੋਂ ਨਹੀਂ। - ਨਿਮਰਤ ਕੌਰ