ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਮਾਮਲਾ ਆਉਣ ਵਾਲੇ ਦਿਨਾਂ 'ਚ ਬਣੇਗਾ ਸ਼੍ਰੋਮਣੀ ਕਮੇਟੀ ਲਈ ਗਲੇ ਦੀ ਹੱਡੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰੂਪਾਂ ਦੇ ਮਾਮਲੇ 'ਤੇ ਜਵਾਬਦੇਹੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ : ਵੇਦਾਂਤੀ  

Matter of Sikh Reference Library

ਅੰਮ੍ਰਿਤਸਰ : ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਮਾਮਲਾ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦੇ ਲਈ ਗਲੇ ਦੀ ਹੱਡੀ ਬਨਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਹੈ ਕਿ ਉਨਾਂ ਨੂੰ ਆਪਣੇ ਖੋਜ ਕਾਰਜ ਦੋਰਾਣ ਫ਼ੌਜ ਵਲੋ ਦਿੱਤੇ 205 ਸਰੂਪਾਂ ਵਿਚੋਂ ਇਕ ਵੀ ਸਰੂਪ ਨਜ਼ਰ ਨਹੀਂ ਆਇਆ। ਇਹ ਪੁੱਛੇ ਜਾਣ 'ਤੇ ਕੀ ਉਹ ਸਰੂਪ ਕਿਥੇ ਗਏ ਤਾਂ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਇਸ ਦਾ ਜਵਾਬ ਉਹ ਲੋਕ ਦੇ ਸਕਦੇ ਹਨ ਜਿਨ੍ਹਾਂ ਇਹ ਸਾਰਾ ਸਮਾਨ ਦਸਤਖ਼ਤ ਕਰ ਕੇ ਵਾਪਸ ਲਿਆ ਸੀ। ਜੇ ਇਹ ਮਾਮਲਾ  ਇਕ ਜਾਂ ਦੋ ਸਰੂਪਾਂ ਦਾ ਹੁੰਦਾ ਤਾਂ ਲੁਕਾਇਆ ਜਾ ਸਕਦਾ ਸੀ ਪਰ ਇਹ 205 ਸਰੂਪਾਂ ਦਾ ਮਾਮਲਾ ਹੈ ਤੇ ਇਸ ਦੀ ਜਵਾਬਦੇਹੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ।

ਉਨ੍ਹਾਂ ਕਿਹਾ ਕਿ ਜੂਨ 1984 ਦੇ ਫ਼ੌਜੀ ਹਮਲੇ ਤੋਂ ਪਹਿਲਾਂ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ 500 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸਨ ਜੋ ਫ਼ੌਜ ਲੈ ਗਈ ਸੀ। ਉਨ੍ਹਾਂ ਲੰਮਾ ਸਮਾਂ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਖੋਜ ਕਾਰਜਾਂ ਵਿਚ ਬਤੀਤ ਕੀਤਾ ਹੈ ਅਤੇ ਇਕ-ਇਕ ਰੂਪ ਨੂੰ ਵੇਖ ਕੇ ਦੱਸ ਸਕਦੇ ਹਨ। ਅੱਜ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਵੇਦਾਂਤੀ ਨੇ ਕਿਹਾ ਕਿ 19 ਜੂਨ 1984 ਵਿਚ ਉਹ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਆਏ ਸਨ।

ਉਸ ਸਮੇਂ ਉਹ ਬਤੌਰ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਸਨ। 19 ਜੂਨ 1984 ਨੂੰ ਉਨਾਂ ਪਹਿਲੀ ਵਾਰ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਵੇਖੀ ਸੀ। ਉਹ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪਹਿਲੇ ਵਿਅਕਤੀ ਸਨ ਜਿਨ੍ਹਾਂ ਲਾਇਬਰੇਰੀ ਦੇਖੀ। ਗਿਆਨੀ ਵੇਦਾਂਤੀ ਨੇ ਉਸ ਤੱਥ ਨੂੰ ਝੂਠਲਾਇਆ ਕਿ ਲਾਇਬਰੇਰੀ ਨੂੰ ਫ਼ੌਜ ਨੇ ਅੱਗ ਦੇ ਹਵਾਲੇ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਕਿ ਲਾਇਬਰੇਰੀ ਬਿਲਕੁਲ ਠੀਕ ਹਾਲਤ ਵਿਚ ਸੀ।

ਜਿਨ੍ਹਾਂ ਲੋਹੇ ਦੇ ਰੈਕਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਹੋਏ ਸਨ ਉਹ ਵੀ ਬਿਲਕੁਲ ਠੀਕ ਹਾਲਤ ਵਿਚ ਸਨ। ਉਨ੍ਹਾਂ ਦਸਿਆ ਕਿ ਜੇ ਅੱਗ ਲਗੀ ਹੁੰਦੀ ਤਾਂ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ  ਦੀਆਂ ਕੰਧਾਂ 'ਤੇ ਅੱਗ ਦੇ ਨਿਸ਼ਾਨ ਹੋਣੇ ਸਨ। ਉਨ੍ਹਾਂ ਕਿਹਾ ਕਿ ਉਹ ਇਕੱਲੇ-ਇਕੱਲੇ ਸਰੂਪ ਨੂੰ ਘੋਖ ਕੇ ਵੇਖ ਚੁੱਕੇ ਹਨ। ਜੇ ਅੱਜ ਵੀ ਕੋਈ ਹਥ ਲਿਖਤ ਸਰੂਪ ਉਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਹ ਪਛਾਣ ਕੇ ਦੱਸ ਸਕਦੇ ਹਨ ਕਿ ਇਹ ਸਰੂਪ ਲਾਇਬਰੇਰੀ ਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇ ਫ਼ੌਜ ਨੇ 205 ਸਰੂਪ ਵਾਪਸ ਕੀਤੇ ਹਨ ਤਾਂ ਬਾਕੀ ਵੀ 300 ਸਰੂਪ ਵਾਪਸ ਕਰੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲੇ ਸਰੂਪ ਬਾਰੇ ਬੋਲਦਿਆਂ ਗਿਆਨੀ ਵੇਦਾਂਤੀ ਨੇ ਕਿਹਾ ਕਿ ਇਹ ਸਰਾਸਰ ਝੂਠ ਹੈ ਕਿ ਕਿਸੇ ਸਰੂਪ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਸਨ। ਉਨ੍ਹਾਂ ਕਿਹਾ ਕਿ ਧਰਮ ਦਾ ਵਪਾਰ ਕਰਨ ਵਾਲੇ ਮਿਲਦੀ-ਜੁਲਦੀ ਲਿਖਾਈ ਕਰ ਕੇ ਭੁਲੇਖਾ ਪੈਦਾ ਕਰਦੇ ਸਨ ਅਤੇ ਉਸ ਨੂੰ ਗੁਰੂ ਸਾਹਿਬ ਦੇ ਦਸਤਖ਼ਤ ਦੱਸਦੇ ਸਨ। ਜਦਕਿ ਕਿਸੇ ਵੀ ਸਰੂਪ 'ਤੇ ਗੁਰੂ ਸਾਹਿਬਾਨ ਦੇ ਦਸਤਖਤ ਕਦੇ ਹੋਏ ਹੀ ਨਹੀਂ। 4000 ਪੌਂਡ ਵਿਚ ਸਰੂਪ ਵਿਕਣ ਦੇ ਮਾਮਲੇ 'ਤੇ ਗਿਆਨੀ ਵੇਦਾਂਤੀ ਨੇ ਕਿਹਾ ਕਿ ਇਹ ਤਥਾਂ ਤੋਂ ਰਹਿਤ ਗੱਲ ਹੈ ਕਿ ਕੋਈ ਸਰੂਪ ਵਿਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਲਾਂ ਨਾਲ ਜਜ਼ਬਾਤ ਭੜਕਦੇ ਹਨ। ਜਦ ਕਿਸੇ ਸਰੂਪ ਤੇ ਗੁਰੂ ਗੋਬਿੰਦ ਸਿੰਘ ਦੇ ਦਸਤਖਤ ਹੀ ਨਹੀਂ ਸਨ ਤਾਂ ਫਿਰ ਉਹ ਇੰਨੇ ਮਹਿੰਗੇ ਮੁੱਲ 'ਤੇ ਵਿਕਿਆ ਕਿਵੇਂ।  

ਵੋਖੋ ਵੀਡੀਓ :-