ਔਰਤ ਮਰਦ, ਘਰੇਲੂ ਲੜਾਈ ਝਗੜਾ ਤੇ ਫ਼ਿਲਮ 'ਥੱਪੜ'!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤੀ ਸਭਿਆਚਾਰ ਵਿਚ ਥੱਪੜ ਮਾਰਨਾ ਇਕ ਆਮ ਜਹੀ ਗੱਲ ਹੈ। ਬੱਚਾ ਅਜੇ ਤੁਰਨਾ ਨਹੀਂ ਸ਼ੁਰੂ ਕਰਦਾ ਕਿ ਮਾਂ ਇਕ ਥੱਪੜ ਜ਼ਰੂਰ ਟਿਕਾ ਦਿੰਦੀ ਹੈ।

File Photo

ਭਾਰਤੀ ਸਭਿਆਚਾਰ ਵਿਚ ਥੱਪੜ ਮਾਰਨਾ ਇਕ ਆਮ ਜਹੀ ਗੱਲ ਹੈ। ਬੱਚਾ ਅਜੇ ਤੁਰਨਾ ਨਹੀਂ ਸ਼ੁਰੂ ਕਰਦਾ ਕਿ ਮਾਂ ਇਕ ਥੱਪੜ ਜ਼ਰੂਰ ਟਿਕਾ ਦਿੰਦੀ ਹੈ। ਜਦੋਂ ਕੋਈ ਮਾਂ ਕਹੇ ਕਿ 'ਨਹੀਂ, ਮੈਂ ਤਾਂ ਪਿਆਰ ਨਾਲ ਬੱਚੇ ਨੂੰ ਪਾਲਣਾ ਹੈ' ਤਾਂ ਆਖਦੇ ਹਨ ਕਿ ਜਦੋਂ ਤਕ ਕੁੱਝ ਸਖ਼ਤੀ ਨਾ ਵਿਖਾਈ ਜਾਵੇ, ਉਦੋਂ ਤਕ ਬੱਚਾ ਅਨੁਸ਼ਾਸਨ ਨਹੀਂ ਸਿਖਦਾ। ਸੋ ਮਾਂ-ਬਾਪ ਕਦੇ ਥੱਪੜ, ਕਦੇ ਥਾਪੀ, ਕਦੇ ਜੁੱਤੀਆਂ, ਕਦੇ ਟੰਗਾਂ ਨਾਲ ਬੱਚੇ ਨੂੰ ਸਿੱਧਾ ਕਰਦੇ ਹੀ ਕਰਦੇ ਹਨ।

ਅਧਿਆਪਕ ਵੀ ਇਸੇ ਸੋਚ ਅਧੀਨ ਵਿਦਿਆਰਥੀਆਂ ਨੂੰ 'ਕਲ ਦੇ ਨਾਗਰਿਕ' ਬਣਾਉਣ ਲਈ ਕੰਮ ਕਰਦੇ ਹਨ। ਹੁਣ ਕਈ ਸ਼ਹਿਰੀ ਸਕੂਲਾਂ ਵਿਚ ਅਧਿਆਪਕ ਦੀ ਸਖ਼ਤੀ ਵਾਪਸ ਆ ਗਈ ਹੈ ਪਰ ਜ਼ਿਆਦਾਤਰ ਇਕ ਥੱਪੜ ਨੂੰ ਗੁਰੂਦਕਸ਼ਣਾ ਹੀ ਮੰਨਿਆ ਜਾਂਦਾ ਹੈ ਜੋ ਹਰ ਵਿਦਿਆਰਥੀ ਨੂੰ ਚੁਕਾਉਣੀ ਹੀ ਪੈਂਦੀ ਹੈ। ਪਰ ਜਦੋਂ ਬੱਚਾ ਵੱਡਾ ਹੁੰਦਾ ਹੈ, ਮੁੱਛਾਂ ਫੁਟਣ ਲਗਦੀਆਂ ਹਨ, ਜਵਾਨੀ ਦੇ ਦਿਨ ਸ਼ੁਰੂ ਹੁੰਦੇ ਹਨ,

ਇਹ ਨਿਯਮ ਮੁੰਡਿਆਂ ਲਈ ਬਦਲ ਜਾਂਦੇ ਹਨ। ਜਦੋਂ ਮੁੰਡੇ ਦੀਆਂ ਮੁੱਛਾਂ ਫੁਟ ਪੈਣ ਤਾਂ ਉਸ ਉਤੇ ਹੱਥ ਨਹੀਂ ਚੁਕਦੇ। ਅਕਸਰ ਫ਼ਿਲਮਾਂ ਵਿਚ ਵੇਖਿਆ ਗਿਆ ਹੈ ਕਿ ਇਕ ਬਾਪ ਅਪਣੇ ਮੁੰਡੇ ਉਤੇ ਹੱਥ ਚੁੱਕਣ ਲਗਦਾ ਹੈ (ਆਦਤ ਤੋਂ ਮਜਬੂਰ ਹੋ ਕੇ) ਪਰ ਫਿਰ ਉਹ ਅਪਣੇ ਜਵਾਨ ਪੁੱਤਰ ਵਲ ਵੇਖਦਾ ਹੈ ਤਾਂ ਹੱਥ ਥੱਲੇ ਕਰ ਲੈਂਦਾ ਹੈ। ਪਰ ਉਹੀ ਫ਼ਿਲਮਾਂ, ਉਹੀ ਸਮਾਜ ਕੁੜੀਆਂ ਨੂੰ ਕਦੇ ਏਨਾ ਵੱਡਾ, ਏਨਾ ਜਵਾਨ, ਜਾਂ ਸਮਝਦਾਰ ਨਹੀਂ ਸਮਝਦਾ ਕਿ ਉਨ੍ਹਾਂ ਨੂੰ ਥੱਪੜ ਮਾਰਨ ਤੋਂ ਪਹਿਲਾਂ ਇਸ ਤਰ੍ਹਾਂ ਸੋਚੇ। ਬੱਚੀਆਂ, ਜਵਾਨ ਧੀਆਂ, ਵਹੁਟੀਆਂ, ਮਾਵਾਂ ਕਦੇ ਵੀ ਥੱਪੜ ਦੀ ਮਾਰ ਤੋਂ ਉੱਚੀਆਂ ਨਹੀਂ ਮੰਨੀਆਂ ਜਾਂਦੀਆਂ।

ਪੈਰਾਂ ਦੀ ਜੁੱਤੀ ਅਤੇ 'ਸ਼ੂਦਰ ਪਸ਼ੂ ਔਰ ਨਾਰੀ, ਯੇ ਤੀਨੋਂ ਤਾੜਨ ਕੇ ਅਧਿਕਾਰੀ' ਵਰਗੀ ਮਨੂਵਾਦੀ ਸੋਚ ਅੱਜ ਵੀ ਭਾਰਤ ਦੀ ਸੋਚ ਵਿਚ ਧਸੀ ਹੋਈ ਹੈ ਕਿ ਇਕ ਫ਼ਿਲਮ ਵਿਚ ਥੱਪੜ ਨੂੰ ਲੈ ਕੇ ਇਕ ਔਰਤ ਦਾ ਗੁੱਸਾ ਅਤੇ ਤਲਾਕ ਦੀ ਮੰਗ ਸਮੁੱਚੇ ਭਾਰਤ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੇ। 'ਥੱਪੜ' ਫ਼ਿਲਮ ਬਾਕਸ ਆਫ਼ਿਸ ਉਤੇ ਅਸਫ਼ਲ ਰਹੀ ਹੈ ਕਿਉਂਕਿ ਇਸ ਫ਼ਿਲਮ ਨੂੰ ਵੇਖਣ ਵਾਸਤੇ ਲੋਕ ਤਿਆਰ ਹੀ ਨਹੀਂ ਹਨ।

ਇਸ ਫ਼ਿਲਮ ਨੂੰ ਵੇਖਣ ਵਾਸਤੇ ਲੋਕ ਜਾ ਹੀ ਨਹੀਂ ਰਹੇ ਕਿਉਂਕਿ ਉਹ ਇਹ ਪੱਖ ਵੇਖਣਾ ਹੀ ਨਹੀਂ ਚਾਹੁੰਦੇ। ਔਰਤ ਦੀ ਬਰਾਬਰੀ ਦੀ ਗੱਲ ਨੂੰ ਲੈ ਕੇ, ਦਿਮਾਗ਼ ਇਸ ਤਰ੍ਹਾਂ ਬੰਦ ਹੋ ਚੁੱਕੇ ਹਨ ਕਿ ਲੋਕ ਇਹ ਵੀ ਨਹੀਂ ਵੇਖਣਾ ਚਾਹੁੰਦੇ ਕਿ ਔਰਤ ਨੂੰ ਪਏ ਥੱਪੜ ਅਤੇ ਉਸ ਤੋਂ ਉਪਜੀ ਨਾਰਾਜ਼ਗੀ ਦੀ ਅਸਲ ਕਹਾਣੀ ਕੀ ਹੈ? ਫ਼ਿਲਮ ਵਿਚ ਕੁੱਝ ਇਹੋ ਜਿਹੀਆਂ ਗੱਲਾਂ ਆਖੀਆਂ ਗਈਆਂ ਹਨ ਜੋ ਤਕਰੀਬਨ ਹਰ ਘਰ ਵਿਚ ਦੁਹਰਾਈਆਂ ਜਾਂਦੀਆਂ ਹਨ।

ਇਕ ਥੱਪੜ ਪਿੱਛੇ ਪ੍ਰਵਾਰ ਤਾਂ ਨਹੀਂ ਤੋੜਿਆ ਜਾ ਸਕਦਾ! ਥੋੜ੍ਹਾ ਬਰਦਾਸ਼ਤ ਕਰਨਾ ਸਿਖਣਾ ਚਾਹੀਦਾ ਹੈ ਔਰਤ ਨੂੰ। ਥੋੜ੍ਹੀ-ਬਹੁਤ ਮਾਰਕੁੱਟ ਪਿਆਰ ਦਾ ਇਜ਼ਹਾਰ ਹੀ ਤਾਂ ਹੁੰਦੀ ਹੈ। ਹਾਂ ਸਦੀਆਂ ਦੀ ਸੋਚ ਪਲਾਂ ਵਿਚ ਨਹੀਂ ਬਦਲ ਸਕਦੀ ਪਰ ਜੇ ਦੂਜੇ ਪਾਸੇ ਦਾ ਪੱਖ ਸੁਣਨ ਦੀ ਸਮਰੱਥਾ ਹੀ ਨਹੀਂ ਤਾਂ ਤਬਦੀਲੀ ਕਦੋਂ ਆਵੇਗੀ?
ਇਕ ਗੱਲ ਭਾਰਤੀ ਸਮਾਜ ਨੂੰ ਸਮਝਣੀ ਪਵੇਗੀ ਕਿ ਜਿਸ ਪਲ ਤੁਸੀਂ ਮੁੰਡਿਆਂ ਨੂੰ ਥੱਪੜ ਮਾਰਨ ਤੋਂ ਕਤਰਾਉਣਾ ਸ਼ੁਰੂ ਕਰਦੇ ਹੋ,

ਉਸੇ ਪਲ ਤੁਸੀਂ ਔਰਤ ਨੂੰ ਵੀ ਥੱਪੜ ਤੋਂ ਉਤੇ ਸਮਝਣਾ ਕਿਉਂ ਨਹੀਂ ਸ਼ੁਰੂ ਕਰ ਸਕਦੇ? ਅੱਜਕਲ੍ਹ ਤਾਂ ਛੋਟੇ ਬੱਚੇ ਨੂੰ ਵੀ ਥੱਪੜ ਮਾਰਨ ਤੋਂ ਰੋਕਿਆ ਜਾਂਦਾ ਹੈ। ਕਈ ਦੇਸ਼ਾਂ ਵਿਚ ਤਾਂ ਇਸ ਬਾਰੇ ਕਾਨੂੰਨ ਵੀ ਬਣੇ ਹੋਏ ਹਨ ਅਤੇ ਬੱਚਾ ਅਪਣੇ ਹੀ ਮਾਤਾ-ਪਿਤਾ ਵਿਰੁਧ ਅਦਾਲਤ ਵਿਚ ਵੀ ਜਾ ਸਕਦਾ ਹੈ। ਪਰ ਅਸੀਂ ਇਕ ਥੱਪੜ ਨੂੰ ਲੈ ਕੇ ਹੀ ਵਿਵਾਦ ਖੜਾ ਕਰ ਬੈਠੇ ਹਾਂ। ਸਾਡੇ ਦੁਆਲੇ ਕੁੱਝ ਅਜਿਹੀਆਂ ਅਖ਼ਬਾਰਾਂ/ਆਲੋਚਕ ਬੈਠੇ ਹਨ ਜੋ ਇਸ ਫ਼ਿਲਮ ਦੇ ਫ਼ੇਲ੍ਹ ਹੋ ਜਾਣ ਤੇ ਖ਼ੁਸ਼ੀ ਮਨਾ ਰਹੇ ਹਨ।

ਸਵਾਲ ਇਹ ਨਹੀਂ ਕਿ ਔਰਤ ਨੂੰ ਥੱਪੜ ਤੋਂ ਇਤਰਾਜ਼ ਹੈ, ਸਵਾਲ ਇਹ ਹੈ ਕਿ ਔਰਤ ਨੂੰ ਮਾਰਨੋਂ ਹਟਾਉਣ ਤੋਂ ਸਮਾਜ ਘਬਰਾਉਂਦਾ ਕਿਉਂ ਹੈ? ਸਿਰਫ਼ ਥੱਪੜ ਹੀ ਨਹੀਂ, ਬਰਾਬਰੀ ਦੇ ਹਰ ਕਦਮ ਤੇ ਭਾਰਤੀ ਸਮਾਜ ਕੰਬਣ ਲਗਦਾ ਹੈ। ਹਾਲ ਹੀ ਵਿਚ ਇਕ ਹੋਰ ਫ਼ਿਲਮ 'ਛਪਾਕ' ਆਈ ਸੀ ਜਿਸ ਵਿਚ ਤੇਜ਼ਾਬ ਸੁੱਟਣ ਨਾਲ ਇਕ ਲੜਕੀ ਉਪਰ ਪਏ ਅਸਰ ਨੂੰ ਵਿਖਾਇਆ ਗਿਆ ਸੀ।

ਉਹ ਵੀ ਬਾਕਸ ਆਫ਼ਿਸ ਉਤੇ ਫ਼ੇਲ੍ਹ ਹੋ ਗਈ ਸੀ। ਹਾਂ, ਅਜਿਹੀਆਂ ਫ਼ਿਲਮਾਂ 100 ਕਰੋੜ ਦੇ ਕਲੱਬ ਵਾਲੀਆਂ ਫ਼ਿਲਮਾਂ ਵਾਂਗ ਮਨੋਰੰਜਨ ਵਾਸਤੇ ਤਾਂ ਨਹੀਂ ਬਣਦੀਆਂ ਪਰ ਇਸ ਤਰ੍ਹਾਂ ਔਰਤਾਂ ਦੀ ਆਵਾਜ਼ ਨੂੰ ਨਕਾਰਨਾ ਵੀ ਇਕ ਬੰਦ ਸਮਾਜ ਦੀ ਨਿਸ਼ਾਨੀ ਹੁੰਦਾ ਹੈ। ਬੇਟੀ ਕਿਸ ਤਰ੍ਹਾਂ ਬਚੇਗੀ, ਜੇ ਸਮਾਜ ਬੇਟੀ ਦੇ ਪੱਖ ਨੂੰ ਸੁਣਨ ਦੀ ਹਿੰਮਤ ਹੀ ਨਹੀਂ ਰਖਦਾ?  -ਨਿਮਰਤ ਕੌਰ