ਕੇਂਦਰ ਸਾਰੇ ਨਾਂਅ ਤੇ ਹੋਰ ਧਰਮਾਂ ਵਾਲਿਆਂ ਦੀ ਸੂਚੀ ਵੀ ਕਰੇ ਜਨਤਕ : ਦਲ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਆਗੂਆਂ ਨੇ ਕਿਹਾ ਕਿ ਕੇਂਦਰ ਇਹ ਵੀ ਸਪਸ਼ਟ ਕਰੇ ਕਿ ਕਾਲੀ ਸੂਚੀ ਅਤੇ ਭਗੌੜਿਆਂ ਦੀ ਕਿੰਨੀ ਗਿਣਤੀ ਹੈ।

Dal Khalsa

ਭਗਤਾ ਭਾਈ : ਕੇਂਦਰ ਸਰਕਾਰ ਵਲੋਂ 30 ਸਾਲਾਂ ਦੇ ਲੰਮੇ ਵਕਫ਼ੇ ਬਾਅਦ 312 ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਬਾਹਰ ਕੱਢਣ ਅਤੇ 2 ਸਿੱਖਾਂ ਨੂੰ ਕਾਲੀ ਸੂਚੀ ਵਿਚ ਰੱਖਣ 'ਤੇ ਦਲ ਖ਼ਾਲਸਾ ਦੇ ਆਗੂਆਂ ਨੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਇਸ ਸੂਚੀ ਦੇ ਸਾਰੇ ਨਾਮ ਜਨਤਕ ਕਰਨ ਦੀ ਮੰਗ ਕੀਤੀ ਹੈ।

ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿੱਲ ਕਲਾਂ, ਸੁਰਿੰਦਰ ਸਿੰਘ ਨਥਾਣਾ ਅਤੇ ਭਗਵਾਨ ਸਿੰਘ ਸੰਧੂ ਖ਼ੁਰਦ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਕਿ 30 ਸਾਲਾਂ ਤੋਂ ਸਿੱਖਾਂ ਨੂੰ ਕਾਲੀ ਸੂਚੀ ਵਿਚ ਰੱਖਣ ਅਤੇ ਹੁਣ 312 ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਕੱਢਣ 'ਤੇ ਕਈ ਸਵਾਲ ਉਠਦੇ ਹਨ। ਉਨ੍ਹਾਂ ਕੇਂਦਰ ਨੂੰ ਕਿਹਾ ਕਿ ਉਹ ਕਾਲੀ ਸੂਚੀ ਵਿਚ ਰੱਖੇ ਗਏ ਦੋ ਸਿੱਖਾਂ ਸਮੇਤ ਬਾਕੀ ਦੇ 312 ਦੇ ਨਾਮ ਜਨਤਕ ਕਰੇ ਤਾਕਿ ਪਤਾ ਲੱਗ ਸਕੇ ਕਿ ਉਨ੍ਹਾਂ 'ਤੇ ਕੀ ਦੋਸ਼ ਹਨ।

ਆਗੂਆਂ ਨੇ ਕਿਹਾ ਕਿ ਕੇਂਦਰ ਇਹ ਵੀ ਸਪਸ਼ਟ ਕਰੇ ਕਿ ਕਾਲੀ ਸੂਚੀ ਜਾਂ ਭਗੋੜੇ ਕਰਾਰ ਦਿਤੇ ਸਿੱਖ, ਮੁਸਲਮਾਨਾਂ ਤੋਂ ਇਲਾਵਾ ਵੱਧ ਗਿਣਤੀ ਦੇ ਫ਼ਿਰਕੇ ਨਾਲ ਸਬੰਧਤ ਕਾਲੀ ਸੂਚੀ ਅਤੇ ਭਗੌੜਿਆਂ ਦੀ ਕਿੰਨੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਜਿਥੇ ਭਾਰਤੀ ਹਕੂਮਤ ਵਲੋਂ ਘੱਟ ਗਿਣਤੀ ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਨਫ਼ਰਤੀ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉਥੇ ਇਕ ਸੋਚੀ ਸਮਝੀ ਸਾਜ਼ਸ਼ ਤਹਿਤ ਕੌਮਾਂਤਰੀ ਪੱਧਰ 'ਤੇ ਸਿੱਖਾਂ ਨੂੰ ਨਫ਼ਰਤ ਦੇ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਇਸ ਮਸਲੇ 'ਤੇ ਕੇਂਦਰ ਦਾ ਧਨਵਾਦ ਕਰ ਰਹੇ ਪੰਜਾਬ ਦੇ ਨੇਤਾਵਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਇਹ ਸੂਚੀ ਕਿਸ ਦੇਸ਼ ਦੀ ਸਰਕਾਰ ਨੇ ਬਣਾਈ ਸੀ।