ਘੱਲੂਘਾਰਾ ਦਿਵਸ 'ਤੇ 5 ਜੂਨ ਨੂੰ ਕਢਿਆ ਜਾਵੇਗਾ ਯਾਦਗਾਰੀ ਮਾਰਚ: ਦਲ ਖ਼ਾਲਸਾ
ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਨੂੰ ਭੁੱਲ ਨਹੀਂ ਸਕਦੀ ਸਿੱਖ ਕੌਮ
ਅੰਮ੍ਰਿਤਸਰ : ਦਲ ਖ਼ਾਲਸਾ ਨੇ ਜੂਨ 1984 ਸਾਕਾ ਦਰਬਾਰ ਸਾਹਿਬ ਦੀ 35ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਅੰਮ੍ਰਿਤਸਰ ਵਿਖੇ ਖ਼ਾਲਸਾਈ ਜ਼ਜ਼ਬਿਆਂ ਨਾਲ 'ਘੱਲੂਘਾਰਾ ਯਾਦਗਾਰੀ ਮਾਰਚ' ਕੱਢਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦਸਿਆ ਕਿ ਮਾਰਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵੀਨਿਊ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਲੰਘਦਾ ਹੋਇਆ ਅਕਾਲ ਤਖ਼ਤ ਵਿਖੇ ਸਮਾਪਤ ਹੋਵੇਗਾ ਜਿਥੇ ਗੁਰਧਾਮਾਂ ਦੀ ਪਵਿਤਰਤਾ ਲਈ ਜੂਝਦਿਆਂ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਨਮਿਤ ਅਰਦਾਸ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 35 ਵਰ੍ਹੇ ਬੀਤਣ ਤੋਂ ਬਾਅਦ ਵੀ ਭਾਰਤ ਵਲੋਂ ਕੀਤੇ ਗਏ ਫ਼ੌਜੀ ਹਮਲੇ ਦੀ ਪੀੜ ਸੱਜਰੀ ਅਤੇ ਜ਼ਖਮ ਹਰ੍ਹੇ ਹਨ। 5 ਨੂੰ ਅੰਮ੍ਰਿਤਸਰ ਵਿਖੇ ਕੱਢੇ ਜਾ ਰਹੇ ਮਾਰਚ ਬਾਰੇ ਪ੍ਰਗਟਾਵਾ ਕਰਦਿਆਂ ਉਨ੍ਹਾਂ ਦਸਿਆ ਕਿ 35 ਵਰ੍ਹੇ ਬਾਅਦ ਵੀ ਸਿੱਖ ਨਾ ਤਾਂ ਫ਼ੌਜੀ ਹਮਲੇ ਨੂੰ ਭੁੱਲੇ ਹਨ ਅਤੇ ਨਾ ਹੀ ਦੋਸ਼ੀ ਹਮਲਾਵਰਾਂ ਨੂੰ ਮਾਫ਼ ਕੀਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ 'ਤੇ ਟਿਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਹਿੰਦੁਤਵੀਆਂ ਦੀ ਜਿੱਤ ਅਤੇ ਪੰਜਾਬ ਅੰਦਰ ਕਾਂਗਰਸੀਆਂ ਦੀ ਜਿੱਤ, ਸਿੱਖ ਰਾਜਸੀ ਇਛਾਵਾਂ ਅਤੇ ਕੌਮੀ ਪਛਾਣ ਲਈ ਘਾਤਕ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਭਾਰਤੀ ਸਿਸਟਮ ਤੋਂ ਇਨਸਾਫ਼ ਦੀ ਉਮੀਦ ਛੱਡ ਕੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਲੜਣਾ ਚਾਹੀਦਾ ਹੈ। ਇਸ ਸਬੰਧੀ ਅੱਜ ਪਾਰਟੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿਚ ਕੁਲਦੀਪ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਮਾਸਟਰ ਕੁਲਵੰਤ ਸਿੰਘ, ਅਵਤਾਰ ਸਿੰਘ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਆਦਿ ਹਾਜ਼ਰ ਸਨ।