ਦਵਿੰਦਰ ਸਿੰਘ ਚਹੇਤੇ ਪੁਲਸੀਏ ਤੋਂ 'ਅਤਿਵਾਦੀ' ਦੇ ਰੁਤਬੇ ਤਕ ਕਿਵੇਂ ਪਹੁੰਚਿਆ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਡੀ.ਐਸ.ਪੀ. ਦਵਿੰਦਰ ਸਿੰਘ ਦਾ ਪਾਕਿਸਤਾਨ ਦੇ ਦੋ ਅਤਿਵਾਦੀਆਂ ਨਾਲ ਫੜਿਆ ਜਾਣਾ ਅਤੇ ਫਿਰ ਜੰਮੂ-ਕਸ਼ਮੀਰ ਦੇ ਆਈ.ਜੀ. ...

File Photo

ਡੀ.ਐਸ.ਪੀ. ਦਵਿੰਦਰ ਸਿੰਘ ਦਾ ਪਾਕਿਸਤਾਨ ਦੇ ਦੋ ਅਤਿਵਾਦੀਆਂ ਨਾਲ ਫੜਿਆ ਜਾਣਾ ਅਤੇ ਫਿਰ ਜੰਮੂ-ਕਸ਼ਮੀਰ ਦੇ ਆਈ.ਜੀ. ਵਿਜੇ ਪ੍ਰਤਾਪ ਵਲੋਂ ਵਾਰ-ਵਾਰ ਕਿਹਾ ਜਾਣਾ ਕਿ ਉਸ ਨੂੰ ਇਕ ਅਤਿਵਾਦੀ ਮੰਨ ਕੇ ਹੀ ਪੁੱਛ-ਗਿੱਛ ਕੀਤੀ ਜਾਵੇਗੀ, ਇਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ। ਡੀ.ਐਸ.ਪੀ. ਦਵਿੰਦਰ ਸਿੰਘ ਦੀ ਤਰੱਕੀ ਬੜੀ ਤੇਜ਼ ਰਫ਼ਤਾਰ ਨਾਲ ਹੋਣ ਦੇ ਬਾਵਜੂਦ, ਉਸ ਦੇ ਸੇਵਾ-ਕਾਲ ਉਤੇ ਕਈ ਦਾਗ਼ ਵੀ ਸਦਾ ਤੋਂ ਅੱਗੇ ਹੋਏ ਵੇਖੇ ਜਾ ਸਕਦੇ ਹਨ।

ਅਫ਼ਜ਼ਲ ਗੁਰੂ, ਜਿਸ ਨੂੰ ਅਤਿਵਾਦੀ ਕਰਾਰ ਦੇ ਕੇ, ਚੋਣਾਂ ਤੋਂ ਪਹਿਲਾਂ ਅਪਣੇ ਆਪ ਨੂੰ ਵੱਡੀ ਦੇਸ਼ ਭਗਤ ਸਰਕਾਰ ਸਾਬਤ ਕਰਨ ਲਈ ਕਾਂਗਰਸ ਸਰਕਾਰ ਵਲੋਂ ਫਾਂਸੀ 'ਤੇ ਟੰਗਿਆ ਗਿਆ ਸੀ, ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਦਿੱਲੀ ਵਿਚ ਜਿਹੜਾ ਘਰ ਲਿਆ ਸੀ, ਉਹ ਇਸੇ ਦਵਿੰਦਰ ਸਿੰਘ ਦੇ ਕਹਿਣ 'ਤੇ ਲਿਆ ਗਿਆ ਸੀ। ਦਵਿੰਦਰ ਸਿੰਘ ਨੇ ਅਫ਼ਜ਼ਲ ਗੁਰੂ ਨੂੰ ਪੁਲਿਸ ਦਾ ਟਾਊਟ ਬਣਾਉਣ ਲਈ ਮਜਬੂਰ ਕੀਤਾ ਸੀ ਅਤੇ ਅਫ਼ਜ਼ਲ ਗੁਰੂ ਮੁਤਾਬਕ 2001 ਦੇ ਸੰਸਦ ਹਮਲੇ 'ਚ ਸ਼ਾਮਲ ਮੁਹੰਮਦ ਦੀ ਦਵਿੰਦਰ ਸਿੰਘ ਨਾਲ ਗੱਲਬਾਤ ਚਲਦੀ ਰਹਿੰਦੀ ਸੀ।

ਪਰ ਅਫ਼ਜ਼ਲ ਗੁਰੂ ਦੇ ਭੇਤ-ਪ੍ਰਗਟਾਵੇ ਦੀ ਅੱਗੇ ਜਾਂਚ ਹੀ ਨਾ ਕੀਤੀ ਗਈ। ਫਿਰ 2007 ਵਿਚ ਇਹੀ ਦਵਿੰਦਰ ਸਿੰਘ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸ ਗਿਆ ਅਤੇ ਮੁਅੱਤਲ ਹੋਣ ਤੋਂ ਬਾਅਦ ਟਰੈਫ਼ਿਕ ਸੇਵਾ ਵਿਚ ਭੇਜ ਦਿਤਾ ਗਿਆ। ਇਸ ਦੀ ਚੜ੍ਹਤ ਮੁੜ ਤੋਂ ਸ਼ੁਰੂ ਹੋਈ ਅਤੇ 2015 ਵਿਚ ਪੁਲਵਾਮਾ ਦਾ ਡੀ.ਐਸ.ਪੀ. ਲਗਾ ਦਿਤਾ ਗਿਆ। ਫਿਰ 2018 ਵਿਚ ਇਸ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਆ ਗਿਆ ਅਤੇ ਹੁਣ ਇਹ ਇਕ ਅਤਿਵਾਦੀ ਬਣ ਗਿਆ ਹੈ।

1994 ਵਿਚ ਸਬ-ਇੰਸਪੈਕਟਰ ਭਰਤੀ ਹੋਇਆ ਦਵਿੰਦਰ ਸਿੰਘ 25 ਸਾਲਾਂ ਵਿਚ ਡੀ.ਐਸ.ਪੀ. ਬਣਾ ਦਿਤਾ ਗਿਆ ਅਤੇ ਕਸ਼ਮੀਰ ਦੇ ਸਾਰੇ ਕਾਲੇ ਦੌਰ ਵਿਚ ਇਸ ਦਾਗ਼ੀ ਅਫ਼ਸਰ ਦੀ ਚੜ੍ਹਤ ਸਿਰਫ਼ ਜੰਮੂ-ਕਸ਼ਮੀਰ ਤਕ ਹੀ ਸੀਮਤ ਨਾ ਰਹੀ ਬਲਕਿ ਭਾਜਪਾ, ਕਾਂਗਰਸ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਕੋਲੋਂ ਵੀ ਪ੍ਰਵਾਨਗੀ ਪ੍ਰਾਪਤ ਕਰ ਗਈ ਅਤੇ ਪੂਰੇ ਦੇਸ਼ ਦੇ ਸਿਸਟਮ ਵਿਚ ਫੈਲੀ ਗੰਦਗੀ ਦੀ ਗਵਾਹੀ ਵੀ ਦਿੰਦੀ ਹੈ।

ਇਹ ਉਹ ਸਿਸਟਮ ਹੈ ਜਿਸ ਵਿਚ ਉਹੀ ਅੱਗੇ ਵਧ ਸਕਦਾ ਹੈ ਜੋ ਕੰਮ ਨਹੀਂ, ਭ੍ਰਿਸ਼ਟਾਚਾਰ ਕਰਦਾ ਹੈ। ਜਿਹੜਾ ਪੁਲਿਸ ਅਫ਼ਸਰ ਦੇਸ਼ ਵਿਚ ਡਰ ਅਤੇ ਅਸੁਰੱਖਿਆ ਵਧਾਉਂਦਾ ਹੈ, ਉਸ ਦੀ ਛਾਤੀ ਉਤੇ ਬਹਾਦਰੀ ਦੇ ਤਮਗ਼ੇ ਸਜਾਉਣ ਵਾਲੇ ਸਿਆਸਤਦਾਨ ਹੀ ਹੁੰਦੇ ਹਨ। ਪੰਜਾਬ ਵਿਚ ਅਨੇਕਾਂ ਅਫ਼ਸਰ ਅੱਜ ਵੀ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ ਜਿਨ੍ਹਾਂ ਨੇ ਮਾਸੂਮਾਂ ਨੂੰ ਰਾਤ ਦੇ ਹਨੇਰਿਆਂ ਵਿਚ ਸਦਾ ਵਾਸਤੇ ਖ਼ਤਮ ਕਰ ਦਿਤਾ। ਅੱਜ ਵੀ ਇਕ ਬਜ਼ੁਰਗ ਔਰਤ ਅਪਣੇ ਪ੍ਰਵਾਰ ਦੇ 6 ਮੈਂਬਰਾਂ ਲਈ ਨਿਆਂ ਦੀ ਲੜਾਈ ਇਕ ਤਾਕਤਵਰ ਸੱਤਾਧਾਰੀ ਅਫ਼ਸਰ ਵਿਰੁਧ ਲੜ ਰਹੀ ਹੈ।

ਅਸਲ ਵਿਚ ਭਾਰਤ ਦੀ ਪੁਲਿਸ ਦਾ ਇਕ ਤਬਕਾ ਅਪਣੀ ਵਰਦੀ ਨਾਲ ਵਫ਼ਾਦਾਰੀ ਨਹੀਂ ਕਰਦਾ ਬਲਕਿ ਸਿਆਸਤਦਾਨ ਨਾਲ ਵਫ਼ਾਦਾਰੀ ਕਰਦਾ ਹੈ ਅਤੇ ਹੁਕਮ ਦੇਣ 'ਤੇ ਉਹ ਅਪਣੀ ਹੀ ਜਨਤਾ 'ਤੇ ਬੰਦੂਕ ਤਾਣ ਲੈਂਦਾ ਹੈ। ਅਤਿਵਾਦੀਆਂ 'ਚ ਕੁਝ ਗਰਮ-ਖ਼ਿਆਲ ਨਜ਼ਰ ਆਉਂਦੇ ਲੋਕ ਕਿਸੇ ਹੋਰ ਮਕਸਦ ਨਾਲ ਜੁੜੇ ਹੁੰਦੇ ਹਨ ਪਰ ਅਸਲ ਵਿਚ ਉਨ੍ਹਾਂ ਵਿਚ ਵੀ ਕਈ ਸਰਕਾਰ ਦੇ ਪਾਲੇ ਹੋਏ ਪਿਆਦੇ ਹੁੰਦੇ ਹਨ ਜੋ ਸਿਰਫ਼ ਅਤੇ ਸਿਰਫ਼ ਪੈਸਾ ਕਮਾਉਣ ਵਾਸਤੇ ਲੋਕ-ਅੰਦੋਲਨ ਨੂੰ ਅਤਿਵਾਦ ਬਣਾ ਦਿੰਦੇ ਹਨ।

ਪੰਜਾਬ, ਜੰਮੂ-ਕਸ਼ਮੀਰ ਤੋਂ ਮੁਨਾਫ਼ਾ ਕਮਾਉਣ ਵਾਲੇ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ ਨੇ ਇਨ੍ਹਾਂ ਸੂਬਿਆਂ ਨੂੰ ਤਬਾਹ ਕੀਤਾ ਹੈ। ਜੇ ਅੱਜ ਕਾਂਗਰਸ ਆਖਦੀ ਹੈ ਕਿ ਪੁਲਵਾਮਾ ਦੀ ਜਾਂਚ ਕੀਤੀ ਜਾਵੇ, ਇਹ ਬੜੇ ਚਿਰਾਂ ਤੋਂ ਸਵਾਲ ਉਠ ਰਿਹਾ ਹੈ ਤਾਂ ਇਹ ਕੋਈ ਗ਼ਲਤ ਗੱਲ ਵੀ ਨਹੀਂ। ਪਰ ਇਹ ਵੀ ਪੱਕਾ ਹੈ ਕਿ ਜਵਾਬ ਨਹੀਂ ਆਉਣਾ। ਜਾਂਚ ਕਰਨ ਦੀ ਗੱਲ, ਮਾਮਲਾ ਖੂਹ ਖਾਤੇ ਸੁੱਟਣ ਦਾ ਤਰੀਕਾ ਹੈ।

ਐਸ.ਆਈ.ਟੀ. ਦਾ ਮਤਲਬ ਹੈ ਟਾਲ-ਮਟੋਲ ਕਰਨ ਵਾਲੀ ਕਮੇਟੀ। ਜੇ ਸਰਕਾਰਾਂ ਇਨ੍ਹਾਂ ਬਾਰੇ ਗੰਭੀਰ ਹੁੰਦੀਆਂ ਤਾਂ ਪੁਲਿਸ ਅਫ਼ਸਰਾਂ ਦੇ ਇਲਜ਼ਾਮਾਂ ਨੂੰ ਫਰੋਲਦੀਆਂ ਤਾਕਿ ਭਾਰਤ ਦੀ ਜਨਤਾ ਦੇ ਸਿਰ 'ਤੇ ਖ਼ਤਰੇ ਨਾ ਮੰਡਰਾਉਣ ਲੱਗ ਜਾਣ। ਅੰਗਰੇਜ਼ ਚਲੇ ਗਏ ਪਰ ਸਾਡੇ ਸਿਆਸਤਦਾਨਾਂ ਦੇ ਖ਼ੂਨ ਵਿਚ ਐਸਾ ਵਾਇਰਸ ਛੱਡ ਗਏ ਹਨ ਕਿ ਹਰ ਨਵਾਂ ਸਿਆਸਤਦਾਨ ਅੰਗਰੇਜ਼ਾਂ ਵਾਂਗ ਹੀ ਜਨਤਾ ਨਾਲ ਪੇਸ਼ ਆਉਂਦਾ ਹੈ ਅਤੇ ਅੰਗਰੇਜ਼ਾਂ ਵਾਂਗ ਹੀ ਅਪਣੀ ਜਨਤਾ ਵਿਰੁਧ ਹੀ ਇਕ ਖ਼ੁਫ਼ੀਆ ਫ਼ੋਰਸ ਚਲਾਉਂਦਾ ਹੈ।

ਸ਼ਾਇਦ ਇਕ ਡੀ.ਐਸ.ਪੀ. ਦਾ ਫੜਿਆ ਜਾਣਾ ਕਲ ਨੂੰ ਪੁਲਿਸ ਵਲੋਂ ਕੀਤੀ ਗ਼ਲਤੀ ਵੀ ਸਿਧ ਹੋ ਸਕਦੀ ਹੈ ਕਿਉਂਕਿ ਦਿੱਲੀ ਵਿਚ ਇਸ ਸਮੇਂ ਦਹਿਸ਼ਤ ਫੈਲਾਉਣ ਨਾਲ ਦਿੱਲੀ ਚੋਣਾਂ 'ਤੇ ਅਸਰ ਪੈ ਸਕਦਾ ਹੈ। ਆਖ਼ਰ ਦਵਿੰਦਰ ਸਿੰਘ ਉਹੀ ਤਾਂ ਹੈ ਜਿਸ ਨੂੰ ਅਫ਼ਜ਼ਲ ਗੁਰੂ ਨੇ ਵੀ 'ਸਾਥੀ' ਦਸਿਆ ਸੀ ਤੇ ਪਾਰਲੀਮੈਂਟ ਉਤੇ ਹਮਲਾ ਕਰਨ ਵਾਲੇ ਮੁਹੰਮਦ ਦਾ ਕਰੀਬੀ ਵੀ। ਉਦੋਂ ਇਨ੍ਹਾਂ ਗੱਲਾਂ ਦੀ ਜਾਂਚ ਨਾ ਕੀਤੀ ਗਈ ਤੇ ਅੱਜ....? -ਨਿਮਰਤ ਕੌਰ