ਕੋਰੋਨਾ ਨਾਲ ਭਾਰਤ ਸਰਕਾਰ ਦੀ ਪੱਧਰ 'ਤੇ ਨਹੀਂ ਸੂਬਿਆਂ ਦੇ ਪੱਧਰ 'ਤੇ ਲੜਾਂਗੇ ਤੇ ਛੇਤੀ ਜਿੱਤਾਂਗੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਰੀਕਾ ਵੀ ਡਾਢੇ ਸੰਕਟ ਵਿਚ ਫਸਿਆ ਹੋਇਆ ਹੈ ਤੇ ਹੁਣ ਕੋਰੋਨਾ ਦੀ ਦੂਜੀ ਵੱਡੀ ਲਹਿਰ ਵਲ ਵੇਖ ਰਿਹਾ ਹੈ

Donald Trump

ਅਮਰੀਕਾ ਵੀ ਡਾਢੇ ਸੰਕਟ ਵਿਚ ਫਸਿਆ ਹੋਇਆ ਹੈ ਤੇ ਹੁਣ ਕੋਰੋਨਾ ਦੀ ਦੂਜੀ ਵੱਡੀ ਲਹਿਰ ਵਲ ਵੇਖ ਰਿਹਾ ਹੈ। ਅਮਰੀਕਾ ਵਿਚ ਸੱਭ ਤੋਂ ਵੱਧ ਕੇਸ ਸਾਹਮਣੇ ਆਏ ਹਨ ਪਰ ਜਿਵੇਂ ਕਿ ਡੋਨਾਲਡ ਟਰੰਪ ਨੇ ਵੀ ਕਿਹਾ, ਜੇ ਭਾਰਤ ਵਿਚ ਅਮਰੀਕਾ ਵਾਂਗ ਹੀ ਕੋਰੋਨਾ ਦੇ ਟੈਸਟ ਕੀਤੇ ਜਾਣ ਤਾਂ ਭਾਰਤ ਵਿਚ ਪੀੜਤਾਂ ਦੀ ਗਿਣਤੀ ਅਮਰੀਕਾ ਨਾਲੋਂ ਬਹੁਤ ਜ਼ਿਆਦਾ ਹੋਵੇਗੀ। ਇਹ ਗੱਲ ਸਹੀ ਵੀ ਹੈ ਪਰ ਫਿਰ ਵੀ ਪੂਰੀ ਤਸਵੀਰ ਨਹੀਂ ਵਿਖਾ ਰਹੀ ਹੁੰਦੀ। ਭਾਰਤ ਵਿਚ ਭਾਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਹੋਵੇਗੀ ਪਰ ਭਾਰਤ ਦੀ ਸਮਾਜਕ ਬਣਤਰ ਕਿਸੇ ਹੋਰ ਤਰ੍ਹਾਂ ਦੀ ਹੈ ਤੇ ਭਾਰਤੀਆਂ ਦੀ, ਬਿਮਾਰੀ ਨਾਲ ਜੂਝਣ ਦੀ ਸਮਰੱਥਾ ਵੀ ਹੋਰ ਤਰ੍ਹਾਂ ਦੀ ਹੈ। ਇਹ ਵਾਇਰਸ ਹਰ ਇਕ ਨੂੰ ਵਖਰੀ ਤਰ੍ਹਾਂ ਪਕੜ ਰਿਹਾ ਹੈ।

ਇਸ ਦੀ ਪਕੜ ਦੀ ਸਮਝ ਨਹੀਂ ਲਗਾਈ ਜਾ ਸਕੀ, ਤੇ ਨਾ ਹੀ ਇਸ ਤੋਂ ਬਚਣ ਦਾ ਤਰੀਕਾ ਹੀ ਪਕੜ ਵਿਚ ਆ ਸਕਿਆ ਹੈ। ਹੁਣ ਐਤਵਾਰ ਤੋਂ ਦਿੱਲੀ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਦਿੱਲੀ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀਆਂ ਅਫ਼ਵਾਹਾਂ ਵੀ ਚੱਲ ਰਹੀਆਂ ਹਨ ਤੇ ਜਿਸ ਤਰ੍ਹਾਂ ਚੇਨਈ ਨੇ ਅਪਣੇ ਆਪ ਤੇ ਮੁੜ ਤੋਂ ਤਾਲਾਬੰਦੀ ਲਾਗੂ ਕਰ ਦਿਤੀ ਹੈ, ਇਹ ਡਰ ਹਰ ਇਕ ਦੇ ਦਿਲ ਵਿਚ ਉਸਲਵੱਟੇ ਲੈ ਰਿਹਾ ਹੈ। ਇਕ ਪਾਸੇ ਸਰਕਾਰਾਂ ਉਤੇ ਪੀੜਤਾਂ ਦੀ ਗਿਣਤੀ ਕਾਬੂ ਹੇਠ ਰੱਖਣ ਦਾ ਡਰ ਤੇ ਦੂਜੇ ਪਾਸੇ ਅਰਥ ਵਿਵਸਥਾ ਦੇ ਹੋਰ ਹੇਠਾਂ ਡਿੱਗ ਪੈਣ ਦਾ ਡਰ ਬਣਿਆ ਹੋਇਆ ਹੈ। ਇਹ ਚੁਨੌਤੀ ਇਕੱਲੀ ਭਾਰਤ ਸਰਕਾਰ ਲਈ ਜਾਂ ਦਿੱਲੀ ਜਾਂ ਪੰਜਾਬ ਲਈ ਹੀ ਨਹੀਂ, ਇਹ ਸਾਰੀ ਦੁਨੀਆਂ ਦੀ ਲੜਾਈ ਹੈ।

ਸੰਸਾਰ ਸਿਹਤ ਸੰਸਥਾ ਵਲੋਂ ਵੀ ਇਹੀ ਆਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਣ ਦੀ ਕਾਹਲ ਵਿਚ ਕੋਰੋਨਾ ਦੇ ਵਧਣ ਦਾ ਖ਼ਤਰਾ ਸਹੇੜਿਆ ਜਾ ਰਿਹਾ ਹੈ। ਭਾਰਤ ਵਾਂਗ ਇੰਗਲੈਂਡ ਵੀ ਤਾਲਾਬੰਦੀ ਖੋਲ੍ਹਣ ਦੀ ਸੋਚ ਰਿਹਾ ਹੈ ਜਦਕਿ ਇੰਗਲੈਂਡ ਵਿਚ 40 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ। ਕੋਰੋਨਾ ਨਾਲ ਜਿਊਣ ਦਾ ਤਰੀਕਾ ਲਭਣਾ ਪਵੇਗਾ। ਤਾਂ ਫਿਰ ਕੀ ਸੋਚ ਰਹੀਆਂ ਨੇ ਸਰਕਾਰਾਂ? ਕੀ ਘਰਾਂ ਵਿਚ ਲੁਕ ਕੇ, ਡਰ ਨਾਲ ਜੀਣਾ ਪਵੇਗਾ ਜਾਂ ਇਸ ਨਾਲ ਲੜਨ ਦਾ ਵਖਰਾ ਅੰਦਾਜ਼ ਬਣਾਉਣਾ ਪਵੇਗਾ? ਭਾਰਤ ਦੀ ਤਾਲਾਬੰਦੀ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁਕੀ ਹੈ। ਜੇ ਤਾਲਾਬੰਦੀ ਕਰਨ ਦੇ ਬਾਵਜੂਦ ਤਿੰਨ ਲੱਖ ਕੇਸ ਆ ਚੁਕੇ ਹਨ ਤਾਂ ਫਿਰ ਦੁਬਾਰਾ ਤਾਲਾਬੰਦੀ ਕਰ ਕੇ ਹੋਰ ਕੀ ਪ੍ਰਾਪਤ ਹੋਵੇਗਾ?

ਜਵਾਬ ਤਾਂ ਕਿਸੇ ਕੋਲ ਵੀ ਨਹੀਂ ਪਰ ਹੁਣ ਤਾਲਾਬੰਦੀ ਤਾਂ ਜਵਾਬ ਨਹੀਂ ਹੋ ਸਕਦਾ। ਇਨਸਾਨ ਨੂੰ ਇਕ ਸਮਾਜਕ ਜਾਨਵਰ ਆਖਿਆ ਜਾਂਦਾ ਹੈ ਤੇ ਇਨਸਾਨ ਵਾਸਤੇ ਰਿਸ਼ਤੇ ਕਾਇਮ ਰਖਣੇ ਤੇ ਇਕ ਦੂਜੇ ਨਾਲ ਗੱਲਬਾਤ ਕਰਨੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਖ਼ੁਰਾਕ। ਵਾਰ-ਵਾਰ ਤਾਲਾਬੰਦੀ ਕਰਨ ਨਾਲ ਲੋਕਾਂ ਦੀਆਂ ਆਰਥਕ ਦੇ ਨਾਲ-ਨਾਲ ਮਾਨਸਕ ਮੁਸ਼ਕਲਾਂ ਵੀ ਵੱਧ ਜਾਣਗੀਆਂ। ਜੇ ਪਿਛਲੀ ਤਾਲਾਬੰਦੀ ਨਾਲ ਡਰ ਫੈਲਿਆ ਹੁੰਦਾ ਤਾਂ ਕਰੋੜਾਂ ਲੋਕ ਅੱਜ ਕੋਰੋਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਨਾ ਫੈਲੇ ਹੁੰਦੇ। ਉਸ ਵਕਤ ਇਹੀ ਲੋੜ ਸੀ ਤੇ ਅੱਜ ਵੀ ਇਹੀ ਲੋੜ ਹੈ ਕਿ ਸੂਬੇ, ਭਾਰਤ ਦਾ ਹਿੱਸਾ ਹੁੰਦੇ ਹੋਏ, ਇਕ ਸਹੀ ਫ਼ੈਡਰਲ (ਸੰਘੀ) ਢਾਂਚੇ ਵਿਚ ਇਕ ਆਜ਼ਾਦ ਅਥਾਰਟੀ ਵਾਂਗ ਕੰਮ ਕਰਨ।

ਅੱਜ ਦੇ ਪੰਜਾਬ ਦੇ ਹਾਲਾਤ ਬਿਹਤਰ ਹਨ, ਤਾਂ ਹੀ ਉਹ ਦਿੱਲੀ ਦੇ ਪੀੜਤਾਂ ਵਾਸਤੇ ਆਸਰਾ ਬਣ ਰਿਹਾ ਹੈ। ਪਰ ਜੇ ਅੱਜ ਇਸੇ ਤਰ੍ਹਾਂ ਸਾਰੇ ਇਕ ਕੋਨੋ ਤੋਂ ਦੂਜੇ ਕੋਨੇ ਵਲ ਦੌੜਦੇ ਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਦਿੱਲੀ ਵਰਗੇ ਹਾਲਾਤ ਪੰਜਾਬ ਵਿਚ ਵੀ ਪੈਦਾ ਹੋ ਜਾਣਗੇ। ਤਾਲਾਬੰਦੀ ਸਿਰਫ਼ ਸੂਬੇ ਦੀਆਂ ਸਰਹੱਦਾਂ ਦੀ ਹੋਣੀ ਚਾਹੀਦੀ ਹੈ। ਬਾਕੀ ਦੇਸ਼ ਵਲ ਨਾ ਵੇਖਿਆ ਜਾਵੇ। ਸਾਡੇ ਕੋਲ ਉਸ ਤਰ੍ਹਾਂ ਦੀ ਆਰਥਕ ਤਾਕਤ ਹੀ ਨਹੀਂ ਤੇ ਭੁੱਖ ਨਾਲ ਮਰਨਾ ਵੀ ਸੌਖਾ ਨਹੀਂ। ਮਾਸਕ ਪਾਉਣਾ, ਹੱਥ ਧੋਣਾ, ਸਮਾਜਕ ਦੂਰੀ ਬਣਾਉਣ ਦੀ ਆਦਤ ਪਾ ਕੇ ਜਿੱਤਣ ਦੀ ਨਵੀਂ ਚਾਲ ਚਲਣਾ, ਸਮੇਂ ਦੀ ਸੱਭ ਤੋਂ ਵੱਡੀ ਜ਼ਰੂਰਤ ਹੈ। ਸ਼ਾਇਦ ਇਸੇ ਕੋਰੋਨਾ ਸਦਕਾ ਭਾਰਤ ਦਾ ਸੰਘੀ ਢਾਂਚਾ ਹੋਂਦ ਵਿਚ ਆ ਕੇ, ਅਪਣੀ ਤਾਕਤ ਵਿਖਾ ਸਕੇਗਾ।