ਨਵੰਬਰ 84 ਦੇ ਇਕ ਸ਼ਹੀਦ ਹਰਦੇਵ ਸਿੰਘ ਦੇ ਪ੍ਰਵਾਰ ਨੂੰ ਮਿਲਿਆ ਪਹਿਲਾ ਵੱਡਾ ਇਨਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਫ਼ੈਸਲੇ ਮਗਰੋਂ ਜਿੱਤ ਦਾ ਦਾਅਵਾ ਕਰਨ ਵਾਲੇ ਤਾਂ ਕਈ ਨਿਤਰਨਗੇ ਪਰ ਅਸਲ ਜਿੱਤ ਕੁਲਦੀਪ ਸਿੰਘ ਤੇ ਸੰਗਤ ਸਿੰਘ (ਭਰਾਵਾਂ) ਦੀ ਹੋਈ ਹੈ

1984 Anti-Sikh Riots

ਪਰ ਜਿਹੜਾ ਸੱਚ ਅਜੇ ਵੀ ਸਾਹਮਣੇ ਨਹੀਂ ਆਇਆ, ਉਹ ਹੈ ਉਨ੍ਹਾਂ 'ਹੈਵਾਨਾਂ' ਦਾ ਪਛਤਾਵਾ। ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨਾਲ ਅਪਰਾਧੀਆਂ ਤੇ ਉਨ੍ਹਾਂ ਦੇ ਨਾਲ ਦੇ ਕੁੱਝ ਲੋਕਾਂ ਦੀ ਝੜਪ ਸਾਹਮਣੇ ਆਈ ਹੈ, ਉਸ ਵਿਚ ਉਨ੍ਹਾਂ ਵਲੋਂ ਵਰਤੇ ਸ਼ਬਦਾਂ ਤੇ ਹੈਰਾਨੀ ਵੀ ਹੁੰਦੀ ਹੈ ਅਤੇ ਸ਼ਰਮ ਵੀ ਆਉਂਦੀ ਹੈ ਕਿ 34 ਸਾਲ ਬਾਅਦ ਵੀ ਕਿਸੇ ਅੰਦਰ ਪਛਤਾਵੇ ਦਾ ਕਣ ਵੀ ਨਹੀਂ ਉਪਜਿਆ,

ਨਾ ਹੀ ਇਹ ਅਹਿਸਾਸ ਕਿ ਉਨ੍ਹਾਂ ਤਿੰਨ ਦਿਨਾਂ ਵਿਚ ਉਨ੍ਹਾਂ ਵਲੋਂ ਜੋ ਕੁੱਝ ਕੀਤਾ ਗਿਆ, ਉਹ ਉਨ੍ਹਾਂ ਦਾ ਸੱਭ ਤੋਂ ਹੈਵਾਨੀ ਰੂਪ ਸੀ ਜੋ ਸ਼ਾਇਦ ਜਾਨਵਰਾਂ ਵਿਚ ਹੀ ਵੇਖਣ ਨੂੰ ਮਿਲਦਾ ਹੋਵੇ। ਸ਼ੇਰ ਵੀ ਭੁੱਖ ਲੱਗਣ ਜਾਂ ਖ਼ਤਰੇ ਨੂੰ ਵੇਖ ਕੇ ਹੀ ਵਾਰ ਕਰਦਾ ਹੈ ਪਰ ਉਸ ਫ਼ਿਰਕੂ ਭੀੜ ਨੇ ਤਾਂ ਬਗ਼ੈਰ ਕਿਸੇ ਕਾਰਨ ਤੋਂ ਹੀ ਜਾਨਵਰਾਂ ਵਰਗੀ ਹੈਵਾਨੀਅਤ ਵਿਖਾਈ। 

34 ਵਰ੍ਹਿਆਂ ਬਾਅਦ 1984 ਦੇ ਸਿੱਖ ਕਤਲੇਆਮ ਦੇ ਦੋ ਅਪਰਾਧੀਆਂ ਨੂੰ ਸਜ਼ਾ ਮਿਲੀ ਹੈ। ਇਸ ਫ਼ੈਸਲੇ ਤੋਂ ਬਾਅਦ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਸਿੱਖ ਕਤਲੇਆਮ ਦੇ ਪੀੜਤਾਂ ਵਾਸਤੇ ਲੰਮੀ ਅਤੇ ਕਾਲੀ ਦੇਰ ਸੀ ਪਰ ਹਨੇਰ ਨਹੀਂ ਸੀ। ਇਸ ਕਤਲੇਆਮ ਵਿਚ ਸਰਕਾਰ ਅਤੇ ਦਿੱਲੀ ਪੁਲਿਸ ਵੀ ਸ਼ਾਮਲ ਸੀ। ਉਨ੍ਹਾਂ ਵਿਚੋਂ ਅਜੇ ਸਿਰਫ਼ ਦੋ ਜਣੇ ਦੋਸ਼ੀ ਘੋਸ਼ਿਤ ਕੀਤੇ ਗਏ ਹਨ ਜੋ ਉਸ ਸ਼ੈਤਾਨੀ ਭੀੜ ਦਾ ਹਿੱਸਾ ਸਨ। ਅੱਜ ਬੜੇ ਸਾਲਾਂ ਤੋਂ ਬਾਅਦ, ਜਿਸ ਦੌਰਾਨ 4 ਕਮਿਸ਼ਨਾਂ, 9 ਕਮੇਟੀਆਂ, 2 ਵਿਸ਼ੇਸ਼ ਜਾਂਚ ਟੀਮਾਂ, ਬਣਾਈਆਂ ਗਈਆਂ, ਅਦਾਲਤ ਵਲੋਂ ਸੱਚ ਦੀ ਪਹਿਰੇਦਾਰੀ ਕੀਤੀ ਜਾਂਦੀ ਵੇਖੀ ਗਈ ਹੈ।

ਪਰ ਜਿਹੜਾ ਸੱਚ ਅਜੇ ਵੀ ਸਾਹਮਣੇ ਨਹੀਂ ਆਇਆ, ਉਹ ਹੈ ਉਨ੍ਹਾਂ 'ਹੈਵਾਨਾਂ' ਦਾ ਪਛਤਾਵਾ। ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਨਾਲ ਅਪਰਾਧੀਆਂ ਤੇ ਉਨ੍ਹਾਂ ਦੇ ਨਾਲ ਦੇ ਕੁੱਝ ਲੋਕਾਂ ਦੀ ਝੜਪ ਸਾਹਮਣੇ ਆਈ ਹੈ, ਉਸ ਵਿਚ ਉਨ੍ਹਾਂ ਵਲੋਂ ਵਰਤੇ ਸ਼ਬਦਾਂ ਤੇ ਹੈਰਾਨੀ ਵੀ ਹੁੰਦੀ ਹੈ ਅਤੇ ਸ਼ਰਮ ਵੀ ਆਉਂਦੀ ਹੈ ਕਿ 34 ਸਾਲ ਬਾਅਦ ਵੀ ਕਿਸੇ ਅੰਦਰ ਪਛਤਾਵੇ ਦਾ ਕਣ ਵੀ ਨਹੀਂ ਉਪਜਿਆ, ਨਾ ਹੀ ਇਹ ਅਹਿਸਾਸ ਕਿ ਉਨ੍ਹਾਂ ਤਿੰਨ ਦਿਨਾਂ ਵਿਚ ਉਨ੍ਹਾਂ ਵਲੋਂ ਜੋ ਕੁੱਝ ਕੀਤਾ ਗਿਆ, ਉਹ ਉਨ੍ਹਾਂ ਦਾ ਬੜਾ ਹੈਵਾਨੀ ਰੂਪ ਸੀ ਜੋ ਸ਼ਾਇਦ ਜਾਨਵਰਾਂ ਵਿਚ ਹੀ ਵੇਖਣ ਨੂੰ ਮਿਲਦਾ ਹੋਵੇ।

ਸ਼ੇਰ ਵੀ ਭੁੱਖ ਲੱਗਣ ਜਾਂ ਖ਼ਤਰੇ ਨੂੰ ਵੇਖ ਕੇ ਹੀ ਵਾਰ ਕਰਦਾ ਹੈ ਪਰ ਉਸ ਫ਼ਿਰਕੂ ਭੀੜ ਨੇ ਤਾਂ ਬਗ਼ੈਰ ਕਿਸੇ ਕਾਰਨ ਤੋਂ ਹੀ ਜਾਨਵਰਾਂ ਵਰਗੀ ਹੈਵਾਨੀਅਤ ਵਿਖਾਈ। 
ਇਸ ਫ਼ੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਅੱਜ ਕਈਆਂ ਵਲੋਂ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ ਅਤੇ ਇਨ੍ਹਾਂ ਸਾਰਿਆਂ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ। ਅੱਜ ਵੀ ਇਹ ਲੋਕ ਇਕ-ਦੂਜੇ ਉਤੇ ਊਜਾਂ ਲਾਉਣਗੇ ਜਾਂ ਅਪਣੀ ਵਡਿਆਈ ਕਰਨਗੇ ਪਰ ਸੱਚ ਇਹ ਹੈ ਕਿ ਇਸ ਕੇਸ ਵਿਚ ਜਿੱਤ ਜ਼ਿੰਦਾ ਸਾੜੇ ਗਏ ਹਰਦੇਵ ਸਿੰਘ ਦੇ ਭਰਾਵਾਂ ਕੁਲਦੀਪ ਸਿੰਘ ਤੇ ਸੰਗਤ ਸਿੰਘ ਦੀ ਹੋਈ ਹੈ।

ਉਨ੍ਹਾਂ ਅਪਣੇ ਭਰਾ ਦੀ ਉਹ ਦਰਦਨਾਕ ਮੌਤ ਅਪਣੇ ਦਿਲ ਵਿਚ ਜ਼ਿੰਦਾ ਰੱਖੀ ਅਤੇ ਇਨ੍ਹਾਂ 34 ਸਾਲਾਂ ਵਿਚ ਹਰ ਰਾਤ ਉਨ੍ਹਾਂ ਅਪਣੇ ਭਰਾ ਦੀਆਂ ਚੀਕਾਂ ਸੁਣੀਆਂ। ਉਨ੍ਹਾਂ ਅਪਣੇ ਕੰਨ ਬੰਦ ਨਾ ਕੀਤੇ ਅਤੇ ਨਾ ਹੀ ਅਪਣੀ ਜ਼ਮੀਰ ਨੂੰ ਮਰਨ ਦਿਤਾ। ਜੱਜ ਦਾ ਫ਼ੈਸਲਾ ਕੁਲਦੀਪ ਸਿੰਘ ਤੇ ਸੰਗਤ ਸਿੰਘ ਦੇ ਦਰਦ ਨਾਲ ਪ੍ਰਭਾਵਤ ਹੋਇਆ ਜੋ 34 ਸਾਲਾਂ ਵਿਚ ਨਾ ਘਟਿਆ, ਨਾ ਬਦਲਿਆ। ਕੁਲਦੀਪ ਸਿੰਘ ਦੀ ਗਵਾਹੀ ਨੂੰ ਹੋਰਨਾਂ ਕਈ ਗਵਾਹਾਂ ਦੀ ਗਵਾਹੀ ਸਮੇਤ ਨਜ਼ਰਅੰਦਾਜ਼ ਕੀਤਾ ਗਿਆ। ਇਨ੍ਹਾਂ ਨੂੰ ਝੂਠਾ ਆਖਿਆ ਗਿਆ। ਇਨ੍ਹਾਂ ਨੂੰ ਅਪਣੇ ਆਗੂਆਂ ਸਾਹਮਣੇ ਮਦਦ ਵਾਸਤੇ ਹੱਥ ਜੋੜਨੇ ਪਏ।

ਅਤੇ ਅੱਜ ਜਦੋਂ ਜਿੱਤ ਮਿਲੀ ਹੈ ਤਾਂ ਇਹ ਸਿਰਫ਼ ਇਨ੍ਹਾਂ ਦੀ ਹੈ, ਹੋਰ ਕਿਸੇ ਦੀ ਨਹੀਂ।  ਜਿੱਥੇ ਹਜ਼ਾਰਾਂ ਸਿੰਘ, ਸਿੰਘਣੀਆਂ ਅਤੇ ਮਾਸੂਮ ਬੱਚੇ ਮਾਰੇ ਗਏ ਸਨ, ਉਥੇ ਇਕ ਸ਼ਹੀਦ ਸਿੰਘ ਨੂੰ ਮਿਲਿਆ ਨਿਆਂ ਇਕ ਪੱਖੋਂ ਛੋਟਾ ਵੀ ਹੈ ਅਤੇ ਇਕ ਪੱਖੋਂ ਬਹੁਤ ਵੱਡਾ ਵੀ। ਇਹ ਬਾਕੀ ਪੀੜਤਾਂ ਦੇ ਪ੍ਰਵਾਰਾਂ ਵਾਸਤੇ ਉਮੀਦ ਲੈ ਕੇ ਆਇਆ ਹੈ ਅਤੇ ਇਕ ਉਦਾਹਰਣ ਵੀ ਹੈ ਕਿ ਡਟੇ ਰਹਿਣ ਨਾਲ ਹੀ ਨਿਆਂ ਮਿਲ ਸਕਦਾ ਹੈ। ਜਦੋਂ ਜੱਜ ਨੇ ਪੁਛਿਆ ਕਿ ਕਿੰਨੀ ਰਕਮ ਜੁਰਮਾਨੇ ਵਜੋਂ ਦਿਤੀ ਜਾਵੇ ਤਾਂ ਉਨ੍ਹਾਂ ਕਿਹਾ ਕਿ ਕੋਈ ਪੈਸਾ ਨਹੀਂ ਚਾਹੀਦਾ।

ਸਿਰਫ਼ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਉ। ਇਹ ਨਹੀਂ ਕਿ ਇਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਸੀ। ਜਿਸ ਆਰਥਕ ਅਤੇ ਮਾਨਸਕ ਸੁਨਾਮੀ 'ਚੋਂ ਇਹ ਪ੍ਰਵਾਰ ਲੰਘੇ ਸਨ, ਜਾਪਦਾ ਨਹੀਂ ਕਿ ਉਹ ਵੱਡੇ ਨੁਕਸਾਨ ਦੀ ਮਾਰ ਤੋਂ ਬੱਚ ਸਕੇ ਹੋਣਗੇ। ਪਰ ਇਹ ਉਨ੍ਹਾਂ ਦਾ ਫ਼ੈਸਲਾ ਸੀ। ਸ਼ਾਇਦ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਸੀ ਜਾਂ ਉਨ੍ਹਾਂ ਦੇ ਮਨਾਂ ਵਿਚ ਨਿਆਂ ਦੀ ਲਾਲਸਾ ਵੱਡੀ ਸੀ। ਪਰ ਉਨ੍ਹਾਂ ਨੂੰ ਨਾ ਸਿਰਫ਼ ਧਮਕੀਆਂ ਤੋਂ ਅਪਣਾ ਬਚਾਅ ਕਰਨਾ ਪਿਆ ਹੈ ਸਗੋਂ ਅਪਣੇ ਜ਼ਮੀਰ ਨੂੰ ਬਚਾਈ ਰੱਖਣ ਲਈ ਵੀ ਬੇਦਰਦ ਜ਼ਮਾਨੇ ਨਾਲ ਜੂਝਣਾ ਪਿਆ। 

ਪਰ ਬਾਕੀ ਸਾਰੇ ਪੀੜਤ ਇਨ੍ਹਾਂ ਵਰਗੇ ਨਹੀਂ ਸਨ ਅਤੇ ਗ਼ਲਤੀ ਉਨ੍ਹਾਂ ਦੀ ਨਹੀਂ ਬਲਕਿ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਗੁਰੂ ਘਰਾਂ ਦੀ ਹੈ। ਅੱਜ ਕਿਸੇ ਵੀ ਸਿੱਖ ਪੀੜਤ ਨੂੰ, ਸਿਵਾਏ ਨਿਆਂ ਦੇ, ਕੋਈ ਹੋਰ ਚਿੰਤਾ ਨਹੀਂ ਹੋਣੀ ਚਾਹੀਦੀ ਸੀ ਪਰ ਉਨ੍ਹਾਂ ਦੀਆਂ ਲਾਸ਼ਾਂ ਉਤੇ ਚੜ੍ਹ ਕੇ ਬੜਿਆਂ ਨੇ ਮਹਿਲ ਉਸਾਰੇ ਅਤੇ ਇਨ੍ਹਾਂ ਨੂੰ ਅਪਣੇ ਤੋਂ ਦੂਰ ਹੀ ਰਖਿਆ ਹੈ। ਅੱਜ ਵੀ ਸਮਾਂ ਹੈ ਕਿ ਇਨ੍ਹਾਂ ਸਾਰੇ ਪੀੜਤਾਂ ਨੂੰ ਤਾਕਤਵਰ ਬਣਾਉਂਦੇ ਹੋਏ ਇਨ੍ਹਾਂ ਦੇ ਨਾਲ ਖੜੇ ਹੋਇਆ ਜਾਵੇ। ਇਨ੍ਹਾਂ ਦੀਆਂ ਲਾਸ਼ਾਂ 'ਚੋਂ ਸਿਰਫ਼ ਨਿਆਂ ਨਿਆਂ ਨਿਆਂ ਹੀ ਨਿਕਲੇ, ਨਾ ਕਿ ਰੋਟੀ ਕਪੜੇ ਤੇ ਮਕਾਨ ਦੀ ਦੁਹਾਈ।  -ਨਿਮਰਤ ਕੌਰ