ਕੋਧਰੇ ਦੀ ਰੋਟੀ ਕਿਸ ਅੰਮ੍ਰਿਤ ਅੰਨ ਪਦਾਰਥ ਨੂੰ ਕਹਿੰਦੇ ਹਨ
ਬੇਨਤੀ ਹੈ ਕਿ ਸਤਿਗੁਰ ਬਾਬੇ ਨਾਨਕ ਜੀ ਦਾ ਅਵਤਾਰ ਦਿਹਾੜਾ ਵਿਸਾਖੀ ਨੂੰ 'ਉੱਚਾ ਦਰ' ਵਿਖੇ ਮਨਾਇਆ ਗਿਆ
ਬੇਨਤੀ ਹੈ ਕਿ ਸਤਿਗੁਰ ਬਾਬੇ ਨਾਨਕ ਜੀ ਦਾ ਅਵਤਾਰ ਦਿਹਾੜਾ ਵਿਸਾਖੀ ਨੂੰ 'ਉੱਚਾ ਦਰ' ਵਿਖੇ ਮਨਾਇਆ ਗਿਆ ਅਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਤੇ ਸਾਗ ਨੂੰ ਲੈ ਕੇ ਸੰਗਤਾਂ ਵਿਚ ਬਹੁਤ ਉਤਸ਼ਾਹ ਪਾਇਆ ਗਿਆ, ਇਸ ਬਾਰੇ ਪੜ੍ਹਿਆ। ਕੋਧਰੇ ਨੂੰ ਕਈ ਨਾਨਕ ਨਾਮ ਲੇਵਾ ਸੱਜਣ, ਬਾਜਰਾ, ਜੁਆਰ ਅਤੇ ਪੱਤਿਆਂ ਸਮੇਤ ਭੱਖੜਾ ਦਸ ਰਹੇ ਹਨ। ਇਕ ਗੁਰਬਾਣੀ ਪ੍ਰਚਾਰਕ ਸੱਜਣ ਨੇ ਤਾਂ ਦਸਾਂ ਨਹੁੰਆਂ ਦੀ ਕਿਰਤ ਨਾਲ ਪੈਦਾ ਕੀਤਾ ਅਨਾਜ ਹੀ ਦਸਿਆ ਹੈ।
ਕਈ ਅਧਿਆਪਕਾਂ ਨੇ ਰਲਿਆ-ਮਿਲਿਆ ਅੰਨ ਪਦਾਰਥ ਦਸਿਆ। ਫਿਰ ਕਈਆਂ ਨੇ ਮਹਾਨਕੋਸ਼ ਤੋਂ ਪਤਾ ਲਗਾਇਆ ਕਿ ਕੋਧਰਾ ਫ਼ਾਰਸੀ ਦਾ ਸ਼ਬਦ ਹੈ ਅਤੇ ਬਾਥੂ ਵਰਗਾ ਬੂਟਾ ਉਸ ਸਮੇਂ ਹੁੰਦਾ ਸੀ ਜਿਸ ਦੇ ਫੱਲ ਨੂੰ ਕੋਧਰਾ ਕਿਹਾ ਜਾਂਦਾ ਸੀ। ਫਿਰ ਵੀ ਸੰਗਤਾਂ ਨੂੰ ਤਸੱਲੀ ਨਹੀਂ ਹੋ ਰਹੀ ਕਿਉਂਕਿ ਸੱਭ ਦੇ ਵਿਚਾਰ ਅਲੱਗ-ਅਲੱਗ ਹਨ। ਕੁੱਝ ਨਾਨਕ ਨਾਮ ਲੇਵਾ ਸੱਜਣਾਂ ਨੇ ਦਾਸ ਦੀ ਡਿਊਟੀ ਲਾਈ ਹੈ ਕਿ ਅਦਾਰਾ ਸਪੋਕਸਮੈਨ ਅਖ਼ਬਾਰ ਨੂੰ ਹੀ ਬੇਨਤੀ ਕਰ ਕੇ ਸਹੀ ਅਰਥ ਪ੍ਰਾਪਤ ਕਰ ਲਏ ਜਾਣ।
ਉਸ ਅੰਮ੍ਰਿਤ ਅੰਨ ਪਦਾਰਥ ਬਾਰੇ ਸੰਗਤਾਂ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਅੱਗੇ ਤੋਂ ਗੁਰਪੁਰਬਾਂ ਸਮੇਂ ਪ੍ਰਸ਼ਾਦ ਦੇ ਤੌਰ ਤੇ ਸੰਗਤਾਂ ਨੂੰ ਨਿਹਾਲ ਕਰਿਆ ਕਰੇਗਾ ਜਿਸ ਦੀ ਅਥਾਹ ਖ਼ੁਸ਼ੀ ਸੰਗਤਾਂ ਮਹਿਸੂਸ ਕਰਦੀਆਂ ਹਨ ਕਿਉਂਕਿ ਮਨਾਂ ਨੂੰ ਬੜਾ ਅਨੰਦ ਮਿਲੇਗਾ। ਦਾਸ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪ ਉਸ ਅਮ੍ਰਿਤ ਅੰਨ ਪਦਾਰਥ ਦਾ ਅਰਥ ਸੰਗਤਾਂ ਨੂੰ ਦੱਸੋ ਜੀ।
'ਮਿੱਸੀ ਰੋਟੀ' ਕਿਸ ਨੂੰ ਕਹਿੰਦੇ ਹਨ? ਕਈ ਲੋਕ ਸਿਰਫ਼ ਪਿਆਜ਼ ਦੇ ਛੋਟੇ ਛੋਟੇ ਟੁਕੜੇ, ਲੂਣ, ਮਿਰਚ ਤੇ ਮਾੜਾ ਜਿਹਾ ਘਿਉ, ਆਟੇ ਵਿਚ ਗੁੰਨ੍ਹ ਕੇ, ਬਣਾਈ ਰੋਟੀ ਨੂੰ ਅੱਜ ਵੀ ਮਿੱਸੀ ਰੋਟੀ ਕਹਿੰਦੇ ਹਨ। ਪਰ ਦੂਜੇ ਲੋਕ ਕੇਵਲ ਕਣਕ ਦੇ ਆਟੇ ਨਾਲ ਬਣੀ ਰੋਟੀ ਨੂੰ ਮਿੱਸੀ ਨਹੀਂ ਮੰਨਦੇ। ਉਹ ਕਣਕ ਦੇ ਆਟੇ ਵਿਚ ਵੇਸਣ, ਪਿਆਜ਼, ਧਨੀਆ ਮਿਲਾ ਕੇ ਬਣਾਈ ਰੋਟੀ ਨੂੰ ਮਿੱਸੀ ਰੋਟੀ ਕਹਿੰਦੇ ਹਨ। ਪਰ ਸ਼ਹਿਰਾਂ ਵਿਚ ਅਜਕਲ ਅਮੀਰ ਲੋਕ ਇਕ ਅਨਾਜ ਦੀ ਰੋਟੀ ਖਾਣੀ ਹੀ ਬੰਦ ਕਰ ਗਏ ਹਨ ਤੇ ਖ਼ਾਸ ਖ਼ਾਸ ਦੁਕਾਨਾਂ ਅਤੇ ਚੱਕੀਆਂ ਤੋਂ 'ਸੱਤ ਅਨਾਜਾ' ਲੈ ਕੇ ਉਸ ਨਾਲ ਤਿਆਰ ਰੋਟੀ ਨੂੰ ਹੀ ਮਿੱਸੀ ਰੋਟੀ ਕਹਿੰਦੇ ਹਨ।
ਸੱਤ ਅਨਾਜੇ ਵਿਚ ਕਣਕ, ਵੇਸਣ, ਸੋਇਆਬੀਨ ਦਾ ਆਟਾ, ਜੌਂ, ਬਾਜਰੇ ਤੇ ਮਕਈ ਦਾ ਆਟਾ ਰਲਾਇਆ ਗਿਆ ਹੁੰਦਾ ਹੈ। ਉਹ ਲੋਕ ਇਸ 'ਸੱਤ ਅਨਾਜੇ' ਦੀ ਰੋਟੀ ਨੂੰ ਹੀ ਮਿੱਸੀ ਰੋਟੀ ਕਹਿੰਦੇ ਹਨ। 'ਕੋਧਰੇ ਦੀ ਰੋਟੀ' ਦੀ ਕਹਾਣੀ ਵੀ ਇਸ ਤਰ੍ਹਾਂ ਦੀ ਹੀ ਹੈ। ਜਦ ਕਿਸਾਨ ਬਹੁਤ ਗ਼ਰੀਬ ਹੁੰਦਾ ਸੀ ਤੇ ਅਪਣੇ ਗੁਜ਼ਾਰੇ ਜੋਗਾ ਅਨਾਜ ਹੀ ਮਸਾਂ ਉਗਾ ਸਕਦਾ ਸੀ, ਉਸ ਵੇਲੇ ਗ਼ਰੀਬ ਲੋਕਾਂ ਲਈ ਕਣਕ ਦਾ ਆਟਾ ਖਾ ਸਕਣਾ ਬਹੁਤ ਵੱਡੀ ਗੱਲ ਹੁੰਦੀ ਸੀ। ਉਨ੍ਹਾਂ ਨੂੰ ਖੁਰਦਰੇ ਅਨਾਜ (3oarse grain) ਅਥਵਾ ਜਵਾਰ, ਬਾਜਰਾ ਆਦਿ ਸਸਤੀਆਂ ਚੀਜ਼ਾਂ ਦਾ ਆਟਾ ਹੀ ਖਾਣ ਨੂੰ ਮਿਲਦਾ ਸੀ।
ਉਹ ਚੌਲਾਂ ਤੇ ਕਣਕ ਦਾ ਮੂੰਹ ਸਾਲ ਵਿਚ ਇਕ ਅੱਧ ਵਾਰ ਹੀ ਵੇਖਦੇ ਸਨ। ਆਮ ਤੌਰ ਤੇ ਇਕ ਜਾਂ ਦੋ-ਤਿੰਨ ਖੁਰਦਰੇ ਤੇ ਸਸਤੇ ਅਨਾਜ (3oarse grain) ਮਿਲਾ ਕੇ ਜਿਹੜੀ ਰੋਟੀ ਤਿਆਰ ਕੀਤੀ ਜਾਂਦੀ ਸੀ, ਗ਼ਰੀਬ ਆਦਮੀ ਉਸੇ ਨੂੰ ਹੀ ਲੱਸੀ ਜਾਂ ਸਾਗ ਨਾਲ ਲੰਘਾ ਲੈਂਦਾ ਸੀ ਤੇ ਇਸ ਨੂੰ ਖੁਰਦਰੇ ਦੀ ਰੋਟੀ ਕਹਿੰਦੇ ਸਨ। 'ਖੁਰਦਰਾ' ਗ਼ਰੀਬ ਦੀ ਭਾਸ਼ਾ ਵਿਚ ਵਿਗੜ ਕੇ 'ਕੋਧਰਾ' ਬਣ ਗਿਆ ਤੇ ਇਸੇ ਖੁਰਦਰੇ ਅਨਾਜ ਜਾਂ ਅਨਾਜਾਂ ਦੀ ਰੋਟੀ ਨੂੰ 'ਕੋਧਰੇ ਦੀ ਰੋਟੀ' ਕਿਹਾ ਜਾਣ ਲੱਗਾ। ਯਕੀਨਨ ਇਹ ਕੇਵਲ ਗ਼ਰੀਬ ਦੀ ਰੋਟੀ ਹੁੰਦੀ।
ਮਿੱਸੀ ਰੋਟੀ ਦੀ ਤਰ੍ਹਾਂ ਉਸ ਸਮੇਂ ਵੀ ਕੋਧਰੇ ਦੀ ਰੋਟੀ ਦੇ ਕਈ ਰੰਗ ਮਿਲਦੇ ਸਨ ਅਰਥਾਤ ਕੇਵਲ ਇਕ ਖੁਰਦਰੇ ਅਨਾਜ ਵਾਲੀ ਜਾਂ ਕਈ ਖੁਰਦਰੇ ਅਨਾਜਾਂ ਨੂੰ ਮਿਲਾ ਕੇ ਬਣਾਈ ਰੋਟੀ (ਬਾਜਰਾ, ਜੌਂ, ਮਕਈ ਤੇ ਆਪੇ ਉੱਗੀਆਂ ਕਈ ਬੂਟੀਆਂ ਦੇ ਪੱਤੇ)। ਬਾਬੇ ਨਾਨਕ ਨੂੰ ਭਾਈ ਲਾਲੋ ਨੇ ਇਹੀ ਕੋਧਰੇ ਦੀ (ਖੁਰਦਰੇ ਤੇ ਸਸਤੇ) ਅਨਾਜਾਂ ਦੀ ਬਣੀ 'ਕੋਧਰੇ ਦੀ ਰੋਟੀ' ਪੇਸ਼ ਕੀਤੀ ਸੀ। ਬਾਬੇ ਨਾਨਕ ਨੂੰ ਮਲਿਕ ਭਾਗੋ ਦੇ ਛੱਤੀ ਪਦਾਰਥਾਂ ਨਾਲੋਂ ਇਹ ਜ਼ਿਆਦਾ ਚੰਗੀ ਲੱਗੀ ਸੀ ਕਿਉਂਕਿ ਇਸ ਵਿਚੋਂ ਆਪ ਨੂੰ ਦਸਾਂ ਨਹੁੰਆਂ ਦੀ ਕਮਾਈ ਅਤੇ ਮਿਹਨਤ ਦੀ ਕਮਾਈ ਰੂਪੀ ਅੰਮ੍ਰਿਤ ਦਾ ਸਵਾਦ ਮਿਲ ਰਿਹਾ ਸੀ।