ਮੂੰਹ ਤੇ ਟੈਟੂ ਬਣਾ ਕੇ ਆਈ ਕੁੜੀ ਗ਼ਲਤ ਸੀ ਪਰ ਉਸ ਨੂੰ ਠੀਕ ਤਰ੍ਹਾਂ ਸਮਝਾਇਆ ਜਾਣਾ ਚਾਹੀਦਾ ਸੀ, ਮੰਦਾ ਬੋਲ ਕੇ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਕ ਬੜੀ ਸੱਚੀ ਤੇ ਸੁੱਚੀ ਸਿੱਖ ਸੋਚ ਨੂੰ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਰਖਿਆ ਗਿਆ ਸੀ ਜਿਸ ਦਾ ਸੱਭ ਤੋਂ ਵੱਡਾ ਐਲਾਨ ਇਹ ਸੀ ਕਿ ਹਰ ਖ਼ਿਆਲ ਦਾ ਮਨੁੱਖ ਆ ਸਕਦਾ ਹੈ

photo

 

ਇਕ ਬੜੀ ਸੱਚੀ ਤੇ ਸੁੱਚੀ ਸਿੱਖ ਸੋਚ ਨੂੰ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਰਖਿਆ ਗਿਆ ਸੀ ਜਿਸ ਦਾ ਸੱਭ ਤੋਂ ਵੱਡਾ ਐਲਾਨ ਇਹ ਸੀ ਕਿ ਹਰ ਖ਼ਿਆਲ ਦਾ ਮਨੁੱਖ ਆ ਸਕਦਾ ਹੈ ਤੇ ਕਿਸੇ ਨੂੰ ਇਥੇ ਆਉਣੋਂ ਰੋਕਿਆ ਨਹੀਂ ਜਾਵੇਗਾ। ਇਨ੍ਹਾਂ ਦਰਵਾਜ਼ਿਆਂ ਨੂੰ ਅਮਨ, ਕਿਰਤ, ਸਿਖਿਆ ਤੇ ਕਦਰ ਨਾਲ ਜੋੜਦੇ ਹੋਏ ਇਹ ਸੰਦੇਸ਼ ਦਿਤਾ ਗਿਆ ਸੀ ਕਿ ਗੁਰੂ ਘਰ ਹਰ ਇਨਸਾਨ ਲਈ, ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ ਜਾਂ ਥਾਂ ਤੋਂ ਹੋਵੇ, ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਦਰਬਾਰ ਸਾਹਿਬ ਵਲ ਜਾਂਦੇ ਦਰਵਾਜ਼ੇ ਹਰ ਸ਼ਖ਼ਸ ਨੂੰ ‘ਉਚਾਈ’ ਦੀਆਂ ਪੌੜੀਆਂ ਤੋਂ ਹੇਠਾਂ ਇਕ ਬਰਾਬਰ ਕਰਦੇ ਵੀ ਸੰਦੇਸ਼ ਦੇਂਦੇ ਹਨ ਕਿ ਗੁਰਦਵਾਰੇ ਵਿਚ ਆਇਆ ਹਰ ਕੋਈ ਬਰਾਬਰ ਦਾ ਇਨਸਾਨ ਹੈ।

ਜਦ ਇਸ ਸੋਚ ਦੀ ਬੁਨਿਆਦ ਰੱਖੀ ਗਈ ਸੀ ਤਦ ਜਾਤ-ਪਾਤ ਸਿਖਰ ’ਤੇ ਸੀ ਤੇ ਧਰਮ ਬੜੀਆਂ ਸਖ਼ਤ ਬੰਦਸ਼ਾਂ ਨਾਲ ਇਨਸਾਨਾਂ ਵਿਚਕਾਰ ਦਰਾੜਾਂ ਪਾਉਣ ਦਾ ਸਾਧਨ ਬਣ ਰਿਹਾ ਸੀ, ਜਦ ਬਾਬਾ ਨਾਨਕ ਨੇ ਮੱਕੇ ਵਿਚ ਜਾ ਕੇ ਸੱਭ ਨੂੰ ਮਨਵਾ ਦਿਤਾ ਕਿ ਰੱਬ ਕਿਸੇ ਇਕ ਦਿਸ਼ਾ ਵਿਚ ਨਹੀਂ ਬਲਕਿ ਹਰ ਥਾਂ ’ਤੇ ਮੌਜੂਦ ਹੈ, ਫਿਰ ਗੁਰੂਆਂ ਵਲੋਂ ਸਥਾਪਤ ਕੀਤੇ ਗੁਰਦਵਾਰੇ ਵਿਚ ਇਕ ਬੱਚੀ ਨੂੰ ਆਉਣ ਤੋਂ ਰੋਕਣ ਵਾਲੀ ਸੋਚ ਕਿਥੋਂ ਆਈ? ਲੜਕੀ ਤੇ ਉਸ ਦੇ ਪ੍ਰਵਾਰ ਦੀ ਜ਼ੁਬਾਨ ਵਿਚ ਕ੍ਰੋਧ ਸੀ, ਪਰ ਕੀ ਗੁਰਦਵਾਰੇ ਦੇ ਸੇਵਾਦਾਰ ਨੂੰ ਬਰਦਾਸ਼ਤ ਨਹੀਂ ਸੀ ਕਰ ਲੈਣਾ ਚਾਹੀਦਾ? ਫਿਰ ਬਾਅਦ ਵਿਚ ਇਹ ਕਹਿਣਾ ਕਿ ਬੱਚੀ ਦੀਆਂ ਲੱਤਾਂ ਨੰਗੀਆਂ ਸਨ, ਸੱਟ ਉਤੇ ਦੁਬਾਰਾ ਸੱਟ ਲਾਉਣ ਵਾਲੀ ਗੱਲ ਸੀ। ਵੈਸੇ ਤਾਂ ਬੱਚੀ ਦੀ ਫ਼ਰਾਕ ਗੋਡੇ ਤੋਂ ਹੇਠਾਂ ਸੀ ਤੇ ਹੇਠਾਂ ਇਕ ਲੰਮੀ ਪਜਾਮੀ ਵੀ ਪਾਈ ਹੋਈ ਸੀ ਜੋ ਤਕਰੀਬਨ ਸਾਰੀਆਂ ਲੱਤਾਂ ਢਕਦੀ ਸੀ, ਸੋ ਇਸ ਤਰ੍ਹਾਂ ਦੀ ਸੋਚ ਸਿੱਖੀ ਸੋਚ ਅਨੁਸਾਰ ਨਹੀਂ ਜਚਦੀ। ਇਕੋ ਗੱਲ ਜੋ ਕੁੜੀ ਨੂੰ ਕਹੀ ਜਾਣੀ ਚਾਹੀਦੀ ਸੀ ਤੇ ਨਾ ਕਹੀ ਗਈ, ਉਹ ਇਹ ਸੀ ਕਿ ਗੁਰਦਵਾਰੇ ਵਿਚ ਇਸ ਤਰ੍ਹਾਂ ਨਹੀਂ ਆਉਣਾ ਚਾਹੀਦਾ ਕਿ ਲੋਕ ਕੁੜੀ ਦਾ ਵਿਸ਼ੇਸ਼ ਸ਼ਿੰਗਾਰ ਵੇਖ ਕੇ ਕੁੜੀ ਦੇ ਮੂੰਹ ਵਲ ਮੰਦ ਨਜ਼ਰਾਂ ਨਾਲ ਵੇਖਣ ਲੱਗ ਜਾਣ ਤੇ ਕੁੜੀ ਲਈ ਸਥਿਤੀ ਕਸ਼ਟਦਾਇਕ ਬਣ ਜਾਏ। ਇਸ ਲਈ ਅਕਸਰ ਅਪੀਲ ਕੀਤੀ ਜਾਂਦੀ ਹੈ ਕਿ ਸੱਜ ਧੱਜ ਕੇ ਜਾਂ ਲੋੜ ਤੋਂ ਵੱਧ ਭੜਕੀਲੇ ਕਪੜੇ ਪਾ ਕੇ ਜਾਂ ਮੂੰਹ ਤੇ ਟੈਟੂ ਵਰਗੇ ਵਿਸ਼ੇਸ਼ ਨਿਸ਼ਾਨ ਬਣਾ ਕੇ ਨਾ ਆਉ ਸਗੋਂ ਸਾਦਗੀ ਨਾਲ ਆਉ ਤਾਕਿ ਤੁਹਾਨੂੰ ਵੀ ਕੋਈ ਬੁੁਰੀ ਨਜ਼ਰ ਨਾਲ ਨਾ ਵੇਖੇ ਤੇ ਤੁਹਾਡਾ ਧਿਆਨ ਅਪਣੇ ਸ਼ਿੰਗਾਰ ਵਲੋਂ ਹਟ ਕੇ ਪ੍ਰਮਾਤਮਾ ਨਾਲ ਪਿਆਰ ਪਾਉਣ ਵਲ ਲੱਗੇ। 

ਅਸੀ 2018 ਵਿਚ ਵੇਖਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨ੍ਹਾਂ ਦੀ ਜ਼ਾਤ ਕਾਰਨ ਇਕ ਮੰਦਰ ਵਿਚ ਜਾਣ ਤੋਂ ਰੋਕਿਆ ਗਿਆ ਸੀ ਪਰ ਅਜਿਹੀ ਕਿਸੇ ਸੋਚ ਨਾਲ ਕਿਸੇ ਨੂੰ ਗੁਰਦਵਾਰੇ ਵਿਚ ਆਉਣੋਂ ਨਹੀਂ ਰੋਕਿਆ ਗਿਆ। ਹਾਂ, ਵਿਸ਼ੇਸ਼ ਵੇਸ਼-ਭੂਸ਼ਾ ਜਾਂ ਤੜਕ ਭੜਕ ਨਾਲ ਧਰਮ ਦੁਆਰੇ ਆਉਣ ਤੋਂ ਰੋਕਣਾ ਹੋਰ ਗੱਲ ਹੈ। ਭਾਵੇਂ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਘਰਾਂ ਵਿਚ ਸੇਵਾਦਾਰਾਂ ਦਾ ਰਵਈਆ ਸਹੀ ਨਹੀਂ ਹੁੰਦਾ। ਡਾਂਗ ਲਈ ਖੜੇ, ਆਮ ਸ਼ਰਧਾਲੂ ਨੂੰ ਭੇਡਾਂ ਵਾਂਗ ਚਲਦੇ ਰਹੋ, ਸਿਰ ਢਕੋ, ਠੰਢ ਵਿਚ ਜੁਰਾਬਾਂ ਨਾ ਪਾਉ ਵਰਗੀਆਂ ਗੱਲਾਂ ਤੇ ਦਬਾਅ, ਤੁਹਾਡੇ ਮਨ ’ਤੇ ਭਾਰ ਪਾਉਂਦੇ ਹਨ ਤੇ ਜਿਥੇ ਇਕ ਸ਼ਰਧਾਲੂ ਨੂੰ ਗੁਰੂ ਦੀ ਬਾਣੀ ਨਾਲ ਇਕ ਹੋਣ ਦਾ ਵਾਤਾਵਰਣ ਮਿਲਣਾ ਚਾਹੀਦਾ ਹੈ, ਉਥੇ ਡਾਂਗ ਤੇ ਝਿੜਕ ਨਾਲ ਸ਼ਰਧਾਲੂ ਰੱਬ ਦੇ ਘਰ ਵਿਚ ਡਰ ਮਹਿਸੂਸ ਕਰਦਾ ਹੈ।

ਪਰ ਦਰਬਾਰ ਸਾਹਿਬ ਦੇ ਇਕ ਸੇਵਾਦਾਰ ਵਲੋਂ ਜੋ ਕਿਹਾ ਗਿਆ, ਉਹ ਦਰਸਾਉਂਦਾ ਹੈ ਕਿ ਸ਼੍ਰੋ.ਗੁ.ਪ੍ਰ. ਕਮੇਟੀ ਹੁਣ ਸਿਆਸਤਦਾਨਾਂ ਦੇ ਅਸਰ ਹੇਠ ਸਿੱਖ ਸ਼ਰਧਾਲੂਆਂ ਤੋਂ ਬਾਅਦ ਗ਼ੈਰ ਸਿੱਖ ਯਾਤਰੂਆਂ ਨੂੰ ਵੀ ਸਭਿਅਕ ਢੰਗ ਨਾਲ ਸਿੱਖ ਮਰਿਆਦਾ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਸਮਝਾਉਣ ਦੀ ਲੋੜ ਨੂੰ ਭੁੱਲ ਭੁਲਾ ਚੁੱਕੀ ਹੈ। ਸਿੱਖਾਂ ਤੇ ਗ਼ੈਰ ਸਿੱਖ ਸ਼ਰਧਾਲੂਆਂ ਪ੍ਰਤੀ ਹਾਕਮਾਨਾ ਰਵਈਆ ਧਾਰਨ ਕਰਨਾ, ਬੈਂਚ ਤੋੜ ਦੇਣਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕ ਲਿਆਉਣਾ ਜਾਂ ਲੰਗਰ ਵਿਚ ਦਲਿਤਾਂ ਨੂੰ ਵਖਰੇ ਭਾਂਡਿਆਂ ਵਿਚ ਲੰਗਰ ਦੇਣਾ ਤੇ ਉਨ੍ਹਾਂ ਨੇ ਦਰਬਾਰ ਸਾਹਿਬ ਸਰੋਵਰ ਵਿਚ ਚੌਥੇ ਪੌੜੇ (ਇਕ ਕੋਨੇ) ਵਿਚ ਇਸ਼ਨਾਨ ਕਰਨ ਦੀ ਆਗਿਆ ਦੇਣਾ, ਇਸੇ ਕੜੀ ਦੇ ਸਵਾਲ ਹਨ। 

ਇਸ ਸਾਰੇ ਦੀ ਜ਼ਿੰਮੇਵਾਰੀ ਸਾਡੇ ਸਿਆਸਤਦਾਨਾਂ ’ਤੇ ਵੀ ਆਉਂਦੀ ਹੈ ਜਿਨ੍ਹਾਂ ਵਲੋਂ ਅਪਣੀਆਂ ਕੁਰਸੀਆਂ  ਬਚਾਉਣ ਵਾਸਤੇ ਧਰਮ ਨੂੰ ਵਰਤ ਕੇ ਆਮ ਜਨਤਾ ਵਿਚ ਨਫ਼ਰਤ ਫੈਲਾ ਦਿਤੀ ਗਈ ਹੈ। ਮਾੜੇ ਤੇ ਕਾਲੇ ਸਮੇਂ ਵਿਚ ਆਮ ਲੋਕਾਂ ਵਿਚਕਾਰ ਜਿਹੜੀ ਨਫ਼ਰਤ ਨਹੀਂ ਪੈਦਾ ਹੋਈ, ਅੱਜ ਨਜ਼ਰ ਆ ਰਹੀ ਹੈ। ਸਿਆਸਤਦਾਨਾਂ ਨੂੰ ਤਾਂ ਨਹੀਂ ਬਦਲ ਸਕਦੇ ਪਰ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਅਪਣੇ ਸੇਵਾਦਾਰਾਂ ਦੀ ਬੋਲ ਬਾਣੀ ਨੂੰ ਸਿੱਖੀ ਦੀ ਸੁੱਚੀ ਸੋਚ ਨਾਲ ਜੋੜਨਾ ਪਵੇਗਾ ਤੇ ਉਸ ਤੋਂ ਪਹਿਲਾਂ ਸ਼ਾਇਦ ਉਹ ਜੇ ਅਪਣੇ ਆਪ ਨੂੰ ਸਿਆਸਤਦਾਨਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰ ਲੈਣ ਤਾਂ ਅੱਜ ਦੀ ਸਥਿਤੀ ਬਾਰੇ ਜ਼ਿਆਦਾ ਸਹੀ ਕਦਮ ਚੁਕ ਸਕਣਗੇ। ਮਾਫ਼ੀ ਤਾਂ ਮੰਗੀ ਗਈ ਪਰ ਸੁਧਾਰ ਕਿਸ ਤਰ੍ਹਾਂ ਆਵੇਗਾ?
- ਨਿਮਰਤ ਕੌਰ