ਰਾਜ ਸਭਾ ਦੀ 250ਵੀਂ ਬੈਠਕ ਦਾ ਜਸ਼ਨ ਕਿਸ ਸਮੇਂ ਮਨਾਇਆ ਜਾ ਰਿਹਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤੀ ਸੰਸਦ ਦਾ 250ਵਾਂ ਸੈਸ਼ਨ 26 ਤਰੀਕ ਨੂੰ ਸੰਵਿਧਾਨ ਦਿਵਸ ਮਿਥ ਕੇ ਬੁਲਾਇਆ ਗਿਆ ਹੈ। ਸਰਦ ਰੁੱਤ ਦਾ ਸੈਸ਼ਨ ਅਪਣੇ ਨਾਲ ਬੜੇ ਵੱਡੇ ਮੁੱਦੇ ਲੈ ਕੇ ਆਇਆ ਹੈ

Rajya Sabha

ਭਾਰਤੀ ਸੰਸਦ ਦਾ 250ਵਾਂ ਸੈਸ਼ਨ 26 ਤਰੀਕ ਨੂੰ ਸੰਵਿਧਾਨ ਦਿਵਸ ਮਿਥ ਕੇ ਬੁਲਾਇਆ ਗਿਆ ਹੈ। ਸਰਦ ਰੁੱਤ ਦਾ ਸੈਸ਼ਨ ਅਪਣੇ ਨਾਲ ਬੜੇ ਵੱਡੇ ਮੁੱਦੇ ਲੈ ਕੇ ਆਇਆ ਹੈ ਅਤੇ ਹੁਣ ਜਦ ਸਾਰੇ ਦੇਸ਼ ਦੇ ਨੁਮਾਇੰਦੇ ਬੈਠਣਗੇ ਤਾਂ ਉਮੀਦ ਕਰਦੇ ਹਾਂ ਕਿ ਵਿਚਾਰ-ਵਟਾਂਦਰਾ ਜ਼ਰੂਰ ਕੁੱਝ ਚੰਗੇ ਨਤੀਜੇ ਵੀ ਲੈ ਕੇ ਆਵੇਗਾ। ਵਿਚਾਰ-ਵਟਾਂਦਰਾ ਤਾਂ ਹੁਣ ਹੋਵੇਗਾ ਹੀ ਪਰ ਕੀ ਇਹ 'ਸੱਚਾ ਉੱਚ ਪੱਧਰ' ਦਾ ਵਿਚਾਰ-ਵਟਾਂਦਰਾ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰ ਸਕਦਾ ਹੈ ਜਦੋਂ ਇਕ ਰਾਜ ਅਜੇ ਵੀ ਫ਼ੌਜ ਦੇ ਘੇਰੇ ਵਿਚ 'ਨਜ਼ਰਬੰਦੀ' ਵਾਲੀ ਹਾਲਤ ਵਿਚ ਹੈ?

ਰਾਜ ਸਭਾ ਦਾ 250ਵਾਂ ਸੈਸ਼ਨ ਉਸ ਸਮੇਂ ਮਨਾਇਆ ਜਾਵੇਗਾ ਜਦ ਲੋਕ-ਰਾਜ ਦੇ ਚਾਰੇ ਥੰਮ੍ਹ ਹਿਲ ਰਹੇ ਹਨ। ਉਸ ਰਾਜ ਸਭਾ ਦੀ ਸਥਾਪਨਾ ਵਿਚ ਯੋਗਦਾਨ ਪਾਉਣ ਵਾਲੇ ਫ਼ਾਰੂਕ ਅਬਦੁੱਲਾ ਅੱਜ ਪੁਲਿਸ ਦੀ ਕੈਦ ਵਿਚ ਸਾਹ ਲੈ ਰਹੇ ਹਨ ਕਿਉਂਕਿ ਦੋਸ਼ ਹੈ ਕਿ ਉਹ ਅਮਨ-ਸ਼ਾਂਤੀ ਨੂੰ ਭੰਗ ਕਰ ਸਕਦੇ ਹਨ। ਕੀ ਆਜ਼ਾਦ ਭਾਰਤ ਅਪਣੇ ਮੋਢੀਆਂ ਨੂੰ ਜੇਲਾਂ 'ਚ ਡੱਕ ਕੇ ਉਨ੍ਹਾਂ ਦੇ ਯੋਗਦਾਨ ਦੀ ਕਦਰ ਪਾਵੇਗਾ? 103 ਦਿਨਾਂ ਮਗਰੋਂ ਸਰਕਾਰ ਨੂੰ ਅੱਜ ਦਸਣਾ ਚਾਹੀਦਾ ਹੈ ਕਿ ਉਸ ਨੇ ਅਪਣੇ ਕਿਹੜੇ ਟੀਚੇ ਨੂੰ ਪੂਰਾ ਕਰ ਵਿਖਾਇਆ ਹੈ?

ਤਿੰਨ ਮਹੀਨਿਆਂ ਤੋਂ ਵੱਧ ਹੋ ਗਏ ਹਨ ਕਸ਼ਮੀਰ 'ਚ ਸੋਗ ਵਾਲੀ ਹਾਲਤ ਬਣੇ ਨੂੰ। ਇਸ ਸੰਨਾਟੇ ਨੂੰ ਸ਼ਾਂਤੀ ਸਮਝਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਸ਼ਾਂਤੀ ਨਾਲ ਖ਼ੁਸ਼ੀਆਂ ਆਉਂਦੀਆਂ ਹਨ। ਸੰਨਾਟਾ ਜਬਰ ਤੇ ਡਰ 'ਚੋਂ ਉਪਜਦਾ ਹੈ ਜੋ ਕਸ਼ਮੀਰ ਵਿਚ ਇਸ ਵੇਲੇ ਲੋਕਾਂ ਦੇ ਦਿਲਾਂ ਅੰਦਰ ਧਸਦਾ ਜਾ ਰਿਹਾ ਹੈ। ਭਾਰਤ ਵਿਚ ਕਸ਼ਮੀਰ ਬਾਰੇ ਚਿੰਤਾ ਕਰਨ ਜਾਂ ਸੋਚਣ ਦੀ ਆਦਤ ਨਹੀਂ ਪਈ ਕਿਉਂਕਿ ਹੁਣ ਇਹ ਦੇਸ਼ ਵੰਡਿਆ ਜਾ ਚੁੱਕਾ ਹੈ। ਕਹਿਣ ਨੂੰ ਦੇਸ਼ ਇਕ ਹੈ ਪਰ ਸੂਬੇ ਦੀਆਂ ਸਰਹੱਦਾਂ ਏਨੀਆਂ ਉੱਚੀਆਂ ਹਨ ਕਿ ਕਸ਼ਮੀਰ ਦਾ ਦਰਦ ਇਥੇ ਸੁਣਾਈ ਹੀ ਨਹੀਂ ਦੇਂਦਾ।

ਭਾਰਤ ਅਪਣੀਆਂ ਲਕੀਰਾਂ ਵਿਚ ਇਸ ਤਰ੍ਹਾਂ ਉਲਝਿਆ ਪਿਆ ਹੈ ਕਿ ਅੱਜ ਵਿਦੇਸ਼ਾਂ ਵਿਚ ਬੈਠੇ ਲੋਕ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਚਿੰਤਾ ਕਰ ਰਹੇ ਹਨ, ਪਰ ਭਾਰਤ ਦੇ ਆਗੂਆਂ ਨੂੰ ਪ੍ਰਵਾਹ ਹੀ ਕੋਈ ਨਹੀਂ। ਬੱਚੇ ਹਿਰਾਸਤ ਵਿਚ ਲਏ ਗਏ ਹਨ, ਨਾਗਰਿਕਾਂ ਨੂੰ ਮਾਰਿਆ ਕੁਟਿਆ ਗਿਆ, ਬੱਚੇ ਬਾਹਰ ਨਹੀਂ ਜਾ ਪਾ ਰਹੇ ਪਰ ਭਾਰਤ ਨੂੰ ਇਸ ਦੀ ਪ੍ਰਵਾਹ ਹੀ ਨਹੀਂ ਕਿਉਂਕਿ ਭਾਰਤ ਵਿਚ ਧਰਮ ਦੀ ਵੰਡ ਵੀ ਬਹੁਤ ਡੂੰਘੀ ਹੋ ਗਈ ਹੈ। ਅੱਜ ਸਾਰੇ ਕਸ਼ਮੀਰੀਆਂ ਨੂੰ ਅਤਿਵਾਦੀ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਕਦੇ ਪੰਜਾਬ ਨੂੰ ਇਸ ਤਰ੍ਹਾਂ ਦਾ ਖ਼ਿਤਾਬ ਦਿਤਾ ਗਿਆ ਸੀ।

ਸਰਕਾਰ ਨੇ ਧਾਰਾ 370 ਹਟਾ ਕੇ ਕਸ਼ਮੀਰ ਵਿਚ ਵਿਕਾਸ ਲਿਆਉਣ ਦਾ ਸੁਪਨਾ ਵਿਖਾਇਆ ਸੀ। ਅੱਜ ਕਸ਼ਮੀਰ ਦੀ ਮੰਡੀ ਬੰਦ ਹੈ, ਕਿਸਾਨਾਂ ਨੂੰ ਤਕਰੀਬਨ 7000 ਕਰੋੜ ਦਾ ਨੁਕਸਾਨ ਹੋ ਗਿਆ ਹੈ। ਸੈਰ-ਸਪਾਟੇ ਵਾਸਤੇ ਕਸ਼ਮੀਰ ਬੰਦ ਹੈ। ਮਜ਼ਦੂਰ ਅਪਣੇ ਘਰਾਂ ਨੂੰ ਨਿਰਾਸ਼ ਹੋ ਕੇ ਮੁੜ ਰਹੇ ਹਨ ਅਤੇ ਇਨ੍ਹਾਂ ਹਾਲਾਤ ਵਿਚ, ਜਿਥੇ ਪੁਰਾਣੇ ਉਦਯੋਗ ਹੀ ਤਨਖ਼ਾਹਾਂ ਨਹੀਂ ਦੇ ਸਕ ਰਹੇ, ਨਵੇਂ ਉਦਯੋਗ ਕਿਥੋਂ ਆਉਣਗੇ? ਕਸ਼ਮੀਰ ਦਾ ਸਿਨੇਮਾ ਘਰ ਪਹਿਲਾਂ ਹੀ ਸੁਰੱਖਿਆ ਬਲਾਂ ਦੀ ਜੇਲ ਬਣ ਚੁੱਕਾ ਸੀ ਅਤੇ ਹੁਣ ਕੈਨਟੂਰ ਹੋਟਲ ਸਿਆਸਤਦਾਨਾਂ ਲਈ ਜੇਲ ਬਣ ਚੁੱਕਾ ਹੈ।

ਵੈਸੇ ਤਾਂ ਫ਼ੌਜ ਦੀ ਬੰਦੂਕ ਦੀ ਨੋਕ ਹੇਠ ਰਹਿਣ ਵਾਲੇ ਕਸ਼ਮੀਰੀਆਂ ਵਾਸਤੇ ਹਰ ਪਲ ਸਾਰਾ ਕਸ਼ਮੀਰ ਹੀ ਇਕ ਜੇਲ ਵਰਗਾ ਸਥਾਨ ਬਣ ਗਿਆ ਹੈ ਪਰ ਇਹ ਜਿਹੜੇ ਕੁੱਝ ਛੋਟੇ ਛੋਟੇ ਦਿਲ ਦਹਿਲਾਉਂਦੇ ਕੋਨੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਖ਼ਤਮ ਕਰ ਦਿਤਾ ਗਿਆ ਹੈ। ਫਿਰ ਕਸ਼ਮੀਰ ਦੀ ਸਮੱਸਿਆ ਹੱਲ ਕਿਸ ਤਰ੍ਹਾਂ ਹੋਵੇ? ਸਰਕਾਰ ਕਦੋਂ ਤਕ ਇਕ ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਕੈਦ ਬਣਾ ਕੇ ਰੱਖੇਗੀ? ਇਹ ਕਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਦਾ ਜਸ਼ਨ ਮਨਾਇਆ ਜਾਵੇ?

ਜੇ ਸਰਕਾਰ ਸੱਚਾ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ, ਤਾਂ ਪਹਿਲਾਂ ਇਹ ਦੱਸ ਦੇਵੇ ਕਿ ਉਸ ਦੇ ਮਨ ਵਿਚ ਕੀ ਸੋਚ ਤੇ ਕੀ ਯੋਜਨਾਬੰਦੀ ਹੈ ਜਿਸ ਦੇ ਸਹਾਰੇ ਉਹ ਕਸ਼ਮੀਰੀਆਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਮੁਕਤੀ ਦਿਵਾਉਣਾ ਚਾਹੁੰਦੀ ਹੈ? ਕੀ ਇਸ ਬਾਰੇ ਸੱਚੀ 'ਮਨ ਕੀ ਬਾਤ' ਬੋਲੀ ਜਾਏਗੀ? ਆਖ਼ਰ ਕਦੋਂ ਤਕ ਕਸ਼ਮੀਰ ਵਿਚ ਸੰਨਾਟਾ ਛਾਇਆ ਰਹਿਣ ਦਿਤਾ ਜਾਏਗਾ?  -ਨਿਮਰਤ ਕੌਰ