ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਦਾ ਕਤਲ ਤੇ ਕੇਂਦਰ ਵਿਚ ਬੈਠੇ ਸਾਡੇ ਪੰਜਾਬੀ ਲੀਡਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਾਦਲ ਅਕਾਲੀ ਦਲ ਭਾਵੇਂ ਭਾਜਪਾ ਦਾ ਭਾਈਵਾਲ

Punjabi Language

ਆਹ ਸੁਰਖ਼ੀ ਪੜ੍ਹੀ ਤਾਂ ਮਨ ਦੁਖੀ ਹੋਇਆ ਕਿ ‘‘ਮੋਦੀ ਕੈਬਨਿਟ ਨੇ ਜੰਮੂ ਕਸ਼ਮੀਰ ਲਈ ਰਾਜ ਭਾਸ਼ਾ ਬਿਲ ਲਿਆਉਣ ਦੀ ਦਿਤੀ ਮੰਨਜ਼ੂਰੀ, ਕਸ਼ਮੀਰੀ, ਡੋਗਰੀ, ਹਿੰਦੀ ਨੂੰ ਜੰਮੂ ਕਸ਼ਮੀਰ ਦੀਆਂ ਅਧਿਕਾਰਤ ਭਾਸ਼ਾਵਾਂ ਵਿਚ ਕੀਤਾ ਸ਼ਾਮਲ।’’ ਬਾਦਲ ਅਕਾਲੀ ਦਲ ਭਾਵੇਂ ਭਾਜਪਾ ਦਾ ਭਾਈਵਾਲ ਹੈ ਪਰ ਭਾਜਪਾ ਸਿੱਖਾਂ ਤੇ ਪੰਜਾਬੀ ਭਾਸ਼ਾ ਪ੍ਰਤੀ ਉਸੇ 1947 ਵਾਲੀ ਕੱਟੜਵਾਦੀ ਸੋਚ ਤੇ ਚੱਲ ਰਹੀ ਹੈ। 1947 ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਕੇ ਤੇ ਪੰਜਾਬੀ ਸੂਬਾ ਦੇਣ ਤੋਂ ਨਾਂਹ ਕਰ ਜੋ ਪਿਰਤ ਨਹਿਰੂ ਨੇ ਸ਼ੁਰੂ ਕੀਤੀ ਸੀ, ਭਾਜਪਾ ਅੱਜ ਵੀ ਉਸੇ ਨੀਤੀ ਤੇ ਡਟੀ ਖੜੀ ਹੈ ਪਰ ਲਾਹਨਤ ਹੈ ਉਨ੍ਹਾਂ ਨੂੰ ਜਿਹੜੇ ਕੇਂਦਰ ਵਿਚ ਭਾਜਪਾ ਦੀਆਂ ਦਿਤੀਆਂ ਕੁਰਸੀਆਂ ਤੇ ਦਸਤਾਰਾਂ ਸਜਾ ਕੇ ਕੁਰਸੀ ਦਾ  ਆਨੰਦ ਮਾਣ ਰਹੇ ਹਨ।

ਭਾਜਪਾ ਕੱਟੜਵਾਦੀ ਹਿੰਦੂਤਵੀ ਸੋਚ ਤੇ ਆਰ.ਐਸ.ਐਸ. ਦੀ ਛਤਰ ਛਾਇਆ ਹੇਠ ਹਿੰਦੂਤਵੀ ਏਜੰਡਾ ਲਾਗੂ ਕਰਦੀ ਜਾ ਰਹੀ  ਹੈ ਪਰ ਸਾਡੇ ਸਿੱਖ ਆਗੂਆਂ ਦੀ ਮੱਤ ਨੂੰ ਕੀ ਹੋ ਗਿਆ  ਹੈ ਕਿ ਇਹ ਆਪਸੀ ਝਗੜਿਆਂ ਵਿਚੋਂ ਬਾਹਰ ਨਹੀਂ ਆ ਰਹੇ। ਆਜ਼ਾਦ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਵਿਚ ਕੱਟੜਵਾਦੀ ਹਿੰਦੂ ਆਗੂਆਂ ਨੇ ਪੰਜਾਬ ਦੇ ਜੰਮਪਲ ਹਿੰਦੂਆਂ ਨੂੰ ਪ੍ਰਭਾਵਤ ਕਰ ਕੇ ਮਾਂ-ਬੋਲੀ ਹਿੰਦੀ ਲਿਖਵਾਈ ਸੀ ਤੇ ਉਨ੍ਹਾਂ ਚੋਂ ਬਹੁਤੇ ਅੱਜ ਵੀ ਅਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਅਕ੍ਰਿਤਘਣ ਹਨ ਤੇ ਰਹਿਣਗੇ ਵੀ। 

ਬਾਦਲਾਂ ਨੇ ਭਾਜਪਾ ਨਾਲ ਭਾਈਵਾਲੀ ਸਿਰਫ਼ ਨਿਜੀ ਮੁਫ਼ਾਦਾਂ ਦੀ ਪੂਰਤੀ ਅਤੇ ਕੁਰਸੀ ਪ੍ਰਾਪਤ ਕਰਨ ਲਈ ਹੀ ਪਾਈ ਹੋਈ ਹੈ ਖੇਤੀ ਆਰਡੀਨੈਂਸ ਜੋ ਭਾਜਪਾ ਨੇ ਪਾਸ ਕਰ ਦਿਤੇ ਹਨ, ਸੁਖਬੀਰ ਬਾਦਲ ਉਨ੍ਹਾਂ ਤੇ ਰਾਜਨੀਤੀ ਹੀ ਕਰ ਰਿਹਾ ਹੈ ਸੰਸਦ ਅੰਦਰ ਸੁਖਬੀਰ ਤੇ ਹਰਸਿਮਰਤ ਇਨ੍ਹਾਂ ਆਰਡੀਨੈਂਸ ਨੂੰ ਪਾਸ ਕਰਨ ਲਈ ਦਸਤਖ਼ਤ ਕਰ ਚੁੱਕੇ ਹਨ ਤੇ ਹੁਣ ਪਿੰਡਾਂ ਵਿਚ ਵੜਨਾ ਔਖਾ ਹੋਇਆ ਵੇਖ ਕੇ ਕਹਿ ਰਹੇ ਹਨ ਕਿ ਉਹ ਤਾਂ ਕਿਸਾਨਾਂ ਦੇ ਨਾਲ ਖੜੇ ਹਨ। ਭਰਾਵੋ ਇਹ ਪੰਜਾਬ ਦੀ ਕਿਸਾਨੀ ਨਾਲ ਧੋਖਾਧੜੀ ਹੈ। ਹੁਣ ਰਾਜ ਭਾਸ਼ਾ-ਬਿੱਲ ਜੋ ਭਾਜਪਾ ਜੰਮੂ ਕਸ਼ਮੀਰ ਵਿਚ ਲਿਆ ਰਹੀ ਹੈ। ਉਸ ਵਿਚੋਂ ਪੰਜਾਬੀ ਕੱਢ ਦਿਤੀ ਹੈ ਤੇ ਇਹ ਸਿੱਧਾ ਹੀ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਮੰਨ ਕੇ ਸਾਡੇ ਤੇ ਹਮਲਾ ਕੀਤਾ ਗਿਆ ਹੈ

 ਕੇਂਦਰ ਸਰਕਾਰ ਜੀ, ਸਰਹੱਦਾਂ ਤੇ ਲੜਨ ਮਰਨ ਲਈ ਸਿੱਖ ਮੂਹਰੇ ਰੱਖਣ ਵੇਲੇ ਵੀ ਗਿਣਤੀ ਅਨੁਸਾਰ ਤਾਇਨਾਤੀ ਕਰਿਆ ਕਰੋ ਪਰ ਜਦ ਸਿੱਖ ਅਪਣੇ ਹੱਕ ਮੰਗਣ ਤਾਂ ਘੱਟ ਗਿਣਤੀ ਵਾਲਾ ਨਾਪਤੋਲ ਅੱਗੇ ਰੱਖ ਦਿੰਦੇ ਹੋ। ਇਹ ਬਹੁਤ ਹੀ ਮਾੜਾ ਤੇ ਮੰਦਭਾਗਾ ਵਰਤਾਰਾ ਹੈ। ਇਸ ਸਮੇਂ ਰਾਜ ਭਾਸ਼ਾ ਬਿਲ ਵਿਚ ਪੰਜਾਬੀ ਨੂੰ ਸ਼ਾਮਲ ਕਰਵਾਉਣ ਲਈ ਕੇਂਦਰ ਵਿਚ ਬੈਠੇ ਸਮੁੱਚੇ ਦਸਤਾਰਧਾਰੀ ਸਿੱਖ ਮੈਂਬਰਾਂ ਨੂੰ ਡੱਟ ਕੇ ਏਕੇ ਸੰਗ ਪਹਿਰਾ ਦੇਣਾ, ਉਨ੍ਹਾਂ ਦਾ ਅਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਮੁਢਲਾ ਫ਼ਰਜ਼ ਹੈ।

 ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਰਾਜ ਸਭਾ ਵਿਚ ਬੈਠੇ ਸਿੱਖ ਮੈਂਬਰ ਵੀ ਇਥੇ ਸਟੈਂਡ ਸਪੱਸ਼ਟ ਕਰਨ ਲਈ, ਜ਼ਮੀਰ ਕੋਲੋਂ ਪੁੱਛ ਕੇ ਫ਼ੈਸਲਾ ਲੈਣ। ਅਜੇ ਬਿਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣੀ ਹੈ, ਅਜੇ ਉਸ ਵਿਚ ਸੋਧ ਹੋ ਸਕਦੀ ਹੈ ਜੇਕਰ ਸਾਰੇ ਸਿੱਖ ਲੀਡਰ ਜਿਨ੍ਹਾਂ ਦੀ ਕੇਂਦਰ ਸਰਕਾਰ ਤਕ ਪਹੁੰਚ  ਹੈ ਇਕਜੁਟਤਾ ਨਾਲ ਪਹਿਰਾ ਦੇਣ। ਅਜੇ ਬੇਰ ਡੁੱਲ੍ਹੇ ਹਨ, ਮਿੱਧੇ ਨਹੀਂ ਗਏ, ਮੁੜ ਇਕੱਠੇ ਕੀਤੇ ਜਾ ਸਕਦੇ ਹਨ। ਅੱਜ ਕੇਂਦਰ ਵਿਚ ਬੈਠੇ ਸਿੱਖ ਲੀਡਰੋ ਤੁਹਾਡੀ ਪਰਖ ਦੀ ਘੜੀ  ਹੈ। ਖੇਤੀ ਆਰਡੀਨੈਂਸ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਵੱਡਾ ਕਦਮ ਹੈ ਕਿਉਂਕਿ ਕੇਂਦਰ ਸਰਕਾਰ ਨੂੰ 1947 ਤੋਂ ਬਾਅਦ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਹੀ ਰੜਕਦਾ ਸੀ ਕਿਉਂਕਿ ਸਰਮਾਏਦਾਰ ਤਾਂ ਕਦੇ ਵੀ ਠੋਸ ਸੰਘਰਸ਼ ਲਈ ਅੱਗੇ ਆਇਆ ਹੀ ਨਹੀਂ ਕਰਦੇ।

ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਦੀ ਵੱਡੀ ਕੱਟੜਵਾਦੀ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਹੈ। ਪੰਜਾਬ ਦੇ ਸਮੁੱਚੇ ਮਸਲਿਆਂ ਤੇ ਜੇਕਰ ਸਿੱਖ ਲੀਡਰ ਜੋ ਕੇਂਦਰ ਵਿਚ ਜਾਂਦੇ ਰਹੇ, ਉਹ ਸਾਰੇ ਇਕਜੁਟ ਹੋ ਕੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਚਲਿਆ ਕਰਦੇ ਤਾਂ ਪੰਜਾਬ ਦੇ ਪਾਣੀਆਂ, ਰਾਜਧਾਨੀ, ਜੇਲਾਂ ਵਿਚ ਬੈਠੇ ਯੋਧਿਆਂ ਦੀ ਰਿਹਾਈ ਅਤੇ ਹੋਰ ਸੱਭ ਮਾਮਲਿਆਂ ਤੇ ਕਦੋਂ ਦਾ ਇਨਸਾਫ਼ ਮਿਲਿਆ ਹੁੰਦਾ। ਕੇਂਦਰ ਵਿਚ ਜਾਣ ਵਾਲੇ ਲੀਡਰੋ ਇਕ ਗੱਲ ਯਾਦ ਰੱਖੋ ਤੁਸੀ ਕੁਰਸੀਆਂ ਦਾ ਅਨੰਦ ਮਾਣਦੇ ਰਹੇ ਹੋ, ਧੰਨ ਦੌਲਤ ਜਿੰਨਾ ਮਰਜ਼ੀ ਇਕੱਠਾ ਕਰ ਲਉ ਪਰ ਤੁਹਾਡੀ ਜ਼ਮੀਰ ਉਸ ਵਕਤ ਤੁਹਾਨੂੰ ਧਾਹਾਂ ਮਾਰਨ ਲਈ ਮਜਬੂਰ ਕਰੇਗੀ ਜਦੋਂ ਆਖ਼ਰੀ ਸਮਾਂ ਆਇਆ। ਬਲਦੇਵ ਸਿੰਘ ਦੁਮਣਾ ਇਕ ਮਿਸਾਲ ਹੈ ਇਤਿਹਾਸ ਵਿਚ ਦਰਜ ਹੈ। ਲੀਡਰੋ ਨਾ ਤੁਹਾਨੂੰ ਫਿਰ ਇਤਿਹਾਸ ਨੇ ਮਾਫ਼ ਕਰਨਾ  ਅਤੇ ਨਾ ਹੀ ਆਉਣ ਵਾਲੀਆਂ ਨਸਲਾਂ ਨੇ। ਸੋਚੋ ਵਿਚਾਰੋ।

                                                                                                                                         ਤੇਜਵੰਤ ਸਿੰਘ ਭੰਡਾਲ, ਸੰਪਰਕ 98152-67963