ਡੋਨਾਲਡ ਟਰੰਪ ਦੇ ਸਾਹਮਣੇ ਕੰਧ ਪਿਛੇ ਲੁਕਿਆ ਸੱਚ ਤੇ ਰਾਮ ਮੰਦਰ ਦੇ ਨਿਰਮਾਤਾਵਾਂ ਦਾ ਲੁਕਿਆ ਸੱਚ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੋਮਵਾਰ ਨੂੰ ਡੋਨਲਡ ਟਰੰਪ ਭਾਰਤ ਦੇ ਦੌਰੇ 'ਤੇ ਆ ਰਹੇ ਹਨ ਅਤੇ ਉਹ ਭਾਵੇਂ ਭਾਰਤ ਨਾਲ ਕੋਈ ਕਾਰੋਬਾਰੀ ਸਮਝੌਤਾ ਨਹੀਂ ਕਰ ਰਹੇ ਪਰ ਉਨ੍ਹਾਂ ਦੇ ਸਵਾਗਤ ਵਿਚ ਕੋਈ ਕਮੀ

File Photo

ਸੋਮਵਾਰ ਨੂੰ ਡੋਨਲਡ ਟਰੰਪ ਭਾਰਤ ਦੇ ਦੌਰੇ 'ਤੇ ਆ ਰਹੇ ਹਨ ਅਤੇ ਉਹ ਭਾਵੇਂ ਭਾਰਤ ਨਾਲ ਕੋਈ ਕਾਰੋਬਾਰੀ ਸਮਝੌਤਾ ਨਹੀਂ ਕਰ ਰਹੇ ਪਰ ਉਨ੍ਹਾਂ ਦੇ ਸਵਾਗਤ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਕਿਉਂਕਿ ਮੋਦੀ ਜੀ ਸਮਝਦੇ ਹਨ ਕਿ ਉਹ ਖ਼ੁਸ਼ ਹੋ ਗਏ ਤਾਂ ਅੱਜ ਨਹੀਂ ਤਾਂ ਕਲ੍ਹ, ਉਨ੍ਹਾਂ ਦੀ ਮਿਹਰਬਾਨੀ ਨਾਲ ਭਾਰਤ ਨੂੰ ਵੱਡੀ ਆਰਥਕ ਮਦਦ ਮਿਲ ਸਕਦੀ ਹੈ।

ਪਰ ਸਵਾਗਤ ਵਾਸਤੇ ਅਸੀਂ ਅਪਣੇ ਦੇਸ਼ ਨੂੰ ਸਾਫ਼ ਨਹੀਂ ਕਰ ਰਹੇ ਬਲਕਿ ਅਪਣੇ ਦੇਸ਼ ਦੀ 'ਗੰਦੀ' ਆਬਾਦੀ ਨੂੰ ਛੁਪਾ ਰਹੇ ਹਾਂ। ਜਦ ਕੋਈ ਮਹਿਮਾਨ ਆਉਂਦਾ ਹੈ ਤਾਂ ਘਰ ਦੀ ਸਜਾਵਟ ਲਈ ਫੁੱਲ ਵੀ ਸਜਾਏ ਜਾਂਦੇ ਹਨ, ਇਕ ਹੋਰ ਖ਼ੁਸ਼ਬੂਦਾਰ ਪੌਦਾ ਵੀ ਲਗਾਇਆ ਜਾਂਦਾ ਹੈ ਪਰ ਘਰ ਦੇ ਕਮਜ਼ੋਰ ਮੈਂਬਰ ਨੂੰ ਛੁਪਾਉਣ ਦਾ ਯਤਨ ਤਾਂ ਘੱਟ ਹੀ ਲੋਕ ਕਰਦੇ ਹਨ ਅਤੇ ਜੋ ਕਰਦੇ ਹਨ, ਉਸ ਘਰ ਨੂੰ ਅਸੀ ਇਕ ਝੂਠ ਹੀ ਮੰਨਦੇ ਹਾਂ। ਉਸ ਘਰ ਦਾ ਮੁਖੀ ਸੱਚਾ ਮੁਖੀ ਨਹੀਂ ਹੁੰਦਾ।

ਸੋ ਅੱਜ ਜਦੋਂ ਡੋਨਾਲਡ ਟਰੰਪ ਦੇ ਆਉਣ 'ਤੇ ਅਸੀਂ ਉਸ ਦੇ ਲੰਘਣ ਵਾਲੇ ਰਸਤੇ ਵਿਚ ਆਉਂਦੀਆਂ ਬਸਤੀਆਂ ਅੱਗੇ ਉੱਚੀਆਂ ਕੰਧਾਂ ਰਾਤੋ-ਰਾਤ ਉਸਾਰ ਕੇ ਅਪਣੀ ਗ਼ਰੀਬ ਆਬਾਦੀ ਨੂੰ ਲੁਕਾ ਰਹੇ ਹਾਂ ਤਾਂ ਇਹ ਕਾਰਵਾਈ ਸਾਡੇ ਬਾਰੇ ਦੁਨੀਆਂ ਨੂੰ ਕੀ ਸੁਨੇਹਾ ਦੇਵੇਗੀ? ਗ਼ਰੀਬੀ ਦੀ ਹੋਂਦ ਤੋਂ ਸ਼ਰਮਾਉਂਦੇ ਹਾਂ ਅਤੇ ਡੋਨਾਲਡ ਟਰੰਪ ਦੀਆਂ ਅੱਖਾਂ ਨੂੰ ਚੰਗਾ ਚੰਗਾ ਵਿਖਾਉਣ ਲਈ ਤੇ ਕੰਧਾਂ ਬਣਾਉਣ ਲਈ ਤਾਂ ਸਾਡੇ ਕੋਲ ਪੈਸਾ ਹੈ ਪਰ ਉਸੇ ਪੈਸੇ ਨਾਲ ਉਸੇ ਬਸਤੀ ਦੇ ਸਵੱਛ ਘਰ ਉਸਾਰਨ ਦੀ ਸੋਚ ਸਾਡੇ ਕੋਲ ਨਹੀਂ ਹੈ ਅਤੇ ਨਾ ਹੀ ਸਾਡੇ ਕੋਲ ਦਿਲ ਹੈ।

ਲੁਕਾਉਣ ਨਾਲ ਗ਼ਰੀਬੀ ਦਾ ਸੱਚ ਨਹੀਂ ਲੁਕਣਾ ਪਰ ਹਾਂ ਥੋੜ੍ਹੀ ਦੇਰ ਵਾਸਤੇ ਸਵੱਛਤਾ ਦੇ ਇਕ ਝੂਠੇ ਦਾਅਵੇ ਨਾਲ, ਵਿਦੇਸ਼ੀ ਮਹਿਮਾਨ ਸਾਹਮਣੇ, ਅਸੀ ਆਰਜ਼ੀ ਤੌਰ ਤੇ ਛਾਤੀ ਚੌੜੀ ਕਰ ਕੇ ਇਕ ਝੂਠੀ ਚਾਲ ਤਾਂ ਚਲ ਹੀ ਲਵਾਂਗੇ। ਸਾਡੀ ਸਰਕਾਰ ਵਲੋਂ ਇਕ ਹੋਰ ਕੰਧ ਵੀ ਬਣਾਈ ਜਾ ਰਹੀ ਹੈ ਜਿਥੇ ਰਾਮ ਮੰਦਰ ਨੂੰ ਉਸਾਰਨ ਵਾਸਤੇ ਇਕ ਟਰੱਸਟ ਬਣਾ ਦਿਤਾ ਗਿਆ ਹੈ ਜਿਸ ਨੇ ਆਪ ਹੀ ਅਪਣੇ ਮੈਂਬਰ ਚੁਣੇ।

ਹੁਣ ਮੈਂਬਰਾਂ ਵਿਚ ਉਸ ਤਰ੍ਹਾਂ ਦੇ ਲੋਕਾਂ ਨੂੰ ਹੀ ਨਿਵਾਜਿਆ ਗਿਆ ਹੈ ਜਿਨ੍ਹਾਂ ਨੇ ਇਸ ਮੰਦਰ ਨੂੰ ਹੋਂਦ ਵਿਚ ਲਿਆਉਣ 'ਚ ਯੋਗਦਾਨ ਪਾਇਆ ਹੈ। ਇਸ ਟਰੱਸਟ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਨਿਤਿਆ ਗੋਪਾਲ ਦਾਸ ਅਤੇ ਚੰਪਤ ਰਾਏ ਭਾਨੂਮੱਲ ਉਤੇ ਬਾਬਰੀ ਮਸਜਿਦ ਨੂੰ ਢਾਹੇ ਜਾਣ ਵਿਚ ਪ੍ਰਮੁੱਖ ਰੋਲ ਨਿਭਾਉਣ ਦਾ ਮਾਮਲਾ ਚਲ ਰਿਹਾ ਹੈ। ਇਸ ਮਾਮਲੇ ਵਿਚ ਐਲ.ਕੇ. ਅਡਵਾਨੀ ਵੀ ਸ਼ਾਮਲ ਹਨ ਅਤੇ ਹੁਣ ਸੁਪਰੀਮ ਕੋਰਟ ਦੇ ਫ਼ੈਸਲੇ ਲਈ 30 ਅਪ੍ਰੈਲ ਦੀ ਤਰੀਕ ਤੈਅ ਕਰ ਦਿਤੀ ਗਈ ਹੈ।

ਪਰ ਜੇ ਇਨ੍ਹਾਂ ਲੋਕਾਂ ਨੂੰ ਰਾਮ ਦੀ ਜਨਮ ਭੂਮੀ ਦੇ ਨਿਰਮਾਣ ਦਾ ਕੰਮ ਸੌਂਪਿਆ ਜਾ ਰਿਹਾ ਹੈ ਤਾਂ ਮਤਲਬ ਸਾਫ਼ ਹੈ ਕਿ ਸਰਕਾਰ ਇਨ੍ਹਾਂ ਨੂੰ ਦੋਸ਼ੀ ਹੀ ਨਹੀਂ ਸਮਝਦੀ। ਤਾਂ ਫਿਰ ਕੀ ਅਦਾਲਤ ਉਲਟ ਫ਼ੈਸਲਾ ਸੁਣਾਉਣ ਵਿਚ ਕਾਮਯਾਬ ਹੋ ਸਕੇਗੀ? ਫਿਰ ਸਰਕਾਰ ਇਹ ਕਿਉਂ ਆਖ ਰਹੀ ਹੈ ਕਿ ਉਹ ਕਾਨੂੰਨ ਜਾਂ ਸੰਵਿਧਾਨ ਨੂੰ ਮੰਨਦੀ ਹੈ? ਜੇ ਤੁਸੀ ਬਾਬਰੀ ਮਸਜਿਦ ਦੇ ਢਾਹੇ ਜਾਣ ਨੂੰ ਰਾਮ ਮੰਦਰ ਦੀ ਉਸਾਰੀ ਵਾਸਤੇ ਚੰਗਾ ਯੋਗਦਾਨ ਮੰਨਦੇ ਹੋ, ਤਾਂ ਫਿਰ ਚੁਪ-ਚੁਪੀਤੇ ਕੰਮ ਕਿਉਂ ਕਰ ਰਹੇ ਹੋ?

ਸਾਫ਼ ਆਖਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿ ''ਬਾਬਰੀ ਮਸਜਿਦ ਨੂੰ ਢਾਹ ਕੇ ਹੀ ਅਸੀਂ ਸਰਕਾਰ ਬਣਾਉਣ ਵਿਚ ਕਾਮਯਾਬ ਹੋਏ ਹਾਂ ਅਤੇ ਜਿਨ੍ਹਾਂ ਨੇ ਉਸ ਸਾਰੇ ਕੰਮ ਵਿਚ ਸਾਡਾ ਸਾਥ ਦਿਤਾ, ਉਹੀ ਅਸਲ ਰਾਮ ਭਗਤ ਹਨ ਅਤੇ ਅਸੀਂ ਉਨ੍ਹਾਂ ਨੂੰ ਹਰ ਸਨਮਾਨ ਨਾਲ ਨਿਵਾਜਾਂਗੇ।'' ਜ਼ਾਹਰ ਹੈ ਕਿ ਕੁੱਝ ਸਾਲਾਂ ਵਿਚ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਜਦ ਰਾਮ ਮੰਦਰ ਨੂੰ ਉਸਾਰ ਲੈਣਗੇ, ਉਨ੍ਹਾਂ ਨੂੰ ਪਦਮਸ੍ਰੀ ਵੀ ਮਿਲੇਗਾ ਹੀ ਮਿਲੇਗਾ।

ਫਿਰ ਖੁੱਲ੍ਹ ਕੇ ਇਹ ਕਹਿਣ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ ਕਿ ''ਸਾਨੂੰ ਅਪਣੇ ਗ਼ਰੀਬਾਂ ਤੋਂ ਸ਼ਰਮ ਆਉਂਦੀ ਹੈ ਅਤੇ ਇਹ ਕੰਧਾਂ ਦੇ ਪਿੱਛੇ, ਵਿਦੇਸ਼ੀਆਂ ਦੀਆਂ ਨਜ਼ਰਾਂ ਤੋਂ ਦੂਰ ਹੀ ਰਹਿਣੇ ਚਾਹੀਦੇ ਹਨ। ਅਪਣਾ ਮਕਸਦ ਹਾਸਲ ਕਰਨ ਲਗਿਆਂ, ਸਾਨੂੰ ਹੋਰ ਕਿਸੇ ਗੱਲ ਦੀ ਪ੍ਰਵਾਹ ਨਹੀਂ। ਸਾਡਾ ਇਕੋ ਹੀ ਮਕਸਦ ਹੈ ਕਿ ਅਸੀਂ ਹਿੰਦੂ ਰਾਜ ਦੀ ਸਥਾਪਨਾ ਕਰਨੀ ਹੈ।''

ਪਰ ਇਹ ਗੱਲ ਸ਼ਾਇਦ ਉਹ ਇਸ ਲਈ ਲੁਕਾਉਂਦੇ ਹਨ ਤਾਕਿ ਭਗਵਾਨ ਰਾਮ ਨੂੰ ਵੀ ਨਾ ਪਤਾ ਲੱਗੇ ਕਿ ਉਹ ਉਸ ਦਾ ਨਾਂ ਵਰਤ ਕੇ ਕੀ-ਕੀ ਕਰ ਰਹੇ ਹਨ। ਰਾਮ ਤਾਂ ਉਸ ਆਗਿਆਕਾਰੀ ਇਨਸਾਨ ਦੇ ਰੂਪ ਵਿਚ ਆਇਆ ਸੀ ਜਿਸ ਨੇ ਪਿਤਾ ਦੀ ਜ਼ੁਬਾਨ ਰੱਖਣ ਲਈ ਅਪਣੀ ਜਵਾਨੀ ਜੰਗਲ ਵਿਚ ਗੁਜ਼ਾਰ ਦਿਤੀ ਪਰ ਅਪਣੇ ਮਤਰਏ ਪ੍ਰਵਾਰ ਵਿਰੁਧ ਬਗ਼ਾਵਤ ਨਾ ਕੀਤੀ। ਉਸ ਨੂੰ ਬੇਦਾਗ਼ ਚਰਿਤਰ ਦਾ ਏਨਾ ਖ਼ਿਆਲ ਸੀ ਕਿ ਸਿਰਫ਼ ਇਕ ਧੋਬੀ ਦੇ ਸ਼ੱਕ ਕਰਨ ਤੇ ਉਸ ਨੇ ਅਪਣੀ ਪਤਨੀ ਨੂੰ ਵੀ ਤਿਆਗ ਦਿਤਾ।

ਇਥੇ ਤਾਂ ਉਨ੍ਹਾਂ ਇਨਸਾਨਾਂ ਨੂੰ ਰਾਮ ਦਾ ਮੰਦਰ ਬਣਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਹੈ ਜਿਨ੍ਹਾਂ ਉਤੇ ਬੜੇ ਸੰਗੀਨ ਕਾਤਲਾਨਾ ਅਪਰਾਧ ਦੇ ਮਾਮਲੇ ਦਰਜ ਹਨ। ਇਹ ਲੋਕ ਉਸ ਰਾਮ ਦੇ ਮੰਦਰ ਨੂੰ ਬਣਾਉਣਗੇ? ਇਹ ਅਸਲ ਵਿਚ ਰਾਮ ਰਾਜ ਦੀ ਸਥਾਪਨਾ ਨਹੀਂ ਬਲਕਿ ਉਸ ਕਲਯੁਗ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਬਾਰੇ ਰਾਮ ਸੀਤਾ ਨੂੰ ਦਸ ਕੇ ਗਏ ਸਨ ਕਿ 'ਹੰਸ ਚੁਗੇਗਾ ਦਾਨਾ ਦਾਨਾ, ਕਊਆ ਮੋਤੀ ਖਾਏਗਾ'।  -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।