ਸਿੱਖ ਮੁੱਦਿਆਂ ਨੂੰ ਲੈ ਕੇ ਹਰ ਹਾਈਂ ਮਾਈਂ ਨੂੰ ਅੰਦੋਲਨ ਤੇ ਸੰਘਰਸ਼ ਛੇੜਨ ਦਾ ਹੱਕ ਨਾ ਦਿਉ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਹਰ ਪ੍ਰਕਾਰ ਦੇ ਅਕਾਲੀਆਂ ਲਈ ਸੋਚਣ ਦਾ ਸਮਾਂ

Representational Image

ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰਨ ਅਤੇ ਇਸ ਪਾਰਟੀ ਨੂੰ ਇਕ ਪ੍ਰਵਾਰ ਦੀ ਜਾਗੀਰ ਬਣਾ ਦੇਣ ਮਗਰੋਂ, ਹਰ ਹਾਈਂ ਮਾਈਂ ਵਲੋਂ ਪੰਥ ਦੇ ਨਾਂ ਤੇ ਅੰਦੋਲਨ ਤੇ ਸੰਘਰਸ਼ ਛੇੜ ਦੇਣ ਦੀ ਜਿਹੜੀ ਪ੍ਰਵਿਰਤੀ ਸ਼ੁਰੂ ਹੋ ਗਈ ਹੈ, ਇਸ ਨੇ ਸਿੱਖਾਂ ਅਤੇ ਪੰਜਾਬ ਦਾ ਬਹੁਤ ਨੁਕਸਾਨ ਕਰ ਦਿਤਾ ਹੈ। ਦੇਸ਼-ਵਿਰੋਧੀ ਹੋਣ ਦਾ ਰੌਲਾ ਬਹੁਤ ਪੈ ਜਾਂਦਾ ਹੇ ਪਰ ਪ੍ਰਾਪਤੀ ਕੋਈ ਨਹੀਂ ਹੁੰਦੀ। ਸਿੱਖਾਂ ਦੀ ਕਿਸੇ ਪ੍ਰਵਾਨਤ, ਅਜ਼ਮਾਈ ਹੋਈ ਤੇ ਤਜਰਬੇਕਾਰ, ਸਿਆਸੀ ਦਾਅ ਪੇਚਾਂ ਤੋਂ ਜਾਣੂ ਜਥੇਬੰਦੀ ਨੂੰ ਪੰਥਕ ਮਸਲੇ ਚੁਕਣ ਦੀ ਆਗਿਆ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਅਕਾਲ ਤਖ਼ਤ ਅਤੇ ਸ਼ੋ੍ਰੋਮਣੀ ਕਮੇਟੀ, ਬਾਦਲਾਂ ਪ੍ਰਤੀ ਵਫ਼ਾਦਾਰੀ ਨਿਭਾਉਣ ਦੀ ਚਿੰਤਾ ਵਿਚ ਗ੍ਰਸਤ ਹੋ ਕੇ, ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੇ ਹਨ ਜਿਸ ਦੇ ਨਤੀਜੇ, ਭਵਿੱਖ ਵਿਚ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਸਕਦੇ ਹਨ।

ਅੰਮ੍ਰਿਤਪਾਲ ਅਤੇ ਸਾਥੀਆਂ ਉਤੇ ਐਨ.ਐਸ.ਏ. ਲਗਾ ਦਿਤੀ ਗਈ ਹੈ ਤੇ ਉਸ ਦੇ ਪਿਤਾ ਨੇ ਡਰ ਪ੍ਰਗਟਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਮੁਕਾਬਲੇ ਵਿਚ ਖ਼ਤਮ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇਸ ਜਥੇਬੰਦੀ ਉਤੇ ਹੱਲਾ ਬੋਲਿਆ ਹੈ, ਅੰਮ੍ਰਿਤਪਾਲ ਦੇ ਪਿਤਾ ਅਨੁਸਾਰ, ਕੁੱਝ ਵੀ ਮੁਮਕਿਨ ਹੈ ਕਿਉਂਕਿ ਜਦ ਗੱਲ ਦੇਸ਼ ਦੀ ਸੁਰੱਖਿਆ ਦੀ ਆਉਂਦੀ ਹੈ ਤਾਂ ਕੋਈ ਵੀ ਸਰਕਾਰ ਅਪਣੀ ਧਰਤੀ ਉਤੇ ਇਤਰਾਜ਼ ਯੋਗ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਦੀ। ਬਰਤਾਨੀਆ ਦੇ ਸਿੱਖ ਨੌਜਵਾਨ, ਜੱਗੀ ਜੌਹਲ ਉਤੇ ਵੀ ਐਨ.ਐਸ.ਏ. ਲੱਗੀ ਹੋਈ ਹੈ। ਉਸ ਦੇ ਹੱਕ ਵਿਚ ਸਾਡੀਆਂ ਆਵਾਜ਼ਾਂ ਦੇ ਨਾਲ ਨਾਲ ਕਦੇ ਉਸ ਦੇਸ਼ ਤੋਂ ਵੀ ਆਵਾਜ਼ਾਂ ਆ ਜਾਇਆ ਕਰਦੀਆਂ ਸਨ ਕਿਉਂਕਿ ਜੱਗੀ ਜੌਹਲ ਬਰਤਾਨੀਆ ਦਾ ਨਾਗਰਿਕ ਹੈ।

ਪਰ ਇੰਗਲੈਂਡ ਦੇ ਅਧਿਕਾਰੀਆਂ ਨੂੰ ਕੁੱਝ ਅਜਿਹੇ ਸਬੂਤ ਵਿਖਾਏ ਗਏ ਜਿਨ੍ਹਾਂ ਨੂੰ ਵੇਖਣ ਮਗਰੋਂ ਹੁਣ ਉਥੋਂ ਦੀ ਸਰਕਾਰ ਵੀ ਉਸ ਵਾਸਤੇ ਨਹੀਂ ਬੋਲਦੀ ਭਾਵੇਂ ਸਾਨੂੰ ਉਸ ਮੁੰਡੇ ਦੀ ਕੈਦ ਜ਼ਰੂਰ ਚੁਭਦੀ ਹੈ। ਅੱਜ ਯੂ.ਕੇ. ਤੇ ਕੈਨੇਡਾ ਦੇ ਜਿਹੜੇ ਸਿੱਖ ਆਗੂ, ਪੰਜਾਬ ਵਿਚ ਸੁਰੱਖਿਆ ਬਲਾਂ ਬਾਰੇ ਬੋਲ ਰਹੇ ਹਨ, ਉਹ ਵੀ ਜੱਗੀ ਜੌਹਲ ਵਾਸਤੇ ਬੋਲਣ ਤੋਂ ਹੱਟ ਗਏ ਹਨ ਅਤੇ ਜਾਂਚ ਮਗਰੋਂ ਦਲਜੀਤ ਕਲਸੀ ਤੇ ਬਾਕੀਆਂ ਦੇ ਖਾਤਿਆਂ ਵਿਚ ਕਰੋੜਾਂ ਦੀਆਂ ਆਈਆਂ ਰਕਮਾਂ ਨੂੰ ਵੀ ਸ਼ਾਇਦ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਜੋੜ ਦਿਤਾ ਜਾਵੇਗਾ। ਫਿਰ ਆਵਾਜ਼ਾਂ ਚੁੱਪ ਹੋ ਜਾਣਗੀਆਂ ਪਰ ਪੰਜਾਬੀਆਂ ਦੇ ਮਨਾਂ ਵਿਚ ਦਰਦ ਜ਼ਰੂਰ ਰਹਿ ਜਾਵੇਗਾ। ਇਸ ਦਰਦ ਨੂੰ ਜਿਹੜੇ ਲੋਕ ਪਹਿਲਾਂ ਅਪਣੇ ਪਿੰਡੇ ਤੇ ਸਹਾਰ ਚੁੱਕੇ ਸੀ, ਉਹ ਇਸੇ ਕਾਰਨ ਹੀ ਨੌਜਵਾਨਾਂ ਨੂੰ ਸੋਚ ਸਮਝ ਕੇ ਕਦਮ ਚੁਕਣ ਵਾਸਤੇ ਆਖ ਰਹੇ ਸਨ।

ਅੱਜ ਵੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਪਾਲ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਤੇ ਉਸ ਦੇ ਨਾਲ ਚਲਣ ਵਾਲਿਆਂ ਤੇ ਉਸ ਦੇ ਹੱਕ ਵਿਚ ਨਿਤਰਣ ਵਾਲਿਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਲੋਕ ਇਹ ਯਕੀਨ ਕਰਦੇ ਹਨ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਜਦ ‘ਜਥੇਦਾਰ’ ਅਕਾਲ ਤਖ਼ਤ ਆਖਦੇ ਹਨ ਕਿ ਪੰਜਾਬ ਵਿਚ ਪੁਲਿਸ ਦਹਿਸ਼ਤ ਫੈਲਾ ਰਹੀ ਹੈ ਤਾਂ ਲੋਕਾਂ ਦੇ ਮਨਾਂ ਵਿਚ ਡਰ ਫੈਲਦਾ ਹੈ। ਪਰ ਇਸ ਸਾਰੀ ਸਥਿਤੀ ਨੂੰ ਇਸ ਸਿਖਰ ਤੇੇ ਪਹੁੰਚਣ ਤੇ ਰੋਕਿਆ ਜਾ ਸਕਦਾ ਸੀ ਅਤੇ ਇਨ੍ਹਾਂ ਨੌਜਵਾਨਾਂ ਨੂੰ ਠੀਕ ਰਾਹ ਵਿਖਾਇਆ ਜਾ ਸਕਦਾ ਸੀ ਕਿਉਂਕਿ ਉਹ ਸਿੱਖ ਕੌਮ ਨੂੰ ਦਰਪੇਸ਼ ਮੁੱਦਿਆਂ ਦੀਆਂ ਗੱਲਾਂ ਕਰ ਰਹੇ ਸਨ।

ਇਨ੍ਹਾਂ ਮੁੱਦਿਆਂ ਬਾਰੇ ਗੱਲ ਕਰਨੀ ਅਕਾਲੀ ਲੀਡਰਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਸੀ। ਪਰ ਇਨ੍ਹਾਂ ਨੇ ਤਾਂ ਪਿਛਲੇ ਸਾਲ ਇਹ ‘ਸੰਦੇਸ਼’ ਜਾਰੀ ਕੀਤਾ ਕਿ ਸਿੱਖ ਕੌਮ ਖ਼ਤਰੇ ਵਿਚ ਹੈ, ਇਸ ਲਈ ਹਰ ਸਿੱਖ ਕਾਨੂੰਨੀ ਹਥਿਆਰਾਂ ਨਾਲ ਲਾਮਬੰਦ ਹੋਵੇ। ਜਦ ਪੁਲਿਸ ਨੇ ਅਪਣੀ ਤਾਕਤ ਵਿਖਾਈ ਤਾਂ ਉਨ੍ਹਾਂ ਨੇ ਬਿਆਨ ਬਦਲ ਦਿਤਾ ਤੇ ਕਹਿ ਦਿਤਾ ਕਿ ਬੱਚੇ ਪੜ੍ਹਾਈ ਵਲ ਧਿਆਨ ਦੇਣ। ਜਦ ਗੁਰਦਵਾਰਿਆਂ ਵਿਚ ਬੈਂਚਾਂ ਉਤੇ ਬੈਠਣ ਵਾਲਿਆਂ ਦੇ ਬੈਂਚ ਤੋੜ ਦਿਤੇ ਗਏ ਸਨ, ਉਸੇ ਵੇਲੇ ਇਨ੍ਹਾਂ ਨੂੰ ਅਕਾਲ ਤਖ਼ਤ ਤੋਂ ਡਾਂਟ ਦਿਤਾ ਗਿਆ ਹੁੰਦਾ ਤਾਂ ਉਹ ਅਪਣੇ ਆਪ ਨੂੰ ਹਰ ਤਾਕਤ ਤੋਂ ਉੱਚਾ ਸਮਝਣ ਦੀ ਗ਼ਲਤੀ ਨਾ ਕਰਦੇ।
ਇਨ੍ਹਾਂ ਨੌਜਵਾਨਾਂ ਨੇ ਅਜਨਾਲੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਢਾਲ ਬਣਾ ਕੇ ਥਾਣੇ ਵਿਚ ਅਤੇ ਸ਼੍ਰੋਮਣੀ ਕਮੇਟੀ ਨੇ ਐਸ.ਆਈ.ਟੀ. ਬਣਾ ਕੇ ਅਪਣੇ ਆਪ ਨੂੰ ਬਚਾ ਲਿਆ। ਜੇ ਸ਼੍ਰੋਮਣੀ ਕਮੇਟੀ ਜਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਜਨਾਲੇ ਦੀ ਘਟਨਾ ਤੇ ਸਹੀ ਤਰ੍ਹਾਂ ਅਪਣਾ ਬਣਦਾ ਰੋਸ ਵਿਖਾਇਆ ਹੁੰਦਾ ਤਾਂ ਅੱਜ ਇਹ ਨੌਜਵਾਨ ਜੇਲਾਂ ਵਿਚ ਨਾ ਡੱਕੇ ਹੁੰਦੇ।

ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰਨ ਅਤੇ ਇਸ ਪਾਰਟੀ ਨੂੰ ਇਕ ਪ੍ਰਵਾਰ ਦੀ ਜਾਗੀਰ ਬਣਾ ਦੇਣ ਮਗਰੋਂ, ਹਰ ਹਾਈਂ ਮਾਈਂ ਵਲੋਂ ਪੰਥ ਦੇ ਨਾਂ ਤੇ ਅੰਦੋਲਨ ਤੇ ਸੰਘਰਸ਼ ਛੇੜ ਦੇਣ ਦੀ ਜਿਹੜੀ ਪ੍ਰਵਿਰਤੀ ਸ਼ੁਰੂ ਹੋ ਗਈ ਹੈ, ਇਸ ਨੇ ਸਿੱਖਾਂ ਅਤੇ ਪੰਜਾਬ ਦਾ ਬਹੁਤ ਨੁਕਸਾਨ ਕਰ ਦਿਤਾ ਹੈ। ਸਿੱਖਾਂ ਦੀ ਕਿਸੇ ਪ੍ਰਵਾਨਤ, ਅਜ਼ਮਾਈ ਹੋਈ ਤੇ ਤਜਰਬੇਕਾਰ, ਸਿਆਸੀ ਦਾਅ ਪੇਚਾਂ ਤੋਂ ਜਾਣੂ ਜਥੇਬੰਦੀ ਨੂੰ ਪੰਥਕ ਮਸਲੇ ਚੁਕਣ ਦੀ ਆਗਿਆ ਹੋਣੀ ਚਾਹੀਦੀ ਹੈ। ਇਸ ਸਬੰਧ ਵਿਚ ਅਕਾਲ ਤਖ਼ਤ ਅਤੇ ਸ਼ੋ੍ਰੋਮਣੀ ਕਮੇਟੀ, ਬਾਦਲਾਂ ਪ੍ਰਤੀ ਵਫ਼ਾਦਾਰੀ ਨਿਭਾਉਣ ਦੀ ਚਿੰਤਾ ਵਿਚ ਗ੍ਰਸਤ ਹੋ ਕੇ, ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੇ ਹਨ ਜਿਸ ਦੇ ਨਤੀਜੇ, ਭਵਿੱਖ ਵਿਚ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਸਕਦੇ ਹਨ।                           

-ਨਿਮਰਤ ਕੌਰ