ਵੀਰਾਂਗਣਾਂ ਦੀ ਧਰਤੀ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ’ਚ ਸਾਰੇ ਦੇਸ਼ ਨਾਲੋਂ ਵੱਧ ਉਹ ਜੰਗੀ ਵਿਧਵਾਵਾਂ ਹਨ ਜਿਨ੍ਹਾਂ ਦੇ ਸੈਨਿਕ ਪਤੀ ਦੇਸ਼ ਦੀ ਆਨ-ਸ਼ਾਨ ਲਈ ਜਾਨਾਂ ਵਾਰ ਗਏ

photo

 

ਪੰਜਾਬ ਦੀ ਅਬਾਦੀ ਬੇਸ਼ੱਕ ਸਾਰੇ ਭਾਰਤ ਦੀ 2.3% ਹੀ ਹੈ ਪਰ ਕੁਰਬਾਨੀਆਂ ਦੇ ਮਾਮਲੇ ’ਚ ਪੰਜਾਬ ਸਾਰੇ ਭਾਰਤ ’ਚੋਂ ਪਹਿਲੇ ਸਥਾਨ ’ਤੇ ਹੈ। ਦੇਸ਼ ਦੀ ਰਖਿਆ ਕਰਨ ਲਈ ਪੰਜਾਬ ਦੇ ਗਭਰੂਆਂ ਨੇ ਜੋ ਲਹੂ ਵੀਟਿਆ, ਉਹ ਦੇਸ਼ ਪ੍ਰਤੀ ਵਫ਼ਾਦਾਰੀ ਦਾ ਜਿਉਂਦਾ-ਜਾਗਦਾ ਸਬੂਤ ਹੈ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਹਰ ਹਕੂਮਤ ਨਾਲ ਸਿਰ ਵਢਵੀਂ ਟੱਕਰ ਲਈ ਹੈ ਤੇ ਸਿਰ ਨਿਛਾਵਰ ਕਰ ਕੇ ਆਜ਼ਾਦੀ ਨੂੰ ਸੁਰੱਖਿਅਤ ਰੱਖਣ ’ਚ ਅਹਿਮ ਭੂਮਿਕਾ ਨਿਭਾਈ।

ਇਸ ਵੇਲੇ ਪੰਜਾਬ ’ਚ ਸਾਰੇ ਦੇਸ਼ ਨਾਲੋਂ ਵੱਧ ਉਹ ਜੰਗੀ ਵਿਧਵਾਵਾਂ ਹਨ ਜਿਨ੍ਹਾਂ ਦੇ ਸੈਨਿਕ ਪਤੀ ਦੇਸ਼ ਦੀ ਆਨ-ਸ਼ਾਨ ਲਈ ਜਾਨਾਂ ਵਾਰ ਗਏ। ਪੰਜਾਬ ’ਚ ਸ਼ਹੀਦ ਸੈਨਿਕਾਂ ਦੀਆਂ ਵੀਰਾਂਗਣ ਬੀਬੀਆਂ ਦੀ ਗਿਣਤੀ 2132 ਹੈ। ਉਪ੍ਰੋਕਤ ਤੱਥ ਰਾਜ ਸਭਾ ਮੈਂਬਰ ਮੁਕੁਲ ਬਾਲ ਕਿ੍ਰਸ਼ਨਾ ਵਾਸਨਾਇਕ ਵਲੋਂ ਪੁੱਛੇ ਸਵਾਲ ਦੌਰਾਨ ਰਖਿਆ ਮੰਤਰਾਲੇ ਵਲੋਂ ਰਾਜ ਸਭਾ ’ਚ ਪੇਸ਼ ਕੀਤੀ ਸੂਚਨਾ ਦੌਰਾਨ ਸਾਹਮਣੇ ਆਏ ਹਨ। ਸੂਚਨਾ ਮੁਤਾਬਕ ਉੱਤਰ ਪ੍ਰਦੇਸ਼ ਦੀ ਅਬਾਦੀ ਸਾਰੇ ਭਾਰਤ ਦੀ 17% ਹੈ ਪਰ ਉੱਥੇ ਵੀਰਾਂਗਣਾਂ ਦੀ ਗਿਣਤੀ 1805 ਹੈ, ਹਰਿਆਣਾ ’ਚ 1566 ਜੰਗੀ ਵਿਧਵਾਵਾਂ ਹਨ ਤੇ ਉੱਤਰਾਖੰਡ ’ਚ 1407 ਜੰਗੀ ਵਿਧਵਾਵਾਂ ਹਨ।

ਇਸ ਤਰ੍ਹਾਂ ਦੇਸ਼ ਲਈ ਦਿਤੀਆਂ ਸ਼ਹੀਦੀਆਂ ਮੁਤਾਬਕ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਂਦੇ ਹਨ। ਇਸ ਤੋਂ ਇਲਾਵਾ ਦੂਸਰੇ ਛੋਟੇ ਸੂਬੇ ਯੂਟੀ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਕ੍ਰਮਵਾਰ 1706 ਤੇ 1218 ਜੰਗੀ ਵਿਧਵਾਵਾਂ (ਵੀਰਾਂਗਣਾਂ) ਹਨ। ਇਸ ਵੇਲੇ ਸਮੁੱਚੇ ਦੇਸ਼ ’ਚ 14467 ਵੀਰਾਂਗਣਾਂ ਹਨ। ਰਖਿਆ ਮੰਤਰਾਲੇ ਵਲੋਂ ਉਪ੍ਰੋਕਤ ਤੱਥ ਇਸੇ ਸਾਲ 27 ਮਾਰਚ ਨੂੰ ਪੇਸ਼ ਕੀਤੇ ਗਏ ਤੇ ਇਹ ਵੇਰਵਾ 31 ਜਨਵਰੀ 2023 ਤਕ ਦਾ ਹੈ। ਅਜਿਹੇ ਤੱਥ ਨਵੰਬਰ 2019 ’ਚ ਵੀ ਪੇਸ਼ ਕੀਤੇ ਗਏ ਸਨ ਤੇ ਇਹ ਗੱਲ ਸਾਹਮਣੇ ਆਈ ਕਿ ਹਥਿਆਰਬੰਦ ਫੋਰਸਾਂ ’ਚ 11.54 ਫ਼ੀ ਸਦੀ ਗਿਣਤੀ ਪੰਜਾਬੀਆਂ ਦੀ ਹੈ।

ਭਾਰਤੀ ਫ਼ੌਜ ’ਚ ਪੰਜਾਬ ਦੇ 89893 ਜਵਾਨ ਜੇ.ਸੀ.ਓ. ਹਨ। ਪੰਜਾਬ ਨੂੰ ਹਥਿਆਰਬੰਦ ਫੋਰਸਾਂ ਦੇ ਜਵਾਨ ਪੈਦਾ ਕਰਨ ਵਾਲੀ ਨਰਸਰੀ ਵਜੋਂ ਜਾਣਿਆ ਜਾਂਦੈ ਤੇ ਇਹ ਸਪੱਸ਼ਟ ਹੈ ਕਿ ਦੇਸ਼ ਬਦਲੇ ਸਿਰਾਂ ਦੀ ਕੁਰਬਾਨੀ ਦੇਣ ਦੇ ਮਾਮਲੇ ’ਚ ਪੰਜਾਬ ਭਾਰਤ ’ਚੋਂ ਪਹਿਲੇ ਦਰਜੇ ਦਾ ਸੂਬਾ ਹੈ। ਪੰਜਾਬ ’ਚ 4 ਲੱਖ ਦੇ ਕਰੀਬ ਸੇਵਾ ਮੁਕਤ ਫ਼ੌਜੀ ਹਨ ਤੇ ਜੰਗੀ ਵਿਧਵਾਵਾਂ ਦੀ ਗਿਣਤੀ ਵਖਰੀ ਹੈ।

ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਦੀ ਆਨ-ਸ਼ਾਨ ਲਈ ਸਭ ਤੋਂ ਵੱਧ ਪੰਜਾਬੀਆਂ ਦੀ ਹਿੱਕ ਹੀ ਛਲਣੀ ਹੋਈ ਹੈ। ਕਵੀ ਵਰਗ ਵਰਗ ਨੇ ਐਵੇਂ ਨਹੀਂ ਕਿਹਾ ਕਿ ਭਾਰਤ ਦੀ ਮੁੰਦਰੀ ’ਚ ਪੰਜਾਬ ਸੁੱਚਾ ਨਗ ਹੈ। ਇਹ ਨਗ ਪੰਜਾਬੀ ਕੌਮ ਦਾ ਦੇਸ਼ ਲਈ ਵਹਾਇਆ ਲਹੂ ਹੈ। ਐਵੇਂ ਨਹੀਂ ਕਿਹਾ ਜਾਂਦਾ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’’ 
- ਲਖਵਿੰਦਰ ਸਿੰਘ ‘ਮੌੜ’ ਟੀਚਰ ਕਾਲੋਨੀ, 
ਮੌੜ ਮੰਡੀ (ਬਠਿੰਡਾ) ਮੋਬਾ : 9417752063