ਆਜ਼ਾਦੀ ਲਈ 70 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਰਾਬਰੀ ਵਾਲਾ ਸਲੂਕ ਕਦੋਂ ਹੋਵੇਗਾ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਦੇ ਪਾਣੀਆਂ ਉਤੋਂ ਪੰਜਾਬ ਦਾ ਹੱਕ ਖੋਹ ਲੈਣਾ, ਸਿੱਖ ਕੌਮ ਦੇ ਘਰ ਨੂੰ ਤਬਾਹੀ ਵਲ ਲਿਜਾਣਾ ਹੈ।

When will Sikhs who sacrificed 80 percent for freedom be treated equally?

 

ਅੱਜ ਦੇ ਦਿਨ ਨੂੰ ਸਾਰਾ ਭਾਰਤ ਅਪਣੀ ਲੋਕਤੰਤਰਿਕ ਹੋਂਦ ਦੀ ਸ਼ੁਰੂਆਤ ਵਜੋਂ ਮਨਾਉਂਦਾ ਹੈ ਜਿਸ ਵਿਚ ਲੋਕ ਅਪਣੀ ਸਰਕਾਰ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਐਸੀ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਦਿੰਦੇ ਹਨ ਜਿਸ ਵਿਚ ਉਹ ਭਾਰਤ ਨੂੰ ਇਕ ਆਜ਼ਾਦ, ਸਮਾਜਕ, ਧਰਮ-ਨਿਰਪੱਖ ਢਾਂਚੇ ਵਿਚ ਚਲਾਉਂਦੀ ਹੋਈ ਹਰ ਨਾਗਰਿਕ ਲਈ ਨਿਆਂ, ਆਜ਼ਾਦੀ, ਬਰਾਬਰੀ ਤੇ ਭਾਈਚਾਰਕ ਸਾਂਝ  ਯਕੀਨੀ ਬਣਾ ਸਕੇ। ਪਰ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ ਦੋ ਸਿੱਖ ਪ੍ਰਤੀਨਿਧਾਂ ਨੇ ਸੰਵਿਧਾਨ ਵਿਚ ਸਿੱਖਾਂ ਨਾਲ ਕੀਤੇ ਵਾਅਦੇ ਦਰਜ ਕਰਨ ਦੀ ਮੰਗ ਕੀਤੀ ਜੋ ਕਿ ਪ੍ਰਵਾਨ ਨਾ ਕੀਤੀ ਗਈ ਤੇ ਰੋਸ ਵਜੋਂ ਦੋਹਾਂ ਸਿੱਖ ਪ੍ਰਤੀਨਿਧਾਂ ਨੇ ਸੰਵਿਧਾਨ ਤੇ ਦਸਤਖ਼ਤ ਕਰਨੋਂ ਨਾਂਹ ਕਰ ਦਿਤੀ।

ਉਨ੍ਹਾਂ ’ਚੋਂ ਇਕ ਸਨ ਸਪੋਕਸਮੈਨ ਦਿੱਲੀ ਦੇ ਬਾਨੀ, ਸ. ਹੁਕਮ ਸਿੰਘ ਜੋ ਪਾਰਲੀਮੈਂਟ ਦੇ ਸਪੀਕਰ ਵੀ ਬਣੇ। ਉਨ੍ਹਾਂ ਮੁਤਾਬਕ ਸੰਵਿਧਾਨ ਸਿੱਖ ਕੌਮ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਦਸਤਾਵੇਜ਼ ਨਾ ਬਣ ਸਕਿਆ ਤੇ ਉਨ੍ਹਾਂ ਨੇ ਦਸਤਖ਼ਤ ਨਾ ਕਰ ਕੇ ਇਹ ਦਰਜ ਕਰਵਾਇਆ ਕਿ ‘‘ਸਿੱਖਾਂ ਦੀ ਇਸ ਸੰਵਿਧਾਨ ਨਾਲ ਸਹਿਮਤੀ ਨਹੀਂ, ਇਸ ਬਾਰੇ ਕੋਈ ਗ਼ਲਤ-ਫ਼ਹਿਮੀ ਨਹੀਂ ਰਹਿ ਜਾਣੀ ਚਾਹੀਦੀ। ਇਸ ਸੰਵਿਧਾਨ ਵਿਚ ਏਨੀਆਂ ਚੋਰ-ਮੋਰੀਆਂ ਛੱਡ ਦਿਤੀਆਂ ਗਈਆਂ ਹਨ ਕਿ ਇਹ ਇਕ ਫ਼ਾਸ਼ੀਵਾਦੀ ਰਾਜ ਬਣ ਸਕਦਾ ਹੈ।’’

ਸਿੱਖ ਆਗੂ ਮਾ. ਤਾਰਾ ਸਿੰਘ ਨੇ 1953 ਵਿਚ ਰਾਸ਼ਟਰੀ ਸਿੱਖ ਕਾਨਫ਼ਰੰਸ ’ਚ ਆਖਿਆ ਕਿ ‘‘ਅੰਗਰੇਜ਼ ਚਲਾ ਗਿਆ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ, ਬਸ ਮਾਲਕ ਬਦਲ ਗਏ ਹਨ। ਲੋਕਤੰਤਰ, ਧਰਮ ਨਿਰਪੱਖਤਾ, ਸਿੱਖ ਪੰਥ ਦੀ ਆਜ਼ਾਦੀ ਤੇ ਧਰਮ ਨੂੰ ਕੁਚਲਿਆ ਜਾ ਰਿਹਾ ਹੈ।’’ ਉਨ੍ਹਾਂ ਦੇ ਕਹੇ ਸ਼ਬਦ ਅੱਜ ਵੀ ਸਹੀ ਸਾਬਤ ਹੋ ਰਹੇ ਹਨ ਪਰ ਇਕਦਮ ਨਿਰਾਸ਼ ਹੋਣ ਤੋਂ ਪਹਿਲਾਂ ਯਾਦ ਰਖਣਾ ਕਿ ਅਪਣੀ ਮਾਯੂਸੀ ਦੇ ਆਲਮ ਵਿਚ ਵੀ ਉਨ੍ਹਾਂ ਨੇ ਹਾਰ ਨਹੀਂ ਸੀ ਮੰਨੀ ਤੇ ਇਸੇ ਸਿਸਟਮ ਵਿਚ ਰਹਿ ਕੇ ਹੱਕਾਂ ਅਧਿਕਾਰਾਂ ਦੀ ਆਵਾਜ਼ ਚੁੱਕਣ ਦਾ ਕੰਮ ਕਰਦੇ ਰਹੇ। ਉਹ ਮਾਯੂਸ ਤੇ ਵੱਖ ਹੋਣ ਦੀ ਗੱਲ ਕਿਉਂ ਕਰਦੇ? ਉਹ ਤਾਂ ਆਪ ਆਜ਼ਾਦੀ ਦੀ ਲੜਾਈ ਦਾ ਹਿੱਸਾ ਸਨ। ਸ. ਹੁਕਮ ਸਿੰਘ ਦੇ ਪਿੰਡ ਵਿਚ ਜਦ ਵੰਡ ਦੇ ਵਕਤ ਦੰਗੇ ਸ਼ੁਰੂ ਹੋ ਗਏ ਤਾਂ ਉਹ ਲੋਕਾਂ ਨੂੰ ਬਚਾਉਣ ਵਿਚ ਲੱਗ ਗਏ। ਉਨ੍ਹਾਂ ਆਪ ਕੁਰਬਾਨੀਆਂ ਦਿਤੀਆਂ ਤੇ ਉਹ ਇਸ ਦੇਸ਼ ਉਤੇ ਅਪਣਾ ਹੱਕ ਮੰਨਦੇ ਸਨ ਕਿਉਂਕਿ ਜੇ ਉਸ ਸਮੇਂ ਸਿੱਖ ਕਾਂਗਰਸ ਨਾਲ ਨਾ ਹੁੰਦੇ ਤਾਂ ਸ਼ਾਇਦ ਆਜ਼ਾਦੀ ਵੀ ਨਾ ਮਿਲਦੀ ਤੇ ਜੇ ਮਿਲਦੀ ਵੀ ਤਾਂ ਆਸਟੇ੍ਰਲੀਆ ਵਰਗੀ ਮਿਲਦੀ ਜੋ ਅੱਜ ਵੀ ਬ੍ਰਿਟਿਸ਼ ਰਾਜ ਅਧੀਨ ਹੈ।

ਇਸ ਸੰਪੂਰਨ ਆਜ਼ਾਦੀ ਵਾਸਤੇ ਬੜੀਆਂ ਕੁਰਬਾਨੀਆਂ ਦੀ ਲੋੜ ਸੀ (71 ਫ਼ੀ ਸਦੀ ਫਾਂਸੀਆਂ, 81 ਫ਼ੀ ਸਦੀ ਕਾਲਾ ਪਾਣੀ, 61 ਫ਼ੀ ਸਦੀ ਜਲਿਆਂਵਾਲਾ ਬਾਗ਼ ਦੇ ਸ਼ਹੀਦ, 59 ਫ਼ੀ ਸਦੀ ਬਜ-ਬਜ ਘਾਟ ਕਲਕੱਤਾ, ਕੂਕਾ ਮੂਵਮੈਂਟ 100 ਫ਼ੀ ਸਦੀ, ਅਕਾਲੀ ਲਹਿਰ 100 ਫ਼ੀ ਸਦੀ। ਆਜ਼ਾਦੀ ਵਾਸਤੇ ਸੱਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਦਿਤੀਆਂ) ਗਿਣਤੀ ਵਜੋਂ 1.9 ਫ਼ੀ ਸਦੀ ਹੋਣ ਵਾਲੀ ਕੌਮ ਨੇ 70 ਫ਼ੀ ਸਦੀ ਸ਼ਹਾਦਤਾਂ ਖ਼ੁਸ਼ੀ-ਖ਼ੁਸ਼ੀ ਦਿਤੀਆਂ ਕਿਉਂਕਿ ਇਹ ਦੇਸ਼ ਸਿੱਖਾਂ ਦਾ ਵੀ ਹੈ।
ਪਰ ਜਿਵੇਂ ਸ. ਹੁਕਮ ਸਿੰਘ ਤੇ ਮਾ. ਤਾਰਾ ਸਿੰਘ ਨੇ ਆਖਿਆ ਕਿ ਸਿੱਖਾਂ ਨਾਲ ਵਾਰ-ਵਾਰ ਨਾਇਨਸਾਫ਼ੀ ਹੋਈ ਹੈ, ਅੱਜ ਵੀ ਕੇਂਦਰ ਵਾਰ-ਵਾਰ ਜਤਾਉਂਦਾ ਹੈ ਕਿ ਉਹ ਸਿੱਖਾਂ ਦੇ ਨਾਲ ਹੈ ਪਰ ਪਿਛਲੇ 8 ਸਾਲਾਂ ਤੋਂ ਲਗਾਤਾਰ ਉਹ ਪ੍ਰੋ. ਭੁੱਲਰ ਨੂੰ ਜੇਲ ਤੋਂ ਰਿਹਾਅ ਕਰਨ ਤੋਂ ਨਾਂਹ ਕਹਿੰਦਾ ਆ ਰਿਹਾ ਹੈ। ਸਜ਼ਾ ਪੂਰੀ ਨਹੀਂ ਬਲਕਿ ਦੁਗਣੀ ਪੂਰੀ ਕਰਨ ਤੋਂ ਬਾਅਦ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਰਨ ਤੋਂ  ਮੂੰਹ ਫੇਰ ਲਿਆ ਜਾਂਦਾ ਹੈ।

ਪੰਜਾਬ ਦੇ ਪਾਣੀਆਂ ਉਤੋਂ ਪੰਜਾਬ ਦਾ ਹੱਕ ਖੋਹ ਲੈਣਾ, ਸਿੱਖ ਕੌਮ ਦੇ ਘਰ ਨੂੰ ਤਬਾਹੀ ਵਲ ਲਿਜਾਣਾ ਹੈ। ਅੱਜ ਜਦ ਇਕ ਆਮ ਸਿੱਖ ਅਪਣੇ ਹੱਕਾਂ ਤੋਂ ਵਾਂਝਾ ਹੋ ਰਿਹਾ ਹੈ, ਕੁੱਝ ਅਮੀਰ-ਤਾਕਤਵਰ ਸਿੱਖਾਂ ਨੂੰ ਨਾਲ ਖੜਾ ਕਰਨ ਦਾ ਮਤਲਬ ਉਹੀ ਹੈ ਜੋ ਮਾ. ਤਾਰਾ ਸਿੰਘ ਨੇ ਆਖਿਆ ਸੀ, ‘‘ਲੋਕਤੰਤਰ ਦੀ ਆੜ ਵਿਚ.....।’’

ਸਿੱਖ ਕੌਮ ਦੇ ਸੱਭ ਤੋਂ ਵੱਡੇ ਦੁਸ਼ਮਣ ਸਾਬਤ ਹੋਏ ਸਿੱਖ ਆਗੂ ਜੋ ਪੰਜਾਬੀ ਸੂਬਾ ਬਣਨ ਉਪ੍ਰੰਤ ਸੱਤਾ ਵਿਚ ਆ ਗਏ ਤੇ ਜੋ ਸਿਰਫ਼ ਅਪਣੇ ਨਿਜੀ ਲਾਲਚਾਂ ਅਤੇ ਗ਼ਰਜ਼ਾਂ ਪੂਰੀਆਂ ਕਰਨ ਖ਼ਾਤਰ ਪੰਜਾਬ ਦੇ ਸਿੱਖਾਂ ਦੇ ਹੱਕਾਂ ਨੂੰ ਕੇਂਦਰ ਅੱਗੇ ਵੇਚਦੇ ਰਹੇ। ਪਰ ਜੇ ਪ੍ਰੇਰਿਤ ਹੋਣਾ ਹੈ ਤਾਂ ਉਨ੍ਹਾਂ ਤੋਂ ਹੀ ਹੋਣਾ ਜਿਨ੍ਹਾਂ ਨੇ ਹਾਰ ਨਾ ਮੰਨੀ ਤੇ ਉੱਚੇ ਅਹੁਦਿਆਂ ’ਤੇ ਬੈਠ ਕੇ ਵੀ ਪੰਜਾਬ ਦੇ ਹੱਕਾਂ ਲਈ ਲੜਾਈ ਲੜਦੇ ਰਹੇ। ਦੇਸ਼ ਸਿੱਖਾਂ ਦਾ ਹੈ ਤੇ ਰਹੇਗਾ ਪਰ ਅਪਣੇ ਆਗੂ ਬਦਲਣ ਦੀ ਲੋੜ ਹੈ।
- ਨਿਮਰਤ ਕੌਰ