ਸਤਿਕਾਰ ਯੋਗ ਬਾਦਲੋ! ਲੜਾਈ ਲੜਨ ਲਈ ਇਕੋ ਇਕ ਹਥਿਆਰ ਝੂਠ, ਝੂਠ ਤੇ ਝੂਠ ਹੀ ਤੁਹਾਡੇ ਕੋਲ ਹੁੰਦਾ ਹੈ?
ਇਸ ‘ਸਚੁ ਸੁਣਾਇਸੀ ਸਚੁ ਕੀ ਬੇਲਾ’ ਦਾ ਮਹਾਂਵਾਕ ਮੱਥੇ ਤੇ ਲਿਖ ਕੇ ਰੋਜ਼ ਦਾ ਕੰਮ ਸ਼ੁਰੂ ਕਰਨ ਵਾਲੀ ਅਖ਼ਬਾਰ ਅਤੇ ਡਿਜੀਟਲ ਚੈਨਲ ਤੋਂ ਘਬਰਾ ਕਿਉਂ ਰਹੇ ਹਨ?
ਜਦੋਂ ਸਪੋਕਸਮੈਨ ਨੇ ਮੁੱਖ ਮੰਤਰੀ ਪੰਜਾਬ ਦੀ ਗੁਰਬਾਣੀ ਪ੍ਰਸਾਰਣ ਦੀ ਮੰਗ ਨੂੰ ਸਮਰਥਨ ਦਿਤਾ ਤਾਂ ਸਪੋਕਸਮੈਨ ਵਿਰੁਧ ਨਾ ਸਿਰਫ਼ ਹਮੇਸ਼ਾ ਵਾਂਗ ਸੋਸ਼ਲ ਮੀਡੀਆ ਤੇ ਭੱਦੀ ਸ਼ਬਦਾਵਲੀ ਵਰਤੀ ਗਈ ਬਲਕਿ ਇਸ ਵਾਰ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਵੀ ਮੰਚ ’ਤੇ ਖੜੇ ਹੋ ਕੇ ਝੂਠੇ ਇਲਜ਼ਾਮ ਲਗਾ ਦਿਤੇ ਹਨ ਕਿ ਸਪੋਕਸਮੈਨ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਰਥਨ ਇਸ ਕਰ ਕੇ ਕਰ ਰਿਹਾ ਹੈ ਕਿਉਂਕਿ ਸਰਕਾਰ ਸਪੋਕਸਮੈਨ ਨੂੰ 25 ਕਰੋੜ ਹਰ ਸਾਲ ਦੇਂਦੀ ਹੈ। ਪਹਿਲੀ ਗੱਲ ਤਾਂ ਇਹ ਕਿ ਸਪੋਕਸਮੈਨ ਅਤੇ ਲੱਖਾਂ ਪੰਜਾਬੀਆਂ ਨੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੇ ਬਾਦਲ ਪ੍ਰਵਾਰ ਦੇ ਚੈਨਲ ਦੇ ਏਕਾਧਿਕਾਰ ਬਾਰੇ ਅੱਜ ਨਹੀਂ ਬਲਕਿ ਸਾਲਾਂ ਤੋਂ ਸਵਾਲ ਚੁਕਿਆ ਹੋਇਆ ਹੈ। ਸਾਨੂੰ ਫ਼ਖ਼ਰ ਹੈ ਕਿ ਅਸੀ ਇਸ ਮੰਗ ਨੂੰ ਲੋਕਾਂ ਦੇ ਮਨਾਂ ਅੰਦਰ ਬਿਠਾਇਆ ਤੇ ਲੋਕਾਈ ਨੇ ਸਾਡੇ ਵਲੋਂ ਚੁੱਕੀ ਗਈ ਮੰਗ ਨੂੰ ਅਪਣੀ ਬਣਾ ਲਿਆ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਸਿੱਖਾਂ ਦੇ ਦਿਲਾਂ ਦੀ ਆਵਾਜ਼ ਨੂੰ ਸੁਣ ਕੇ ਇਸ ਏਕਾਧਿਕਾਰ ਬਾਰੇ ਸਵਾਲ ਚੁੱਕਣ ਦਾ ਸਾਹਸ ਕੀਤਾ ਹੈ। ਸੋ ਸਾਡੇ ਵਲੋਂ ਸਮਰਥਨ ਮੁੱਖ ਮੰਤਰੀ ਨੂੰ ਨਹੀਂ ਦਿਤਾ ਜਾ ਰਿਹਾ ਸਗੋਂ ਮੁੱਖ ਮੰਤਰੀ ਸਾਡੀ ਗੱਲ ਮਨ ਕੇ ਗੁਰਬਾਣੀ ਪ੍ਰਸਾਰਣ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਲੋਕਾਂ ਤਕ ਮੁਫ਼ਤ ਪਹੁੰਚਾਉਣਾ ਚਾਹੁੰਦੇ ਹਨ ਜਿਸ ਨਾਲ ਬਾਦਲ ਪ੍ਰਵਾਰ ਦਾ ਮਾਲੀ ਨੁਕਸਾਨ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਤਲਾਕ ਤੋਂ ਬਾਅਦ ਮਿਲੀਆਂ ਠੋਕਰਾਂ ਨੇ ਇਰਾਦੇ ਕੀਤੇ ਪੱਕੇ
ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਉਨ੍ਹਾਂ ਲਈ ਝੂਠ ਬੋਲਣਾ ਮਨ੍ਹਾਂ ਹੈ। ਪਰ ਸਾਡੀ ਚੁਨੌਤੀ ਹੈ ਕਿ ਇਹ ਸਾਬਤ ਕਰ ਵਿਖਾਣ ਕਿ ਸਪੋਕਸਮੈਨ ਨੂੰ 25 ਕਰੋੜ ਜਾਂ ਇਸ ਦਾ 100ਵਾਂ ਹਿੱਸਾ ਵੀ ਇਸ ਸਰਕਾਰ ਤੋਂ ਮਿਲਿਆ ਹੈ, ਨਹੀਂ ਤਾਂ ਝੂਠ ਬੋਲਣ ਅਤੇ ਕੌਮ ਨੂੰ ਗੁਮਰਾਹ ਕਰਨ ਵਾਸਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਨੂੰ ਸੱਦ ਕੇ ਤਨਖ਼ਾਹ ਲਗਾਈ ਜਾਵੇ। ਜੇ ਇਨ੍ਹਾਂ ਉੱਚ ਅਹੁਦਿਆਂ ’ਤੇ ਬੈਠਣ ਵਾਲੇ ਲੋਕ ਸੌ ਫ਼ੀ ਸਦੀ ਝੂਠੇ ਇਲਜ਼ਾਮ ਅਪਣੇ ਆਲੋਚਕ ਪੰਥਕ ਮੀਡੀਆ ਉਤੇ ਲਗਾਉਂਦਿਆਂ ਸ਼ਰਮ ਨਹੀਂ ਕਰਦੇ ਤਾਂ ਫਿਰ ਇਹ ਲੋਕ ਇਨ੍ਹਾਂ ਅਹੁਦਿਆਂ ਨਾਲ ਚਿੰਬੜਨ ਦੇ ਹੱਕਦਾਰ ਵੀ ਨਹੀਂ ਹਨ।
ਇਨ੍ਹਾਂ ਵਲੋਂ 25 ਕਰੋੜ ਦਾ ਇਲਜ਼ਾਮ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਇਨ੍ਹਾਂ ਨੂੰ ਸੌਦੇਬਾਜ਼ੀ ਹੀ ਸਮਝ ਆਉਂਦੀ ਹੈ, ਕੁਰਬਾਨੀ ਲਫ਼ਜ਼ ਦਾ ਇਨ੍ਹਾਂ ਸਾਹਮਣੇ ਕੋਈ ਮੁਲ ਨਹੀਂ। ਪਰ ਇਹ ਭੁੱਲੇ ਨਹੀਂ ਹੋਣਗੇ ਕਿ ਸਪੋਕਸਮੈਨ ਨੇ ਅਕਾਲੀਆਂ ਦੀ 100 ਕਰੋੜ ਦੀ ਪੇਸ਼ਕਸ਼ ਠੁਕਰਾਉਂਦਿਆਂ ਇਕ ਪਲ ਨਹੀਂ ਸੀ ਲਾਇਆ ਤਾਂ 25 ਕਰੋੜ ਨੂੰ ਇਹ ਕੀ ਸਮਝਦਾ ਹੈ? ਹਾਂ, ਇਨ੍ਹਾਂ ਨੇ ਅਪਣੇ ਚਮਚਿਆਂ ਨੂੰ ਸ਼ਾਇਦ ਇਸੇ ਕੀਮਤ ’ਤੇ ਸਾਲਾਨਾ ਵਿਕਦੇ ਵੇਖਿਆ ਹੈ ਤੇ ਅਪਣੇ ਤਜਰਬੇ ਦੇ ਆਧਾਰ ਤੇ ਇਨ੍ਹਾਂ ਨੂੰ ਹਰ ਕੋਈ ਉਨ੍ਹਾਂ ਵਰਗਾ ਹੀ ਲਗਦਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਪੋਕਸਮੈਨ ਦੇ ਸੰਚਾਲਕ ਉਹ ਲੋਕ ਹਨ ਜੋ 50 ਸਾਲ ਤੋਂ ਚੰਡੀਗੜ੍ਹ ਵਿਚ ਅਖ਼ਬਾਰੀ ਦੁਨੀਆਂ ਵਿਚ ਵਿਚਰ ਰਹੇ ਹਨ ਪਰ ਇਕ ਇੰਚ ਜ਼ਮੀਨ ਜਾਇਦਾਦ ਵੀ ਉਨ੍ਹਾਂ ਨੇ 50 ਸਾਲਾਂ ਵਿਚ ਨਹੀਂ ਬਣਾਈ ਤੇ ਸ਼ੁਰੂ ਤੋਂ ਅੱਜ ਤਕ ਕਿਰਾਏ ਦੇ ਮਕਾਨਾਂ ਵਿਚ ਰਹਿ ਕੇ ਵੀ ਖ਼ੁਸ਼ ਹਨ ਤੇ ਜੋ ਕਮਾਇਆ ਵੀ, ਉਹ ਪੰਥਕ ਕਾਰਜਾਂ ਵਾਸਤੇ ਹੱਸ ਕੇ ਦੇ ਦਿਤਾ ਪਰ ਅਪਣੀਆਂ ਦੋ ਬੇਟੀਆਂ ਦੀ ਸ਼ਾਦੀ ਵੀ ਬਿਨਾ ਕਾਰਡ, ਬਿਨਾਂ ਦਾਜ, ਬਿਨਾ ਬੈਂਡ ਵਾਜੇ, 5 ਬੰਦਿਆਂ ਨਾਲ ਗੁਰਦਵਾਰੇ ਵਿਚ ਜਾ ਕੇ ਕਰਵਾ ਦਿਤੀ। ਅਜਿਹੇ ਕੁਰਬਾਨੀ ਵਾਲੇ ਲੋਕਾਂ ਉਤੇ ਮਹਾਂ ਝੂਠੇ ਦੋਸ਼ ਲਾਉਣ ਵਾਲਿਆਂ ਨੂੰ ਕੁੱਝ ਤਾਂ ਸ਼ਰਮ ਕਰਨੀ ਚਾਹੀਦੀ ਹੈ ਤੇ ਤੁਰਤ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਸਰਕਾਰ ਦੀ ਸਪੋਕਸਮੈਨ ਪ੍ਰਤੀ ਨੀਤੀ ਵੇਖਣੀ ਹੋਵੇ ਤਾਂ ਪੁਛ ਕੇ ਵੇਖ ਸਕਦੇ ਹੋ ਕਿ ਇਹ ਸਰਕਾਰ ਦੂਜੇ ਕਿਸੇ ਵੀ ਅਖ਼ਬਾਰ ਦੇ ਮੁਕਾਬਲੇ ਸਪੋਕਸਮੈਨ ਨੂੰ ਥੋੜ੍ਹੀ ਰਕਮ ਦੇ ਇਸ਼ਤਿਹਾਰ ਦੇ ਰਹੀ ਹੈ ਜੋ ਸਾਲ ਦੇ ਦੋ ਮਹੀਨਿਆਂ ਦੇ ਖ਼ਰਚੇ ਲਈ ਵੀ ਕਾਫ਼ੀ ਨਹੀਂ ਹੁੰਦੀ। ਕਈ ਸਾਲਾਂ ਮਗਰੋਂ ਅਖ਼ਬਾਰ ਫਿਰ ਘਾਟੇ ਵਿਚ ਚਲ ਰਹੀ ਹੈ ਤੇ ਸਰਕਾਰ ਨੇ ਕੋਈ ਹਮਦਰਦੀ ਨਹੀਂ ਵਿਖਾਈ।
ਇਹ ਖ਼ਬਰ ਵੀ ਪੜ੍ਹੋ : ਮਾਈਨਿੰਗ ਇੰਸਪੈਕਟਰ ਦੀ ਕਾਰਵਾਈ : ਸੀ.ਐਮ.ਫਲਾਇੰਗ, RTA ਟੀਮ ਦੀ ਰੇਕੀ ਕਰਕੇ ਮਾਈਨਿੰਗ ਮਾਫੀਆ ਨੂੰ ਦਿੰਦੇ ਸੀ ਸੂਚਨਾ, 4 ਗ੍ਰਿਫਤਾਰ
ਜਿਹੜੇ ਸਪੋਕਸਮੈਨ ਉਤੇ 25 ਕਰੋੜੀ ਇਲਜ਼ਾਮ ਲਗਾ ਰਹੇ ਹਨ, ਉਹ ਕੌਮ ਨੂੰ ਭਟਕਾ ਰਹੇ ਹਨ। ਉਹ ਇਸ ‘ਸਚੁ ਸੁਣਾਇਸੀ ਸਚੁ ਕੀ ਬੇਲਾ’ ਦਾ ਮਹਾਂਵਾਕ ਮੱਥੇ ਤੇ ਲਿਖ ਕੇ ਰੋਜ਼ ਦਾ ਕੰਮ ਸ਼ੁਰੂ ਕਰਨ ਵਾਲੀ ਅਖ਼ਬਾਰ ਅਤੇ ਡਿਜੀਟਲ ਚੈਨਲ ਤੋਂ ਘਬਰਾ ਕਿਉਂ ਰਹੇ ਹਨ? ਸ਼ਾਇਦ ਉਹ ਜਾਣਦੇ ਹਨ ਕਿ ਇਸੇ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਕਾਰਨ ਇਹ ਮਾਇਆ ਨਾਲ ਰਾਜਨੀਤੀ ਦੀ ਖੇਡ, ਖੇਡ ਰਹੇ ਹਨ ਤੇ ਜੇ ਏਕਾਧਿਕਾਰ ਖ਼ਤਮ ਹੋ ਗਿਆ ਤੇ ਸਾਰੇ ਚੈਨਲਾਂ ਦੀ ਸ਼ੁਰੂਆਤ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨਾਲ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਇਹਨਾਂ ਨੂੰ ਕੋਈ ਟਕੇ ਸੇਰ ਨਹੀਂ ਪੁੱਛੇਗਾ। ਅਫ਼ਸੋਸ ਕਿ ਮਿਹਨਤ ਨਾਲ ਚੁਨੌਤੀਆਂ ਦਾ ਮੁਕਾਬਲਾ ਕਰਨਾ ਇਹ ਸਿਖੇ ਹੀ ਨਹੀਂ ਤੇ ਬਸ ਇਹੀ ਸੋਚਦੇ ਹਨ ਕਿ ਮੁਕਾਬਲੇ ਤੇ ਖੜੇ ਹੋਣ ਵਾਲੇ ਨੂੰ ਝੂਠ ਦੇ ਹਥਿਆਰ ਨਾਲ ਮੁਕਾਬਲੇ ਤੋਂ ਹਟਾਉਣ ਦੀ ਕੋਸ਼ਿਸ਼ ਕਰੋ ਪਰ ਏਕਾਧਿਕਾਰ ਹਰ ਹਾਲ ਵਿਚ ਕਾਇਮ ਰੱਖੋ। ਕਦੇ ਮਿਹਨਤ ਤੇ ਕਿਰਤ ਦੀ ਕਮਾਈ ਕਰ ਕੇ ਵੇਖਣ ਤਦ ਹੀ ਇਨ੍ਹਾਂ ਨੂੰ ਸਮਝ ਆਵੇਗੀ ਕਿ ਅਸਲ ਸਫ਼ਲਤਾ ਕਿੰਨੀ ਮਿੱਠੀ ਹੁੰਦੀ ਹੈ ਤੇ ਉਸ ਨੂੰ ਪ੍ਰਾਪਤ ਕਰਨ ਲਈ ਕਿਵੇਂ ਹਰ ਰੋਜ਼ ਮੁੜ੍ਹਕੋ ਮੁੜ੍ਹਕੀ ਹੋਣਾ ਪੈਂਦਾ ਹੈ ਜਦਕਿ ਝੂਠ ਤੇ ਧੱਕੇ ਨਾਲ ਮਾਇਆ ਤਾਂ ਮਿਲ ਜਾਂਦੀ ਹੈ ਪਰ ਮਨ ਦੀ ਸ਼ਾਂਤੀ ਨਹੀਂ ਨਸੀਬ ਹੁੰਦੀ। ਇਕ ਵਾਰ ਸੱਚ ਦਾ ਮਿੱਠਾ ਫਲ ਚਖਣ ਤੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਵੀ ਯਤਨ ਤਾਂ ਕਰ ਵੇਖਣ। ਅਸੀ 50 ਸਾਲ ਤੋਂ ਕਿਰਾਏ ਦੇ ਮਕਾਨਾਂ ਵਿਚ ਰਹਿੰਦੇ ਆ ਰਹੇ ਹਾਂ, ਇਕ ਇੰਚ ਜਿੰਨੀ ਜਾਇਦਾਦ ਸਾਡੇ ਕੋਲ ਨਹੀਂ ਪਰ ਸੱਚ ਅਤੇ ਸ਼ਾਂਤੀ ਦੇ ਭੰਡਾਰਾਂ ਨਾਲ ਸਾਡਾ ਘਰ ਭਰਿਆ ਪਿਆ ਹੈ। - ਨਿਮਰਤ ਕੌਰ