ਪ੍ਰਗਿਆ ਠਾਕੁਰ ਦਾ ਨੱਥੂ ਰਾਮ ਗੋਡਸੇ ਅੱਜ ਵੀ ਗਾਂਧੀ ਤੋਂ ਵੱਡਾ ਹੈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪ੍ਰਗਿਆ ਠਾਕੁਰ ਅਤਿਵਾਦ ਦੇ ਦੋਸ਼ਾਂ ਦਾ ਭਾਰ ਚੁੱਕੀ ਵੀ ਸੰਸਦ ਵਿਚ ਇਕ ਵੱਡੀ ਜਿੱਤ ਨਾਲ ਪਹੁੰਚ ਗਈ ਪਰ ਜਿਸ ਨੱਥੂ ਰਾਮ ਦਾ ਨਾਂ ਲੈ ਕੇ ਉਹ ਜਿੱਤ ਕੇ ਸੰਸਦ ਵਿਚ ਬੈਠੀ ਹੈ

Pragya Thakur's Nathu Ram Godse is still bigger than Gandhi today

ਪ੍ਰਗਿਆ ਠਾਕੁਰ ਅਤਿਵਾਦ ਦੇ ਦੋਸ਼ਾਂ ਦਾ ਭਾਰ ਚੁੱਕੀ ਵੀ ਸੰਸਦ ਵਿਚ ਇਕ ਵੱਡੀ ਜਿੱਤ ਨਾਲ ਪਹੁੰਚ ਗਈ ਪਰ ਜਿਸ ਨੱਥੂ ਰਾਮ ਦਾ ਨਾਂ ਲੈ ਕੇ ਉਹ ਜਿੱਤ ਕੇ ਸੰਸਦ ਵਿਚ ਬੈਠੀ ਹੈ, ਅੱਜ ਉਸ ਦਾ ਨਾਂ ਵੀ ਨਹੀਂ ਲੈ ਸਕਦੀ। ਜੇ ਉਸ ਨੇ ਉਹ ਨਾਂ ਲੈਣ ਦਾ ਕਸੂਰ ਕੀਤਾ ਤਾਂ ਉਸ ਦੀ ਅਪਣੀ ਸਰਕਾਰ ਉਸ ਨੂੰ ਇਕ ਰਸਮੀ ਜਹੀ ਸਜ਼ਾ ਦੇਣ ਲਈ ਮਜਬੂਰ ਹੋ ਗਈ।

ਪ੍ਰਗਿਆ ਠਾਕੁਰ ਨੱਥੂ ਰਾਮ ਗੋਡਸੇ ਦੀ ਭਗਤ ਹੈ ਕਿਉਂਕਿ ਗੋਡਸੇ ਨੇ ਪਾਕਿਸਤਾਨ ਨੂੰ ਕੁੱਝ ਪੈਸਾ ਦੇਣ ਦੀ ਵਕਾਲਤ ਕਰਨ ਵਾਲੇ ਗਾਂਧੀ ਨੂੰ ਗੋਲੀ ਮਾਰ ਦਿਤੀ ਸੀ। ਸ਼ਾਇਦ ਉਸੇ ਗੋਡਸੇ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਪ੍ਰਗਿਆ ਠਾਕੁਰ ਨੇ ਬੰਬ ਧਮਾਕੇ ਦੀ ਯੋਜਨਾ ਵਿਚ ਹਿੱਸਾ ਲਿਆ। ਅਦਾਲਤ ਦਾ ਫ਼ੈਸਲਾ ਅੰਤ ਵਿਚ ਕੀ ਆਉਂਦਾ ਹੈ, ਉਹ ਤਾਂ ਬਾਅਦ ਵਿਚ ਪਤਾ ਲੱਗੇਗਾ ਪਰ ਇਹ ਗੱਲ ਤਾਂ ਸਾਫ਼ ਹੈ ਕਿ ਪ੍ਰਗਿਆ ਠਾਕੁਰ ਦੇ ਸੰਸਦ ਵਿਚ ਪਹੁੰਚਣ ਦਾ ਅਸਲ ਕਾਰਨ ਉਸ ਦੀ ਗੋਡਸੇ ਭਗਤੀ ਹੈ।

ਪ੍ਰਗਿਆ ਠਾਕੁਰ ਨੇ ਮੰਚਾਂ ਤੋਂ ਖੜੇ ਹੋ ਕੇ ਵਾਰ ਵਾਰ ਗੋਡਸੇ ਦੇ ਹੱਕ ਵਿਚ ਬੋਲਿਆ ਹੈ ਅਤੇ ਉਸ ਵਾਸਤੇ ਗੋਡਸੇ ਇਕ ਸੱਚਾ ਦੇਸ਼ਭਗਤ ਸੀ ਅਤੇ ਹੈ। ਅੱਜ ਸੰਸਦ ਵਿਚ ਅਜਿਹੇ ਲੋਕ ਬੈਠੇ ਹਨ ਜਿਨ੍ਹਾਂ ਵਾਸਤੇ ਦੇਸ਼ਭਗਤੀ ਦਾ ਮਤਲਬ ਇਕ ਧਰਮ ਨੂੰ ਮੰਨਣ ਵਾਲਿਆਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਈ ਰਖਣਾ ਹੀ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਪ੍ਰਗਿਆ ਠਾਕੁਰ ਕੋਲ ਏਨੀ ਕੂਟਨੀਤਕ ਸੂਝ ਨਹੀਂ ਕਿ ਉਹ ਬਾਕੀਆਂ ਵਾਂਗ ਗਾਂਧੀ ਨੂੰ ਅਪਣਾ ਪਿਤਾ ਵੀ ਸਵੀਕਾਰ ਕਰ ਲਵੇ ਅਤੇ ਗੋਡਸੇ ਦੇ ਪ੍ਰਸ਼ੰਸਕ ਵੀ ਬਣੀ ਰਹੇ।

ਉਹ ਤਬਕਾ ਜੋ ਪਿਠ ਪਿੱਛੇ ਗੋਡਸੇ ਨੂੰ ਦੇਸ਼ਭਗਤ ਮੰਨਦਾ ਹੈ ਅਤੇ ਸਾਹਮਣੇ ਗਾਂਧੀ ਨੂੰ, ਉਹ ਪ੍ਰਗਿਆ ਤੋਂ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਪ੍ਰਗਿਆ ਛੱਲ ਕਪਟ ਤੋਂ ਮੁਕਤ ਹੋ ਕੇ ਅਪਣੇ ਨਜ਼ਰੀਏ ਤੋਂ ਇਤਿਹਾਸ ਲਿਖਣਾ ਚਾਹੁੰਦੀ ਹੈ। ਇਤਿਹਾਸ ਨੂੰ ਮੁੜ ਤੋਂ ਲਿਖਿਆ ਜਾਣਾ ਸ਼ੁਰੂ ਹੋ ਵੀ ਚੁੱਕਾ ਹੈ। ਜਿਵੇਂ ਉੜੀਸਾ ਵਿਚ ਇਕ ਸਰਕਾਰੀ ਕਿਤਾਬ ਵਿਚ ਲਿਖਿਆ ਗਿਆ ਹੈ ਕਿ ਮਹਾਤਮਾ ਗਾਂਧੀ ਦੀ ਮੌਤ ਇਕ ਹਾਦਸੇ ਕਾਰਨ ਹੋਈ।

ਇਹ ਮੰਨਣਾ ਵੀ ਬਣਦਾ ਹੈ ਕਿ ਭਾਰਤ ਦਾ ਇਤਿਹਾਸ ਕਾਂਗਰਸ ਨੇ ਲਿਖਵਾਇਆ ਹੈ ਕਿਉਂਕਿ ਆਜ਼ਾਦੀ ਵਿਚ ਸਿਰਫ਼ ਕਾਂਗਰਸੀ ਆਗੂਆਂ ਦਾ ਹੀ ਯੋਗਦਾਨ ਲਿਖਿਆ ਮਿਲਦਾ ਹੈ। ਪਿਛਲੇ 72 ਸਾਲਾਂ ਵਿਚ ਇਤਿਹਾਸ ਦੀ ਰਚਨਾ ਕੇਵਲ ਤੇ ਕੇਵਲ ਕਾਂਗਰਸੀ ਦ੍ਰਿਸ਼ਟੀਕੋਣ ਤੋਂ ਹੋਈ ਹੈ। ਹੁਣ ਜੇ ਗੋਡਸੇ ਇਕ ਦੇਸ਼ਭਗਤ ਸੀ ਤਾਂ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵੀ ਤਾਂ ਦੇਸ਼ਭਗਤ ਹੀ ਹੋਏ।

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਵਾ ਕੇ ਜੋ ਪਾਪ ਕੀਤਾ ਸੀ, ਉਹ ਤਾਂ ਮੁਗ਼ਲਾਂ ਵਲੋਂ ਮੰਦਰ ਢਾਹੁਣ ਵਰਗਾ ਹੀ ਸੀ। ਫਿਰ ਤਾਂ ਕਾਂਗਰਸ ਦੇ ਦੌਰ ਵਿਚ ਹੋਏ ਸਿੱਖ ਕਤਲੇਆਮ ਦਾ ਸੱਚ ਵੀ ਲਿਖਿਆ ਜਾਣਾ ਚਾਹੀਦਾ ਹੈ। ਫਿਰ ਤਾਂ ਆਜ਼ਾਦ ਭਾਰਤ ਦੇ ਸਾਰੇ ਕਤਲੇਆਮਾਂ ਅਤੇ ਦੰਗਿਆਂ ਬਾਰੇ ਵੀ ਸੱਚ ਲਿਖਣ ਦੀ ਹਿੰਮਤ ਹੋਣੀ ਚਾਹੀਦੀ ਹੈ।

ਪਰ ਅੱਜ ਹਿੰਮਤ ਦੀ ਗੱਲ ਹੀ ਨਹੀਂ ਹੋ ਰਹੀ। ਅੱਜ ਤਾਂ ਛਲ-ਕਪਟ ਅਤੇ ਵਿਖਾਵਾ ਹੀ ਚਲ ਰਿਹਾ ਹੈ। ਭਾਰਤ ਦਾ ਇਤਿਹਾਸ ਸਮਝਣਾ ਅਤੇ ਦਰਸਾਉਣਾ ਆਸਾਨ ਕੰਮ ਨਹੀਂ ਹੈ। ਇਸ ਵਿਚ ਧਰਮਾਂ, ਸਭਿਆਚਾਰਾਂ, ਸੂਬਿਆਂ, ਭਾਸ਼ਾਵਾਂ ਦੀ ਸੋਚ ਦਾ ਮੇਲ ਹੈ ਪਰ ਜਿਸ ਤਰ੍ਹਾਂ ਅੱਜ ਇਸ ਨਾਲ ਪੇਸ਼ ਆਇਆ ਜਾ ਰਿਹਾ ਹੈ, ਇਕ ਦਿਨ ਇਹ ਸਾਰਾ ਕੁੱਝ ਖਿਚੜੀ ਬਣ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝ ਹੀ ਨਹੀਂ ਆਵੇਗਾ ਕਿ ਕਿਸ ਦਾ ਕਿਰਦਾਰ ਅਸਲ ਵਿਚ ਕੀ ਸੀ।

ਇਕ ਗੱਲ ਸਾਫ਼ ਤੌਰ 'ਤੇ ਸਮਝਣੀ ਪਵੇਗੀ ਕਿ ਸਾਡਾ ਕਲ ਰਚਣ ਵਾਲੇ ਇਨਸਾਨ ਹੀ ਸਨ ਜਿਨ੍ਹਾਂ ਨੇ ਗ਼ਲਤੀਆਂ ਵੀ ਕੀਤੀਆਂ ਅਤੇ ਚੰਗੇ ਕੰਮ ਵੀ ਅਤੇ ਉਹ ਸਿਰਫ਼ ਸਿਆਸੀ ਆਗੂ ਸਨ ਨਾਕਿ ਦੇਵਤਾ ਲੋਕ। ਦੂਜੇ ਪਾਸੇ ਹਥਿਆਰ ਚੁੱਕਣ ਵਾਲੇ ਕਿਤੇ ਨਫ਼ਰਤ ਕਰਨ ਵਾਲੇ ਵੀ ਸਨ, ਕਿਤੇ ਦੁਖੀ ਹੋ ਕੇ ਹਥਿਆਰ ਚੁੱਕਣ ਵਾਲੇ ਅਤੇ ਬੇਵੱਸ ਲੋਕ ਵੀ ਸਨ। ਹੁਣ ਕੌਣ ਕਿਸ ਗੱਲ ਕਰ ਕੇ ਹਥਿਆਰ ਚੁੱਕਣ ਵਾਸਤੇ ਮਜਬੂਰ ਹੋਇਆ, ਉਹ ਵੀ ਸਮਝਣਾ ਪਵੇਗਾ ਪਰ ਸਮਝਣ ਵਾਸਤੇ ਸਾਫ਼ ਸੁਥਰੀ ਸੋਚ ਅਤੇ ਜਿਗਰੇ ਚਾਹੀਦੇ ਹੋਣਗੇ। ਉਹ ਜਿਗਰਾ ਸਾਨੂੰ ਤਾਂ ਕਿਸੇ ਕੋਲ ਨਜ਼ਰ ਨਹੀਂ ਆ ਰਿਹਾ ਜਿਸ ਦੇ ਸਹਾਰੇ ਅੱਜ ਸਾਡਾ ਸਮਾਜ ਅਪਣੇ ਇਤਿਹਾਸ ਦਾ ਸੱਚ ਸਵੀਕਾਰ ਕਰ ਲਵੇ।  -ਨਿਮਰਤ ਕੌਰ