ਸਾਫ਼-ਸਫ਼ਾਈ ਵਾਲੀ ਟਿਪਣੀ ਲਈ ਪ੍ਰਗਿਆ ਠਾਕੁਰ ਦੀ ਖਿਚਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਮੁੱਖ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ

BJP Pulls Up Pragya Thakur Over "Not Elected To Clean Toilets" Remark

ਨਵੀਂ ਦਿੱਲੀ : ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦੀ ਉਸ ਟਿਪਣੀ ਲਈ 'ਖਿਚਾਈ' ਕੀਤੀ ਕਿ ਉਹ ਪਖ਼ਾਨੇ ਸਾਫ਼ ਕਰਨ ਲਈ ਸੰਸਦ ਮੈਂਬਰ ਨਹੀਂ ਚੁਣੀ ਗਈ। ਇਸ ਬਿਆਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ 'ਤੇ ਚੋਟ ਦੇ ਸੰਦਰਭ ਵਿਚ ਵੇਖਿਆ ਗਿਆ। 

ਪਾਰਟੀ ਸੂਤਰਾਂ ਨੇ ਦਸਿਆ ਕਿ ਪ੍ਰਗਿਆ ਸਿੰਘ ਨੂੰ ਭਾਜਪਾ ਮੁੱਖ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ ਜਿਥੇ ਨੱਡਾ ਨੇ ਉਸ ਨੂੰ ਦਸਿਆ ਕਿ ਪਾਰਟੀ ਹਾਈ ਕਮਾਨ ਮੱਧ ਪ੍ਰਦੇਸ਼ ਦੇ ਸੀਹੋਰ ਵਿਚ ਐਤਵਾਰ ਨੂੰ ਉਸ ਦੁਆਰਾ ਦਿਤੇ ਗਏ ਬਿਆਨ ਤੋਂ ਖ਼ੁਸ਼ ਨਹੀਂ ਹੈ। ਉਨ੍ਹਾਂ ਠਾਕੁਰ ਦੀ ਖਿਚਾਈ ਕਰਦਿਆਂ ਉਸ ਨੂੰ ਪਾਰਟੀ ਦੇ ਪ੍ਰੋਗਰਾਮਾਂ ਅਤੇ ਵਿਚਾਰਾਂ ਵਿਰੁਧ ਬਿਆਨ ਦੇਣ ਤੋਂ ਬਚਣ ਲਈ ਕਿਹਾ। ਪਾਰਟੀ ਦਫ਼ਤਰ ਵਿਚੋਂ ਨਿਕਲਦੇ ਸਮੇਂ ਭਾਜਪਾ ਸੰਸਦ ਮੈਂਬਰ ਨੇ ਉਥੇ ਮੌਜੂਦ ਪੱਤਰਕਾਰਾਂ ਨਾਲ ਗੱਲ ਨਾ ਕੀਤੀ। 

ਪ੍ਰਗਿਆ ਨੇ ਕਿਹਾ ਸੀ, 'ਅਸੀਂ ਇਥੇ ਨਾਲੀਆਂ ਦੀ ਸਫ਼ਾਈ ਲਈ ਨਹੀਂ ਹਾਂ। ਇਹ ਸਾਫ਼ ਹੈ ਕਿ ਅਸੀਂ ਨਿਸ਼ਚੇ ਹੀ ਤੁਹਾਡੇ ਪਖ਼ਾਨੇ ਸਾਫ਼ ਕਰਨ ਲਈ ਨਹੀਂ ਹਾਂ। ਅਸੀਂ ਜੋ ਕੰਮ ਕਰਨਾ ਹੈ ਅਤੇ ਜਿਸ ਲਈ ਤੁਸੀਂ ਸਾਨੂੰ ਚੁਣਿਆ ਹੈ, ਅਸੀਂ ਉਸ ਨੂੰ ਈਮਾਨਦਾਰੀ ਨਾਲ ਕਰਾਂਗੇ। ਇਹ ਅਸੀਂ ਪਹਿਲਾਂ ਵੀ ਕਿਹਾ ਸੀ, ਅੱਜ ਵੀ ਕਹਿ ਰਹੇ ਹਾਂ ਅਤੇ ਭਵਿੱਖ ਵਿਚ ਵੀ ਇਸ 'ਤੇ ਟਿਕੇ ਰਹਾਂਗੇ।' ਇਹ ਟਿਪਣੀ ਭਾਜਪਾ ਲਈ ਸ਼ਰਮਿੰਦਾ ਕਰਨ ਵਾਲੀ ਸੀ ਕਿਉਂਕਿ ਮੋਦੀ ਨੇ ਸਵੱਛ ਭਾਰਤ ਮੁਹਿੰਮ ਨੂੰ ਅਪਣੀ ਸਰਕਾਰ ਦੇ ਏਜੰਡੇ ਵਿਚ ਮੁੱਖ ਬਿੰਦੂ ਬਣਾਇਆ ਸੀ। 

ਇਹ ਪਹਿਲੀ ਵਾਰ ਨਹੀਂ ਹੈ ਜਦ ਠਾਕੁਰ ਨੇ ਅਪਣੇ ਬਿਆਨ ਨਾਲ ਭਾਜਪਾ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਸ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨਾਥੂਰਾਮ ਗੌਡਸੇ ਨੂੰ ਦੇਸ਼ਭਗਤ ਦਸਿਆ ਸੀ ਅਤੇ ਬਾਅਦ ਵਿਚ ਉਸ ਨੂੰ ਮਾਫ਼ੀ ਮੰਗਣੀ ਪਈ ਸੀ। ਮੋਦੀ ਨੂੰ ਕਹਿਣਾ ਪਿਆ ਸੀ ਕਿ ਉਹ ਮਾਫ਼ੀ ਮੰਗਣ ਦੇ ਬਾਵਜੂਦ ਠਾਕੁਰ ਨੂੰ ਕਦੇ ਮਾਫ਼ ਨਹੀਂ ਕਰ ਸਕਣਗੇ। ਉਸ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ।