‘ਰਾਸ਼ਟਰ ਪੁੱਤਰ’ ਹਨ ਮਹਾਤਮਾ ਗਾਂਧੀ : ਸਾਧਵੀ ਪ੍ਰਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਜਿਸ ਨੇ ਵੀ ਦੇਸ਼ ਦੇ ਲਈ ਵੱਡਾ ਕੰਮ ਕੀਤਾ ਹੈ ਉਹ ਸਾਡੇ ਲਈ ਹਮੇਸ਼ਾ ਸਤਿਕਾਰਯੋਗ ਹੁੰਦਾ ਹੈ ਅਤੇ ਅਸੀ ਉਨ੍ਹਾਂ ਦੇ ਕਦਮਾਂ ਉੱਤੇ ਚਲਦੇ ਹਾਂ।

Sadhvi Pragya calls Mahatma Gandhi Rashtraputra

ਭੋਪਾਲ : ਭੋਪਾਲ ਤੋਂ ਬੀਜੇਪੀ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਸਾਧਵੀ ਪ੍ਰਗਿਆ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰ ਪੁੱਤਰ ਹਨ ਅਤੇ ਸਾਡੇ ਲਈ ਸਤਿਕਾਰਯੋਗ ਹਨ।

ਭਾਰਤੀ ਜਨਤਾ ਪਾਰਟੀ ਵੱਲੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮੌਕੇ ਦੇਸ਼ ਭਰ ਵਿਚ ਗਾਂਧੀ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ। ਪਰ ਸਾਧਵੀ ਪ੍ਰਗਿਆ ਠਾਕੁਰ ਹੁਣ ਤੱਕ ਇਸ ਯਾਤਰਾ ਵਿਚ ਸ਼ਾਮਲ ਨਹੀਂ ਹੋਈ ਹੈ। ਜਦੋਂ ਭੋਪਾਲ ਰੇਲਵੇ ਸਟੇਸ਼ਨ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੇ ਇਹ ਸਵਾਲ ਸਾਧਵੀ ਪ੍ਰਗਿਆ ਤੋਂ ਪੁੱਛਿਆ ਕਿ ਉਹ ਹੁਣ ਤੱਕ ਇਸ ਸਕੰਲਪ ਯਾਤਰਾ ਵਿਚ ਸ਼ਾਮਲ ਕਿਉਂ ਨਹੀਂ ਹੋਈ ਹੈ ਤਾਂ ਉਨ੍ਹਾਂ ਨੇ ਇਸ ਸਵਾਲ ਨੂੰ ਟਾਲਦੇ ਹੋਏ ਕਿਹਾ ਕਿ ਗਾਂਧੀ ਸਾਡੇ ਰਾਸ਼ਟਰ ਪੁੱਤਰ ਹਨ ਅਤੇ ਉਹ ਸਾਡੇ ਲਈ ਬਹੁਤ ਸਤਿਕਾਰਯੋਗ ਹਨ ਪਰ ਮੈਨੂੰ ਕਿਸੇ ਨੂੰ ਸਫ਼ਾਈ ਦੇਣ ਦੀ ਲੋੜ ਨਹੀਂ ਹੈ।

ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਜਿਸ ਨੇ ਵੀ ਦੇਸ਼ ਦੇ ਲਈ ਵੱਡਾ ਕੰਮ ਕੀਤਾ ਹੈ ਉਹ ਸਾਡੇ ਲਈ ਹਮੇਸ਼ਾ ਸਤਿਕਾਰਯੋਗ ਹੁੰਦਾ ਹੈ ਅਤੇ ਅਸੀ ਉਨ੍ਹਾਂ ਦੇ ਕਦਮਾਂ ਉੱਤੇ ਚਲਦੇ ਹਾਂ। ਸਾਧਵੀ ਨੇ ਕਿਹਾ ਕਿ ਸਾਡੇ ਲੋਕ ਜਿਹੜੇ ਸਾਨੂੰ ਸੇਧ ਦੇ ਕੇ ਗਏ ਹਨ, ਅਸੀ ਉਹਨਾਂ ਦੇ ਹਮੇਸ਼ਾ ਗੁਣਗਾਨ ਕਰਦੇ ਰਹਾਂਗੇ। ਇਸ ਦੇ ਨਾਲ ਹੀ ਪ੍ਰਗਿਆ ਠਾਕੁਰ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀ ਕਾਂਗਰਸ ਦੇ ਕਹਿਣ 'ਤੇ ਆਪਣੇ ਸਿਧਾਂਤਾਂ ਨੂੰ ਨਹੀਂ ਬਦਲਾਂਗੇ। ਜੋ ਚੰਗਾ ਹੈ ਉਹ ਸਵੀਕਾਰ ਹੈ ਅਤੇ ਜੋ ਮਾੜਾ ਹੈ ਉਹ ਅਸਵੀਕਾਰ ਹੈ। ਕਾਂਗਰਸ ਚਾਹੇ ਜੋ ਕਹੇ ਮੇਰੇ ਲਈ ਰਾਸ਼ਟਰ ਸਿਧਾਂਤ ਪਹਿਲਾਂ ਹਨ। ਮੈਂ ਰਾਸ਼ਟਰ ਲਈ ਹੀ ਜੀਅ ਰਹੀ ਹਾਂ ਅਤੇ ਰਾਸ਼ਟਰ ਲਈ ਹੀ ਮਰਾਂਗੀ। ਇਸ ਤੋਂ ਕੁੱਝ ਦਿਨ ਪਹਿਲਾਂ ਸਾਧਵੀ ਪ੍ਰਗਿਆ ਨੇ ਟਵੀਟ ਵੀ ਕੀਤਾ ਸੀ, ਜਿਸ ਵਿਚ ਉਸ ਨੇ ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦੀ ਤਾਰੀਫ਼ ਵੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸਾਧਵੀ ਪ੍ਰਗਿਆ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ, ਜਿਸ ਉੱਤੇ ਹੰਗਾਮਾ ਮੱਚ ਗਿਆ ਸੀ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਸਾਧਵੀ ਦੇ ਇਸ ਬਿਆਨ ਉੱਤੇ ਕਿਹਾ ਸੀ ਕਿ ਉਹ ਸਾਧਵੀ ਪ੍ਰਗਿਆ ਠਾਕੁਰ ਨੂੰ ਦਿਲ ਤੋਂ ਕਦੇ ਵੀ ਮਾਫ਼ ਨਹੀਂ ਕਰ ਪਾਉਣਗੇ।