ਏਨੀ ਵੱਡੀ ਜੰਗ ਜਿੱਤਣ ਲਈ ਹਰ ਗ਼ਰੀਬ ਦੀ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਪਹਿਲਾਂ ਕਰਨਾ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਜਦੋਂ ਭਾਰਤ ਵਿਚ ਗ਼ਰੀਬਾਂ ਨੂੰ ਕੁੱਝ ਦੇਣ ਦੀ ਵਾਰੀ ਆਈ ਤਾਂ 1 ਲੱਖ ਕਰੋੜ...

Corona Virus Poor People

ਇਸ ਕਲਯੁਗੀ ਜੰਗ ਵਿਚ ਭਾਰਤ ਦੇ ਗ਼ਰੀਬਾਂ ਅਤੇ ਅਮੀਰਾਂ ਵਿਚਕਾਰਲਾ ਪਾੜਾ ਹੋਰ ਵੀ ਵੱਧ ਗਿਆ ਹੈ। ਭਾਰਤ ਵਿਚ ਅਜਿਹੇ ਹਾਲਾਤ ਬਣ ਰਹੇ ਹਨ ਕਿ ਕੋਰੋਨਾ ਵਾਇਰਸ ਨਾਲ ਘੱਟ ਮੌਤਾਂ ਹੋਣ ਦਾ ਡਰ ਹੈ ਅਤੇ ਭੁੱਖ ਨਾਲ ਜ਼ਿਆਦਾ। ਇਕ ਪਾਸੇ ਅਮੀਰ ਲੋਕ ਹਨ ਜੋ ਘਰਾਂ ਵਿਚ ਬੈਠੇ ਆਰਾਮ ਕਰ ਸਕਦੇ ਹਨ ਅਤੇ ਦੂਜੇ ਪਾਸੇ ਅਜਿਹੇ ਗ਼ਰੀਬ ਹਨ ਜਿਨ੍ਹਾਂ ਕੋਲ ਆਰਾਮ ਕਰਨ ਲਈ ਥਾਂ ਹੀ ਕੋਈ ਨਹੀਂ।

ਪਰ ਜਿੰਨੇ ਘਰਾਂ ਵਿਚ ਅਮੀਰ ਲੋਕ ਰਹਿੰਦੇ ਹਨ, ਉਨ੍ਹਾਂ ਤੋਂ ਹਜ਼ਾਰਾਂ ਗੁਣਾਂ ਜ਼ਿਆਦਾ ਝੁੱਗੀਆਂ ਤੇ ਕੱਚੇ ਕੋਠਿਆਂ ਵਿਚ ਸਾਡੇ ਕਰੋੜਾਂ ਗ਼ਰੀਬ ਰਹਿੰਦੇ ਹਨ। ਹਰ ਪਾਸੇ ਸਿਰਫ਼ ਗ਼ਰੀਬੀ ਅਤੇ ਅਮੀਰੀ ਦਾ ਅੰਤਰ ਹੀ ਵਧਦਾ ਨਜ਼ਰ ਨਹੀਂ ਆ ਰਿਹਾ ਬਲਕਿ ਗ਼ਰੀਬ ਦਾ ਕਿਸੇ ਵੀ ਯੋਜਨਾ ਵਿਚ ਖ਼ਿਆਲ ਨਹੀਂ ਰਖਿਆ ਜਾਂਦਾ। ਜਦੋਂ ਕਾਰਪੋਰੇਟ ਟੈਕਸ ਲਗਿਆ ਸੀ ਤਾਂ ਥੋੜ੍ਹੀ ਜਹੀ ਆਲੋਚਨਾ ਹੋਣ ਤੇ ਹੀ ਸਰਕਾਰ ਨੇ ਝੱਟ ਅਪਣੇ ਬਜਟ ਵਿਚ ਲਾਇਆ ਗਿਆ ਟੈਕਸ ਵਾਪਸ ਲੈ ਲਿਆ ਤੇ ਤਕਰੀਬਨ 17 ਲੱਖ ਕਰੋੜ ਦਾ ਨੁਕਸਾਨ ਅਪਣੇ ਉਪਰ ਲੈ ਲਿਆ।

ਪਰ ਜਦੋਂ ਭਾਰਤ ਵਿਚ ਗ਼ਰੀਬਾਂ ਨੂੰ ਕੁੱਝ ਦੇਣ ਦੀ ਵਾਰੀ ਆਈ ਤਾਂ 1 ਲੱਖ ਕਰੋੜ ਦਾ ਸੁੱਕਾ ਰਾਸ਼ਨ ਦੇ ਕੇ ਹੀ ਜ਼ਿੰਮੇਵਾਰੀ ਪੂਰੀ ਹੋ ਗਈ ਸਮਝ ਲਈ। ਗ਼ਰੀਬਾਂ ਨੂੰ ਇਹ 'ਰਾਹਤ' ਜ਼ਰਾ ਵੀ ਪ੍ਰਭਾਵਤ ਨਾ ਕਰ ਸਕੀ ਤੇ ਉਹ 100-200 ਮੀਲ ਦੂਰ ਅਪਣੇ ਪਿੰਡਾਂ ਵਿਚ ਜਾ ਕੇ ਜਾਨ ਬਚਾਉਣ ਲਈ ਪੈਦਲ ਹੀ ਨਿਕਲ ਤੁਰੇ। ਉਨ੍ਹਾਂ ਨੂੰ ਸਰਕਾਰੀ ਐਲਾਨਾਂ ਵਿਚ ਕੋਈ ਭਰੋਸਾ ਨਹੀਂ ਲਗਦਾ। ਦਿੱਲੀ ਵਿਚ ਦੋ ਸਰਕਾਰਾਂ ਹਨ, ਇਕ ਕੇਂਦਰ ਸਰਕਾਰ ਅਤੇ ਦੂਜੀ 'ਆਪ' ਦੀ ਸਰਕਾਰ।

ਦੋਹਾਂ ਹੀ ਸਰਕਾਰਾਂ 'ਚੋਂ ਕਿਸੇ ਨੂੰ ਖ਼ਿਆਲ ਨਾ ਆਇਆ ਕਿ ਦਿੱਲੀ ਵਿਚ ਰਹਿੰਦੇ ਪ੍ਰਵਾਸੀਆਂ ਦਾ ਵੀ ਧਿਆਨ ਰਖਿਆ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਅਤੇ ਮੁੱਖ ਮੰਤਰੀ ਕੇਜਰੀਵਾਲ ਦੇ ਟੀ.ਵੀ. ਉਤੇ ਇਸ਼ਤਿਹਾਰ ਇਹ ਨਹੀਂ ਦਸ ਰਹੇ ਕਿ ਇਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਵਾਸਤੇ ਕੀਤਾ ਕੀ ਗਿਆ ਹੈ। ਜੇ ਦਿੱਲੀ ਦੇ ਗੁਰਦਵਾਰਿਆਂ ਨੇ ਅਪਣੇ ਦਿਲ ਦੇ ਦਰਵਾਜ਼ੇ ਨਾ ਖੋਲ੍ਹੇ ਹੁੰਦੇ ਤਾਂ ਅੱਜ ਦਿੱਲੀ ਵਿਚ ਕਹਿਰ ਵਰਤ ਸਕਦਾ ਸੀ।

ਪੰਜਾਬ ਵਿਚ ਵੀ ਗੁਰਦਵਾਰੇ, ਪ੍ਰਸ਼ਾਸਨ ਦਾ ਹੱਥ ਫੜ ਕੇ ਕਰਫ਼ੀਊ ਦੌਰਾਨ ਵੀ ਗ਼ਰੀਬਾਂ ਦਾ ਖ਼ਿਆਲ ਰਖ ਰਹੇ ਹਨ। ਪੀ.ਜੀ. 'ਚ ਰਹਿੰਦੇ ਨੌਜੁਆਨਾਂ ਨੂੰ ਘਰਾਂ ਵਿਚ ਜਾ ਜਾ ਕੇ ਲੰਗਰ ਦਿਤਾ ਜਾ ਰਿਹਾ ਹੈ। ਘਰ ਵਲ ਪੈਦਲ ਭੱਜੀ ਜਾ ਰਹੇ ਮਜ਼ਦੂਰਾਂ ਨੂੰ ਲੰਗਰ ਬੰਨ੍ਹ ਕੇ ਦਿਤਾ ਜਾ ਰਿਹਾ ਹੈ ਤਾਕਿ ਉਹ ਭੁੱਖ ਨਾਲ ਨਾ ਮਰ ਜਾਣ। ਪਰ ਸੱਭ ਤੋਂ ਮਾੜੀ ਹਾਲਤ ਉਥੇ ਵੇਖਣ ਨੂੰ ਮਿਲਦੀ ਹੈ ਜਿਥੇ ਸਾਡੀਆਂ ਝੁੱਗੀ-ਝੋਂਪੜੀਆਂ ਹਨ। ਸ਼ਹਿਰਾਂ 'ਚੋਂ ਤਾਂ ਬਾਹਰ ਕੱਢ ਦਿਤੇ ਗਏ ਹਨ ਪਰ ਗੰਦਗੀ ਦੇ ਢੇਰਾਂ ਉਤੇ ਰਹਿੰਦੇ ਲੋਕਾਂ ਵਿਚ ਕੋਈ ਵੀ ਜਾਣ ਨੂੰ ਤਿਆਰ ਨਹੀਂ।

ਬਸਤੀਆਂ ਵਿਚ ਜਾ ਕੇ ਵੇਖੋ ਤਾਂ ਇਕ ਛੋਟੇ ਛੋਟੇ ਕਮਰੇ ਵਿਚ 6-7 ਜੀਅ ਮੁਰਗੀਆਂ ਵਾਂਗ ਰਹਿ ਰਹੇ ਹੁੰਦੇ ਹਨ। ਉਥੇ ਸਮਾਜਕ ਦੂਰੀ ਬਣਾ ਕੇ ਰਖਣੀ ਮੁਮਕਿਨ ਹੀ ਨਹੀਂ। ਤਿੰਨ ਫ਼ੁਟ ਤਾਂ ਦੂਰ ਦੀ ਗੱਲ ਹੈ, ਤਿੰਨ ਇੰਚ ਦੀ ਦੂਰੀ ਵੀ ਮੁਮਕਿਨ ਨਹੀਂ। ਕਿਸੇ ਬਸਤੀ ਵਿਚ ਜਾ ਕੇ ਵੇਖੋ ਤਾਂ ਅੰਦਰ ਦੀ ਦੁਨੀਆਂ ਵਿਚ ਕਰਫ਼ੀਊ ਨਾਂ ਦੀ ਚੀਜ਼ ਹੀ ਕੋਈ ਨਹੀਂ। ਲੋਕਾਂ ਨੇ ਮੂੰਹ ਉਤੇ ਮਾਸਕ ਬੰਨ੍ਹ ਲਏ ਹੋਏ ਹਨ। ਵੱਡੀਆਂ ਬਸਤੀਆਂ ਵਿਚ ਦੁਕਾਨਾਂ ਵੀ ਖੁਲ੍ਹੀਆਂ ਹੋਈਆਂ ਹਨ ਪਰ ਗਾਹਕ ਹੀ ਕੋਈ ਨਹੀਂ।

ਸੱਭ ਕੁੱਝ ਪਹਿਲਾਂ ਵਾਂਗ ਹੀ ਚਲ ਰਿਹਾ ਹੈ। ਬਸਤੀਆਂ ਦੇ ਬਾਹਰ ਪੁਲਿਸ ਬੈਠੀ ਹੈ ਜੋ ਬਾਹਰ ਨਿਕਲਣਾ ਚਾਹੁਣ ਵਾਲੇ ਹਰ ਬੰਦੇ ਨੂੰ ਲਾਠੀਆਂ ਨਾਲ ਮਾਰ ਕੇ ਵਾਪਸ ਭਜਾ ਦਿੰਦੀ ਹੈ। ਇਨ੍ਹਾਂ ਗੰਦੀਆਂ ਥਾਵਾਂ ਤੇ ਲੰਗਰ ਵਰਤਾਉਣ ਵਾਲੀਆਂ ਸੰਸਥਾਵਾਂ ਵੀ ਜਾਣ ਨੂੰ ਤਿਆਰ ਨਹੀਂ। ਜ਼ਾਹਰ ਹੈ ਕਿ ਇਥੇ ਪੇਟ ਭਰਨ ਵਾਸਤੇ ਟੈਂਕਰ ਭਰ ਕੇ ਲਿਜਾਣੇ ਪੈਣਗੇ ਅਤੇ ਏਨਾ ਵੱਡਾ ਕੰਮ ਲੰਗਰਾਂ ਦੇ ਸਿਰ ਤੇ ਪੂਰਾ ਨਹੀਂ ਕੀਤਾ ਜਾ ਸਕਦਾ। ਲੰਗਰ ਵਰਤਾਉਣ ਵਾਲੇ ਸ਼ਰਧਾਲੂਆਂ ਦੇ ਦਿਲ ਤਾਂ ਸਾਫ਼ ਹਨ ਪਰ ਗੁਰੂ ਘਰਾਂ ਦੀਆਂ ਸੰਗਤਾਂ ਵੀ ਵੰਡੀਆਂ ਹੋਈਆਂ ਹਨ।

ਕਿਸੇ ਥਾਂ ਕਿਸੇ ਬਾਬੇ ਦੀ ਮਸ਼ਹੂਰੀ ਦੀ ਤਾਂਘ ਰੱਖੀ ਜਾ ਰਹੀ ਹੈ (ਲੰਗਰ ਸੰਗਤ ਦਾ ਦਿਤਾ ਹੋਇਆ ਹੈ) ਅਤੇ ਕਿਤੇ ਕਿਸੇ ਹੋਰ ਦੀ। ਉਨ੍ਹਾਂ ਵਿਚ ਆਪਸੀ ਇਕਜੁਟਤਾ ਬਿਲਕੁਲ ਵੀ ਨਹੀਂ। ਜਿਸ ਤਰ੍ਹਾਂ ਭਾਰਤ ਦੀ ਜਨਤਾ ਗ਼ਰੀਬੀ-ਅਮੀਰੀ ਵਿਚ ਵੰਡੀ ਹੋਈ ਹੈ, ਇਸੇ ਤਰ੍ਹਾਂ ਸਾਰਾ ਦੇਸ਼ ਹੀ ਵੰਡਿਆ ਹੋਇਆ ਹੈ। ਇਸ ਜੰਗੀ ਪੱਧਰ ਤੇ ਲੜੀ ਜਾਣ ਵਾਲੀ ਬਿਮਾਰੀ ਵਿਚ ਜੇਤੂ ਰਹਿਣ ਵਾਸਤੇ ਸੱਭ ਨੂੰ ਇਕੱਠਿਆਂ ਹੋਣਾ ਪਵੇਗਾ ਅਤੇ ਨਾਲ ਹੀ ਸਮਾਜਕ ਵੰਡੀਆਂ ਨੂੰ ਵੀ ਖ਼ਤਮ ਕਰਨਾ ਪਵੇਗਾ।

ਭਾਰਤ ਦੇ ਅਤਿ ਗ਼ਰੀਬ ਲੋਕਾਂ ਦੀ ਮਿਹਨਤ ਮਜ਼ਦੂਰੀ ਤੋਂ ਬਗ਼ੈਰ ਦੇਸ਼ ਚਲ ਨਹੀਂ ਸਕਦਾ। ਜਿਸ ਗ਼ਰੀਬ ਦੇ ਝਾੜੂ ਤੋਂ ਬਗ਼ੈਰ ਦੇਸ਼ ਦੀ ਗੰਦਗੀ ਨਹੀਂ ਹਟ ਸਕਦੀ। ਉਸ ਨੂੰ ਭੁਲਾ ਕੇ ਅਸੀਂ ਕੋਰੋਨਾ ਉਤੇ ਵੀ ਕਾਬੂ ਨਹੀਂ ਪਾ ਸਕਦੇ।  -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।