'ਜਥੇਦਾਰ' ਲਈ ਸਮਝਦਾਰੀ ਤੇ ਕੌਮ ਪ੍ਰਤੀ ਚਿੰਤਾ ਵਿਖਾਣ ਦਾ ਇਹੀ ਉੱਤਮ ਮੌਕਾ ਹੈ¸

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਵੀ ਉਨ੍ਹਾਂ ਲੋਕਾਂ ਵਿਚੋਂ ਹੀ ਹਾਂ ਜੋ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ, ਸਿੱਖੀ ਉਤੇ ਪਿਆ ਘੱਟਾ ਮਿੱਟੀ ਹਟਾਉਣ ਦਾ ਸੁਹਿਰਦ ਯਤਨ ਕਰਨ ਵਾਲਿਆਂ ਦੇ ....

File Photo

ਮੈਂ ਵੀ ਉਨ੍ਹਾਂ ਲੋਕਾਂ ਵਿਚੋਂ ਹੀ ਹਾਂ ਜੋ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ, ਸਿੱਖੀ ਉਤੇ ਪਿਆ ਘੱਟਾ ਮਿੱਟੀ ਹਟਾਉਣ ਦਾ ਸੁਹਿਰਦ ਯਤਨ ਕਰਨ ਵਾਲਿਆਂ ਦੇ ਪੈਰਾਂ ਵਿਚ ਬੇੜੀਆਂ ਪਾ ਦੇਣ, ਕਲਮਾਂ ਉਤੇ ਹਥਕੜੀਆਂ (ਤਾਲੇ) ਜੜ ਦੇਣ ਅਤੇ ਹੋਠ ਸੀਅ ਦੇਣ ਵਾਲੇ 5ਵੀਂ ਸਦੀ ਦੇ 'ਆਦਿਵਾਸੀ ਧਾਰਮਕ ਥਾਣੇਦਾਰਾਂ' ਵਜੋਂ ਪ੍ਰਵਾਨ ਨਹੀਂ ਕਰਦੇ। ਬਰਤਾਨੀਆ ਵਰਗੇ ਦੇਸ਼ ਵਿਚ ਵੀ ਪੰਜਵੀਂ ਸਦੀ ਦੇ ਆਦਿਵਾਸੀ ਧਾਰਮਕ ਥਾਣੇਦਾਰ ਜਦ 'ਧਰਮ ਦੇ ਬਾਗ਼ੀਆਂ' ਪ੍ਰਤੀ ਕਰੂਰਤਾ ਵਿਖਾਂਦੇ ਸਨ

ਤਾਂ ਬੰਦੇ ਕੁਬੰਦੇ ਦਾ ਉਹ ਵੀ ਧਿਆਨ ਰੱਖ ਲੈਂਦੇ ਸਨ। ਅਸੀ ਤਾਂ 'ਅਕਾਲ ਤਖ਼ਤ' ਦਾ ਨਾਂ ਲੈ ਕੇ, ਪੰਥ ਲਈ ਸੱਭ ਕੁੱਝ ਕੁਰਬਾਨ ਕਰ ਦੇਣ ਵਾਲਿਆਂ ਦੀ ਵੀ ਜਹੀ ਤਹੀ ਫੇਰਦਿਆਂ ਸ਼ਰਮ ਨਹੀਂ ਕਰਦੇ। ਪਹਿਲਾਂ ਤਾਂ 'ਜਥੇਦਾਰਾਂ' ਦੇ 'ਹੁਕਮਨਾਮਿਆਂ' ਦੀ ਭਾਸ਼ਾ ਹੀ ਬੜੀ ਕਰੂਰ ਤੇ ਮੱਧ-ਯੁਗ ਦੀ ਹੁੰਦੀ ਹੈ। ਅੱਜ ਦੀਆਂ ਅਦਾਲਤਾਂ ਕਤਲ ਦੇ ਮੁਲਜ਼ਮਾਂ ਲਈ ਵੀ ਉਹ ਭਾਸ਼ਾ ਨਹੀਂ ਵਰਤਦੀਆਂ ਜੋ 'ਅਕਾਲ ਤਖ਼ਤ' ਦੇ ਨਾਂ ਤੇ ਚਾਰ ਜਮਾਤਾਂ ਫ਼ੇਲ੍ਹ 'ਜਥੇਦਾਰ' ਵੀ ਬੜੀ ਬੇਲਿਹਾਜ਼ੀ ਨਾਲ ਪੰਥ ਦੇ ਮੰਨੇ ਪ੍ਰਮੰਨੇ ਸੇਵਕਾਂ ਲਈ ਵਰਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ।

ਨਹੀਂ ਯਕੀਨ ਆਉਂਦਾ ਤਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਵਿਰੁਧ ਪੁਜਾਰੀਆਂ (ਉਦੋਂ ਜਥੇਦਾਰ ਨਹੀਂ, ਉਹ 'ਪੁਜਾਰੀ' ਹੀ ਅਖਵਾਉਂਦੇ ਸਨ) ਵਿਰੁਧ 'ਹੁਕਮਨਾਮੇ' ਪੜ੍ਹ ਲਉ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਜਾਂ ਪ੍ਰੋ. ਦਰਸ਼ਨ ਸਿੰਘ ਵਿਰੁਧ ਜਾਂ ਡਾ. ਪਿਆਰ ਸਿੰਘ ਵਿਰੁਧ ਪੜ੍ਹ ਲਉ ਜਾਂ ਹੋਰ ਨਾਮਵਰ ਹਸਤੀਆਂ ਵਿਰੁਧ 'ਹੁਕਮਨਾਮੇ' ਪੜ੍ਹ ਲਉ। ਸ਼੍ਰੋਮਣੀ ਕਮੇਟੀ ਨੇ ਹੀ ਛਾਪੇ ਹੋਏ ਹਨ। 'ਨਿਰੰਕਾਰੀਆਂ' ਵਿਰੁਧ 'ਹੁਕਮਨਾਮਿਆਂ' ਅਤੇ ਪੰਥ ਦੀ ਸੇਵਾ ਕਰ ਰਹੀਆਂ ਨਾਮਵਰ ਹਸਤੀਆਂ ਵਿਰੁਧ 'ਹੁਕਮਨਾਮਿਆਂ' ਦੀ ਭਾਸ਼ਾ ਇਕੋ ਜਹੀ ਹੁੰਦੀ ਹੈ।

ਕਿਸੇ ਹੋਰ ਧਰਮ ਦੇ ਲਿਖਤੀ ਫ਼ੈਸਲਿਆਂ ਵਿਚ ਇਹੋ ਜਹੀ ਭਾਸ਼ਾ ਅਪਣੀਆਂ ਹੀ ਨਾਮਵਰ ਹਸਤੀਆਂ ਵਿਰੁਧ ਨਹੀਂ ਵਰਤੀ ਜਾਂਦੀ। ਪੁਰਾਣੇ ਸਮਿਆਂ ਵਿਚ ਅਜਿਹੀ ਭਾਸ਼ਾ ਇਸ ਲਈ ਵਰਤੀ ਜਾਂਦੀ ਸੀ ਕਿਉਂਕਿ 'ਬਾਗ਼ੀ' ਪ੍ਰਤੀ ਨਫ਼ਰਤ ਅਤੇ ਘ੍ਰਿਣਾ ਪੈਦਾ ਕਰਨੀ, ਮੁੱਖ ਮਕਸਦ ਹੁੰਦਾ ਸੀ। ਅੱਜ 'ਬਾਗ਼ੀ' ਨੂੰ ਵਖਰੀ ਜਾਂ ਉਲਟੀ ਰਾਏ ਰੱਖਣ ਵਾਲਾ ਵਿਅਕਤੀ ਮੰਨ ਕੇ ਉਸ ਵਿਰੁਧ ਕਾਰਵਾਈ ਕਰਨ ਲਈ ਸਾਫ਼-ਸੁਥਰੀ ਭਾਸ਼ਾ ਅਰਥਾਤ ਸ਼ਾਇਸਤਗੀ ਵਾਲੀ ਭਾਸ਼ਾ ਵਰਤੀ ਜਾਂਦੀ ਹੈ।

ਈਸਾਈ ਧਰਮ ਵਿਚ ਤਾਂ ਹੁਣ ਭੁਲ ਬਖ਼ਸ਼ਵਾਉਣ ਲਈ ਗਏ ਵਿਅਕਤੀ ਦਾ ਮੂੰਹ ਵੀ ਕੋਈ ਨਹੀਂ ਵੇਖ ਸਕਦਾ ਤੇ ਉਹ ਇਕ ਪਰਦੇ ਪਿਛੇ ਖੜਾ ਹੋ ਕੇ ਭੁੱਲ ਸਵੀਕਾਰ ਕਰ ਲੈਂਦਾ ਹੈ। ਪਾਦਰੀ ਕੇਵਲ ਉਸ ਦੀ ਆਵਾਜ਼ ਸੁਣ ਕੇ ਉਸ ਨੂੰ ਬਖ਼ਸ਼ ਦੇਣ ਦੀ ਪ੍ਰਾਰਥਨਾ ਕਰਨ ਦਾ ਵਿਸ਼ਵਾਸ ਦਿਵਾਉਂਦਾ ਹੈ ਤੇ ਵਿਅਕਤੀ ਕਿਸੇ ਅੱਗੇ ਪੇਸ਼ ਹੋਏ ਬਿਨਾਂ ਮਾਫ਼ ਕਰ ਦਿਤਾ ਜਾਂਦਾ ਹੈ।

ਇਨ੍ਹਾਂ ਕਾਰਨਾਂ ਕਰ ਕੇ ਮੈਂ ਅਕਾਲ ਤਖ਼ਤ ਦੇ ਮੱਧ ਕਾਲ ਦੀ ਸੋਚ ਵਾਲੇ 'ਜਥੇਦਾਰਾਂ' ਨੂੰ ਨਹੀਂ ਮੰਨਦਾ ਤੇ ਨਾ ਹੀ ਇਹ ਮੰਨਦਾ ਹਾਂ ਕਿ ਲਫ਼ਜ਼ 'ਜਥੇਦਾਰ' ਸਿੱਖ ਧਰਮ ਜਾਂ ਸਿੱਖੀ ਫ਼ਲਸਫ਼ੇ 'ਚੋਂ ਨਿਕਲਿਆ ਕੋਈ ਧਾਰਮਕ ਪਦ ਜਾਂ ਰੁਤਬਾ ਹੈ। ਇਸ ਦੀ ਹੋਂਦ ਖ਼ਾਹਮਖ਼ਾਹ ਹੀ ਗੁਰੂਆਂ ਅਤੇ ਇਤਿਹਾਸਕ ਘਟਨਾਵਾਂ ਨਾਲ ਜੋੜੀ ਜਾਂਦੀ ਹੈ ਜਦਕਿ ਸੱਚ ਇਹ ਹੈ ਕਿ 'ਜਥੇਦਾਰ' ਸ਼ਬਦ ਪਹਿਲੀ ਵਾਰ, ਆਪਸ ਵਿਚ ਲੜ ਰਹੀਆਂ ਮਿਸਲਾਂ ਵਲੋਂ ਅਪਣੇ ਝਗੜੇ, ਅਕਾਲ ਤਖ਼ਤ ਦੇ ਵਿਹੜੇ ਵਿਚ ਬੈਠ ਕੇ ਕਿਸੇ ਸਾਂਝੇ ਮਾਂਜੇ 'ਜਥੇਦਾਰ' (ਵੱਖ ਵੱਖ ਜਥਿਆਂ ਦੇ ਮੁਖੀਆਂ 'ਚੋਂ ਕਿਸੇ ਇਕ) ਨੂੰ ਇਕ ਦਿਨ ਲਈ ਵਿਚੋਲਾ ਬਣਾ ਕੇ, ਸੁਲਝਾਉਣ ਦੀ ਲੋੜ ਵਿਚੋਂ ਉਪਜਿਆ ਸੀ।

ਮਿਸਲਾਂ ਵੱਖ ਵੱਖ ਇਲਾਕੇ ਜਿੱਤ ਕੇ ਉਨ੍ਹਾਂ ਉਤੇ ਅਪਣਾ ਹੱਕ ਜਤਾਂਦੀਆਂ ਸਨ ਤੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਸਨ ਜਿਸ ਨਾਲ ਮੁਸਲਿਮ ਹਾਕਮ ਹੱਸਣ ਲੱਗ ਜਾਂਦੇ ਸਨ। ਇਸ ਸਥਿਤੀ ਨੂੰ ਠੀਕ ਕਰਨ ਲਈ ਕੁੱਝ ਸਿਆਣੇ ਲੋਕਾਂ ਨੇ ਤਜਵੀਜ਼ ਰੱਖੀ ਕਿ ਸਾਰੀਆਂ ਮਿਸਲਾਂ ਦੇ ਮੁਖੀ ਅਕਾਲ ਤਖ਼ਤ ਦੇ ਵਿਹੜੇ ਵਿਚ ਜੁੜ ਕੇ, ਇਕ ਸਾਂਝੇ ਮਾਂਜੇ ਨਿਰਪੱਖ ਗੁਰਸਿੱਖ ਨੂੰ ਇਕ ਦਿਨ ਲਈ 'ਜਥੇਦਾਰ' ਚੁਣ ਲੈਣ ਜੋ ਸਾਰੀਆਂ ਧਿਰਾਂ ਦੇ ਵਿਚਾਰ ਸੁਣ ਕੇ, ਪੂਰੀ ਈਮਾਨਦਾਰੀ ਨਾਲ ਤੇ ਨਿਰਪੱਖ ਹੋ ਕੇ ਜਿਹੜਾ ਫ਼ੈਸਲਾ ਦੇਵੇ, ਉਸ ਅੱਗੇ ਸਾਰੀਆਂ ਧਿਰਾਂ ਸਿਰ ਝੁਕਾ ਦੇਣ।

ਬੱਸ ਇਹੀ ਸੀ ਇਕ ਦਿਨ ਦੇ 'ਜਥੇਦਾਰ' ਦੀ ਕੁਲ ਕਹਾਣੀ। ਜਿਸ 'ਥਾਣੇਦਾਰੀ' ਵਾਲੇ ਰੂਪ ਵਿਚ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਹ ਨਾ ਤਾਂ ਸਿੱਖੀ ਦੇ ਕਿਸੇ ਸਿਧਾਂਤ ਨਾਲ ਮੇਲ ਖਾਂਦਾ ਹੈ, ਨਾ ਇਸ ਪ੍ਰਥਾ ਨੂੰ ਸ਼ੁਰੂ ਕਰਨ ਵਾਲਿਆਂ ਨੇ ਅਜਿਹੇ 'ਥਾਣੇਦਾਰਾਂ' ਵਾਲੇ ਸਰੂਪ ਬਾਰੇ ਕਦੇ ਸੋਚਿਆ ਵੀ ਸੀ। ਅੱਜ ਦੇ 'ਜਥੇਦਾਰ' ਜਾਂ 'ਐਕਟਿੰਗ ਜਥੇਦਾਰ' ਗਿ. ਹਰਪ੍ਰੀਤ ਸਿੰਘ ਨੂੰ ਮੈਂ ਕਦੇ ਮਿਲਿਆ ਨਹੀਂ ਪਰ ਸੁਣਿਆ ਹੈ ਕਿ ਉਹ ਪੜ੍ਹੇ ਲਿਖੇ ਗੁਰਸਿੱਖ ਨੌਜੁਆਨ ਹਨ ਤੇ ਪਿਛਲੇ ਕੁੱਝ 'ਜਥੇਦਾਰਾਂ' ਤੋਂ ਵੱਖ ਤਰ੍ਹਾਂ ਦੇ ਸੱਜਣ ਪੁਰਸ਼ ਹਨ।

ਉਨ੍ਹਾਂ ਬਾਰੇ ਕੁੱਝ ਨਾ ਜਾਣਦਾ ਹੋਇਆ ਵੀ, ਮੰਨ ਲੈਂਦਾ ਹਾਂ ਕਿ ਉਹ ਉਸੇ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਮੈਨੂੰ ਦਸਿਆ ਗਿਆ ਹੈ। ਜੇ ਹਨ ਤਾਂ ਉਨ੍ਹਾਂ ਲਈ ਇਕ ਬੜਾ ਸੁਨਹਿਰੀ ਮੌਕਾ ਹੈ, ਮਿਸਲਾਂ ਵੇਲੇ ਦੇ 'ਇਕ ਦਿਨ ਦੇ ਜਥੇਦਾਰ' ਵਜੋਂ ਵਿਚਰ ਕੇ ਕੌਮੀ ਦੁਬਿਧਾ ਖ਼ਤਮ ਕਰਨ ਦਾ ਤੇ ਕੌਮੀ ਝਗੜੇ ਨਿਪਟਾਉਣ ਦਾ। ਅਸਲ ਗੱਲ ਵਲ ਆਉਣ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰ ਦਿਆਂ ਕਿ ਅੱਜ ਦੇ 'ਜਥੇਦਾਰ' ਦੀ ਉਸ ਪਹੁੰਚ ਨਾਲ ਵੀ ਮੈਂ ਸਹਿਮਤ ਨਹੀਂ ਜਿਸ ਅਧੀਨ ਉਹ ਰਣਜੀਤ ਸਿੰਘ ਢਡਰੀਆਂਵਾਲਾ ਵਰਗੇ ਸਿੱਖੀ ਦੇ ਸਮਝਦਾਰ ਅਤੇ ਲੋਕ-ਪ੍ਰਿਯ ਪ੍ਰਚਾਰਕਾਂ ਨੂੰ 'ਪੇਸ਼' ਹੋਣ ਦੀਆਂ ਤਰੀਕਾਂ ਦੇ ਰਹੇ ਹਨ।

ਕਿਸੇ ਨੂੰ 'ਜਥੇਦਾਰ' ਬਣਾਉਣ ਲਗਿਆਂ ਇਕੋ ਹੀ 'ਕੁਆਲੀਫ਼ੀਕੇਸ਼ਨ' ਵੇਖੀ ਜਾਂਦੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਿਆਸੀ ਪਾਰਟੀ ਦੇ ਮੁਖੀ ਦੀ ਨਜ਼ਰ ਵਿਚ 'ਕੰਮ ਦਾ ਬੰਦਾ' ਹੈ ਜਾਂ ਨਹੀਂ ਅਰਥਾਤ ਸਿਆਸਤਦਾਨ ਦੀ ਮਰਜ਼ੀ ਮੁਤਾਬਕ ਚਲਣ ਵਾਲਾ ਬੰਦਾ ਹੈ ਜਾਂ ਨਹੀਂ। ਅਹੁਦਾ ਸੰਭਾਲ ਕੇ ਉਹ ਬੇਸ਼ਕ ਅਪਣੇ ਆਪ ਨੂੰ 'ਸੱਭ ਤੋਂ ਵੱਡਾ' ਸਿੱਖ ਮੰਨਣ ਲੱਗ ਪਵੇ ਪਰ ਜਿਨ੍ਹਾਂ ਨੂੰ ਉਹ 'ਪੇਸ਼' ਹੋਣ ਲਈ ਸੰਮਨ ਭੇਜਦਾ ਹੈ, ਉਨ੍ਹਾਂ ਨੇ ਕੌਮ ਦੇ ਵੱਡੇ ਹਿੱਸੇ 'ਚ ਹਰ-ਦਿਲ ਅਜ਼ੀਜ਼ੀ, ਅਪਣੇ ਕੰਮ, ਅਪਣੀ ਲਿਆਕਤ, ਅਪਣੇ ਸਿੱਖੀ-ਪ੍ਰੇਮ ਅਤੇ ਲੰਮੇ ਸੰਘਰਸ਼ ਮਗਰੋਂ ਪ੍ਰਾਪਤ ਕੀਤੀ ਹੁੰਦੀ ਹੈ।

ਜੇ ਉਨ੍ਹਾਂ ਬਾਰੇ ਕਿਸੇ ਦੀ ਸ਼ਿਕਾਇਤ ਆ ਵੀ ਜਾਏ ਤਾਂ ਉਨ੍ਹਾਂ ਨੂੰ 'ਪੇਸ਼ੀ' ਲਈ ਨਹੀਂ ਬੁਲਾਇਆ ਜਾਣਾ ਚਾਹੀਦਾ ਬਲਕਿ ਆਪ ਉਨ੍ਹਾਂ ਕੋਲ ਜਾ ਕੇ ਪੁਛਣਾ ਚਾਹੀਦਾ ਹੈ ਕਿ ਉਹ ਜੋ ਵਖਰੀ ਗੱਲ ਕਰ ਰਹੇ ਹਨ ਤੇ ਜਿਸ ਬਾਰੇ ਕੁੱਝ ਲੋਕਾਂ ਨੇ ਇਤਰਾਜ਼ ਕੀਤਾ ਹੈ, ਉਸ ਦੀ ਹਕੀਕਤ ਕੀ ਹੈ? ਜੇ ਆਪ ਨਹੀਂ ਵੀ ਜਾਣਾ ਤਾਂ ਪ੍ਰੇਮ-ਪੂਰਵਕ ਇਕ ਚਿੱਠੀ ਲਿਖ ਕੇ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ, ''ਆਉ ਆਪਾਂ ਪ੍ਰੇਮ-ਪਿਆਰ ਨਾਲ ਬੈਠ ਕੇ ਉਸ ਵਿਸ਼ੇ ਬਾਰੇ ਵਿਚਾਰ-ਵਟਾਂਦਰਾ ਕਰ ਲਈਏ ਜਿਸ ਬਾਰੇ ਕੁੱਝ ਲੋਕ ਇਤਰਾਜ਼ ਕਰਦੇ ਹਨ।

ਸ਼ਾਇਦ ਆਪ ਦੇ ਵਿਚਾਰ ਸੁਣ ਕੇ, ਮੈਨੂੰ ਵੀ ਕੋਈ ਨਵੀਂ ਗੱਲ ਪਤਾ ਲੱਗ ਜਾਏ ਤੇ ਕੌਮ ਤਕ ਉਸ ਨੂੰ ਪਹੁੰਚਦੀ ਕਰਨਾ ਜ਼ਰੂਰੀ ਸਮਝਾਂ। ਧਾਰਮਕ ਪ੍ਰਸ਼ਨਾਂ ਨੂੰ ਲੈ ਕੇ ਕੌਮ ਵਿਚ ਧੜੇ ਬਣਨੋਂ ਰੋਕਣ ਤੇ ਵਿਵਾਦ ਵਾਲੀ ਸਥਿਤੀ ਨੂੰ ਟਾਲਣ ਲਈ, ਮੈਨੂੰ ਵਿਸ਼ਵਾਸ ਹੈ ਕਿ ਸਾਡਾ ਆਪਸੀ ਵਿਚਾਰ-ਵਟਾਂਦਰਾ ਬੜਾ ਲਾਹੇਵੰਦ ਰਹੇਗਾ।''
ਜਥੇਦਾਰ ਅਗਰ ਇਹ ਢੰਗ ਅਪਣਾਏ ਤਾਂ ਕੋਈ ਝਗੜਾ ਵਧੇਗਾ ਹੀ ਨਹੀਂ ਤੇ ਮਤਭੇਦ ਇਕ ਦੋ ਵਾਰ ਮਿਲ ਕੇ ਹੀ ਖ਼ਤਮ ਹੋ ਜਾਣਗੇ। ਪਰ ਜਥੇਦਾਰ ਨੂੰ ਇਕ ਗੱਲ ਪਹਿਲਾਂ ਸਮਝਣੀ ਪਵੇਗੀ

ਕਿ ਸਿੱਖੀ ਦੇ ਫ਼ਲਸਫ਼ੇ ਵਿਚ 'ਜਥੇਦਾਰ' ਕੋਈ ਹਥਕੜੀਆਂ ਬੇੜੀਆਂ ਲਾਉਣ ਵਾਲਾ ਜਥੇਦਾਰ ਨਹੀਂ ਹੋ ਸਕਦਾ ਅਤੇ ਪੰਥ ਵਲੋਂ ਪ੍ਰਵਾਨਤ ਹਸਤੀਆਂ ਕੋਈ ਮੁਲਜ਼ਮ ਨਹੀਂ ਜਿਨ੍ਹਾਂ ਨੂੰ 'ਪੇਸ਼ੀ' ਲਈ ਸੱਦਿਆ ਜਾਵੇ। ਮਿਸਲਾਂ ਦੇ ਮੁਖੀਆਂ ਨੇ ਜਿਹੜਾ 'ਜਥੇਦਾਰ' ਸਿਰਜਿਆ ਸੀ, ਉਹ ਪੇਸ਼ੀਆਂ ਨਹੀਂ ਸੀ ਕਰਵਾਉਂਦਾ ਬਲਕਿ ਅਪਣੀ ਮਰਜ਼ੀ ਨਾਲ ਜਿਹੜਾ ਉਸ ਨੂੰ ਨਿਰਪੱਖ ਫ਼ੈਸਲਾ ਦੇਣ ਦੀ ਬੇਨਤੀ ਕਰਦਾ ਸੀ, ਉਸ ਬਾਰੇ ਹੀ ਮੂੰਹੋਂ ਕੁੱਝ ਬੋਲਦਾ ਸੀ।

ਅੱਜ ਵੀ ਸਿਆਸਤਦਾਨਾਂ ਅਤੇ ਹਾਕਮਾਂ ਵਲੋਂ ਸਿਰਜੇ 'ਜਥੇਦਾਰ' ਦੀ ਬਜਾਏ ਜੇ ਮਿਸਲਾਂ ਵੇਲੇ ਦੇ ਸਿਰਜੇ ਅਸਲ 'ਜਥੇਦਾਰ' ਨੂੰ ਮੁੜ ਤੋਂ ਅਕਾਲ ਤਖ਼ਤ ਦੇ ਵਿਹੜੇ ਵਿਚ ਬਿਠਾ ਕੇ, ਕੌਮੀ ਮਸਲੇ ਉਸ ਅੱਗੇ ਰੱਖੇ ਜਾਣ ਤਾਂ ਕੌਮ ਦਾ ਭਵਿੱਖ ਰੁਲਣੋਂ ਬਚਾਇਆ ਜਾ ਸਕਦਾ ਹੈ। ਇਹੀ ਸੋਚ ਕੇ ਮੈਂ ਅੱਜ ਦੇ 'ਜਥੇਦਾਰ' ਅੱਗੇ ਸੁਝਾਅ ਰਖਣਾ ਚਾਹੁੰਦਾ ਹਾਂ ਕਿ ਇਸ ਵੇਲੇ ਦੀ ਸੱਭ ਤੋਂ ਵੱਡੀ ਸਿੱਖ ਸਮੱਸਿਆ ਇਹ ਹੈ ਕਿ ਵੋਟਾਂ ਦੇ ਰਾਜਸੀ ਯੁਗ ਵਿਚ ਜਿਹੜੀ ਇਕ ਰਾਜਸੀ ਪਾਰਟੀ ਸਿੱਖਾਂ ਨੇ 1920 ਵਿਚ ਅਕਾਲ ਤਖ਼ਤ ਤੇ ਬੈਠ ਕੇ ਬਣਾਈ ਸੀ ਤੇ ਜਿਸ ਨੂੰ ਪੰਥ ਦੀ ਪਹਿਰੇਦਾਰੀ ਸੌਂਪੀ ਸੀ, ਉਸ ਨੂੰ ਟੁਕੜੇ ਟੁਕੜੇ ਕਰ ਕੇ ਕੋਈ ਬਾਹੂਬਲੀ ਚੰਡੀਗੜ੍ਹ ਲੈ ਗਿਆ ਹੈ,

ਕੋਈ ਖਰੜ-ਕੁਰਾਲੀ, ਕੋਈ ਫ਼ਤਿਹਗੜ੍ਹ ਸਾਹਿਬ ਤੇ ਕੋਈ ਦਿੱਲੀ। ਕੋਈ ਇਸ ਨੂੰ ਪੰਜਾਬੀ ਪਾਰਟੀ ਕਹਿ ਕੇ 'ਹਿੰਦੂਤਵ' ਵਾਲਿਆਂ ਦੇ ਪੈਰਾਂ ਵਿਚ ਸੁਟ ਕੇ ਇਕ ਵਜ਼ੀਰੀ ਦਾ ਟੁਕੜਾ ਮੰਗਣ ਦਾ ਵਸੀਲਾ ਬਣਾ ਰਿਹਾ ਹੈ, ਕੋਈ ਖ਼ਾਲਿਸਤਾਨ ਨੂੰ ਟੀਚਾ ਦਸ ਕੇ ਦੋ ਪਹੀਏ ਵਾਲੀ ਗੱਡੀ ਰੇੜ੍ਹ ਰਿਹਾ ਹੈ, ਕੋਈ 1920 ਦਾ ਨਾਂ ਲੈ ਰਿਹਾ ਹੈ ਤੇ ਕੋਈ ਕੁੱਝ ਹੋਰ ਮਕਸਦ ਦਸ ਰਿਹਾ ਹੈ ਪਰ ਸਾਰਿਆਂ ਦਾ ਇਕ ਨਿਸ਼ਾਨਾ ਸਾਂਝਾ ਹੈ ਕਿ ਪਾਰਟੀ ਦਾ ਪ੍ਰਧਾਨ ਸਾਰੀ ਉਮਰ ਇਕੋ ਹੀ ਬੰਦਾ ਰਹੇਗਾ ਤੇ ਪਾਰਟੀ ਦਾ ਦਫ਼ਤਰ ਉਸੇ ਦੀ ਜੇਬ ਵਿਚ ਰਹੇਗਾ।

ਕੁਲ ਮਿਲਾ ਕੇ ਨਤੀਜਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਪਾਰਟੀ ਮਾਰ ਦਿਤੀ ਗਈ ਹੈ, ਸਿੱਖ ਪੰਥ ਦੀ ਇਸ ਯੁਗ ਵਿਚ ਅਪਣੀ ਪਾਰਟੀ ਹੀ ਕੋਈ ਨਹੀਂ ਰਹੀ ਤੇ ਸਿੱਖ ਮਜਬੂਰ ਹੋ ਕੇ ਗ਼ੈਰ-ਸਿੱਖ ਪਾਰਟੀਆਂ ਨਾਲ ਜੁੜ ਕੇ ਅਪਣੇ ਨਿਜੀ ਮੁਫ਼ਾਦ ਨੂੰ ਸੁਰੱਖਿਅਤ ਕਰਨ ਲਈ ਯਤਨ ਕਰਦੇ ਰਹਿੰਦੇ ਹਨ। 'ਜਥੇਦਾਰ' ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹੀ ਸਮਾਂ ਹੈ ਜਦ ਜਥੇਦਾਰ ਅਪਣੇ ਥਾਣੇਦਾਰੀ ਵਾਲਾ ਭੇਖ ਉਤਾਰ ਕੇ ਪੰਥ ਦਾ ਭਲਾ ਕਰਨ ਵਾਲਿਆਂ ਦੀਆਂ 'ਪੇਸ਼ੀਆਂ' ਕਰਵਾਉਣ ਦੀ ਬਜਾਏ ਸਾਰੇ 'ਅਕਾਲੀ' ਲੀਡਰਾਂ ਨੂੰ ਆਖੇ

ਕਿ ਉਹ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਟੁਕੜਿਆਂ ਨੂੰ ਅਪਣੇ ਘਰਾਂ ਦੁਕਾਨਾਂ ਤੋਂ ਚੁਕ ਕੇ ਅਕਾਲ ਤਖ਼ਤ ਦੇ ਵਿਹੜੇ ਵਿਚ ਲਿਆਉਣ ਤੇ ਦੱਸਣ ਕਿ ਉਨ੍ਹਾਂ ਨੇ 1920 ਵਿਚ ਪੰਥ ਵਲੋਂ ਇਸ ਦੇ ਤੈਅ ਕੀਤੇ ਟੀਚਿਆਂ ਨੂੰ ਕਿਉਂ ਬਦਲਿਆ ਤੇ ਆਪੋ ਅਪਣੇ ਟੀਚੇ ਕਿਵੇਂ ਮੁਕਰਰ ਕੀਤੇ ਤੇ ਅੰਮ੍ਰਿਤਸਰ ਤੋਂ ਚੁਕ ਕੇ ਵੱਖ-ਵੱਖ ਥਾਵਾਂ ਤੇ ਕਿਸ ਦੀ ਆਗਿਆ ਨਾਲ ਲੈ ਗਏ? ਜਥੇਦਾਰ ਪੁੱਛੇ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖ਼ਤ ਤੇ ਜੁੜੇ ਪੰਥ ਦੀ ਅਮਾਨਤ ਹੈ ਤੇ ਇਸ ਵਿਚ ਖ਼ਿਆਨਤ ਕਰਨ ਵਾਲੇ ਤੁਰਤ ਜਵਾਬਦੇਹੀ ਲਈ ਅਕਾਲ ਤਖ਼ਤ ਅੱਗੇ ਜੁੜੇ ਪੰਥਕ ਇਕੱਠ ਸਾਹਮਣੇ ਅਪਣੀ ਗੱਲ ਰੱਖਣ ਤੇ ਜੋ ਫ਼ੈਸਲਾ ਪੰਥ ਕਰੇ, ਉਸ ਨੂੰ ਮੰਨਣ ਦਾ ਐਲਾਨ ਕਰਨ।

ਇਹੀ ਹੈ ਅਸਲ ਜਥੇਦਾਰ ਦਾ ਇਸ ਵੇਲੇ ਦਾ ਰੋਲ। ਹੋ ਸਕਦਾ ਹੈ, ਇਸ ਤਰ੍ਹਾਂ ਕੀਤਿਆਂ ਉਸ ਨੂੰ ਹਟਾ ਵੀ ਦਿਤਾ ਜਾਏ ਪਰ ਵੱਡੀ ਸਫ਼ਲਤਾ ਵੱਡੀ ਕੁਰਬਾਨੀ ਵੀ ਮੰਗਦੀ ਹੀ ਮੰਗਦੀ ਹੈ। ਸਪੋਕਸਮੈਨ ਨੇ 150 ਕਰੋੜ ਦੇ ਸਰਕਾਰੀ ਇਸ਼ਤਿਹਾਰ 10 ਸਾਲਾਂ ਵਿਚ ਵਗਾਹ ਸੁੱਟੇ, 8 ਸ਼ਹਿਰਾਂ ਵਿਚ ਇਸ ਦੇ ਸੰਪਾਦਕ ਨੂੰ 10 ਸਾਲ ਫ਼ੌਜਦਾਰੀ ਮੁਕੱਦਮੇ ਲੜਨੇ ਪਏ (ਅਜੇ ਵੀ ਇਕ ਚਲ ਰਿਹਾ ਹੈ), ਇਕੋ ਦਿਨ ਇਸ ਦੇ 7 ਦਫ਼ਤਰ ਤਬਾਹ ਕਰ ਦਿਤੇ ਗਏ ਪਰ ਫਿਰ ਵੀ ਇਸ ਨੇ ਨਾ ਸਿਧਾਂਤ ਛਡਿਆ, ਨਾ ਈਨ ਮੰਨੀ ਤੇ ਨਾ ਹੀ ਕਿਸੇ ਵੱਡੇ ਤੋਂ ਵੱਡੇ ਲਾਲਚ ਅੱਗੇ ਡਿਗਿਆ।

ਇਸੇ ਲਈ ਅੱਜ ਸਪੋਕਸਮੈਨ 'ਜਥੇਦਾਰ' ਅੱਗੇ ਵੀ ਕੁਰਬਾਨੀ ਦੀ ਸ਼ਰਤ ਰੱਖ ਸਕਦਾ ਹੈ¸ਜੇ ਉਹ ਸਚਮੁਚ ਪੰਥ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਪੰਥ ਦਾ ਭਵਿੱਖ ਸਵਾਰਨਾ ਚਾਹੁੰਦਾ ਹੈ। ਇਸ ਰਾਜਸੀ ਯੁਗ ਵਿਚ ਅਪਣੀ ਆਜ਼ਾਦ ਸਿਆਸੀ ਪਾਰਟੀ ਬਿਨਾਂ ਕੋਈ ਘੱਟ-ਗਿਣਤੀ ਕੌਮ ਅੱਗੇ ਨਹੀਂ ਵੱਧ ਸਕਦੀ। ਸਿੱਖ ਰਾਜਨੀਤੀ ਦੀ ਖੜੋਤ ਬੋ ਮਾਰਨ ਲੱਗ ਪਈ ਹੈ ਜੋ ਕਿਸੇ ਸਮੇਂ ਵੀ ਸਿੱਖੀ ਦਾ ਸਾਹ ਰੁਕ ਜਾਣ ਦਾ ਕਾਰਨ ਬਣ ਸਕਦੀ ਹੈ। 'ਜਥੇਦਾਰ' ਦੱਸੇ ਉਹ 'ਥਾਣੇਦਾਰ' ਬਣ ਕੇ ਤੇ ਪੰਥ ਦੇ ਸ਼ੁਭਚਿੰਤਕਾਂ ਦੀਆਂ ਪੇਸ਼ੀਆਂ ਕਰਵਾ ਕੇ ਖ਼ੁਦ ਬਚਣਾ ਚਾਹੁੰਦਾ ਹੈ ਜਾਂ ਮਿਸਲਾਂ ਵੇਲੇ ਦੇ ਇਕ ਦਿਨ ਦੇ ਜਥੇਦਾਰਾਂ ਵਾਂਗ ਵਿਚਰ ਕੇ ਪੰਥ ਬਚਾਣਾ ਚਾਹੁੰਦਾ ਹੈ?