''ਜਥੇਦਾਰ ਆਪਣੀ ਧਾਰਮਿਕ ਪਦਵੀ ਦੀ ਮਾਣ ਮਰਿਆਦਾ ਦਾ ਖਿਆਲ ਰੱਖਣ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਤਾ ਪ੍ਰੀਤਮ ਕੌਰ ਦੇ ਭੋਗ 'ਤੇ ਕੀਤੀ ਬਿਆਨਬਾਜ਼ੀ ਨੂੰ ਦੱਸਿਆ ਭੜਕਾਊ

File Photo

ਲੁਧਿਆਣਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਫਾਂਸੀ ਦੀ ਸਜ਼ਾ ਤਹਿਤ ਜੇਲ਼੍ਹ ਵਿਚ ਬੰਦ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਪ੍ਰੀਤਮ ਕੌਰ ਦੇ ਸ਼ਰਧਾਂਜ਼ਲੀ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਨੂੰ ਬੇਹੱਦ ਮੰਦਭਾਗਾ ਤੇ ਭੜਕਾਊ ਕਰਾਰ ਦਿੰਦਿਆਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਆਪਣੀ ਧਾਰਮਿਕ ਪਦਵੀ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ।

ਲੁਧਿਆਣਾ ਵਿਖੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਸ: ਬਿੱਟੂ ਨੇ ਕਿਹਾ ਕਿ ਜਥੇਦਾਰ ਵੱਲੋਂ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਜਿਸ ਤਰਾਂ ਦੀ ਸ਼ਬਦਾਵਲੀ ਵਰਤੀ ਗਈ ਹੈ ਉਹ ਨਾ ਕੇਵਲ ਉਨ੍ਹਾਂ ਦੀ ਧਾਰਮਿਕ ਪਦਵੀ ਦੇ ਉਲਟ ਹੈ ਬਲਕਿ ਨੌਜਵਾਨਾਂ ਵਿਚ ਭੜਕਾਹਟ ਪੈਦਾ ਕਰਨ ਵਾਲ਼ੀ ਵੀ ਹੈ। ਉਨ੍ਹਾਂ ਕਿਹਾ ਕਿਜਥੇਦਾਰਾਂ ਨੂੰ ਇਕੱਲੇ ਅਕਾਲੀ ਦਲ ਦੇ ਧਾਰਮਿਕ ਆਗੂ ਨਹੀਂ ਬਣਨਾ ਚਾਹੀਦਾ ਕਿਉਂਕਿ ਸ੍ਰੀ ਅਕਾਲ ਤਖਤਸਾਹਿਬ ਦੁਨੀਆਂ ਵਿਚ ਵਸਦੇ ਸਮੂਹ ਸਿੱਖਾਂ ਲਈ ਸਾਂਝਾ ਤੇ ਸਤਿਕਾਰਯੋਗ ਹੈ।

ਉਨ੍ਹਾਂ ਜਥੇਦਾਰ ਵੱਲੋਂ ਮਰਹੂਮ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੋਟਾਂ ਪਾਉਣ ਵਾਲ਼ੇ ਸਿੱਖਾਂ ਨੂੰ ਵੀ ਬੁਰਾ ਭਲਾ ਕਹਿਣ'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਬਸਾਂਝੀ ਧਾਰਮਿਕ ਹਸਤੀ ਨੂੰ ਇਸ ਤਰਾਂ ਵੋਟ ਰਾਜਨੀਤੀ ਵਿਚ ਨਹੀਂ ਉਲਝਣਾ ਚਾਹੀਦਾ ਤੇ ਜੇਕਰ ਰਾਜਨੀਤੀ ਕਰਨੀ ਹੈ ਤਾਂ ਉਹ ਜਥੇਦਾਰੀ ਛੱਡ ਕੇ ਰਾਜਨੀਤੀ ਦੇ ਮੈਦਾਨ ਵਿਚਆ ਜਾਣ।

ਉਨ੍ਹਾਂ ਬਾਦਲ ਪਰਿਵਾਰ ਦਾ ਨਾਂਅ ਲਏ ਬਿਨਾ ਕਿਹਾ ਕਿ ਜਿਹੜੇ ਆਗੂ ਇਨ੍ਹਾਂ ਜਥੇਦਾਰਾਂ ਦੀ ਨਿਯੁਕਤੀ ਲਈ ਜਿੰਮੇਵਾਰ ਨੇ ਉਨ੍ਹਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਹ ਵੀ ਲੋਕਤੰਤਰ ਵਿਚਲੋਕਾਂ ਤੋਂ ਵੋਟਾਂ ਹਾਸਲ ਕਰਕੇ ਹੀ ਚੁਣੇ ਜਾਂਦੇ ਨੇ। ਸ: ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਮੇਂ ਦੌਰਾਨ ਨਾ ਤਾਂ ਕਦੇ ਮਰਹੂਮ ਬੇਅੰਤ ਸਿੰਘ ਵਿਰੁੱਧ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਿਰੁੱਧ ਹੀਕਦੇ ਕੋਈ ਹੁਕਮਨਾਮਾ ਜਾਰੀ ਹੋਇਆ। 

ਨਾ ਹੀ ਉਨ੍ਹਾਂ ਦੇ ਟੱਬਰ ਦੇ ਕਿਸੇ ਮੈਂਬਰ ਨੇ ਸਿੱਖ ਧਰਮ ਵਿਰੁੱਧ ਕੋਈ ਅਜਿਹੀ ਕਾਰਵਾਈ ਕੀਤੀ ਜਿਸ ਕਰਕੇ ਸਾਡੇ ਵਿਰੁੱਧ ਜਥੇਦਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਉਹ ਖੁਦ ਜਥੇਦਾਰ ਨੂੰ ਮਿਲ ਕੇ ਇਸ ਬਾਰੇ ਗੱਲਬਾਤ ਕਰਨਗੇ। ਇਸ ਮੌਕੇ ਡਿੰਪਲ ਰਾਣਾ, ਜੁੱਗੀ ਬਰਾੜ, ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਆਗੂ ਵੀ ਹਾਜ਼ਰ ਸਨ।