'ਰੋਜ਼ਾਨਾ ਸਪੋਕਸਮੈਨ' ਦੀ ਕੌੜੀ ਸਚਾਈ ਮੁਤਾਬਿਕ ਹੀ ਲੋਕ ਪਾਉਣਗੇ ਵੋਟਾਂ : ਸੰਧਵਾਂ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
'ਮੇਰੀ ਨਿੱਜੀ ਡਾਇਰੀ ਦੇ ਪੰਨੇ'- ਕੇਜਰੀਵਾਲ ਦੇ ਦਿੱਲੀ ਵਾਂਗ ਪੰਜਾਬ 'ਚ ਚੱਲਣ ਵਾਲੇ ਫ਼ਾਰਮੂਲੇ ਦੀ ਹੁੰਦੀ ਰਹੀ ਚਰਚਾ
ਕੋਟਕਪੂਰਾ (ਗੁਰਿੰਦਰ ਸਿੰਘ) : 'ਰੋਜ਼ਾਨਾ ਸਪੋਕਸਮੈਨ' ਦੇ ਐਤਵਾਰ ਸਪਤਾਹਿਕੀ ਅੰਕ ਦੇ 'ਨਿੱਜੀ ਡਾਇਰੀ ਦੇ ਪੰਨੇ' ਅਰਥਾਤ ਕਿ ਕੇਜਰੀਵਾਲ ਫ਼ਾਰਮੂਲਾ ਦਿੱਲੀ ਵਾਂਗ ਪੰਜਾਬ ਵਿਚ ਵੀ ਚੱਲ ਸਕੇਗਾ?, ਦੀ ਖ਼ੂਬ ਚਰਚਾ ਹੁੰਦੀ ਰਹੀ ਕਿ ਕਿਵੇਂ ਮਾਸਟਰ ਤਾਰਾ ਸਿੰਘ ਵਿਰੁਧ ਝੂਠੀਆਂ ਤੋਮਤਾਂ ਲਾਉਣ ਦੇ ਬਾਵਜੂਦ ਵੀ ਤਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਾਲੇ ਸਾਧ ਸੰਗਤ ਬੋਰਡ ਨੂੰ 140 ਵਿਚੋਂ ਸਿਰਫ 4 ਸੀਟਾਂ ਹੀ ਮਿਲੀਆਂ।
ਇਸੇ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਅਰਵਿੰਦ ਕੇਜਰੀਵਾਲ ਵਿਰੁਧ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਵੀ 70 ਵਿਚੋਂ 62 ਸੀਟਾਂ 'ਤੇ ਜਿੱਤ, ਪੰਜਾਬ ਨਾਲ 1947 ਤੋਂ ਪਹਿਲਾਂ ਦੇ ਵਾਅਦੇ ਕਿਉਂ ਨਾ ਪੁਗਾਏ ਗਏ, ਵਰਗੀਆਂ ਗੱਲਾਂ ਚਰਚਾ ਦਾ ਵਿਸ਼ਾ ਰਹੀਆਂ। ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਵਿਰੋਧੀ ਸਾਰੀਆਂ ਪਾਰਟੀਆਂ ਦੇ ਹਿੱਸੇ ਆਈ ਅਤਿ ਨਮੋਸ਼ੀਜਨਕ ਹਾਰ ਤੋਂ ਸਬਕ ਲੈਂਦਿਆਂ ਜਿਥੇ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਆਤਮ ਮੰਥਨ ਦੀ ਗੱਲ ਆਖੀ ਹੈ,
ਉੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਅਪਣੇ ਕਾਰਜਕਾਲ ਦੇ ਆਖ਼ਰੀ ਦੋ ਸਾਲਾਂ 'ਚ ਬੇਰੁਜ਼ਗਾਰਾਂ ਦਾ ਚੇਤਾ ਆ ਗਿਆ ਲੱਗਦਾ ਹੈ। ਬੀਤੇ ਕੱਲ ਤੋਂ ਇਸ ਇਲਾਕੇ ਦੇ ਯੋਗਤਾ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਰਿਕਾਰਡ ਕੀਤੀ ਗਈ ਕਾਲ ਆ ਰਹੀ ਹੈ। ਇਸ ਦੌਰਾਨ ਬੇਰੁਜ਼ਗਾਰਾਂ ਨੂੰ ਮੋਬਾਈਲ ਫ਼ੋਨ 'ਤੇ ਕੁਝ ਅੱਖਰ ਦਬਾਉਣ ਲਈ ਕਿਹਾ ਜਾ ਰਿਹਾ ਹੈ। ਅੱਜ ਤੀਜੇ ਦਿਨ ਵੀ 'ਪੰਜਾਬ ਜੌਬ ਹੈਲਪ ਲਾਈਨ' ਤੋਂ ਬੇਰੁਜ਼ਗਾਰਾਂ ਨੂੰ ਕਾਲ ਕਰ ਕੇ ਇਹ ਜਾਣਿਆ ਜਾ ਰਿਹਾ ਹੈ
ਕਿ ਤੁਹਾਡੀ ਉਮਰ ਅਤੇ ਅਕਾਦਮਿਕ ਯੋਗਤਾ ਕੀ ਹੈ। ਹੁਣ ਕੀ ਕਰਦੇ ਹੋ? ਨੌਕਰੀ ਜ਼ਿਲ੍ਹੇ ਅੰਦਰ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਕਰਨ ਦੇ ਇਛੁੱਕ ਹੋ? ਸਵਾਲ ਪੁੱਛੇ ਜਾ ਰਹੇ ਹਨ। ਇਸ ਸਬੰਧੀ ਸਮਾਜ ਦੇ ਕੁਝ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਕੁਝ ਸਬਕ ਲੈਣਾ ਚਾਹੁੰਦੀ ਹੈ। ਕਿਉਂਕਿ ਜੋ ਲੋਕ ਕੰਮਾਂ ਦੇ ਆਧਾਰ 'ਤੇ ਹੀ ਰਾਜਸੀ ਪਾਰਟੀਆਂ ਨੂੰ ਜਿੱਤ ਦਿਵਾਉਂਦੇ ਹਨ।
ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਘਰ-ਘਰ ਪੱਕੀ ਸਰਕਾਰੀ ਨੌਕਰੀ ਅਤੇ ਨੌਕਰੀ ਨਾ ਮਿਲਣ ਦੀ ਸੂਰਤ 'ਚ 2500 ਰੁਪਿਆ ਪ੍ਰਤੀ ਮਹੀਨੇ ਬੇਕਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਸਮਾਰਟ ਫ਼ੋਨ ਦੇਣ ਸਮੇਤ ਅਜਿਹੇ ਅਨੇਕਾਂ ਵਾਅਦੇ ਤੇ ਦਾਅਵੇ ਕੀਤੇ ਗਏ ਸਨ। ਉਪਰੋਕਤ ਵਾਅਦੇ ਵਫ਼ਾ ਨਾ ਹੋਣ ਕਾਰਨ ਪੰਜਾਬ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ।
ਨੌਜਵਾਨ ਪੀੜ੍ਹੀ 'ਚ ਵਧੇਰੇ ਹਰਮਨ-ਪਿਆਰੇ ਹੋਏ ਸ਼ੋਸ਼ਲ ਮੀਡੀਏ 'ਚ ਵੀ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕਰਨ ਕਰਕੇ ਰੱਜ ਕੋ 'ਮੌਜੂ' ਉਡਾਇਆ ਜਾ ਰਿਹਾ ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਬੇਰੁਜ਼ਗਾਰੀ ਦੇ ਸਤਾਏ ਪੰਜਾਬ ਸੂਬੇ ਦੇ ਅਤਿ ਹੁਨਰਮੰਦ ਦੋ ਲੱਖ ਤੋਂ ਜਿਆਦਾ ਨੌਜਵਾਨ ਆਏ ਸਾਲ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ।
ਪੜ੍ਹਾਈ ਵਾਸਤੇ ਵੀ ਕਰੋੜਾਂ ਰੁਪਿਆ ਸਾਲਾਨਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਦੂਜੇ ਪਾਸੇ ਸੂਬੇ ਅੰਦਰ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਗਿਣਤੀ ਵੀ ਲੱਖਾਂ ਨੂੰ ਅੱਪੜ ਗਈ ਹੈ। ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਸਰਕਾਰੀ ਨੌਕਰੀ ਕਰਨ ਦੀ ਉਮਰ ਹੱਦ ਪਾਰ ਚੁੱਕੇ ਹਨ ਅਤੇ ਸੈਂਕੜੇ ਪਾਰ ਕਰਨ ਦੀ ਕਗਾਰ 'ਤੇ ਅਟਕੇ ਹੋਏ ਹਨ। ਇਹੋ ਵੱਡਾ ਕਾਰਨ ਹੈ ਕਿ ਪੱਕੀ ਚੌਂਕੀਦਾਰ ਦੀ ਨੌਕਰੀ ਲਈ 10 ਆਸਾਮੀਆਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਅਰਜ਼ੀਆਂ ਭਰ ਦਿੰਦੇ ਹਨ।
ਅਰਜ਼ੀਆਂ ਭਰਨ ਲਈ ਨਿਰਧਾਰਤ ਕੀਤੀ ਗਈ ਯੋਗਤਾ ਤੋਂ ਬਹੁਤ ਜ਼ਿਆਦਾ ਉਚ ਪੱਧਰ ਦੀ ਯੋਗਤਾ ਵਾਲੇ ਨੌਜਵਾਨ ਕਤਾਰ 'ਚ ਲੱਗ ਜਾਂਦੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਜਿਸ ਤਰਾਂ 'ਰੋਜਾਨਾ ਸਪੋਕਸਮੈਨ' ਦੇ ਅੰਕ 'ਚ ਝੂਠ ਅਤੇ ਸੱਚ ਦਾ ਨਿਤਾਰਾ ਕੀਤਾ ਗਿਆ ਹੈ, ਬਿਲਕੁੱਲ ਇਸੇ ਤਰਾਂ ਹੁਣ ਕੰਮ ਕਰਨ ਵਾਲੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੀ ਕਦਰ ਲੋਕ ਪਾਉਣਗੇ ਅਤੇ ਪਿਛਲੇ 73 ਸਾਲਾਂ ਤੋਂ ਸਿਰਫ ਲਾਰੇਬਾਜੀ ਨਾਲ ਸੱਤਾ ਦਾ ਆਨੰਦ ਮਾਣਦੇ ਰਹੇ ਤੇ ਸਿਆਸੀ ਰੋਟੀਆਂ ਸੇਕਣ 'ਚ ਮਾਹਰ ਮੰਨੇ ਜਾਂਦੇ ਸਿਆਸਤਦਾਨਾ ਨੂੰ ਸਬਕ ਸਿਖਾਉਣਗੇ।