ਘੁਲ ਮਿਲ ਕੇ ਤੇ ਵਰਤ ਵਰਤ ਕੇ ਥੱਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
ਪਿੱਠ ਦੇ ਅੰਦਰ ਖ਼ੰਜਰ ਉਨ੍ਹਾਂ ਨੇ ਮਾਰੇ ਨੇ
ਜਾਨੋਂ ਮਾਰਨ ਦੇ ਵੀ ਕੀਤੇ ਚਾਰੇ ਨੇ
ਜਿਨ੍ਹਾਂ ਉੱਤੇ ਨਜ਼ਰ ਮੇਰੀ ਦਾ ਸ਼ੱਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
ਮੈਂ ਜਿਨ੍ਹਾਂ ਨੂੰ ਹੱਦੋਂ ਵੱਧ ਪਿਆਰ ਦਿਤਾ
ਉਨ੍ਹਾਂ ਬਦਲੇ ਦੇ ਵਿਚ ਦੁੱਖ ਉਪਹਾਰ ਦਿਤਾ
ਹੁਣ ਉਨ੍ਹਾਂ ਦੇ ਉੱਤੋਂ ਮੇਰਾ ਹੱਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
ਉਨ੍ਹਾਂ ਲੁਟਿਆ ਜਿਨ੍ਹਾਂ ਦੇ ਨਾਲ ਯਾਰੀ ਸੀ
ਵੇਖ ਲਿਆ ਮੈਂ ਝੂਠ ਦਾ ਪਲੜਾ ਭਾਰੀ ਸੀ
ਸੱਚ ਨਾ ਦਿਸਿਆ ਧਿਆਨ ਹੈ ਜਿਥੋਂ ਤਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
ਦਿਲ ਕਾਲੇ ਤੇ ਸੂਰਤ ਬਹੁਤ ਪਿਆਰੀ ਸੀ
ਦਿਲਾਂ ਨੂੰ ਵੇਚਣ ਵਾਲੇ ਕੋਈ ਵਪਾਰੀ ਸੀ
ਜਿਹੜਾ ਮਿਲਿਆ ਵਿਚ ਦਲਦਲ ਦੇ ਧੱਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
ਧੋਖੇਬਾਜ਼ਾਂ ਵਲੋਂ ਮਨ ਨੂੰ ਮੋੜ ਲਿਆ
ਪਿਆਰ ਮੁਹੱਬਤ ਵਾਲਾ ਰਿਸ਼ਤਾ ਤੋੜ ਲਿਆ
ਨਾ ਬੋਲਣ ਦੀਆਂ ਢਿੱਲੋਂ ਕਸਮਾਂ ਚੱਕ ਗਿਆ
ਕੁੱਝ ਯਾਰਾਂ ਤੋਂ ਮਨ ਮੇਰਾ ਹੁਣ ਅੱਕ ਗਿਆ
-ਗੁਰਸੇਵਕ ਸਿੰਘ ਢਿੱਲੋਂ,
ਸੰਪਰਕ : 94636-60990