ਕਾਵਿ-ਕਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਯਮਰਾਜ ਦੀ ਮੌਤ

Poem

ਇਕ ਦਿਨ ਅੱਧੀ ਰਾਤ ਨੂੰ ਅਚਨਚੇਤ ਘਰ ਦਾ ਬੂਹਾ ਖੜਕਿਆ, 
ਇਸ ਸਮੇਂ ਕੌਣ ਹੋ ਸਕਦੈ ਬਾਹਰ, ਦਿਲ ਧੜਕਿਆ।
ਡਰਦੇ ਡਰਦੇ ਨੇ ਮੈਂ ਬੂਹਾ ਖੋਲ੍ਹਿਆ, ਮਨ ਡੋਲਿਆ, 
ਮੈਂ ਹਾਂ ਯਮਰਾਜ, ਉਹ ਬਾਹਰੋਂ ਬੋਲਿਆ। 

ਬਹੁਤ ਹੀ ਘੁੰਮਣ ਘੇਰੀਆਂ ਜਹੀਆਂ ਗਲੀਖਆਂ 'ਚ ਘਰ ਹੈ ਤੇਰਾ,
ਕਈ ਵਾਰ ਤਾਂ ਭੈਸਾ ਵੀ ਆਕੜ ਗਿਆ, ਚਲਦਾ ਚਲਦਾ ਮੇਰਾ।
ਤੇਰੇ ਦਿਨ ਪੂਰੇ ਹੋ ਗਏ ਨੇ, ਚਲਣਾ ਪਊ ਤੈਨੂੰ ਮੇਰੇ ਨਾਲ, 
ਆਨਾ ਕਾਨੀ ਕੋਈ ਨੀ ਕਰਨੀ, ਪੁਛਣਾ ਨਹੀਂ ਕੋਈ ਸਵਾਲ। 

ਮਹਾਰਾਜ! ਮੇਰੀ ਤਾਂ ਅਜੇ ਉਮਰ ਹੈ ਥੋੜੀ, ਨਾ ਮੈਂ ਕੀਤੈ ਕੋਈ ਪਾਪ,
ਫਿਰ ਕਿਉਂ ਲਿਜਾ ਰਹੇ ਹੋ ਦੂਰ ਮੈਨੂੰ, ਮੇਰੇ ਅਪਣਿਆਂ ਤੋਂ ਆਪ। 
'ਉਮਰ' ਕੋਈ ਮਾਪ-ਦੰਡ ਨਹੀਂ ਹੈ ਮੌਤ ਲਈ,
ਮੌਤ ਤਾਂ ਇਕ ਅਟਲ ਸਚਾਈ ਹੈ ਹਰ ਲਈ।

ਕੋਈ ਵੀ ਇਸ ਮਾਮਲੇ 'ਚ ਕੁੱਝ ਕਰ ਨਹੀਂ ਸਕਦਾ, 
ਤੇਰੀ ਆਈ ਮੌਤ ਹੋਰ ਕੋਈ ਮਰ ਨਹੀਂ ਸਕਦਾ। 
ਠੀਕ ਹੈ, ਮੈਂ ਆਖ਼ਰੀ ਵਾਰ ਸੱਭ ਨੂੰ ਮਿਲ ਲਵਾਂ, ਫਿਰ ਚਲਦਾ ਹਾਂ ਹਜ਼ੂਰ,
ਪ੍ਰੰਤੂ ਤੁਹਾਨੂੰ ਵੀ ਮੇਰੀ ਇਕ ਆਖ਼ਰੀ ਇੱਛਾ ਪੂਰੀ ਕਰਨੀ ਪਉ ਜ਼ਰੂਰ।

ਜਲਦੀ ਜਲਦੀ ਦੱਸ ਕੀ ਆਖ਼ਰੀ ਇੱਛਾ ਹੈ ਤੇਰੀ, 
ਮੈਂ ਇਕ ਕਵੀ ਹਾਂ, ਤੁਹਾਨੂੰ ਹਰ ਰਚਨਾ ਸੁਣਨੀ ਪਉ ਮੇਰੀ। 
ਠੀਕ ਹੈ-ਠੀਕ ਹੈ, ਫ਼ਟਾਫ਼ਟ ਕਰ ਜੋ ਕਰਨਾ ਹੈ, ਲਾ ਨਾ ਦੇਰੀ,
ਮੈਨੂੰ ਕਵਿਤਾ ਕਵੁਤਾ 'ਚ ਬਹੁਤੀ ਰੁਚੀ ਨਹੀਂ ਫਿਰ ਵੀ ਸੁਣ ਲੈਂਦੇ ਹਾਂ ਤੇਰੀ। 

ਤਿੰਨ-ਚਾਰ ਕਵਿਤਾਵਾਂ ਤਕ ਤਾਂ ਦੋਵੇਂ ਭਰਦੇ ਰਹੇ ਹੁੰਗਾਰੇ,
ਫਿਰ ਪਤਾ ਨਹੀਂ ਨੀਂਦ ਆ ਗਈ ਚੁਪ ਕਰ ਗਏ ਵੇਚਾਰੇ।
ਕਵੀ ਦਾ ਕਵਿਤਾਵਾਂ ਸੁਣਾਣ ਵਾਲਾ ਅਸਤਰ ਅਪਣਾ ਕੰਮ ਕਰ ਗਿਆ,
ਇਨੀਆਂ ਸੁਣਾਈਆਂ ਕਵਿਤਾਵਾਂ ਕਿ,
ਸਵੇਰ ਤਕ ਯਮਰਾਜ ਤੇ ਉਸਦਾ ਭੈਸਾ ਮਰ ਗਿਆ।

- ਰਮੇਸ਼ ਕੁਮਾਰ ਸ਼ਾਮਾ,
ਰਤਨ ਨਗਰ ਐਕਸਟੈਨਸ਼ਨ, ਸ਼ੈਲਰ ਰੋਡ, 
ਪਟਿਆਲਾ। ਮੋਬਾਈਲ: 99888-73637