ਮਿੰਨੀ ਕਹਾਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮਿੰਨੀ ਕਹਾਣੀਆਂ

Short Stories

ਮਾਂ ਦੀ ਮਮਤਾ
ਮੱਘਰ ਸਿੰਘ ਦੀ 90 ਸਾਲ ਦੀ ਮਾਂ ਸਵੇਰੇ ਹਰ ਰੋਜ਼ ਗੁਰਦਵਾਰੇ ਵਿਚ ਮੱਥਾ ਟੇਕਣ ਜਾਂਦੀ ਸੀ। ਮੱਘਰ ਸਿੰਘ ਆਪ ਵੀ ਸੱਠ ਸਾਲ ਦਾ ਅਤੇ ਪੁੱਤਰ-ਪੋਤਰਿਆਂ ਵਾਲਾ ਹੋ ਚੁੱਕਾ ਸੀ। ਜਦੋਂ ਵੀ ਮੱਘਰ ਸਿੰਘ ਦੀ ਮਾਂ ਨੂੰ ਗੁਰਦਵਾਰੇ ਵਿਚ ਦੇਗ਼ ਜਾਂ ਪਤਾਸੇ ਮਿਲਦੇ ਤਾਂ ਉਹ ਆ ਕੇ ਸਾਰੇ ਪ੍ਰਵਾਰ ਨੂੰ ਵੰਡ ਦਿੰਦੀ ਸੀ। ਇਕ ਦਿਨ ਮੱਘਰ ਸਿੰਘ ਅਪਣੇ ਕਮਰੇ ਵਿਚ ਬੈਠਾ ਟੀ.ਵੀ. ਵੇਖ ਰਿਹਾ ਸੀ, ਅਚਾਨਕ ਬੂਹਾ ਖੁਲ੍ਹਿਆ। ਵੇਖਿਆ ਕਿ ਮਾਂ ਗੁਰਦਵਾਰੇ 'ਚ ਮੱਥਾ ਟੇਕ ਕੇ ਆਈ ਸੀ। ਇਸ ਲਈ ਮੱਘਰ ਸਿੰਘ ਨੇ ਦੇਗ਼ ਲੈਣ ਲਈ ਮਾਂ ਅੱਗੇ ਅਪਣੇ ਹੱਥ ਬੁੱਕ ਬਣਾ ਕੇ ਫੈਲਾਅ ਦਿਤੇ।

ਮਾਂ ਨੇ ਮੱਘਰ ਸਿੰਘ ਦੇ ਹੱਥਾਂ ਤੇ ਦੇਗ਼ ਧਰਦਿਆਂ ਕਿਹਾ, ''ਅੱਜ ਤਾਂ ਬਾਬੇ ਨੇ ਪਤਾਸਿਆਂ ਤੋਂ ਬਿਨਾਂ ਇਕ ਲੱਡੂ ਵੀ ਦੇ ਦਿਤਾ। ਲੈ ਫੜ ਇਸ ਨੂੰ ਚੁਪ ਕਰ ਕੇ ਇਥੇ ਹੀ ਖਾ ਲੈ। ਐਵੇਂ ਨਾ ਜੁਆਕਾਂ ਵਿਚ ਵੰਡ ਦਈਂ। ਉਨ੍ਹਾਂ ਨੂੰ ਮੈਂ ਪਤਾਸੇ ਵੰਡ ਦਿਆਂਗੀ।'' ਹੁਣ ਮੱਘਰ ਸਿੰਘ ਅਪਣੀ ਪਿੱਛੇ ਮੁੜੀ ਮਾਂ ਵਲ ਤੇ ਕਿਤੇ ਹੱਥ ਵਿਚਲੇ ਲੱਡੂ ਵਲ ਵੇਖੀ ਜਾਂਦਾ ਸੀ ਤੇ ਸੋਚਦਾ ਸੀ ਕਿ ਅੱਜ ਵੀ ਨੱਬੇ ਸਾਲ ਦੀ ਮਾਂ ਅੰਦਰ ਉਸ ਲਈ ਕਿੰਨੀ ਮਮਤਾ ਹੈ। ਪ੍ਰਗਟ ਸਿੰਘ ਢਿੱਲੋਂ, ਸੰਪਰਕ : 98553-63234

ਉਜਾੜ
ਦਰਸ਼ਨ ਸਿੰਘ ਕਈ ਦਿਨਾਂ ਤੋਂ ਮਕਾਨ ਖ਼ਰੀਦਣ ਲਈ ਸ਼ਹਿਰ ਵਿਚ ਗੇੜੇ ਮਾਰ ਰਿਹਾ ਸੀ। ਉਸ ਨੇ ਕਈ ਮਕਾਨ ਵੇਖੇ ਪਰ ਕੋਈ ਪਸੰਦ ਨਹੀਂ ਸੀ ਆਇਆ। ਇਕ ਦਿਨ ਦਲਾਲ ਨੇ ਦਰਸ਼ਨ ਨੂੰ ਫ਼ੋਨ ਕਰ ਕੇ ਸ਼ਹਿਰ ਬੁਲਾਇਆ ਅਤੇ ਉਸ ਨੂੰ ਸ਼ਹਿਰ ਦੀ ਸੱਭ ਤੋਂ ਵਧੀਆ ਕਲੋਨੀ ਵਿਚ ਲੈ ਗਿਆ। ਦਲਾਲ ਇਕ ਮਕਾਨ ਵਲ ਇਸ਼ਾਰਾ ਕਰ ਕੇ ਕਹਿਣ ਲੱਗਾ, ''ਦਰਸ਼ਨ, ਆਹ ਕੋਠੀ ਆਪਾਂ ਨੂੰ ਭਾਅ 'ਚ ਮਿਲਦੀ ਏ। ਗੁਆਂਢ ਵੀ ਬਹੁਤ ਵਧੀਆ ਹੈ। ਇਹ ਨਾਲ ਲਗਦੀਆਂ ਦੋ ਕੋਠੀਆਂ ਅਮਰੀਕਾ ਵਾਲਿਆਂ ਦੀਆਂ ਨੇ, ਇਧਰ ਕੈਨੇਡੀਅਨ ਗਰੇਵਾਲ ਦੀ ਏ, ਉਹ ਸਾਹਮਣੇ ਇੰਗਲੈਂਡ ਵਾਲੇ ਨੇ।'' ਸਾਰੇ ਮਕਾਨਾਂ ਦੇ ਅੱਗੇ ਵੱਡੇ-ਵੱਡੇ ਜਿੰਦੇ ਲੱਗੇ ਵੇਖ ਕੇ ਦਰਸ਼ਨ ਬੋਲਿਆ, ''ਯਾਰ, ਹਸਦੇ-ਵਸਦੇ ਮੁਹੱਲੇ 'ਚ ਮਕਾਨ ਵਿਖਾ ਕੋਈੇ। ਕਿਥੇ ਉਜਾੜ 'ਚ ਲਈ ਫਿਰਦੈਂ ਮੈਨੂੰ।'' ਮਾਸਟਰ ਸੁਖਵਿੰਦਰ ਦਾਨਗੜ੍ਹ, ਸੰਪਰਕ : 94171 80205

ਸੱਭ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ
ਇਕ ਕੋਇਲ ਅਤੇ ਇਕ ਮੱਛੀ ਦੀ ਨਵੀਂ ਨਵੀਂ ਮਿੱਤਰਤਾ ਹੋਈ ਸੀ। ਕੋਇਲ ਇਕ ਦਰਿਆ ਦੇ ਕਿਨਾਰੇ ਇਕ ਵੱਡੇ ਜਾਮਣ ਦੇ ਦਰੱਖ਼ਤ ਤੇ ਅਪਣੇ ਬੱਚਿਆਂ ਨਾਲ ਰਹਿੰਦੀ ਸੀ ਅਤੇ ਮੱਛੀ ਇਸੇ ਦਰਿਆ 'ਚ ਰਹਿੰਦੀ ਸੀ। ਦਰਿਆ ਬਹੁਤ ਹੀ ਦੂਰ ਤਕ ਜਾਂਦਾ ਸੀ। ਇਸ ਕਰ ਕੇ ਉਨ੍ਹਾਂ ਦਾ ਰੋਜ਼ ਰੋਜ਼ ਮਿਲਣਾ ਮੁਸ਼ਕਲ ਸੀ। ਕੋਇਲ ਸਾਰਾ ਦਿਨ ਇਧਰ-ਉਧਰ ਉਡਾਰੀਆਂ ਮਾਰਦੀ ਫਿਰਦੀ ਰਹਿੰਦੀ ਅਤੇ ਹਨੇਰਾ ਹੋਣ ਤੋਂ ਪਹਿਲਾਂ ਅਪਣੇ ਆਲ੍ਹਣੇ 'ਚ ਪਰਤ ਆਉਂਦੀ ਸੀ। 

ਕਈ ਦਿਨਾਂ ਬਾਅਦ ਕੋਇਲ ਅਤੇ ਮੱਛੀ ਆਪਸ 'ਚ ਮਿਲੇ ਤਾਂ ਕੋਇਲ ਨੇ ਨਿਰਾਸ਼ਤਾ ਵਿਖਾਉਂਦੇ ਹੋਏ ਕਿਹਾ, ''ਦੋਸਤ! ਕਿੰਨੀ ਚਿੰਤਾ ਅਤੇ ਅਫ਼ਸੋਸ ਦੀ ਗੱਲ ਹੈ ਕਿ ਪ੍ਰਮਾਤਮਾ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ। ਬਿਲਕੁਲ ਗ਼ਲਤ ਕੀਤਾ ਹੈ। ਵੇਖੋ ਨਾ, ਮੈਂ ਪਾਣੀ 'ਚ ਨਹੀਂ ਆ ਸਕਦੀ ਅਤੇ ਤੂੰ ਦਰੱਖ਼ਤ ਤੇ ਨਹੀਂ ਚੜ੍ਹ ਸਕਦੀ। ਇਸ ਤਰ੍ਹਾਂ ਤਾਂ ਅਸੀ ਕਦੇ ਰਲ-ਮਿਲ ਕੇ ਬੈਠ ਹੀ ਨਹੀਂ ਸਕਾਂਗੇ।'' ਮੱਛੀ ਨੇ ਕਿਹਾ, ''ਇਸ 'ਚ ਨਿਰਾਸ਼ਤਾ ਅਤੇ ਚਿੰਤਾ ਵਾਲੀ ਕੋਈ ਗੱਲ ਨਹੀਂ।

ਸੱਭ ਨੂੰ ਮੁਕੰਮਲ ਜਹਾਨ ਨਹੀਂ ਮਿਲਦਾ ਹੁੰਦਾ। ਨਾਲੇ ਪ੍ਰਮਾਤਮਾ ਤੋਂ ਕਦੇ ਕੁੱਝ ਗ਼ਲਤ ਹੋ ਨਹੀਂ ਸਕਦਾ। ਇਸ ਵਿਚ ਵੀ ਇਕ ਗੂੜ੍ਹਾ ਰਹੱਸ ਹੈ ਅਤੇ ਸਿਖਿਆ ਹੈ ਕਿ ਰੋਜ਼ ਰੋਜ਼ ਮਿਲਣ ਨਾਲ ਪਿਆਰ ਅਤੇ ਸਤਿਕਾਰ ਘੱਟ ਜਾਂਦਾ ਹੈ। ਮਿਲਣ ਦਾ ਸੁਆਦ ਪਲ ਦੋ ਪਲ ਦੀ ਮੌਜ ਤੋਂ ਵੱਧ ਕੁੱਝ ਨਹੀਂ। ਜੁਦਾਈ ਅੰਤ ਤਕ ਨਸ਼ਾ ਦਿੰਦੀ ਰਹਿੰਦੀ ਹੈ। ਮਿਲਣਾ ਵਿਛੜਨਾ ਅਤੇ ਫਿਰ ਮਿਲਣਾ ਇਸ ਤਰ੍ਹਾਂ ਨਾਲ ਮਿਲਣ ਦੀ ਤਾਂਘ ਤੀਬਰ ਬਣੀ ਰਹਿੰਦੀ ਹੈ ਅਤੇ ਦੋਸਤੀ ਸਦੀਵੀ ਕਾਇਮ ਰਹਿੰਦੀ ਹੈ।''
ਕੋਇਲ ਮੱਛੀ ਦੇ ਮੁਖ ਤੋਂ ਏਨਾ ਵਧੀਆ ਜਵਾਬ ਸੁਣ ਕੇ ਗਦਗਦ ਹੋ ਗਈ। ਉਸ ਨੇ ਕਿਹਾ, ''ਦਰਿਆ 'ਚ ਰਹਿੰਦੇ ਰਹਿੰਦੇ ਤੇਰਾ ਦਿਲ ਵੀ ਦਰਿਆ ਵਾਂਗ ਵਿਸ਼ਾਲ ਹੋ ਗਿਐ। ਤੈਨੂੰ ਦੋਸਤ ਦੇ ਰੂਪ 'ਚ ਪਾ ਕੇ ਮੈਂ ਧੰਨ ਹੋ ਗਈ ਹਾਂ।'' ਰਮੇਸ਼ ਕੁਮਾਰ ਸ਼ਰਮਾ, ਸੰਪਰਕ : 99888-73637