ਮਜ਼ਦੂਰ ਦਿਵਸ: ਇਹ ਹੈ ਅੱਜ ਦੇ ਮਜ਼ਦੂਰ ਦੀ ਅਸਲ ਕਹਾਣੀ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਦੇ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ

International Labor Day

ਚੰਡੀਗੜ੍ਹ: ਅੱਜ 1 ਮਈ 2019 ਨੂੰ ਜਿੱਥੇ ਪੂਰੇ ਵਿਸ਼ਵ ’ਚ ਕੌਮੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੇ ਮਜ਼ਦੂਰਾਂ ਦੀ ਤਾਂ ਅੱਜ ਪੰਜਾਬ ਦੇ ਮਜ਼ਦੂਰ ਬਹੁਤ ਹੀ ਬੇਵੱਸ ਤੇ ਲਾਚਾਰ ਹਨ, ਜਿੰਨ੍ਹਾਂ ਦੇ ਹੱਥਾਂ ਵਿਚ ਜ਼ਹਿਰ ਦੀਆਂ ਸ਼ੀਸ਼ੀਆਂ ਤੇ ਫੰਦਾ ਲਗਾਉਣ ਲਈ ਹੱਥ ਵਿਚ ਰੱਸੇ ਹਨ। ਪੰਜਾਬ ਦੇ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ ਹੈ। ਦੇਸ਼ ਦਾ ਵਿਕਾਸ ਕਹੇ ਜਾਣ ਵਾਲੇ ਮਜ਼ਦੂਰਾਂ ਦੀ ਕੀ ਸਥਿਤੀ ਹੈ ਇਸ ਦਾ ਅੰਦਾਜ਼ਾ ਸ਼ਾਇਦ ਕੋਈ ਨਹੀਂ ਲਗਾ ਸਕਦਾ ਤੇ ਨਾ ਹੀ ਕੋਈ ਇਸ ਦੀ ਕੋਸ਼ਿਸ਼ ਕਰ ਰਿਹਾ ਹੈ।

ਪੰਜਾਬ ਦੇ ਅਜਿਹੇ ਹਾਲਾਤਾਂ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ ਕਿਉਂਕਿ ਦੇਸ਼ ਦੀ ਸਰਕਾਰ ਇਕ ਪਾਸੇ ਤਾਂ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਦੇ ਸੁਪਨੇ ਵਿਖਾਉਂਦੀ ਰਹੀ, ਉੱਥੇ ਹੀ ਦੂਜੇ ਪਾਸੇ ਰੁਜ਼ਗਾਰ ਨੂੰ ਵੀ ਖ਼ਤਮ ਕਰਦੀ ਗਈ। ਮੌਜੂਦਾ ਹਾਲਾਤਾਂ ਵਿਚ ਪੰਜਾਬ ਦੀ ਜ਼ਮੀਨੀ ਹਕੀਕਤ ਵੀ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੀ ਹੈ। ਸਾਡੇ ਦੇਸ਼ ਦੇ ਕਿਸਾਨ ਕਰਜ਼ਾਈ ਹੋਏ ਪਏ ਹਨ, ਮਜ਼ਦੂਰਾਂ ਕੋਲ ਰੁਜ਼ਗਾਰ ਨਹੀਂ ਹੈ ਉਲਟਾ ਸਿਰ ਉਤੇ ਕਰਜ਼ੇ ਦੀ ਪੰਡ ਚੁੱਕੀ ਸਰਕਾਰਾਂ ਦੇ ਮੂੰਹ ਤੱਕਦੇ ਫਿਰ ਰਹੇ ਹਨ।

ਪੰਜਾਬ ਵਿਚ ਇਹ ਹਾਲਾਤ ਕੋਈ ਨਵੀਂ ਗੱਲ ਨਹੀਂ ਹੈ। ਇਹ ਹਾਲਾਤ ਸੂਬੇ ਦੇ ਮਜ਼ਦੂਰਾਂ ਦੇ ਆਜ਼ਾਦੀ ਵੇਲੇ ਤੋਂ ਹਨ ਕਿਉਂਕਿ ਸਮੇਂ ਦੀਆਂ ਸਰਕਾਰਾਂ ਵਲੋਂ ਵਿਕਾਸ ਦੇ ਸੁਪਨੇ ਤਾਂ ਬਹੁਤ ਵਿਖਾਏ ਗਏ ਪਰ ਮਜ਼ਦੂਰਾਂ ਦਾ ਵਿਕਾਸ ਕਰਨ ਲਈ ਹਮੇਸ਼ਾ ਤੋਂ ਹੀ ਢਿੱਲ ਵਰਤੀ ਗਈ। ਸ਼ਾਇਦ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਿਆਸਤਦਾਨ ਸਿਰਫ਼ ਅਪਣੇ ਢਿੱਡ ਭਰਨ ਲਈ ਗਰੀਬਾਂ ਨੂੰ ਇਸਤੇਮਾਲ ਕਰਦੇ ਹਨ।

ਵੋਟਾਂ ਮੌਕੇ ਨੇਤਾਵਾਂ ਵਲੋਂ ਉਨ੍ਹਾਂ ਗਰੀਬਾਂ ਨੂੰ ਹੀ ਸ਼ਿਕਾਰ ਬਣਾਇਆ ਜਾਂਦਾ ਹੈ ਜੋ ਭੁੱਖਮਰੀ ਜਾਂ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਅਜਿਹੇ ਲੋਕਾਂ ਦੀ ਗਿਣਤੀ ਦੇਸ਼ ਵਿਚ ਲਗਭੱਗ 70 ਫ਼ੀ ਸਦੀ ਹੈ ਜਿੰਨ੍ਹਾਂ ਨੂੰ ਚੰਦ ਪੈਸਿਆਂ ਨਾਲ ਇਹ ਸਿਆਸਤਦਾਨ ਅਪਣੇ ਫ਼ਾਇਦੇ ਲਈ ਖ਼ਰੀਦ ਕੇ ਵੋਟਾਂ ਹਾਸਲ ਕਰਦੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਹਨ ਪਰ ਵਿਕਾਸ ਕੁਝ ਵੀ ਨਹੀਂ ਹੈ, ਵਧੇਰੇ ਗਿਣਤੀ ਨੌਜਵਾਨ ਅਪਣੇ ਭਵਿੱਖ ਦੀ ਚਿੰਤਾ ’ਚ ਬਾਹਰਲੇ ਮੁਲਕਾਂ ਵਿਚ ਮਿਹਨਤ ਕਰਨ ਜਾ ਰਹੇ ਹਨ।

ਪੰਜਾਬ ਵਿਚ ਚੰਗੀ ਜ਼ਮੀਨ, ਸਾਫ਼ ਪਾਣੀ, ਸਾਫ਼ ਵਾਤਾਵਰਨ ਹੋਣ ਦੇ ਬਾਵਜੂਦ ਵੀ ਪੰਜਾਬ ਵਿਚ ਰੁਜ਼ਗਾਰ ਨਾ ਹੋਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਹਰ ਸਾਲ ਸੈਂਕੜੇ ਮਜ਼ਦੂਰ ਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਸਰਕਾਰਾਂ ਦੇ ਵਾਅਦਿਆਂ ਨਾਲ ਮਜ਼ਦੂਰਾਂ ਨੂੰ ਇਕ ਉਮੀਦ ਮਿਲੀ ਸੀ ਪਰ ਹੁਣ ਸਰਕਾਰ ਅਪਣੇ ਵਾਅਦਿਆਂ ਤੋਂ ਮੁਕਰਦੀ ਵਿਖਾਈ ਦੇ ਰਹੀ ਹੈ ਤਾਂ ਅਜਿਹੇ ਵਿਚ ਮਜ਼ਦੂਰ ਵਰਗ ਵੀ ਸਰਕਾਰੀ ਮਾਰਾਂ ਹੇਠ ਆਉਣ ਲੱਗਾ ਹੈ।

ਅੱਜ ਸਿੱਖਿਆ, ਰੁਜ਼ਗਾਰ ਤੇ ਸਰਕਾਰੀ ਸਕੀਮਾਂ ਦੇ ਨਾਂਅ ’ਤੇ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਦੇਸ਼ ਦਾ ਵਿਕਾਸ ਨਹੀਂ ਕਿਹਾ ਜਾ ਸਕਦਾ, ਇਹ ਦੇਸ਼ ਨੂੰ ਬਰਬਾਦੀ ਦੀ ਰਾਹ ’ਤੇ ਲਿਜਾਣਾ ਬਿਲਕੁਲ ਕਿਹਾ ਜਾ ਸਕਦਾ ਹੈ।

-ਗੁਰਤੇਜ ਸਿੰਘ