ਭਾਰਤੀ ਹਾਕੀ ਦਾ ਸਾਬਤ ਸੂਰਤ ਸਿੱਖ ਸਿਤਾਰਾ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੌਣ ਸੀ ਉਹ ਚੰਡੀਗੜ੍ਹ ਦਾ ਜੰਮਪਲ ਜਿਸ ਨੇ ਭਾਰਤੀ ਹਾਕੀ ਦਾ ਰੂਪ ਬਦਲਿਆ। 

Rajpal Singh

ਪ੍ਰਸਿੱਧ ਹਾਕੀ ਖਿਡਾਰੀ ਰਾਜਪਾਲ ਸਿੰਘ ਦਾ ਜਨਮ 8 ਅਗਸਤ 1983 ਵਿਚ ਹੋਇਆ ਸੀ। ਰਾਜਪਾਲ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਹਨ। ਰਾਜਪਾਲ ਸਿੰਘ ਅਰਜੁਨ ਪੁਰਸਕਾਰ ਜੇਤੂ ਹਨ। ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਮੁੱਢਲੀ ਸਿੱਖਿਆ ਉਪਰੰਤ, ਉਹਨਾਂ ਨੇ ਚੰਡੀਗੜ੍ਹ ਦੇ ਹੀ ਐਸਜੀਜੀਐਸ ਖਾਲਸਾ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 

ਰਾਜਪਾਲ ਸਿੰਘ ਦਾ ਕਰੀਅਰ

ਰਾਜਪਾਲ ਸਿੰਘ ਨੇ ਸ਼ੁਰੂਆਤ ਜੂਨੀਅਰ ਨੈਸ਼ਨਲ ਚੰਡੀਗੜ੍ਹ ਤੋਂ ਕੀਤੀ ਸੀ। ਆਪਣੇ ਕਾਰਜਕਾਲ ਦੀ ਸ਼ੁਰੂਆਤ ਦੌਰਾਨ ਉਹ ਹੋਬਾਰਟ ਜੂਨੀਅਰ ਵਰਲਡ ਕੱਪ ਗੋਲਡ ਤੋਂ ਬਾਅਦ ਇੰਡੀਅਨ ਆਇਲ ਕਾਰਪੋਰੇਸ਼ਨ ਵਿਚ ਸ਼ਾਮਿਲ ਹੋ ਗਏ। 2001 ਦੇ ਯੂਥ ਏਸ਼ੀਆਂ ਕੱਪ ਵਿਚ ਰਾਜਪਾਲ ਸਿੰਘ ਨੇ ਆਪਣਾ ਪਹਿਲਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਸੀ। ਇਹ ਉਹਨਾਂ ਦਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਸੀ ਅਤੇ ਭਾਰਤ ਨੇ ਮਲੇਸ਼ੀਆ ਦੇ ਇਪੋ ਵਿਚ ਇਹ ਕੱਪ ਜਿੱਤਿਆ ਅਤੇ ਰਾਜਪਾਲ ਸਿੰਘ ਇਸ ‘ਟੂਰਨਾਮੈਂਟ ਦੇ ਖਿਡਾਰੀ’ ਚੁਣੇ ਗਏ।

2005 ਵਿਚ ਰਾਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੌਰਾਨ ਉਹਨਾਂ ਨੇ ਸੀਨੀਅਰ ਖਿਡਾਰੀ ਦੇ ਤੌਰ ‘ਤੇ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਹ ਪਿੱਛੇ ਨਹੀਂ ਮੁੜੇ। 2007 ਵਿਚ ਉਹ ਜਰਮਨ ਦੂਜੀ ਡਿਵੀਜ਼ਨ ‘ਤੇ ਖੇਡੇ। ਉਹ ਉਹਨਾਂ ਕੁਝ ਭਾਰਤੀ ਖਿਡਾਰੀਆਂ ਵਿਚੋਂ ਇਕ ਸਨ ਜੋ ਕਿ 2008 ‘ਚ ਚੀਨ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਜਰਮਨ ਵਿਚ ਕਰ ਰਹੇ ਸਨ।

2010 ਤੱਕ ਉਹ ਸੰਦੀਪ ਸਿੰਘ ਦੀ ਜਗ੍ਹਾ, ਦਿੱਲੀ ਵਿਚ ਹੋਣ ਵਾਲੇ FIH ਵਰਲਡ ਕੱਪ 2010 ਤੋਂ ਪਹਿਲਾਂ ਰਾਸ਼ਟਰੀ ਟੀਮ ਦੇ ਕਪਤਾਨ ਬਣ ਗਏ, ਜਿਸ ਵਿਚ ਭਾਰਤ 8ਵੇਂ ਨੰਬਰ ‘ਤੇ ਆਇਆ। ਸੁਲਤਾਨ ਅਜ਼ਲਾਨ ਸ਼ਾਹ ਕੱਪ ਭਾਰਤ ਲਈ ਬਹੁਤ ਹੀ ਸ਼ਾਨਦਾਰ ਸੀ ਕਿਉਂਕਿ ਇਸ ਵਿਚ ਰਾਜਪਾਲ ਸਿੰਘ ਕਪਤਾਨੀ ਹੇਠ ਭਾਰਤ ਨੇ ਜਿੱਤ ਪ੍ਰਾਪਤ ਕੀਤੀ।

ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ 19ਵੇਂ ਐਡੀਸ਼ਨ ਵਿਚ ਫਾਈਨਲ ਮੈਚ ਦੌਰਾਨ ਮੀਂਹ ਪੈਣ ਕਾਰਨ ਮੈਚ ਰੱਦ ਹੋ ਗਿਆ ਅਤੇ ਭਾਰਤ ਅਤੇ ਕੋਰੀਆ ਦੋਵਾਂ ਨੂੰ ਹੀ ਜੇਤੂ ਐਲਾਨੇਿਆ ਗਿਆ। ਰਾਜਪਾਲ ਸਿੰਘ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਦਿੱਲੀ ਵਿਚ ਹੋਈਆਂ ਕਾਮਨਵੈਲਥ ਖੇਡਾਂ ਵਿਚ ਪਾਕਿਸਤਾਨ ਨੂੰ 7-4 ਨਾਲ ਹਰਾ ਕੇ ਸੈਮੀ-ਫਾਈਨਲ ਤੱਕ ਪਹੁੰਚੀ।

2011 ਵਿਚ ਏਸ਼ੀਅਨ ਮੈਨਸ ਹਾਕੀ ਚੈਂਪੀਅਨਸ਼ਿਪ ਟਰਾਫੀ ਦੌਰਾਨ ਫਾਈਨਲ ਮੈਚ ਵਿਚ ਭਾਰਤ ਨੇ ਰਾਜਪਾਲ ਸਿੰਘ ਦੀ ਕਪਤਾਨੀ ਹੇਠ ਰਿਵਾਇਤੀ ਵਿਰੋਧੀ ਟੀਮ ਪਾਕਿਸਤਾਨ ਤੋਂ ਜਿੱਤ ਹਾਸਿਲ ਕੀਤੀ। ਪਰ ਰਾਜਪਾਲ ਸਿੰਘ ਨੂੰ ਕਪਤਾਨ ਦੀ ਪਦਵੀ ਤੋਂ ਹਟਾ ਕੇ ਗੋਲਕੀਪਰ ਭਰਤ ਛੇਤਰੀ ਨੂੰ ਕਪਤਾਨ ਬਣਾ ਦਿੱਤਾ ਗਿਆ।

ਮੰਨਿਆ ਜਾਂਦਾ ਹੈ ਕਿ ਰਾਜਪਾਲ ਸਿੰਘ ਦਾ ਕਪਤਾਨੀ ਤੋਂ ਹਟਣਾ ਉਸ ਦਿਨ ਤੋਂ ਲਗਭਗ ਤੈਅ ਸੀ ਜਿਸ ਦਿਨ ਉਹਨਾਂ ਨੇ ਭਾਰਤੀ ਹਾਕੀ ਟੀਮ ਵੱਲੋਂ ਫੈਡਰੇਸ਼ਨ ਦੇ ਖਿਲਾਫ ਕੀਤੇ ਗਏ ਵਿਦਰੋਹ ਦੀ ਅਗਵਾਈ ਕੀਤੀ ਸੀ। ਇਹ ਵਿਦਰੋਹ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਾ ਮਾਤਰ ਇਨਾਮਾਂ ਦੇ ਵਿਰੋਧ ਵਿਚ ਸੀ।

ਰਾਜਪਾਲ ਸਿੰਘ ਨੇ ਪ੍ਰੀਮੀਅਰ ਹਾਕੀ ਲੀਗ (PHL) ਵਿਚ ਚੰਡੀਗੜ੍ਹ ਡਾਇਨਮੋਜ਼ ਅਤੇ ਵਰਲਡ ਸੀਰੀਜ਼ ਹਾਕੀ (WSH) ਵਿਚ ਦਿੱਲੀ ਵਿਜ਼ਰਡਸ ਦੀ ਕਪਤਾਨੀ ਕੀਤੀ। ਹਾਕੀ ਕਪਤਾਨ ਰਾਜਪਾਲ ਸਿੰਘ ਦੀ ਧਰਮ-ਪਤਨੀ ਪ੍ਰਸਿੱਧ ਸ਼ੂਟਰ ਅਵਨੀਤ ਸਿੱਧੂ ਹਨ। ਰਾਜਪਾਲ ਸਿੰਘ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਰਹਿੰਦੇ ਹਨ।

ਹਾਕੀ ਦੀ ਖੇਡ ਵਿਚ ਰਾਜਪਾਲ ਸਿੰਘ ਵੱਲੋਂ ਕੀਤਾ ਗਿਆ ਯੋਗਦਾਨ ਵੇਖਦਿਆਂ ਹੋਇਆਂ ਉਹਨਾਂ ਨੂੰ ਪੰਜਾਬ ਪੁਲਿਸ ਨੇ ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ (DSP) ਵਜੋਂ ਨਿਯੁਕਤ ਕੀਤਾ। ਭਾਰਤੀ ਹਾਕੀ ਜਗਤ ਵਿਚ ਆਪਣਾ ਨਾਮ ਕਮਾਉਣ ਵਾਲੇ ਪੰਜਾਬ ਦੇ ਇਸ ਸਿੱਖ ਸਪੂਤ ‘ਤੇ ਪੂਰੀ ਕੌਮ ਨੂੰ ਮਾਣ ਹੈ, ਜਿਸ ਨੇ ਸਾਬਤ ਸੂਰਤ ਰਹਿੰਦਿਆਂ ਆਪਣੀ ਖੇਡ ਨੂੰ ਬਾਖ਼ੂਬੀ ਖੇਡਿਆ।

-ਅਦਾਰਾ ਸਪੋਕਸਮੈਨ ਵੱਲੋਂ ਕਮਲਜੀਤ ਕੌਰ