ਅਜਲਾਨ ਸ਼ਾਹ ਹਾਕੀ ਕੱਪ : ਮਨਦੀਪ ਦੀ ਹੈਟ੍ਰਿਕ, ਭਾਰਤ ਨੇ ਕੈਨੇਡਾ ਨੂੰ 7-3 ਨਾਲ ਹਰਾਇਆ
ਮਨਦੀਪ ਸਿੰਘ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਗੋਲ ਕੀਤੇ
ਇਪੋਹ (ਮਲੇਸ਼ੀਆ) : ਸਟ੍ਰਾਈਕਰ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਕੈਨੇਡਾ ਨੂੰ 7-3 ਨਾਲ ਹਰਾ ਕੇ ਬੁੱਧਵਾਰ ਨੂੰ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫ਼ਾਈਨਲ 'ਚ ਥਾਂ ਪੱਕੀ ਕਰ ਲਈ। ਮਨਦੀਪ ਸਿੰਘ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਗੋਲ ਕੀਤੇ।
ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ 'ਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਗਰੁੱਪ ਲੀਗ 'ਚ ਭਾਰਤ ਨੇ 3 ਮੈਚ ਜਿੱਤੇ ਅਤੇ ਇਕ ਡਰਾਅ ਖੇਡ ਕੇ ਕੁਲ 10 ਅੰਕ ਪ੍ਰਾਪਕ ਕੀਤੇ। ਭਾਰਤ ਦਾ ਹਾਲੇ ਇਕ ਮੈਚ ਬਾਕੀ ਹੈ, ਜੋ ਕਿ ਪੋਲੈਂਡ ਵਿਰੁੱਧ ਸ਼ੁਕਰਵਾਰ ਨੂੰ ਹੋਵੇਗਾ। ਕੋਰੀਆ 7 ਅੰਕ ਨਾਲ ਦੂਜੇ ਨੰਬਰ 'ਤੇ ਹੈ, ਜਦਕਿ ਮਲੇਸ਼ੀਆ ਅਤੇ ਕੈਨੇਡਾ 6 ਅੰਕ ਨਾਲ ਤੀਜੇ ਨੰਬਰ 'ਤੇ ਹਨ।
ਭਾਰਤ ਨੇ ਸ਼ੁਰੂਆਤ ਤੋਂ ਹਮਲਾਵਰ ਖੇਡ ਖੇਡੀ। ਵਰੁਣ ਨੇ 12ਵੇਂ ਮਿੰਟ 'ਚ ਗੋਲ ਕੀਤਾ। ਦੂਜੇ ਕੁਆਰਟਰ 'ਚ ਮਨਦੀਪ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਲਗਾਤਾਰ ਤਿੰਨ ਗੋਲ ਕਰ ਕੇ ਭਾਰਤੀ ਟੀਮ ਨੂੰ 4-0 ਦੀ ਲੀਡ ਦਿਵਾ ਦਿੱਤੀ। ਕੈਨੇਡਾ ਲਈ 35ਵੇਂ ਮਿੰਟ 'ਚ ਮਾਰਕ ਪੀਅਰਸਨ ਨੇ ਗੋਲ ਕੀਤਾ। ਇਸ ਤੋਂ ਬਾਅਦ ਭਾਰਤ ਵੱਲੋਂ ਰੋਹਿਦਾਸ ਨੇ ਗੋਲ ਕੀਤਾ। ਆਖਰੀ ਕੁਆਰਟਰ 'ਚ ਕੈਨੇਡ ਨੇ ਦੋ ਗੋਲ ਕੀਤੇ, ਜਦਕਿ ਭਾਰਤ ਲਈ ਵਿਵੇਕ ਸਾਗਰ ਪ੍ਰਸ਼ਾਦ ਅਤੇ ਨੀਲਾਕਾਂਤ ਸ਼ਰਮਾ ਨੇ ਗੋਲ ਕੀਤੇ।
ਮਨਪ੍ਰੀਤ ਨੂੰ ਹੈਟ੍ਰਿਕ ਲਈ ਮੈਨ ਆਫ਼ ਦੀ ਮੈਚ ਚੁਣਿਆ ਗਿਆ।