ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ : ਭਾਰਤ ਦੀ ਪੋਲੈਂਡ ਖਿਲਾਫ਼ 10-0 ਨਾਲ ਵੱਡੀ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦਾ ਕੋਰੀਆ ਨਾਲ ਖ਼ਿਤਾਬੀ ਮੁਕਾਬਲਾ ਭਲਕੇ

India beat Poland by 10-0 goals

ਇਪੋਹ (ਇੰਡੋਨੇਸ਼ੀਆ) : ਅਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਟ੍ਰਾਈਕਰ ਮਨਦੀਪ ਸਿੰਘ ਦੇ ਦਮਦਾਰ ਖੇਡ ਨਾਲ ਭਾਰਤ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਸ਼ੁਕਰਵਾਰ ਨੂੰ ਇਥੇ ਅਪਣਾ ਆਖ਼ਰੀ ਲੀਗ ਮੁਕਾਬਲੇ  ਵਿਚ ਪੋਲੈਂਡ ਨੂੰ 10-0 ਤੋਂ ਕਰਾਰੀ ਹਾਰ ਦਿਤੀ ਹੈ। ਹੁਣ ਭਾਰਤ ਦਾ ਸਨਿਚਰਵਾਰ ਨੂੰ ਫਾਈਨਲ 'ਚ ਕੋਰੀਆ ਨਾਲ ਮੁਕਾਬਲਾ ਹੋਵੇਗਾ। ਭਾਰਤੀ ਟੀਮ ਨੇ ਪੋਲੈਂਡ ਖਿਲਾਫ਼ ਜੋਸ਼ ਬਰਕਰਾਰ ਰੱਖਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। 

ਮੈਚ ਦਾ ਦੂੱਜਾ ਕੁਆਟਰ ਭਾਰਤ ਲਈ ਸੱਭ ਤੋਂ ਸਫ਼ਲ ਰਿਹਾ ਜਿਸ ਵਿਚ ਟੀਮ ਨੇ ਚਾਰ ਗੋਲ ਦਾਗੇ। ਹਾਫ਼ ਟਾਇਮ ਤਕ ਭਾਰਤੀ ਟੀਮ 6-0 ਨਾਲ ਅੱਗੇ ਸੀ, ਜਦਕਿ ਆਖ਼ਰੀ 30 ਮਿੰਟਾਂ ਦੀ ਖੇਡ ਵਿਚ ਟੀਮ ਨੇ 4 ਗੋਲ ਕੀਤੇ। ਟੂਰਨਾਮੈਂਟ ਦੇ ਇਤੀਹਾਸ ਵਿਚ ਇਹ ਪੰਜਵੀਂ ਵਾਰ ਹੈ ਜੱਦ ਭਾਰਤੀ ਟੀਮ ਬਿਨ੍ਹਾਂ ਕੋਈ ਮੈਚ ਹਾਰੇ ਫਾਈਨਲ ਵਿਚ ਪੁੱਜੀ ਹੈ। ਟੀਮ ਨੇ ਪੰਜ ਮੈਚਾਂ ਵਿਚ 4 ਜਿੱਤ ਅਤੇ ਇਕ ਡ੍ਰਾ ਖੇਡ ਕੇ 13 ਅੰਕ ਜੁਟਾਏ।

ਮਨਦੀਪ ਨੇ ਮੈਚ ਦੇ 50 ਵੇਂ ਅਤੇ 51ਵੇਂ ਮਿੰਟ ਵਿਚ ਲਗਾਤਾਰ ਦੋ ਗੋਲ ਦਾਗੇ ਜਿਸ ਨਾਲ 24 ਸਾਲ ਦੇ ਇਸ ਖਿਡਾਰੀ ਦੀ ਟੂਰਨਾਮੈਂਟ ਵਿਚ ਗੋਲਾਂ ਦੀ ਗਿਣਤੀ 7 ਹੋ ਗਈ ਹੈ। ਉਨ੍ਹਾਂ ਨੇ ਬੁਧਵਾਰ ਨੂੰ ਕੈਨੇਡਾ 'ਤੇ ਭਾਰਤ ਦੀ 7-3 ਨਾਲ ਹੋਈ ਜਿੱਤ ਵਿਚ ਹੈਟ੍ਰਿਕ ਬਣਾਈ ਸੀ। ਮਨਦੀਪ ਸਿੰਘ ਦੇ ਅਲਾਵਾ ਵਰੁਣ ਕੁਮਾਰ ਨੇ 2 ਗੋਲ ਕੀਤੇ ਜਦ ਕਿ  ਵਿਵੇਕ ਪ੍ਰਸਾਦ, ਅਮਿਤ ਰੋਹਿਦਾਸ, ਨੀਲਕੰਠ ਸ਼ਰਮਾ, ਸਿਮਰਨਜੀਤ ਸਿੰਘ,  ਸੁਰੇਂਦਰ ਕੁਮਾਰ ਤੇ ਸੁਮਿਤ ਨੇ ਵੀ ਭਾਰਤ ਲਈ ਇਕ-ਇਕ ਗੋਲ ਕੀਤਾ।  (ਪੀਟੀਆਈ)