ਲੋਕਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਵਲੋਂ ਗੋਦ ਲਏ ਗਏ ਪਿੰਡ ਚੂੰਨੀ ਕਲਾਂ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪਿੰਡ ਦੇ ਹਾਲਾਤ ਬਹੁਤ ਹੀ ਤਰਸਯੋਗ, ਨਹੀਂ ਮਿਲ ਰਹੀਆਂ ਹਨ ਮੁੱਢਲੀਆਂ ਲੋੜਾਂ

A picture of village Chunni Kalan adopted by Harinder Singh Khalsa

ਚੰਡੀਗੜ੍ਹ: ਲੋਕਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਵਲੋਂ ਗੋਦ ਲਏ ਗਏ ਪਿੰਡ ਚੂੰਨੀ ਕਲਾਂ ਵਿਖੇ ਪਹੁੰਚ ਕੇ ‘ਸਪੋਕਸਮੈਨ ਟੀਵੀ’ ਦੀ ਟੀਮ ਵਲੋਂ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਾਹਮਣੇ ਆਇਆ ਕਿ ਪੂਰਾ ਪਿੰਡ ਬਹੁਤ ਹੀ ਤਰਸਯੋਗ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਪਿੰਡ ਦੇ ਲੋਕ ਕਈ ਅਜਿਹੀਆਂ ਮੁੱਢਲੀਆਂ ਲੋੜਾਂ ਤੋਂ ਵਾਂਝੇ ਰਹਿ ਰਹੇ ਹਨ ਜਿਨ੍ਹਾਂ ਦੀ ਲੋੜ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਐਮ.ਪੀ. ਹਰਿੰਦਰ ਸਿੰਘ ਖ਼ਾਲਸਾ ਦੇ ਪਿੰਡ ਗੋਦ ਲੈਣ ਨੂੰ ਲੈ ਕੇ ਕੁਝ ਅਹਿਮ ਖ਼ਲਾਸੇ ਕੀਤੇ।

ਲੋਕਾਂ ਨੇ ਦੱਸਿਆ ਕਿ ਸਾਨੂੰ ਅਜੇ ਤੱਕ ਇਹ ਹੀ ਪੱਕਾ ਪਤਾ ਨਹੀਂ ਹੈ ਕਿ ਹਰਿੰਦਰ ਸਿੰਘ ਖ਼ਾਲਸਾ ਵਲੋਂ ਸਾਡਾ ਪਿੰਡ ਗੋਦ ਲਿਆ ਗਿਆ ਹੈ ਜਾਂ ਨਹੀਂ ਕਿਉਂਕਿ ਹਰਿੰਦਰ ਖ਼ਾਲਸਾ ਨੇ ਐਮ.ਪੀ. ਬਣਨ ਤੋਂ ਬਾਅਦ ਟੀਵੀ ਚੈਨਲਾਂ ਵਿਚ ਇੰਟਰਵਿਊ ਦੌਰਾਨ ਕਈ ਵਾਰ ਕਿਹਾ ਕਿ ਉਨ੍ਹਾਂ ਨੇ ਪਿੰਡ ਚੂੰਨੀ ਕਲਾਂ ਨੂੰ ਗੋਦ ਨਹੀਂ ਲਿਆ। ਲੋਕਾਂ ਨੇ ਕਿਹਾ ਕਿ ਜੇਕਰ ਪਿੰਡ ਨੂੰ ਗੋਦ ਲਿਆ ਵੀ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਕਰਵਾਇਆ ਗਿਆ।

ਲੋਕਾਂ ਨੇ ਦੱਸਿਆ ਕਿ ਵੋਟਾਂ ਦੇ ਸਮੇਂ ਸਿਰਫ਼ ਹਰਿੰਦਰ ਖ਼ਾਲਸਾ ਪਿੰਡ ਵਿਚ ਆਏ ਸਨ ਪਰ ਉਸ ਤੋਂ ਬਾਅਦ ਅੱਜ ਤੱਕ ਉਨ੍ਹਾਂ ਨੂੰ ਪਿੰਡ ਵਿਚ ਨਹੀਂ ਵੇਖਿਆ ਗਿਆ। ਲੋਕਾਂ ਨੇ ਦੱਸਿਆ ਕਿ ਇਸ ਪਿੰਡ ਨੂੰ ਵਿਕਾਸ ਦੀ ਬਹੁਤ ਵੱਡੀ ਲੋੜ ਹੈ। ਪਿੰਡ ਵੱਡਾ ਹੋਣ ਕਰਕੇ ਪਿੰਡ ਦੇ ਵਿਕਾਸ ਲਈ ਜ਼ਿਆਦਾ ਗਰਾਂਟ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ ਸੀ ਪਰ ਸਿਰਫ਼ ਸਕੂਲ ਲਈ 10 ਲੱਖ ਰੁਪਏ ਗਰਾਂਟ ਜਾਰੀ ਕੀਤੀ ਗਈ ਸੀ ਪਰ ਇਸ ਤੋਂ ਇਲਾਵਾ ਪਿਛਲੇ ਡੇਢ ਸਾਲ ਵਿਚ ਕਿਸੇ ਤਰ੍ਹਾਂ ਦੀ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ।

ਪਿੰਡ ਦੇ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਉਂਦੇ ਹੋਏ ਲੋਕਾਂ ਨੇ ਦੱਸਿਆ ਕਿ ਪਿੰਡ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪੂਰੇ ਪਿੰਡ ਵਿਚ ਪਾਣੀ ਦੀ ਨਿਕਾਸੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਪਿੰਡ ਦਾ ਛੱਪੜ ਓਵਰਫਲੋ ਹੋਣ ਕਰਕੇ ਪਿੰਡ ਦੀਆਂ ਗਲੀਆਂ, ਨਾਲੀਆਂ ਗੰਦੇ ਪਾਣੀ ਨਾਲ ਭਰ ਚੁੱਕੀਆਂ ਹਨ। ਹਸਪਤਾਲ, ਘਰਾਂ ਤੇ ਸਰਕਾਰੀ ਸਕੂਲ ਵਿਚ ਵੀ ਛੱਪੜ ਦਾ ਗੰਦਾ ਪਾਣੀ ਚਲਾ ਜਾਂਦਾ ਹੈ। ਸੜਕ ’ਤੇ ਜ਼ਿਆਦਾ ਪਾਣੀ ਖੜ੍ਹਾ ਹੋਣ ਕਰਕੇ ਆਉਣ-ਜਾਣ ਵਿਚ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ,

ਸਕੂਲ ਵਿਚ ਵਿਦਿਆਰਥੀਆਂ ਦਾ ਜਾਣਾ ਔਖਾ ਹੋ ਜਾਂਦਾ ਹੈ ਤੇ ਸਕੂਲ ਦਾ ਗਰਾਉਂਡ ਵੀ ਛੱਪੜ ਦੇ ਪਾਣੀ ਨਾਲ ਭਰਿਆ ਰਹਿੰਦਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਪਿੰਡ ਨੂੰ ਆਉਂਦੀ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇਸ ਪਾਸੇ ਸਰਕਾਰਾਂ ਵਲੋਂ ਕੋਈ ਧਿਆਨ ਨਹੀਂ ਦਿਤਾ ਜਾਂਦਾ। ਲੋਕਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਜਿੰਨੀ ਹਾਲਤ ਚੂੰਨੀ ਕਲਾਂ ਪਿੰਡ ਦੀ ਮਾੜੀ ਹੈ ਉਨੀ ਸ਼ਾਇਦ ਹੀ ਕਿਸੇ ਹੋਰ ਪਿੰਡ ਦੀ ਹੋਵੇ। ਨਸ਼ਿਆਂ ਬਾਰੇ ਗੱਲ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਨਸ਼ਿਆਂ ਨੂੰ ਲੈ ਕੇ ਵੀ ਬਹੁਤ ਵੱਡੀ ਸਮੱਸਿਆ ਹੈ।