31 ਅਕਤੂਬਰ ਤੋਂ 3 ਨਵੰਬਰ 1984 ਕਿਵੇਂ ਲੰਘਾਏ ਉਹ ਕਹਿਰਾਂ ਵਾਲੇ ਦਿਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

34 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਸੱਜਣ ਕੁਮਾਰ ਨਾਂ ਦੇ ਦਰਿੰਦੇ ਨੂੰ ਉਸ ਦੇ ਜ਼ੁਲਮਾਂ ਲਈ ਸਜ਼ਾ ਸੁਣਾ ਦਿਤੀ ਗਈ ...

1984

34 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਸੱਜਣ ਕੁਮਾਰ ਨਾਂ ਦੇ ਦਰਿੰਦੇ ਨੂੰ ਉਸ ਦੇ ਜ਼ੁਲਮਾਂ ਲਈ ਸਜ਼ਾ ਸੁਣਾ ਦਿਤੀ ਗਈ ਹੈ। ਦੇਰ ਨਾਲ ਹੀ ਸਹੀ ਪਰ ਇਸ ਨਾਲ ਸਿੱਖਾਂ ਦੇ ਅੱਲੇ ਜ਼ਖ਼ਮਾਂ ਉਤੇ ਮਲ੍ਹਮ ਜ਼ਰੂਰ ਲੱਗੇਗੀ। 1984 ਦੇ ਇਨ੍ਹਾਂ ਦਿਨਾਂ ਵਿਚ ਸਾਡਾ ਪ੍ਰਵਾਰ ਬਾਹਰੀ ਦਿੱਲੀ ਦੀ ਇਕ ਕਾਲੋਨੀ ਸੁਲਤਾਨਪੁਰ ਦਾ ਵਸਨੀਕ ਸੀ। ਸੁਲਤਾਨਪੁਰੀ ਉਹੀ ਕਾਲੋਨੀ ਹੈ ਜਿਥੇ ਤ੍ਰਿਲੋਕਪੁਰੀ ਤੋਂ ਬਾਅਦ ਦੂਜੇ ਨੰਬਰ ਉਤੇ ਸੱਭ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।

25 ਗਜ਼ ਦੇ ਮਕਾਨ ਵਿਚ ਸਾਡਾ ਸੱਤ ਮੈਂਬਰਾਂ ਦਾ ਪ੍ਰਵਾਰ ਔਖੇ ਸੌਖੇ ਗੁਜ਼ਾਰਾ ਕਰ ਰਿਹਾ ਸੀ। ਪਿਤਾ ਜੀ ਆਟੋ ਰਿਕਸ਼ਾ ਚਲਾ ਕੇ ਸਾਡਾ ਪਾਲਨ ਪੋਸਣ ਕਰ ਰਹੇ ਸਨ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਦਿੱਲੀ ਦੇ ਕੁੱਝ ਹਿੱਸਿਆਂ ਵਿਚ ਕਾਤਲਾਂ ਦੀਆਂ ਭੀੜਾਂ ਨੇ ਨਿਰਦੋਸ਼ ਸਿੱਖਾਂ ਦੇ ਲਹੂ ਨਾਲ ਹੱਥ ਰੰਗਣੇ ਸ਼ੁਰੂ ਕਰ ਦਿਤੇ। ਦਿਨ ਅਜੇ ਖੜਾ ਹੀ ਸੀ ਕਿ ਪਿਤਾ ਜੀ ਆਟੋ ਲੈ ਕੇ ਘਰ ਆ ਗਏ। ਉਨ੍ਹਾਂ ਨੇ ਘਬਰਾਈ ਹੋਈ ਆਵਾਜ਼ ਵਿਚ ਨਾਲ ਵਸਦੇ ਹਿੰਦੂ ਗੁਆਂਢੀ ਓਮ ਪਾਲ ਨਾਲ ਪ੍ਰਵਾਰ ਦੀ ਸੁਰੱਖਿਆ ਬਾਰੇ ਫ਼ਿਕਰਮੰਦੀ ਜ਼ਾਹਰ ਕੀਤੀ।

ਇਹ ਉਨ੍ਹਾਂ ਦਾ ਬਹੁਤ ਵੱਡਾ ਵਿਸ਼ਵਾਸ ਪਾਤਰ ਤੇ ਮਿੱਤਰ ਸੀ ਜਿਸ ਦੇ ਪ੍ਰਵਾਰ ਨਾਲ ਜਨਮ ਤੋਂ ਮੌਤ ਤਕ ਦੀਆਂ ਸਾਰੀਆਂ ਰਸਮਾਂ ਦਾ ਸਹਿਚਾਰ ਸੀ। ਪੂਰੀ ਸੁਲਤਾਨਪੁਰੀ ਵਿਚ ਉਸ ਸਮੇਂ ਸਿਰਫ਼ ਓਮ ਪਾਲ ਕੋਲ ਹੀ 50 ਗ਼ਜ਼ ਦਾ ਮਕਾਨ ਸੀ, ਉਹ ਵੀ ਚੁਬਾਰੇ ਸਣੇ। ਉਸ ਨੇ ਸਲਾਹ ਦਿਤੀ ਕਿ ਤੁਸੀ ਅਪਣੇ ਘਰ ਨੂੰ ਤਾਲਾ ਲਗਾ ਕੇ ਸਾਡੇ ਚੁਬਾਰੇ ਦੀ ਛੱਤ ਉਤੇ ਆ ਜਾਉ। ਅਸੀ ਉਸ ਦੀ ਸਲਾਹ ਮੰਨ ਕੇ ਉਸ ਦੇ ਚੁਬਾਰੇ ਦੀ ਉਪਰਲੀ ਛੱਤ ਤੇ ਚੜ੍ਹ ਕੇ ਖੁਲ੍ਹੇ ਅਸਮਾਨ ਹੇਠ ਦੜ ਵੱਟ ਕੇ ਬਹਿ ਗਏ। ਵੱਡਿਆਂ ਦੀ ਸਖ਼ਤ ਹਦਾਇਤ ਸੀ ਕਿ ਪਖ਼ਾਨੇ ਆਦਿ ਜ਼ਰੂਰੀ ਲੋੜਾਂ ਲਈ ਵੀ ਢਾਈ ਕੁ ਫੁੱਟ ਉੱਚੇ ਬਨੇਰਿਆਂ ਦੀ ਓਟ ਵਿਚ ਰਿੜ੍ਹ ਕੇ ਹੀ ਜਾਣਾ ਹੈ।

31 ਅਕਤੂਬਰ ਤੇ ਇਕ ਨਵੰਬਰ ਦੀਆਂ ਕੜਕਦੀ ਠੰਢ ਵਾਲੀਆਂ ਦੋ ਰਾਤਾਂ ਅਸੀ ਇਸੇ ਤਰ੍ਹਾਂ ਹੀ ਗੁਜ਼ਾਰੀਆਂ। ਕਿਸੇ ਨੂੰ ਸਾਡੀ ਕੋਈ ਉੱਘ ਸੁੱਘ ਨਾ ਲੱਗੀ ਪਰ ਸਾਨੂੰ ਇਥੇ ਲੁਕੇ ਬੈਠਿਆਂ ਨੂੰ ਵੀ ਚਾਰੇ ਪਾਸੇ ਲੱਗੀਆਂ ਅੱਗਾਂ ਤੇ ਨਿਰਦੋਸ਼ਾਂ ਦੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ ਜਿਸ ਕਰ ਕੇ ਅਸੀ ਸਾਰੇ, ਖ਼ਾਸ ਤੌਰ ਤੇ ਅਸੀ ਚਾਰ ਬੱਚੇ, ਬਹੁਤ ਸਹਿਮੇ ਹੋਏ ਬੈਠੇ ਸਾਂ। ਓਮ ਪਾਲ ਦਿੱਲੀ ਮਿਲਕ ਸਕੀਮ ਵਿਚ ਨੌਕਰੀ ਕਰਨ ਦੇ ਨਾਲ-ਨਾਲ ਛੋਟਾ ਮੋਟਾ ਫ਼ਾਈਨੈਂਸ ਦਾ ਕੰਮ ਵੀ ਕਰਦਾ ਸੀ ਜਿਸ ਕਾਰਨ ਆਲੇ ਦੁਆਲੇ ਦੇ ਏਰੀਏ ਵਿਚ ਉਸ ਦਾ ਚੰਗਾ ਦਬਦਬਾ ਬਣਿਆ ਹੋਇਆ ਸੀ।

ਇਸ ਦੇ ਨਾਲ ਹੀ ਉਹ ਆਟੋ ਰਿਕਸ਼ਾ ਕਿਰਾਏ ਤੇ ਦੇਣ ਦਾ ਧੰਦਾ ਵੀ ਕਰਦਾ ਸੀ ਜਿਸ ਕਰ ਕੇ ਉਸ ਦੇ ਘਰ ਅੱਗੇ ਨਿੱਤ ਚਾਰ ਆਟੋ ਖੜੇ ਰਹਿੰਦੇ ਸਨ। ਉਸ ਨੇ ਪਿਤਾ ਜੀ ਵਾਲੇ ਆਟੋ ਨੂੰ ਵੀ ਅਪਣੇ ਵਾਲਿਆਂ ਵਿਚਕਾਰ ਖੜਾ ਕਰ ਕੇ ਸੰਗਲ ਲਗਾ ਲਿਆ ਹੋਇਆ ਸੀ। ਇਕ ਨਵੰਬਰ ਨੂੰ ਖ਼ਰੂਦੀਆਂ ਦਾ ਹਜੂਮ ਇਕੱਠਾ ਹੋ ਕੇ ਸਾਡੇ ਘਰ ਨੂੰ ਅੱਗ ਲਗਾਉਣ ਲਈ ਆਇਆ ਪਰ ਓਮਪਾਲ ਨੇ ਲਲਕਾਰਾ ਮਾਰ ਕੇ ਕਿਹਾ ਕਿ ''ਸਰਦਾਰ ਤਾਂ ਇਹ ਘਰ ਮੈਨੂੰ ਵੇਚ ਗਏ ਹਨ। ਹੁਣ ਇਹ ਮੇਰੀ ਜਾਇਦਾਦ ਹੈ। ਕੋਈ ਇਸ ਨੂੰ ਹੱਥ ਲਗਾਉਣ ਦੀ ਜੁਰਅਤ ਨਾ ਕਰੇ।''

ਕੁੱਝ ਤਾਂ ਕਾਲੋਨੀ ਵਿਚ ਉਸ ਦੀ ਹੈਸੀਅਤ ਦਾ ਦਬਦਬਾ ਤੇ ਕੁੱਝ ਕਾਂਗਰਸ ਪਾਰਟੀ ਨਾਲ ਨੇੜਤਾ ਸੁਣੀਂਦੀ ਹੋਣ ਕਾਰਨ ਹਜੂਮ ਉਸ ਦੀ ਲਲਕਾਰ ਸੁਣ ਕੇ ਮੁੜ ਗਿਆ। ਸਾਨੂੰ ਅਪਣੇ ਬਚਾਅ ਦਾ ਕੁੱਝ ਧਰਵਾਸ ਹੋ ਚਲਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਸਾਡਾ ਇਕ ਚਾਚਾ ਜੋ ਘਰ ਵਿਚ ਸੱਭ ਤੋਂ ਛੋਟਾ ਹੋਣ ਕਾਰਨ ਬਚਪਨ ਵਿਚ ਮਾੜੀ ਸੰਗਤ ਵਿਚ ਪੈ ਕੇ ਕੇਸ ਕਟਵਾ ਚੁਕਾ ਸੀ, ਉਨ੍ਹੀਂ ਦਿਨੀ ਅਪਣੀ ਮਾਤਾ ਯਾਨੀ ਸਾਡੀ ਦਾਦੀ ਜੀ ਨੂੰ ਮਿਲਣ ਲਈ ਆਇਆ ਹੋਇਆ ਸੀ। ਦੋ ਦਿਨਾਂ ਤੋਂ ਉਹ ਵੀ ਸਾਡੇ ਨਾਲ ਹੀ ਲੁਕਿਆ ਹੋਇਆ ਸੀ।

ਮੰਦੇ ਭਾਗੀਂ ਦੋ ਨਵੰਬਰ ਵਾਲੇ ਦਿਨ ਬੀੜੀ ਦੀ ਤਲਬ ਨੂੰ ਪੂਰਾ ਕਰਨ ਲਈ ਚੁਪ ਚੁਪੀਤੇ ਓਮਪਾਲ ਦੇ ਚੁਬਾਰੇ ਤੋਂ ਖਿਸਕ ਗਿਆ। ਉਹ ਤਾਂ ਅਪਣੇ ਵਲੋਂ ਬੇਫ਼ਿਕਰ ਸੀ ਕਿ ਮੇਰਾ ਮੁਹਾਂਦਰਾ ਕਿਹੜਾ ਸਰਦਾਰਾਂ ਵਾਲਾ ਹੈ ਪਰ ਸਾਡੇ ਘਰ ਉਸ ਦਾ ਪਹਿਲਾਂ ਵੀ ਆਉਣ ਜਾਣ ਹੋਣ ਕਾਰਨ ਫ਼ਸਾਦੀਆਂ ਨੂੰ ਇਹ ਭਿਣਕ ਲੱਗ ਗਈ ਕਿ ਸਰਦਾਰ ਇਥੇ ਹੀ ਕਿਤੇ ਲੁਕੇ ਹੋਏ ਹਨ। ਉਨ੍ਹਾਂ ਦਾ ਪਹਿਲਾ ਸ਼ੱਕ ਓਮਪਾਲ ਦੇ ਘਰ ਤੇ ਹੀ ਗਿਆ ਪਰ ਉਸ ਨਾਲ ਸਿੱਧਾ ਟਕਰਾਅ ਕਰਨ ਦਾ ਉਨ੍ਹਾਂ ਦਾ ਹੀਆ ਨਾ ਪਿਆ। ਦੂਜੀ ਗਲੀ ਵਿਚ ਰਹਿਣ ਵਾਲੇ ਛਤਰਪਾਲ ਬਾਲਮੀਕੀ ਤੇ ਉਸ ਦੇ ਪੁੱਤਰ ਨੇ ਜਾ ਕੇ ਸੱਜਣ ਕੁਮਾਰ ਨੂੰ ਸੂਹ ਦਿਤੀ ਜਿਹੜਾ ਅਪਣੀ ਸਰਕਾਰੀ ਕਾਰ ਸਮੇਤ ਕਾਤਲਾਂ ਦੀ ਭੀੜ ਦਾ ਮੋਢੀ ਬਣ ਕੇ ਤੁਰਤ ਆ ਪਹੁੰਚਿਆ।

ਆਂਢ ਗੁਆਂਢ ਦੇ ਇਕ ਦੋ ਪੰਜਾਬੀ ਹਿੰਦੂਆਂ ਸਮੇਤ ਓਮਪਾਲ ਨੇ ਵੀ ਸਾਡੇ ਬਚਾਅ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸੱਜਣ ਕੁਮਾਰ ਦੀ ਸ਼ਹਿ ਨਾਲ ਹਜ਼ੂਮ ਦੇ ਹੌਸਲੇ ਵੱਧ ਚੁਕੇ ਸਨ। ਉਨ੍ਹਾਂ ਨੇ ਓਮਪਾਲ ਦਾ ਘਰ ਹੀ ਸਾੜ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਉਹ ਵੀ ਚਾਰ ਧੀਆਂ ਸਮੇਤ ਪੰਜ ਬੱਚਿਆਂ ਦਾ ਪਿਉ ਸੀ। ਆਖ਼ਰ ਅਪਣੇ ਪ੍ਰਵਾਰ ਦੀ ਸੁਰੱਖਿਆ ਖ਼ਾਤਰ ਉਸ ਨੇ ਸਾਨੂੰ ਘਰੋਂ ਕੱਢ ਕੇ ਫ਼ਸਾਦੀਆਂ ਦੇ ਹਜੂਮ ਹਵਾਲੇ ਕਰ ਦਿਤਾ। ਅਚਾਨਕ ਉਸ ਸਮੇਂ ਫ਼ੌਜ ਦੇ ਆਉਣ ਦੀ ਅਫ਼ਵਾਹ ਫੈਲ ਗਈ, ਇਸ ਲਈ ਉਨ੍ਹਾਂ ਨੇ ਸਾਨੂੰ ਧੱਕੇ ਮਾਰ ਕੇ ਸਾਹਮਣੇ ਵਾਲੇ ਗੁਆਂਢੀਆਂ ਦੇ ਘਰ ਧੱਕ ਕੇ ਸਾਡੇ ਕੇਸ ਕਤਲ ਕਰ ਦਿਤੇ ਤੇ ਵਾਪਸ ਭਜਣਾ ਸ਼ੁਰੂ ਕਰ ਦਿਤਾ।

ਭਾਵੇਂ ਸਾਡੇ ਸਾਰਿਆਂ ਦੀਆਂ ਜਾਨਾਂ ਤਾਂ ਬਚ ਗਈਆਂ ਪਰ ਹੁਣ ਵੀ ਸਾਡੇ ਕੋਲ ਇਥੋਂ ਨਿਕਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਕਿਸੇ ਵੇਲੇ ਵੀ ਇਹ ਫ਼ਸਾਦੀ ਵਾਪਸ ਆ ਸਕਦੇ ਸਨ। ਸੋ ਪਿਤਾ ਜੀ ਨੇ ਸਾਨੂੰ ਆਟੋ ਵਿਚ ਬਿਠਾ ਕੇ ਥੋੜੀ ਦੂਰ ਪੈਂਦੀ ਪੁਲਿਸ ਚੌਕੀ ਦਾ ਰੁਖ਼ ਕੀਤਾ। ਉਥੇ ਪਹਿਲਾਂ ਹੀ ਸਾਡੇ ਵਰਗੇ ਹੋਰ ਪੀੜਤਾਂ ਦਾ ਚੀਕ ਚਿਹਾੜਾ ਮਚਿਆ ਹੋਇਆ ਸੀ। ਦਇਆ ਰਾਮ ਭਾਟੀ ਨਾਂ ਦੇ ਥਾਣੇਦਾਰ ਨੇ ਨਾ ਸਿਰਫ਼ ਸਾਡੀ ਰੀਪੋਰਟ ਲਿਖਣ ਤੋਂ ਇਨਕਾਰ ਕਰ ਦਿਤਾ, ਸਗੋਂ ਸਾਡੀ ਸੁਰੱਖਿਆ ਦੀ ਭੋਰਾ ਜਿੰਨੀ ਵੀ ਜ਼ਿੰਮੇਵਾਰੀ ਚੁੱਕਣ ਤੋਂ ਇਨਕਾਰ ਕਰ ਦਿਤਾ। ਪੀੜਤ ਪ੍ਰਵਾਰਾਂ ਵਿਚੋਂ ਇਕ ਬੀਬੀ ਇਸੇ ਚੌਕੀ ਦੀ ਮੁਲਾਜ਼ਮ ਹੌਲਦਾਰਨੀ ਸੀ, ਉਸ ਨੇ ਜਿਵੇਂ ਕਿਵੇਂ ਸਾਰਿਆਂ ਦੇ ਠਹਿਰਨ ਲਈ ਚੌਕੀ ਦਾ ਇਕ ਕਮਰਾ ਖੁਲ੍ਹਵਾ ਲਿਆ।

ਦੋ ਨਵੰਬਰ ਦੀ ਰਾਤ ਅਸੀ ਇਥੇ ਹੀ ਕੱਟੀ। 10*12 ਦੇ ਕਮਰੇ ਵਿਚ 40-50 ਸ੍ਰੀਰ ਸਨ। ਬੱਚੇ, ਬੁੱਢੇ ਔਰਤਾਂ ਸਣੇ। ਸੋਚ ਕੇ ਵੇਖੋ ਕੋਈ ਕਿਵੇਂ ਸੁੱਤਾ ਹੋਵੇਗਾ ਤੇ ਅਜਿਹੇ ਹਾਲਾਤ ਵਿਚ ਕਿਹੋ ਜਹੀ ਨੀਂਦ ਆਈ ਹੋਵੇਗੀ? 3 ਨਵੰਬਰ ਦੀ ਸਵੇਰ ਨੂੰ ਇਸੇ ਚੌਕੀ ਵਿਚ ਲੱਗਾ ਹੋਇਆ ਇਕ ਰਹਿਮ ਦਿਲ ਹੌਲਦਾਰ ਅਪਣੇ ਘਰੋਂ ਸਾਰਿਆਂ ਲਈ ਰੋਟੀਆਂ ਦਾ ਥੱਬਾ ਲੈ ਕੇ ਆਇਆ ਤੇ ਸੱਭ ਨੇ ਔਖੇ ਸੌਖੇ ਢਿੱਡ ਦੀ ਭੁੱਖ ਮਿਟਾਈ।

ਅਚਾਨਕ ਦੁਪਹਿਰ ਸਮੇਂ ਇਥੇ ਕਾਫ਼ੀ ਰੌਲਾ ਗੌਲਾ ਮਚ ਗਿਆ। ਅਸਲ ਵਿਚ ਦੋ ਤਿੰਨ ਦਿਨ ਤਕ ਨਿਰਦੋਸ਼ ਸਿੱਖਾਂ ਦੇ ਖ਼ੂਨ ਨਾਲ ਹੱਥ ਰੰਗਣ ਤੋਂ ਬਾਅਦ ਸੱਜਣ ਕੁਮਾਰ ਨਾਂ ਦਾ ਜਲਾਦ ਨਕਲੀ ਹਮਦਰਦੀ ਵਾਲਾ ਚਿਹਰਾ ਲੈ ਕੇ ਪੀੜਤਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਣ ਲਈ ਆਇਆ ਸੀ ਜਿਸ ਨਾਲ ਮੇਰੇ ਪਿਤਾ ਜੀ ਸਮੇਤ ਕੁੱਝ ਹੋਰ ਪੀੜਤਾਂ ਦੀ ਤਿੱਖੀ ਝੜਪ ਹੋ ਗਈ। ਉਸ ਨੂੰ ਤਾਂ ਇੰਸਪੈਕਟਰ ਭਾਟੀ ਨੇ ਸੁਰੱਖਿਅਤ ਕੱਢ ਲਿਆ ਪਰ ਪਿਛੋਂ ਸਾਨੂੰ ਸਾਰਿਆਂ ਨੂੰ ਸਰਕਾਰੀ ਰਿਵਾਲਵਰ ਕੱਢ ਕੇ ਧਮਕਾਉਣ ਲੱਗ ਪਿਆ ਤੇ ਤੁਰਤ ਚੌਕੀ ਦਾ ਕਮਰਾ ਖ਼ਾਲੀ ਕਰ ਦੇਣ ਦਾ ਹੁਕਮ ਚਾੜ੍ਹ ਦਿਤਾ।

ਹੁਣ ਸੜਕਾਂ ਤੇ ਥਾਂ-ਥਾਂ ਫ਼ੌਜ ਵੀ ਗਸ਼ਤ ਕਰ ਰਹੀ ਸੀ ਤੇ ਕਾਤਲ ਟੋਲੇ ਘਰਾਂ ਵਿਚ ਜਾ ਲੁਕੇ ਸਨ। ਪਿਤਾ ਜੀ ਸਾਨੂੰ ਅਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੈ ਆਏ। ਇਹ ਏਰੀਆ ਸਿੱਖ ਬਹੁਗਿਣਤੀ ਵਾਲਾ ਹੋਣ ਕਾਰਨ ਸ਼ਾਂਤਮਈ ਸੀ। ਰਾਜੀਵ ਗਾਂਧੀ ਦੀ ਅਗਵਾਈ ਵਿਚ ਕਾਇਮ ਹੋਈ ਨਵੀਂ ਸਰਕਾਰ ਵਲੋਂ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਦੇ ਨਾਲ-ਨਾਲ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹੀ ਜ਼ਹਿਰੀਲੀ ਸ਼ਬਦਾਵਲੀ ਵਾਲੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾਏ ਜਾ ਰਹੇ ਸਨ ਕਿ ਸਿੱਖ ਡਰਾਈਵਰਾਂ ਵਲੋਂ ਚਲਾਈਆਂ ਜਾ ਰਹੀਆਂ ਟੈਕਸੀਆਂ ਤੇ ਆਟੋਜ਼ ਵਿਚ ਲੋਕਾਂ ਨੇ ਡਰਦਿਆਂ ਬਹਿਣਾ ਹੀ ਬੰਦ ਕਰ ਦਿਤਾ ਸੀ। ਮਾਹੌਲ ਸਾਜ਼ਗਾਰ ਨਾ ਹੁੰਦਾ ਵੇਖ ਕੇ ਅਸੀ ਕੁੱਝ ਸਮੇਂ ਲਈ ਪੰਜਾਬ ਆਉਣ ਦਾ ਫ਼ੈਸਲਾ ਕੀਤਾ।

ਆਉਣ ਤੋਂ ਪਹਿਲਾਂ ਘਰ ਨੂੰ ਤਾਲਾ ਮਾਰ ਕੇ ਓਮਪਾਲ ਦੇ ਸਪੁਰਦ ਕਰ ਕੇ ਇਹੀ ਕਹਿ ਕੇ ਆਏ ਸੀ ਕਿ ਕੁੱਝ ਚਿਰ ਬਾਅਦ ਵਾਪਸ ਆ ਕੇ ਅਪਣੀ ਅਮਾਨਤ ਵਾਪਸ ਲੈ ਲਵਾਂਗੇ। ਚਾਰ-ਪੰਜ ਮਹੀਨੇ ਪਟਿਆਲਾ ਰਹਿਣ ਤੋਂ ਬਾਅਦ ਮਾਤਾ-ਪਿਤਾ ਦਿੱਲੀ ਦਾ ਮਾਹੌਲ ਵੇਖਣ ਗਏ ਤਾਂ ਪਤਾ ਲੱਗਾ ਕਿ ਓਮਪਾਲ ਦਾ ਮਕਾਨ 50 ਗ਼ਜ਼ ਤੋਂ 75 ਗਜ਼ ਦਾ ਹੋ ਚੁਕਾ ਸੀ। ਪਿਤਾ ਜੀ ਦੀ ਜਗ੍ਹਾ ਉਸ ਨੇ ਜਾਅਲੀ ਬੰਦਾ ਪੇਸ਼ ਕਰ ਕੇ ਸਾਡੇ ਮਕਾਨ ਦੀ ਰਜਿਸਟਰੀ ਅਪਣੇ ਨਾਂ ਕਰਵਾ ਲਈ ਸੀ। ਜਵਾਬ ਤਲਬੀ ਕਰਨ ਤੇ ਬੋਲ ਕੁਬੋਲ ਤੇ ਉਤਾਰੂ ਹੋ ਗਿਆ, ''ਸ਼ੁਕਰ ਕਰੋ, ਤੁਹਾਡੇ ਪ੍ਰਵਾਰ ਕੀ ਜਾਨੇਂ ਬਚਾ ਦੀਂ, ਅਬ ਅਪਨਾ ਟੂਟਾ ਫੂਟਾ ਸਮਾਨ ਉਠਾ ਕਰ ਪੰਜਾਬ ਭਾਗ ਜਾਉ।''

ਸਰਕਾਰੇ-ਦਰਬਾਰੇ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਸੀ। ਪਿਤਾ ਜੀ ਟੁੱਟੇ ਦਿਲ ਨਾਲ ਵਾਪਸ ਆਏ। ਮਤਰੇਈ ਮਾਂ ਦੇ ਦੁਖੋਂ ਘਰੋਂ ਭੱਜੇ ਓਮਪਾਲ ਨੂੰ ਉਨ੍ਹਾਂ ਨੇ ਹਮੇਸ਼ਾ ਪੁਤਰਾਂ ਵਾਂਗ ਸਮਝਿਆ ਸੀ। ਇਸ ਲਈ ਉਨ੍ਹਾਂ ਨੇ ਰਿਸ਼ਤੇਦਾਰਾਂ ਵਲੋਂ ਜ਼ੋਰ ਪਾਉਣ ਦੇ ਬਾਵਜੂਦ ਵੀ ਓਮਪਾਲ ਵਿਰੁਧ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਹਾਮੀ ਨਾ ਭਰੀ। ਵਡੇਰੀ ਉਮਰ ਵਿਚ ਬੇਗਾਨੇ ਸ਼ਹਿਰ ਵਿਚ ਪੈਰ ਜਮਾਉਣੇ ਬੜੇ ਔਖੇ ਸੀ। ਦੋ ਧੀਆਂ ਵਿਆਹੁਣ ਵਾਲੀਆਂ ਬੈਠੀਆਂ ਸਨ। ਪੂਰੀ ਕੋਸ਼ਿਸ਼ ਦੇ ਬਾਵਜੂਦ ਫ਼ਿਕਰਾਂ ਦੀ ਪੰਡ ਨਾ ਚੁਕ ਸਕੇ। 1988 ਦੇ ਚੜ੍ਹਦੇ ਸਾਲ ਵਿਚ ਘਰੋਂ ਲਾਪਤਾ ਹੋ ਗਏ।

ਸਾਨੂੰ ਉਨ੍ਹਾਂ ਦੀ ਲਾਸ਼ ਵੀ ਨਾ ਮਿਲ ਸਕੀ। ਸਾਨੂੰ ਦੋਹਾਂ ਭਰਾਵਾਂ ਨੂੰ ਪੜ੍ਹਾਈ ਛੱਡ ਕੇ 17 ਸਾਲ ਦੀ ਉਮਰ ਵਿਚ ਆਟੋ ਰਿਕਸ਼ਾ ਚਲਾਉਣੇ ਪੈ ਗਏ। 21 ਸਾਲ ਕਿਰਾਏ ਦੇ ਮਕਾਨ ਵਿਚ ਧੱਕੇ ਖਾਧੇ। 35 ਸਾਲਾਂ ਵਿਚ ਜਿਹੜਾ ਸੰਤਾਪ ਅਸੀ ਜਾਂ ਸਾਡੇ ਵਰਗੇ ਹੋਰ ਹਜ਼ਾਰਾਂ ਨਿਰਦੋਸ਼ ਪ੍ਰਵਾਰਾਂ ਨੇ ਹੰਢਾਇਆ, ਉਸ ਦੀ ਭਰਪਾਈ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੀ। ਅੱਜ ਜਿਹੜੇ ਲੋਕ ਸਾਨੂੰ 1984 ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦਿੰਦੇ ਨੇ ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦ ਤਕ 1984 ਦੀ ਨਸਲਕੁਸ਼ੀ ਦਾ ਪੂਰਾ ਇਨਸਾਫ਼ ਕਰ ਕੇ ਇਕੱਲੇ-ਇਕੱਲੇ ਦੋਸ਼ੀ ਨੂੰ ਸਜ਼ਾ ਨਹੀਂ ਦਿਤੀ ਜਾਂਦੀ, ਸਾਡੇ ਮਨਾਂ ਵਿਚ ਧੁਖਦੀ ਰੋਸ ਦੀ ਅੱਗ ਠੰਢੀ ਨਹੀਂ ਹੋਵੇਗੀ।
ਸੰਪਰਕ : 90412-63401
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।