ਹੱਥ ਫੈਲਾ ਕੇ ਸਿੱਖੀ ਨੂੰ ਦਾਗ ਨਹੀਂ ਲੱਗਣ ਦਿਆਂਗਾ : ਕੁਲਵੰਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੈਂ ਬੇਸ਼ੱਕ ਅਪਾਹਜ ਹਾਂ ਪਰ ਮੇਰੀ ਹਿੰਮਤ ਅਪਾਹਜ ਨਹੀਂ

Kulwant Singh on Spokesman tv

ਚੰਡੀਗੜ੍ਹ: ਇਨਸਾਨ ਬੇਸ਼ੱਕ ਅਪਾਹਜ ਹੋਵੇ ਪਰ ਉਸ ਦੀ ਸੋਚ ਅਪਾਹਜ ਨਹੀਂ ਹੋਣੀ ਚਾਹੀਦੀ। ਜੇਕਰ ਇਨਸਾਨ ਦੀ ਸੋਚ ਗੰਦੀ ਹੈ ਤਾਂ ਉਸ ਦਾ ਨਰੋਆ ਸਰੀਰ ਵੀ ਵਿਅਰਥ ਹੈ ਪਰ ਜੇਕਰ ਸੋਚ ਮਹਾਨ ਹੋਵੇ ਤਾਂ ਉਹ ਸਰੀਰ ਅਨਮੋਲ ਹੈ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੇ ਸ਼ਖ਼ਸ ਦੇ ਬਾਰੇ ਜਿਸ ਦੀ ਸੋਚ ਅਤੇ ਦੁਨੀਆਂ ਦੇ ਰੰਗਾਂ ਨੂੰ ਵੇਖਣ ਦਾ ਨਜ਼ਰੀਆ ਬਹੁਤ ਵੱਖਰਾ ਹੈ ਤੇ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਗੱਲ ਕਰਾਂਗੇ ਲੁਧਿਆਣਾ ਦੇ ਨਿਵਾਸੀ ਕੁਲਵੰਤ ਸਿੰਘ ਵਿੱਕੀ ਦੀ, ਜੋ ਖ਼ੁਦ ਸਰੀਰਕ ਪੱਖੋਂ ਅਪਾਹਜ ਹੈ। ਪਿਤਾ ਦੀ ਮੌਤ ਹੋਣ ਤੋਂ ਬਾਅਦ ਪਰਵਾਰ ਦਾ ਸਾਰਾ ਭਾਰ ਉਸ ਦੇ ਤੇ ਉਸ ਦੇ ਭਰਾ ਦੇ ਮੋਢਿਆਂ ’ਤੇ ਆ ਗਿਆ। ਉਹ ਅਪਣੇ ਭਰਾ ਦੇ ਨਾਲ ਮਿਲ ਕੇ ਪਰਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਕੁਲਵੰਤ ਸਿੰਘ ਸੜਕਾਂ ਉਤੇ ਪੈਦਲ ਚੱਲ ਕੇ ਬੱਚਿਆਂ ਦੇ ਖਿਡੌਣੇ ਵੇਚਣ ਦਾ ਕੰਮ ਕਰਦਾ ਹੈ ਤੇ ਉਹ ਕਦੇ ਲੁਧਿਆਣਾ ਅਤੇ ਕਦੇ ਚੰਡੀਗੜ੍ਹ ਵਿਚ ਸੜਕਾਂ ਉਤੇ ਸਮਾਨ ਵੇਚਦਾ ਹੈ।

ਕੁਲਵੰਤ ਸਿੰਘ ਦੀ ‘ਸਪੋਕਸਮੈਨ ਟੀਵੀ’ ਵਲੋਂ ਕੀਤੀ ਗਈ ਇਕ ਖ਼ਾਸ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਲਈ ਅਪਣੀ ਸਿੱਖੀ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਉਹ ਜਿਉਂਦੇ ਜੀਅ ਅਪਣੀ ਸਿੱਖੀ ਨੂੰ ਦਾਗ ਨਹੀਂ ਲਗਾ ਸਕਦਾ। ਉਨ੍ਹਾਂ ਨੇ ਕਿਹਾ ਕਿ ਉਹ ਬੇਸ਼ੱਕ ਅਪਾਹਜ ਹੈ ਪਰ ਉਸ ਨੇ ਕਦੇ ਵੀ ਹਿੰਮਤ ਨਹੀਂ ਛੱਡੀ। ਉਹ ਭੀਖ ਮੰਗਣ ਨਾਲੋਂ ਮਿਹਨਤ ਦੀ ਰੋਟੀ ਵਿਚ ਵਿਸ਼ਵਾਸ ਰੱਖਦਾ ਹੈ।

ਅਪਣੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਦੱਸਦੇ ਹੋਏ ਕੁਲਵੰਤ ਨੇ ਦੱਸਿਆ ਕਿ ਉਸ ਨੂੰ ਕਈ ਵਾਰ ਲੋਕਾਂ ਵਲੋਂ ਅਤੇ ਪੁਲਿਸ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਸ ਨੇ ਕਦੇ ਵੀ ਹਾਰ ਨਹੀਂ ਕਬੂਲੀ। ਉਹ ਅਪਣੇ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਕਿਸੇ ਅੱਗੇ ਹੱਥ ਨਹੀਂ ਫੈਲਾ ਸਕਦਾ। ਇਸ ਲਈ ਉਹ ਮਿਹਨਤ ਕਰਕੇ ਖੁਸ਼ ਹੈ।

ਇਹ ਸੀ ਇਕ ਅਜਿਹੇ ਸ਼ਖ਼ਸ ਦੀ ਕਹਾਣੀ ਜੋ ਕਈਆਂ ਲਈ ਗਰੀਬ ਹੈ ਤੇ ਕਈਆਂ ਲਈ ਅਪਾਹਜ ਪਰ ਅਸਲ ਵਿਚ ਕੁਲਵੰਤ ਸਿੰਘ ਨਾ ਤਾਂ ਗਰੀਬ ਹੈ ਤੇ ਨਾ ਹੀ ਅਪਾਹਜ ਕਿਉਂਕਿ ਸਭ ਤੋਂ ਕੀਮਤੀ ਚੀਜ਼ਾਂ ਹਿੰਮਤ, ਜਜ਼ਬਾ ਤੇ ਜਨੂੰਨ ਹਨ ਜੋ ਕੁਲਵੰਤ ਸਿੰਘ ਕੋਲ ਹਨ।