ਅਕਾਲ ਤਖ਼ਤ ਦਾ ਜਥੇਦਾਰ ਜਾਂ ਤਾਂ ਫੂਲਾ ਸਿੰਘ ਵਾਂਗ ਡੱਟ ਜਾਣ ਵਾਲਾ ਹੋਵੇ ਜਾਂ ਅਹੁਦਾ ਛੱਡ ਦੇਵੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

1947 ਤੋਂ ਲੈ ਕੇ ਅੱਜ ਤਕ ਜੋ ਕੁੱਝ ਵੀ ਕੌਮ ਨਾਲ ਵਾਪਰਿਆ, ਪਹਿਲਾਂ ਤਾਂ ਉਸ ਬਾਰੇ ਜਾਣਕਾਰੀ ਵੱਧ ਤੋਂ ਵੱਧ ਰੱਖਣ ਦੀ ਲੋੜ ਹੈ।

Akal Takht

1947 ਤੋਂ ਲੈ ਕੇ ਅੱਜ ਤਕ ਜੋ ਕੁੱਝ ਵੀ ਕੌਮ ਨਾਲ ਵਾਪਰਿਆ, ਪਹਿਲਾਂ ਤਾਂ ਉਸ ਬਾਰੇ ਜਾਣਕਾਰੀ ਵੱਧ ਤੋਂ ਵੱਧ ਰੱਖਣ ਦੀ ਲੋੜ ਹੈ। ਜਾਣਕਾਰੀ ਉਪਰੰਤ ਸਮਝਣ ਕਿ ਸਿੱਖਾਂ ਵਿਚ ਬੈਠੇ ਕੁੱਝ ਕੁ ਸਿਆਸੀ ਪ੍ਰਵਾਰ, ਧਰਮ ਤੇ ਸਿਆਸਤ ਨੂੰ ਇਕ ਆਖ ਕੇ ਇਸ ਦੀ ਆੜ ਹੇਠ, ਦਿੱਲੀ ਦੀਆਂ ਹਕੂਮਤਾਂ ਦੀ ਚਾਪਲੂਸੀ ਕਰ ਕੇ ਸਿੱਖਾਂ ਤੇ ਸਿੱਖੀ ਦਾ ਤੇ ਸਿੱਖ ਜਵਾਨੀ ਦਾ ਕਿਵੇਂ ਘਾਣ ਕਰਦੇ ਆ ਰਹੇ ਹਨ।

 ਆਮ ਸਿੱਖ ਇਸ ਜਾਣਕਾਰੀ ਤੋਂ ਕੋਰੇ ਰਹਿੰਦੇ ਹਨ ਪਰ ਜਦ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਪਿਛਲੱਗ ਬਣ, ਕਦੇ ਪੰਥ ਦੇ ਨਾਂ ਤੇ, ਕਦੇ '84 ਜੂਨ ਤੇ ਨਵੰਬਰ '84, ਸ੍ਰੀ ਦਰਬਾਰ ਸਾਹਿਬ ਉਤੇ ਹਮਲਾ, ਸਿੱਖ ਨਸਲਕੁਸ਼ੀ ਦੇ ਨਾਂ ਤੇ ਕਦੇ ਕਾਂਗਰਸ ਨੂੰ ਪੰਜਾਬ ਦੀ ਨੰਬਰ ਇਕ ਦੁਸ਼ਮਣ ਜਮਾਤ ਦਸ ਕੇ ਭਾਵ ਪੰਜਾਬ ਤੇ ਕੌਮ ਦੇ ਮਸਲਿਆਂ ਤੋਂ ਦੂਰ ਜਾ ਕੇ ਵੋਟ ਪਾ ਦਿੰਦੇ ਹਨ।

ਅਕਾਲੀ ਦਲ ਜੋ ਕਦੇ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਹੁਣ ਅਕਾਲੀ ਦਲ ਬਾਦਲ ਬਣਾ ਦਿਤਾ ਗਿਆ ਹੈ। ਇਸ ਉਤੇ ਕਾਬਜ਼ ਬਾਦਲ ਤੇ ਟੌਹੜਾ ਕਦੇ ਲੜ ਪਏ, ਕਦੇ ਸੁਲਾਹ ਕਰ ਲਈ। ਲੜ ਪਏ ਤਾਂ ਪੰਥ ਖ਼ਤਰੇ ਵਿਚ, ਜਦ ਸੁਲਾਹ ਹੋ ਗਈ ਤਾਂ ਕੋਈ ਖ਼ਤਰਾ ਨਹੀਂ। ਸਿੱਖਾਂ ਦਾ ਧਰਮ ਤੇ ਸਿਆਸਤ ਇਕੱਠੇ ਹਨ ਤੇ ਇਕੱਠੇ ਹੀ ਰਹਿਣਗੇ।

ਪਰ ਹੁਣ ਪੰਜਾਬ ਵਿਚ ਵਸਦੇ ਸਿੱਖੋ, ਧਾਰਮਕ ਖੇਤਰ ਵਿਚ ਸੇਵਾ ਨਿਭਾਉਣ ਵਾਲੇ ਸਿੱਖ ਆਗੂ ਗੁਰਬਾਣੀ ਦੀ ਕਸੌਟੀ ਉਤੇ ਪੂਰਾ ਉਤਰਨ ਵਾਲੇ ਲਿਆਉਣੇ ਹੋਣਗੇ ਨਾ ਕਿ ਅਜਿਹੇ ਚੁਣ ਲਉ ਕਿ ਪੰਜ ਸਾਲ ਪੰਥ ਦੇ ਨਾਂ ਤੇ ਰੋਟੀਆਂ ਸੇਕਣ ਵਾਲੇ ਫ਼ਖ਼ਰੇ ਕੌਮ ਸਨਮਾਨ ਲੈ ਕੇ ਆਖਣ ਅਖੇ ਨਾ ਮੈਨੂੰ ਗੁਰਬਾਣੀ ਬਾਰੇ ਗਿਆਨ ਹੈ, ਨਾ ਹੀ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਅਤੇ ਨਾ ਹੀ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ।

ਸੋਚੋ ਕੀ ਅਜਿਹੇ ਆਗੂ ਪੰਥ, ਪੰਜਾਬ ਦਾ ਕੁੱਝ  ਸੰਵਾਰ ਵੀ ਸਕਣਗੇ? ਨਹੀਂ! ਅਸਲ ਖ਼ਤਰਾ ਹੀ ਪੰਥ ਨੂੰ ਅਜਿਹੇ ਆਗੂਆਂ ਤੋਂ ਹੈ। ਕਾਂਗਰਸ ਨੂੰ ਦੁਸ਼ਮਣ ਨੰਬਰ ਇਕ ਜਮਾਤ ਦੱਸਣ ਵਾਲਿਆਂ ਨੇ ਅਪਣੇ ਪੁੱਤਰ, ਧੀਆਂ ਕਾਂਗਰਸੀਆਂ ਦੇ ਘਰ ਵਿਆਹੇ ਹੋਏ ਹਨ। ਇਨ੍ਹਾਂ ਆਗੂਆਂ ਦੀ ਬਦੌਲਤ ਹੀ, 1984 ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੇ ਦੁਬਾਰਾ ਪੈਰ ਲੱਗੇ ਹਨ, ਸਰਕਾਰਾਂ ਬਣੀਆਂ ਹਨ।

ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਸਿਆਸੀ ਧਿਰ ਸੀ ਪਰ 1995 ਵਿਚ 75ਵੀਂ ਵਰ੍ਹੇ ਗੰਢ ਮਨਾਉਣ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਨੀਤੀ ਤਹਿਤ ਇਸ ਨੂੰ ਪੰਜਾਬੀ ਪਾਰਟੀ ਐਲਾਨ ਦਿਤਾ। ਮਾੜੀ ਪਿਰਤ ਸ਼ੁਰੂ ਹੋਈ ਕਿ ਇਕੋ ਘਰ ਵਿਚ ਸ਼੍ਰੋਮਣੀ ਕਮੇਟੀ ਮੈਂਬਰੀ, ਅਸੈਂਬਲੀ ਦੀ ਮੈਂਬਰੀ ਦੇ ਦਿਤੀ ਗਈ। ਸਿਰਫ਼ ਕੁਰਸੀ ਪ੍ਰਾਪਤੀ ਤੇ ਸਲਾਮਤੀ ਖ਼ਾਤਰ ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਤੇ ਸਿਆਸੀ ਕੁਰਸੀ ਵੀ ਘੁੱਟ ਕੇ ਫੜੀ ਰੱਖੀ।

ਹੁਣ ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਚ ਦੋ ਸਟੇਜਾਂ ਲਗੀਆਂ। ਇਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੇ ਦੂਜੀ ਪੰਜਾਬ ਸਰਕਾਰ ਦੀ। ਦਾਅਵੇ ਨਾਲ ਲਿਖ ਰਿਹਾ ਹਾਂ ਜੇਕਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਗੰਧਲੀ ਰਾਜਨੀਤੀ ਤੇ ਪ੍ਰਵਾਰਵਾਦ ਕਾਬਜ਼ ਨਾ ਹੁੰਦਾ ਤਾਂ ਸਿਰਫ਼ ਇਕ ਸਟੇਜ ਹੀ ਲਗਣੀ ਸੀ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਪਿਛਲੇ ਦਿਨੀਂ ਬੋਲਦਿਆਂ ਕਿਹਾ ਕਿ ਅਕਾਲੀ ਫੂਲਾ ਸਿੰਘ ਜੀ ਸਟੈਂਡ ਲੈ ਜਾਂਦੇ ਸਨ ਤੇ ਸਿੱਖ ਸੰਗਤ ਉਨ੍ਹਾਂ ਨਾਲ ਖੜਦੀ ਸੀ ਪਰ ਅੱਜ ਸਿੱਖ ਸੰਗਤ ਜਥੇਦਾਰ ਨਾਲ ਨਹੀਂ ਖੜੀ ਹੁੰਦੀ। ਜਥੇਦਾਰ ਫੂਲਾ ਸਿੰਘ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਵਾਹ ਵੀ ਨਹੀਂ ਸਨ ਕਰਦੇ।

ਉਨ੍ਹਾਂ ਨੇ ਕੋਰੜਿਆਂ ਦੀ ਸਜ਼ਾ ਸੁਣਾਈ ਸੀ। ਉਹ ਪੰਥ ਨੂੰ ਸਮਰਪਿਤ ਤੇ ਗੁਰੂ ਨੂੰ ਸਮਰਪਿਤ ਜਥੇਦਾਰ ਸਨ। ਜੇਕਰ ਅੱਜ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਵਾਲੀ ਸੋਚ ਤੇ ਦ੍ਰਿੜਤਾ ਕਿਸੇ ਵੀ ਜਥੇਦਾਰ ਕੋਲ ਹੁੰਦੀ ਤਾਂ ਸਟੇਜ ਇਕ ਲੱਗ ਸਕਦੀ ਸੀ। ਸਿੱਖ ਸੰਗਤ ਪੂਰੇ ਜਾਹੋ ਜਲਾਲ ਨਾਲ ਖੜੀ ਹੁੰਦੀ ਅਪਣੇ ਪੰਥ ਦੇ ਜਥੇਦਾਰ ਨਾਲ। ਅੱਜ ਗੰਧਲੀ ਰਾਜਨੀਤੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਉਤੇ ਅਸਰ ਅੰਦਾਜ਼ ਹੋ ਰਹੀ ਹੈ, ਉਹ ਸਿੱਖਾਂ ਤੇ ਸਿੱਖੀ ਦਾ ਘਾਣ ਕਰ ਰਹੀ ਹੈ।

ਕਿੰਨੇ ਮਹੀਨੇ ਇਕ ਸਟੇਜ ਲਈ ਰੌਲਾ ਪੈਂਦਾ ਰਿਹਾ। ਇਹ ਮਸਲਾ ਕੌਮ ਦੀਆਂ ਏਨੀਆਂ ਵੱਡੀਆਂ ਸ਼ਖ਼ਸੀਅਤਾਂ ਅੱਗੇ ਕੁੱਝ ਵੀ ਨਹੀਂ ਸੀ। ਪਰ ਪੰਥ ਤੇ ਪੰਥਕ ਸੰਸਥਾਵਾਂ ਤੇ ਕਾਬਜ਼ ਗੰਧਲੀ ਰਾਜਨੀਤੀ ਤੇ ਪ੍ਰਵਾਰਵਾਦ ਨੇ ਕੌਮ ਦਾ ਪੈਰ-ਪੈਰ ਉਤੇ ਘਾਣ ਹੀ ਕਰਵਾਇਆ ਹੈ। ਆਹ ਕੁੱਝ ਕੁ ਮੁੱਦੇ ਹਨ। ਇਨ੍ਹਾਂ ਤੇ ਸਪੱਸ਼ਟ, ਨਿਰਪੱਖ ਫ਼ੈਸਲੇ ਲੈਣਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਫ਼ਰਜ਼ ਹੈ।

ਫ਼ੌਜੀ ਹਮਲਾ ਸ੍ਰੀ ਦਰਬਾਰ ਸਾਹਿਬ, 1984 ਨਾਲ ਸਬੰਧਤ ਮਸਲੇ ਜਿਵੇਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ, ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਤੇ ਕੌਮ ਨੂੰ ਇਨਸਾਫ਼, ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਹੋਏ ਸਿੰਘਾਂ ਬਾਰੇ ਤੇ ਬਚਦੇ ਪ੍ਰਵਾਰਾਂ ਬਾਰੇ ਸਮੇਤ ਸ. ਜਸਵੰਤ ਸਿੰਘ ਖਾਲੜਾ ਜੀ ਦਾ ਕੇਸ, ਜੇਲਾਂ ਵਿਚ ਬੈਠੇ ਸਿੰਘਾਂ ਦੀ ਰਿਹਾਈ, ਜੂਨ 2015 ਤੋਂ ਜਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲਿਆਂ ਦਾ ਸੱਚ ਝੂਠ ਕੌਮ ਅੱਗੇ ਆਉਣਾ, ਸੌਦਾ ਸਾਧ ਦੀ ਮਾਫ਼ੀ ਪ੍ਰਤੀ ਕੀ ਮਜਬੂਰੀ ਸੀ?

ਹੁਣੇ-ਹੁਣੇ ਮਨਾਏ ਬਾਬੇ ਨਾਨਕ ਜੀ ਦੇ 550ਵੇਂ ਆਗਮਨ ਪੁਰਬ ਦੇ ਸਮੇਂ ਇਕ ਸਟੇਜ ਨਾ ਲਗਣੀ, ਕੀ ਇਨ੍ਹਾਂ ਮਸਲਿਆਂ ਬਾਰੇ ਕੌਮ ਨੂੰ ਚਾਨਣਾ ਪਾਉਗੇ? ਕੀ ਇਨਸਾਫ਼ ਮਿਲੇਗਾ? ਪੰਜਾਬ ਵਿਚ ਵਸਦੇ ਸਿੱਖੋ, ਸੋਚੇ ਤੇ ਵਿਚਾਰੋ, ਜਾਗੋ ਤੇ ਜਗਾਉ। ਪੰਜਾਬ ਅਪਣਾ ਘਰ ਹੈ ਸਿੱਖੀ ਸਾਡੀ ਆਨ ਤੇ ਸ਼ਾਨ ਹੈ, ਆਉ ਇਕ ਹੋ ਜਾਉ।
-ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963