ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਾਂ ਸਾਲ ਚੜ੍ਹਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ।

Pic

ਚੰਡੀਗੜ੍ਹ: ਨਵਾਂ ਸਾਲ ਚੜ੍ਹਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਨੇਤਾ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰ ਆ ਰਹੀ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਨੂੰ ਮਨਜ਼ੂਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਕ ਟਵੀਟ ਕਰਕੇ ਦਿੱਤੀ ਗਈ ਹੈ।

 


 

ਜ਼ਿਕਰਯੋਗ ਹੈ ਕਿ ਪਰਮਿੰਦਰ ਢੀਂਡਸਾ ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਪਾਰਟੀ ਵਿਚ ਵਿਧਾਇਕ ਦਲ ਦੇ ਨੇਤਾ ਸਨ। ਦੱਸ ਦਈਏ ਹਾਲੇ ਕੁੱਝ ਦਿਨ ਪਹਿਲਾਂ ਹੀ ਪਰਮਿੰਦਰ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਕਾਫ਼ੀ ਸਮਝਦਾਰ ਹੈ। ਸਮਾਂ ਆਉਣ 'ਤੇ ਉਹ ਜਲਦ ਉਨ੍ਹਾਂ ਦਾ ਸਾਥ ਦੇਣ ਲਈ ਖੜ੍ਹਾ ਹੋਵੇਗਾ।

ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਪਾਰਟੀ ਤੋਂ ਅਲੱਗ ਥਲੱਗ ਚੱਲ ਰਹੇ ਹਨ. ਦਸੰਬਰ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਨ ਦੇ ਮੌਕੇ ਤੇ ਸੀਨੀਅਰ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਦੀ ਬਜਾਏ ਅਕਾਲੀ ਦਲ ਟਕਸਾਲੀ ਦੇ ਸਮਾਗਮ ਵਿੱਚ ਪੁੱਜੇ ਸਨ ਅਤੇ ਬਾਦਲ ਪਰਿਵਾਰ ਖਿਲਾਫ ਜੰਮ ਕੇ ਭੜਾਸ ਕੱਢੀ ਸੀ।

ਉਸ ਤੋਂ ਬਾਅਦ ਢੀਂਡਸਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਪਣੇ ਵਰਕਰਾਂ ਦਾ ਵੱਡਾ ਇਕੱਠ ਕਰਕੇ ਵੀ ਬਾਦਲ ਪਰਿਵਾਰ ਤੇ ਅਕਾਲੀ ਦਲ ਤੇ ਏਕਾ ਅਧਿਕਾਰ ਨੂੰ  ਚੁਣੌਤੀ ਦਿੱਤੀ ਗਈ ਸੀ ਉਸੇ ਸਮੇਂ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਨੇਤਾ ਵਿਧਾਇਕ ਦਲ ਪਰਮਿੰਦਰ ਸਿੰਘ ਢੀਂਡਸਾ ਬਾਰੇ ਵੀ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾਣ ਲੱਗ ਪਈਆਂ ਸਨ।

ਅਕਾਲੀ ਦਲ ਟਕਸਾਲੀ ਤੇ ਸੀਨੀਅਰ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਹਾਲੇ ਕੁਝ ਦਿਨ ਪਹਿਲਾਂ ਹੀ 'ਸਪੋਕਸਮੈਨ ਵੈੱਬ ਟੀ ਵੀ' ਉੱਤੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਜੂਨੀਅਰ ਢੀਂਡਸਾ ਵੀ ਜਲਦ ਹੀ ਬਾਦਲ ਪਰਿਵਾਰ ਖ਼ਿਲਾਫ਼ ਫਰੰਟ ਖੋਲ੍ਹਣਗੇ। ਸਾਬਕਾ ਵਿੱਤ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫ਼ਾ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਕਿਉਂਕਿ ਇਨ੍ਹੀਂ ਦਿਨੀਂ ਅਕਾਲੀ ਦਲ ਖ਼ਾਸਕਰ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਵੱਡਾ ਫਰੰਟ ਖੋਲ੍ਹੀ ਬੈਠੇ ਹਨ. ਬਜਟ ਸੈਸ਼ਨ ਸਿਰ ਤੇ ਹੋਣ ਕਰਕੇ ਵੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਢੀਂਡਸਾ ਦਾ ਅਸਤੀਫ਼ਾ ਪਾਰਟੀ ਲਈ  ਚਿੰਤਾਜਨਕ ਮੰਨਿਆ ਜਾ ਰਿਹਾ ਹੈ. ਦੱਸਣਯੋਗ ਹੈ ਕਿ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਕਰਕੇ ਸਿੱਖ ਸਫਾਂ ਚ ਨਿੰਦਿਆ ਦਾ ਵਿਸ਼ਾ ਬਣੇ ਹੋਇਆ ਅਕਾਲੀ ਦਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਾਡੀ ਰਿਹਾ ਸੀ।