ਅਸੀਂ ਦਰਦ ਨੂੰ ਚਿਹਰੇ ‘ਤੇ ਨਹੀਂ ਆਉਣ ਦਿੱਤਾ ਲੋਕਾਂ ਨੇ ਉਸ ਚੀਜ਼ ਨੂੰ ਪਿਕਨਿਕ ਸਮਝ ਲਿਆ- ਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬੀਰ ਸਿੰਘ ਨੇ ਦੱਸੀ ਕਿਸਾਨਾਂ ਦੀ ਚੜ੍ਹਦੀਕਲਾ ਦੀ ਵਜ੍ਹਾ

Bir Singh

ਚੰਡੀਗੜ੍ਹ: ਕਿਸਾਨੀ ਮੋਰਚੇ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਕਿਸਾਨ ਅੰਦੋਲਨ ਇਕ ਮੇਲਾ ਬਣ ਕੇ ਰਹਿ ਗਿਆ ਹੈ, ਉੱਥੇ ਤਰ੍ਹਾਂ-ਤਰ੍ਹਾਂ ਲੰਗਰ ਲੱਗ ਰਹੇ ਹਨ ਤੇ ਸਭ ਐਸ਼ ਕਰ ਰਹੇ ਹਨ। ਕਿਸਾਨੀ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੁਰੂ ਕੀਤਾ ਗਿਆ, ਇਸ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਔਕੜਾਂ ਨੂੰ ਸਮਝਣ ਦੀ ਬਹੁਤ ਲੋੜ ਹੈ। ਇੰਨੀਆ ਔਕੜਾਂ ਦੇ ਬਾਵਜੂਦ ਵੀ ਕਿਸਾਨ ਦੇ ਚਿਹਰੇ ‘ਤੇ ਮੁਸਕੁਰਾਹਟ ਹੈ।

ਇਹਨਾਂ ਸਾਰੇ ਮੁੱਦਿਆਂ ‘ਤੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬੀ ਗੀਤਕਾਰ ਤੇ ਲੇਖਕ ਬੀਰ ਸਿੰਘ ਨਾਲ ਵਿਸ਼ੇਸ਼ ਗੱਲ਼ਬਾਤ ਕੀਤੀ। ਬੀਰ ਸਿੰਘ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ‘ਚ ਡਟੇ ਹੋਏ ਹਨ। ਬੀਰ ਸਿੰਘ ਨੇ ਦੱਸਿਆ ਕਿ ਜਦੋਂ ਲੋਕ ਕਹਿੰਦੇ ਹਨ ਕਿ ਇੱਥੇ ਤਾਂ ਮੇਲਾ ਲੱਗਿਆ ਹੋਇਆ ਏ ਤਾਂ ਉਹਨਾਂ ਨੂੰ ਬੜਾ ਹਰਖ ਆਉਂਦਾ ਹੈ ਕਿਉਂਕਿ ਅਸੀਂ ਅਜਿਹੀ ਕੌਮ ਹਾਂ ਕਿ ਚਰਖੜੀਆਂ ‘ਤੇ ਚੜਨ ਵੇਲੇ ਵੀ ਉਸ ਚੀਜ਼ ਦੀ ਖੁਸ਼ੀ ਮਨਾਉਂਦੇ ਹਾਂ। ਸਾਡੇ ਯੋਧਿਆਂ ਵਿਚ ਇਸ ਗੱਲ ਲਈ ਵੀ ਤੂੰ-ਤੂੰ ਮੈਂ-ਮੈਂ ਹੁੰਦੀ ਸੀ ਕਿ ਪਹਿਲਾਂ ਮੈਂ ਚੜਾਂਗਾ।

ਇਹ ਤਾਂ ਚਰਖੜੀਆਂ ‘ਤੇ ਚੜਨ ਨੂੰ ਵੀ ਪਿਕਨਿਕ ਕਹਿ ਸਕਦੇ ਹਨ। ਇਹ ਤਾਂ ਸਾਡੀ ਫਿਤਰਤ ਹੈ ਕਿ ਅਸੀਂ ਦੁੱਖ ਦੇ ਮਾਹੌਲ ਵਿਚ ਵੀ ਮੱਥੇ ‘ਤੇ ਤਿਉੜੀ ਨਹੀਂ ਆਉਣ ਦਿੰਦੇ। ਬੀਰ ਸਿੰਘ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸੜਕਾਂ ‘ਤੇ ਰਹਿ ਕੇ ਕਿਸ ਤਰ੍ਹਾਂ ਦੀ ਲਗਜ਼ਰੀ ਹੋ ਸਕਦੀ ਹੈ। ਬੇਘਰ ਹੋਣਾ ਕਿਸ ਤਰ੍ਹਾਂ ਲਗਜ਼ਰੀ ਹੋ ਸਕਦਾ ਹੈ। ਸੰਘਰਸ਼ ਵਿਚ ਲੋਕਾਂ ਨੂੰ ਸਿਰਫ ਲੰਗਰ ਨਾਲ ਹੀ ਜੋੜ ਦਿੱਤਾ ਗਿਆ ਹੈ। ਇਹ ਸਾਡੇ ਲੋਕਾਂ ਦੀ ਤਰੀਕਾ ਹੈ ਕਿ ਅਸੀਂ ਸਦਾ ਚੜਦੀਕਲਾ ਵਿਚ ਹੀ ਰਹਿੰਦੇ ਹਾਂ ਕਦੀ ਵੀ ਨਿਰਾਸ਼ ਨਹੀਂ ਹੁੰਦੇ।

ਬੀਰ ਸਿੰਘ ਨੇ ਕਿਹਾ ਕਿ ਅੰਦੋਲਨ ਨੂੰ ਕਿਸੇ ਲੀਡਰ ਜਾਂ ਮਾਨਸਿਕਤਾ ਨੇ ਨਹੀਂ ਬੰਨਿਆ। ਇਸ ਵਿਚੋਂ ਕੁੱਝ ਵੱਖਰਾ ਹੈ। ਇਸ ਤਰ੍ਹਾਂ ਲੱਗ ਰਿਹਾ ਕਿ ਰੱਬ ਨੇ ਸਮੂਹਿਕ ਤੌਰ ‘ਤੇ ਅਪਣਾ ਅਵਤਾਰ ਲਿਆ ਹੈ। ਸੰਘਰਸ਼ ਵਿਚ ਅਨੁਸ਼ਾਨ ਸਬੰਧੀ ਗੱਲ ਕਰਦਿਆਂ ਬੀਰ ਸਿੰਘ ਨੇ ਦੱਸਿਆ ਕਿ ਉੱਥੇ ਕਾਫੀ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਰਾਤ ਦੇ ਰਹਿਣ ਬਸੇਰੇ, ਲੰਗਰ, ਮੈਡੀਕਲ ਸੇਵਾਵਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਕਈ ਥਾਂਈ ਨੌਜਵਾਨ ਕਵਿਤਾਵਾਂ ਗਾ ਰਹੇ ਨੇ, ਸੱਥਾਂ ਬਣੀਆਂ ਹੋਈਆਂ ਹਨ, ਹਰਿਆਣਵੀ ਵੀਰ ਗੀਤ ਗਾਉਂਦੇ ਹਨ। ਹਰ ਜ਼ਰੂਰਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਵੱਖ-ਵੱਖ ਕਮੇਟੀਆਂ ਜਿਵੇਂ ਅਨੁਸ਼ਾਸਨ ਕਮੇਟੀ ਤੇ ਸਫਾਈ ਦੀਆਂ ਕਮੇਟੀਆਂ ਬਣੀਆਂ ਹੋਈਆਂ ਹਨ।

ਬੀਰ ਸਿੰਘ ਨੇ ਕਿਹਾ ਕਿ ਸਫਾਈ ਲਈ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੀ ਟੀਮ ਨੂੰ ਹਾਇਰ ਕੀਤਾ ਗਿਆ। ਇਸ ਟੀਮ ਦੀ ਮਦਦ ਨਾਲ ਕੈਂਪਸ ਬਹੁਤ ਸਾਫ ਸੁਥਰਾ ਹੋ ਗਿਆ ਹੈ। ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਸ ਦਿਨ ਅਸੀਂ ਵਾਪਸ ਆਵਾਂਗੇ ਤਾਂ ਸਾਰਾ ਥਾਂ ਫੁੱਲਾਂ ਨਾਲ ਭਰ ਕੇ ਆਵਾਂਗੇ।

ਸਿੰਘੂ ਬਾਰਡਰ ਦੇ ਨੇੜੇ ਬਡ ਖਾਲਸਾ ਨਾਂਅ ਦਾ ਪਿੰਡ ਵਸਦਾ ਹੈ। ਜੇਕਰ ਉਸ ਪਿੰਡ ਦਾ ਇਤਿਹਾਸ ਦੇਖਿਆ ਜਾਵੇ ਤਾਂ ਜਦੋਂ ਭਾਈ ਜੈਤਾ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਦਾ ਸੀਸ ਲੈ ਕੇ ਜਾਂਦੇ ਹਨ ਤਾਂ ਉਹ ਉਸ ਪਿੰਡ ਵਿਚ ਇਕ ਕਿਸਾਨ ਦੇ ਘਰ ਰਾਤ ਗੁਜ਼ਾਰਦੇ ਹਨ। ਉਸ ਕਿਸਾਨ ਨੇ ਭਾਈ ਜੈਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਸਾਹਿਬ ਦਾ ਸੀਸ ਲੈ ਕੇ ਲੰਘ ਜਾਓ ਹਕੂਮਤ ਤੁਹਾਨੂੰ ਲੱਭ ਰਹੀ ਹੈ। ਕਿਸਾਨ ਨੇ ਕਿਹਾ ਕਿ ਮੈਂ ਅਪਣਾ ਸੀਸ ਕੱਟ ਕੇ ਰੱਖ ਦਿੰਦਾ ਹਾਂ ਤਾਂ ਜੋ ਉਹਨਾਂ ਨੂੰ ਭੁਲੇਖਾ ਪੈ ਜਾਵੇ ਕਿ ਇਹ ਸੀਸ ਗੁਰੂ ਤੇਗ ਬਹਾਦਰ ਜੀ ਦਾ ਹੈ। ਸਕੇ ਪੁੱਤ ਨੇ ਅਪਣੇ ਪਿਓ ਦਾ ਸੀਸ ਵੱਢ ਕੇ ਗੁਰੂ ਸਾਹਿਬ ਦੇ ਸੀਸ ਨਾਲ ਬਦਲਿਆ ਸੀ। ਅਸੀਂ ਉਸ ਇਤਿਹਾਸਕ ਪਿੰਡ ਵਿਚ ਬੈਠੇ ਹੋਏ ਹਾਂ।

ਬੀਰ ਸਿੰਘ ਨੇ ਕਿਹਾ ਕਿ ਸਾਡੀ ਅੱਜ ਦੀ ਜੰਗ ਸੰਘੀ ਢਾਂਚੇ ‘ਤੇ ਹੈ। ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਮਨੁੱਖੀ ਅਧਿਕਾਰ ਬਰਾਬਰ ਮਿਲਣੇ ਚਾਹੀਦੇ ਹਨ। ਅਸੀਂ ਹਮੇਸ਼ਾਂ ਹੀ ਵਿਭਿੰਨਤਾ ਵਿਚ ਏਕਤਾ ਨੂੰ ਮੰਨਿਆ ਹੈ ਤੇ ਇਹ ਮਿਸਾਲ ਅੱਜ ਵੀ ਦਿੱਲੀ ਦੇ ਬਾਰਡਰ ‘ਤੇ ਮਿਲਦੀ ਹੈ। ਵੱਖ-ਵੱਖ ਸੂਬਿਆਂ, ਧਰਮਾਂ ਤੇ ਸੱਭਿਆਚਾਰਾਂ ਦੇ ਲੋਕ ਮਿਲ ਕੇ ਰਹਿ ਰਹੇ ਹਨ।

ਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੋਰਚੇ ਦੌਰਾਨ 18 ਸਾਲ ਦੇ ਲੜਕੇ ਦੀ ਮੌਤ ਹੋਈ ਸੀ, ਉਸ ਦੀ ਮੌਤ ਦਾ ਕਾਰਨ ਇਹ ਸੀ ਕਿ ਉਸ ਨੇ ਗੱਦਾ ਟਰਾਲੀ ਦੇ ਹੇਠਾਂ ਲਾਇਆ ਹੋਇਆ ਸੀ। ਰਾਤ ਨੂੰ ਜਦੋਂ ਬਾਰਿਸ਼ ਹੋਈ ਤਾਂ ਗੱਦਾ ਭਿੱਜ ਗਿਆ, ਇਸ ਦੌਰਾਨ ਉਸ ਨੂੰ ਠੰਢ ਲੱਗ ਗਈ ਤੇ ਦਿਲ ਦਾ ਦੌਰਾ ਪਿਆ। ਬੀਰ ਸਿੰਘ ਦਾ ਕਹਿਣਾ ਹੈ ਕਿ ਮੋਰਚੇ ਦੌਰਾਨ ਬਾਥਰੂਮ ਦੀ ਬਹੁਤ ਸਮੱਸਿਆ ਹੁੰਦੀ ਹੈ ਤੇ ਪ੍ਰਾਈਵੇਟ ਕੰਪਨੀਆਂ ਨੂੰ ਖਦਸ਼ਾ ਹੈ ਕਿ ਇੱਥੇ ਭੰਨਤੋੜ ਹੋ ਸਕਦੀ ਹੈ।

ਬੀਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਾਲੇ ਬਜ਼ੁਰਗਾਂ ਨੂੰ ਰੂਟੀਨ ਹੈ ਕਿ ਉਹ ਸਵੇਰੇ ਜਲਦੀ ਉੱਠ ਕੇ ਨਿਤਨੇਮ ਕਰਦੇ ਹਨ ਤੇ ਉਹਨਾਂ ਦੀ ਇਹੀ ਰੂਟੀਨ ਉੱਥੇ ਵੀ ਜਾਰੀ ਹੈ। ਉਹ ਠੰਢ ਵਿਚ ਵੀ ਨਹਾਉਂਦੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਠੰਢ ਮਹਿਸੂਸ ਕਰੋਗੇ, ਓਨੀ ਜ਼ਿਆਦਾ ਲੱਗੇਗੀ। ਸਾਡੀ ਆਦਤ ਹੈ ਕਿ ਅਸੀਂ ਦਰਦ ਨੂੰ ਕਦੀ ਚਿਹਰੇ ‘ਤੇ ਨਹੀਂ ਆਉਣ ਦਿੱਤਾ ਲੋਕਾਂ ਨੇ ਉਸ ਚੀਜ਼ ਨੂੰ ਪਿਕਨਿਕ ਸਮਝ ਲਿਆ। ਬੀਰ ਸਿੰਘ ਨੇ ਕਿਹਾ ਕਿ ਜਿਸ ਚੀਜ਼ ਦਾ ਮੈਂ ਹਮੇਸ਼ਾਂ ਹਉਕਾ ਦਿੱਤਾ ਕਿ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਲਈ ਕੰਮ ਕਰੋ।

ਕਿਸਾਨ ਆਗੂਆਂ ਬਾਰੇ ਗੱਲ਼ ਕਰਦਿਆਂ ਬੀਰ ਸਿੰਘ ਨੇ ਦੱਸਿਆ ਕਿ ਵਿਚਾਰਕ ਮਤਭੇਦ ਤਾਂ ਰਹਿਣਗੇ ਹੀ। ਜਿੰਨੇ ਲੋਕ ਵੀ ਉੱਥੇ ਪਹੁੰਚੇ ਨੇ, ਉਹ ਆਗੂਆਂ ਵੱਲ ਦੇਖ ਰਹੇ ਨੇ ਕਿਉਂਕਿ ਗੱਲ ਕਰਨ ਤਾਂ ਇਹਨਾਂ ਨੇ ਹੀ ਜਾਣਾ ਹੈ। ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਉਹਨਾਂ ਦੀ ਹੌਂਸਲਾ ਅਫਜ਼ਾਈ ਕਰੀਏ। ਜੇ ਸਾਨੂੰ ਲਗਦਾ ਹੈ ਕਿ ਸਾਡੇ ਆਗੂ ਸਿਆਣੇ ਨਹੀਂ ਹਨ ਤਾਂ ਉਸ ਦਾ ਕਾਰਨ ਅਸੀਂ ਹਾਂ ਕਿ ਅਸੀਂ ਉਸ ਦੀ ਅਧੀਨਗੀ ਕਬੂਲੀ ਕਿਉਂ ਕਬੂਲ ਕੀਤੀ। ਜੇਕਰ ਅਸੀਂ ਅਪਣੇ ਆਗੂਆਂ ਦੀ ਨਾ ਸੁਣੀ ਤਾਂ ਇਸ ਤੋਂ ਕੇਂਦਰ ਖੁਸ਼ ਹੋਵੇਗੀ।

ਦੀਪ ਸਿੱਧੂ ਤੇ ਲੱਖਾ ਸਿਧਾਣਾ ਬਾਰੇ ਗੱਲ ਕਰਦਿਆਂ ਬੀਰ ਸਿੰਘ ਨੇ ਕਿਹਾ ਕਿ ਲੱਖਾ ਸਿਧਾਣਾ ਨੂੰ ਹਮੇਸ਼ਾਂ ਇਸ ਚੀਜ਼ ਦਾ ਗਿਲਾ ਰਿਹਾ ਕਿ ਜਥੇਬੰਦੀਆਂ ਨੇ ਖੁੱਲ ਕੇ ਬੋਲਣ ਦਾ  ਸਮਾਂ ਨਹੀਂ ਦਿੱਤਾ। ਜਥੇਬੰਦੀਆਂ ਨੂੰ ਇਹ ਹੈ ਕਿ ਲੱਖਾ ਸਹੀ ਤਰੀਕੇ ਦੀ ਗੱਲ ਨਹੀਂ ਕਰਦਾ ਜਾਂ ਤੈਅ ਸਮੇਂ ਤੋਂ ਵੱਧ ਸਮਾਂ ਲੈ ਜਾਂਦੇ ਹਨ। ਦੂਜੇ ਪਾਸੇ ਦੀਪ ਸਿੱਧੂ ਨੇ ਜਥੇਬੰਦੀਆਂ ਨੂੰ ਬਹੁਤ ਤਿੱਖਾ ਬੋਲਿਆ ਸੀ। ਇਹ ਸਮਾਂ ਅਪਣੇ-ਅਪਣੇ ਪੱਖ ਰੱਖਣ ਦਾ ਨਹੀਂ ਹੈ, ਬਲਕਿ ਸਮੂਹਿਕ ਪੱਖ ਵਿਚ ਆਉਣ ਦਾ ਸਮਾਂ ਹੈ।
ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਮੇਸ਼ਾਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਸ ਦੇ ਪੁੱਤਰ ਹਾਂ ਜਿਨੇ ਕਿਹਾ ਸੀ ਕਿ ਤੁਮਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ

ਅਸੈਂਸੀਅਲ ਕਮੋਡੀਟੀ ਐਕਟ ਬਾਰੇ ਗੱਲ਼ ਕਰਦਿਆਂ ਬੀਰ ਸਿੰਘ ਨੇ ਕਿਹਾ ਕਿ ਇਸ ਐਕਟ ਨਾਲ ਸਾਰਿਆਂ ਦੀ ਜ਼ਿੰਦਗੀ ‘ਤੇ ਮਾੜਾ ਪ੍ਰਭਾਵ ਪਵੇਗਾ। ਬੀਰ ਸਿੰਘ ਨੇ ਦੱਸਿਆ ਕਿ ਮੋਰਚੇ ‘ਤੇ ਸਭ ਵੱਡੀ ਲੋੜ ਵਲੰਟੀਅਰਜ਼ ਦੀ ਹੈ। ਦੂਜੀ ਲੋੜ ਇਹ ਕਿ ਉੱਥੇ ਕਰੀਬ 20 ਕਿਲੋਮੀਟਰ ਤੱਕ ਖੇਤਰ ਤੱਕ ਸੰਘਰਸ਼ ਫੈਲਿਆ ਹੋਇਆ ਹੈ। ਕਈ ਵਾਰ ਲੋਕਾਂ ਨੇ ਸਟੇਜ ਕੋਲ ਆਉਣਾ ਹੁੰਦਾ ਹੈ ਤੇ ਉਹਨਾਂ ਨੂੰ ਆਉਣ-ਜਾਣ ਸਮੇਂ ਦਿੱਕਤ ਆਉਂਦੀ ਹੈ। ਕਈ ਭਰਾਵਾਂ ਵੱਲੋਂ ਈ-ਰਿਕਸ਼ਾ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੇ ਅਪਣੇ ਵਾਹਨ ਵੀ ਇਸ ਕੰਮ ਲਈ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਮੈਡੀਕਲ ਸੇਵਾਵਾਂ ਸਬੰਧੀ ਵੀ ਸਮੱਸਿਆ ਆ ਰਹੀ ਹੈ।

ਉਹਨਾਂ ਕਿਹਾ ਕਿ ਹੁਣ ਤੱਕ ਸਾਡੇ ਸੰਘੀ ਢਾਂਚੇ ਦਾ ਪਤਨ ਹੁੰਦਾ ਰਿਹਾ ਹੈ ਤੇ ਭਾਰਤ ਸਿਰਫ ਕਹਿਣ ਲਈ ਹੀ ਧਰਮ ਨਿਰਪੱਖ ਹੈ। ਸਾਡੇ ਸੰਵਿਧਾਨ ਵਿਚ ਦਿੱਤੇ ਗਏ ਅਧਿਕਾਰ ਸਾਡੇ ਤੱਕ ਪਹੁੰਚ ਨਹੀਂ ਰਹੇ। ਜੇਕਰ ਅਸੀਂ ਪੱਕਾ ਬਦਲਾਅ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ‘ਤੇ ਵਿਚਾਰ ਕਰਨ ਦੀ ਲੋੜ ਹੈ। ਜੇਕਰ ਖੇਤੀ ਕਾਨੂੰਨ ਰੱਦ ਵੀ ਹੋ ਜਾਂਦੇ ਹਨ ਤਾਂ ਨੁਕਸਾਨ ਹੋਣੇ ਬਚਾ ਲਿਆ ਜਾਵੇਗਾ ਪਰ ਜਿਹੜਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ ਅਸੀਂ ਉਸ ਬਾਰੇ ਕਿੰਨੇ ਕੁ ਚੇਤੰਨ ਹਾਂ ਇਹ ਬਹੁਤ ਜ਼ਰੂਰੀ ਹੈ।

ਬੀਰ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਸਹੀ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਉਸ ਦੀ ਬੁਨਿਆਦ ਹੀ ਜਾਗਰੂਕਤਾ ਹੈ। ਸਾਨੂੰ ਸਮਝਣਾ ਪਵੇਗਾ ਕਿ ਸੰਘੀ ਢਾਂਚਾ ਕੀ ਹੈ ਜਾਂ ਲੋਕਤੰਤਰ ਕੀ ਹੈ? ਜੇ ਸਾਨੂੰ ਇਸ ਬਾਰੇ ਪਤਾ ਹੋਵੇਗਾ ਤਾਂ ਹੀ ਅਸੀਂ ਚੰਗੀ ਸਟੇਟ ਦਾ ਨਿਰਮਾਣ ਕਰ ਸਕਾਂਗੇ।
ਬੀਰ ਸਿੰਘ ਨੇ ਅਖੀਰ ‘ਚ ਦੱਸਿਆ ਕਿ ਉਸ ਨੂੰ ਹਰ ਰੋਜ਼ ਮੋਰਚੇ ਦੌਰਾਨ ਕਈ ਮਾਤਾਵਾਂ ਤੇ ਭੈਣਾਂ ਮਿਲਦੀਆਂ ਹਨ, ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਉਹ ਭਾਵੂਕ ਹੋ ਜਾਂਦੇ ਹਨ। ਮੈਂ ਮਹਿਸੂਸ ਕੀਤਾ,
ਬਹੁਤ ਅਸੀਸਾਂ ਬਹੁਤ ਪਿਆਰ ਮਿਲ ਰਿਹਾ ਏ
ਮੈਨੂੰ ਬੈਠੇ ਨੂੰ ਦਿੱਲੀ ਦੀ ਜੂਹ ਉੱਤੇ
ਮੇਰੇ ਅਪਣੇ ਮੇਰਾ ਪਰਿਵਾਰ ਮਿਲ ਰਿਹਾ ਏ

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਲੋਕ ਖੜ੍ਹੇ ਹੋ ਗਏ ਤਾਂ ਉਹਨਾਂ ਦੀ ਕੁਰਸੀ ਸਲਾਮਤ ਨਹੀਂ ਰਹਿ ਸਕਦੀ। ਪ੍ਰਧਾਨ ਮੰਤਰੀ ਮੋਦੀ ਨੂੰ ਇਸ ਗੱਲ ‘ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਦੇ ਦੇਸ਼ ਵਿਚ ਇੰਨਾ ਕੁਝ ਹੋ ਰਿਹਾ ਪਰ ਉਹ ਪਤਾ ਹੋਣ ਦੇ ਬਾਵਜੂਦ ਵੀ ਇਸ ਬਾਰੇ ਗੱਲ਼ ਨਹੀਂ ਕਰਨਾ ਚਾਹੁੰਦੇ ਪਰ ਉਹ ਵਿਦੇਸ਼ਾਂ ਵਿਚ ਹੋ ਰਹੀਆਂ ਘਟਨਾਵਾਂ ‘ਤੇ ਦੁੱਖ ਜ਼ਾਹਿਰ ਕਰ ਰਹੇ ਹਨ।