ਕੈਪਟਨ ਸਾਹਿਬ ਬਠਿੰਡਾ ਲਈ ਸਭ ਤੋਂ ਜ਼ਬਰਦਸਤ ਉਮੀਦਵਾਰ : ਨਵਜੋਤ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੇਰੀ ਘਰਵਾਲੀ ਕੋਈ ਸਟਿਪਣੀ ਨਹੀਂ, ਜਿਸ ਨੂੰ ਚੋਣ ਲੜਨ ਲਈ ਜਿੱਥੇ ਮਰਜ਼ੀ ਫਿੱਟ ਕਰ ਦਿੱਤਾ ਜਾਵੇ

Navjot Singh Sidhu

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਦਾ ਵਿਗੁਲ ਵੱਜ ਚੁੱਕਾ ਹੈ। ਭਲਕੇ 11 ਅਪ੍ਰੈਲ ਤੋਂ ਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ ਹੋਵੇਗੀ। ਪੰਜਾਬ 'ਚ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਹੌਲੀ-ਹੌਲੀ 13 ਲੋਕ ਸਭਾ ਸੀਟਾਂ 'ਤੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕਾਂਗਰਸ ਨੇ 13 'ਚੋਂ 9 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਮੌਕੇ ਪੰਜਾਬ ਕੈਬਨਿਟ ਦੇ ਸੀਨੀਅਰ ਆਗੂ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ 'ਰੋਜ਼ਾਨਾ ਸਪੋਕਸਮੈਨ' ਦੇ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਦਾ ਕੀ ਕਾਰਨ ਹੈ?
ਜਵਾਬ : ਬਿਨ ਮੰਗੇ ਮੋਤੀ ਮਿਲੇ, ਮੰਗ ਕੇ ਨਾ ਮਿਲੇ ਭੀਖ। ਮੰਗ ਕੇ ਜ਼ਿੰਦਗੀ 'ਚ ਕੁਝ ਨਹੀਂ ਮਿਲਦਾ। ਜਦੋਂ ਤਕਦੀਰ ਨੇ ਕੁਝ ਦੇਣ ਹੁੰਦਾ ਹੈ ਤਾਂ ਉਹ ਬੂਹਾ ਖੜਕਾ ਕੇ ਦੇ ਜਾਂਦੀ ਹੈ। ਡਾ. ਮਨਮੋਹਨ ਸਿੰਘ ਬਗੈਰ ਚੋਣ ਲੜੇ ਪ੍ਰਧਾਨ ਮੰਤਰੀ ਬਣੇ ਅਤੇ ਐਮ.ਐਸ. ਗਿੱਲ ਖੇਡ ਮੰਤਰੀ ਬਣੇ ਸਨ। ਮੈਂ ਕਿਸੇ ਕੋਲ ਟਿਕਟ ਮੰਗਣ ਨਹੀਂ ਗਿਆ। ਜੇ ਮੈਂ ਕਦੇ ਕੁਝ ਮੰਗਣ ਗਿਆ ਤਾਂ ਪੰਜਾਬ ਦੇ ਹੱਕਾਂ ਲਈ ਮੰਗਣ ਗਿਆ, ਜਲਿਆਂਵਾਲਾ ਬਾਗ਼ ਤੇ ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ਼ ਮੰਗਣ ਗਿਆ। ਮੇਰੇ ਪਿਤਾ ਭਗਵੰਤ ਸਿੰਘ ਕਿਰਤੀ ਗ਼ਦਰ ਪਾਰਟੀ 'ਚ ਸਨ। ਅੰਗਰੇਜ਼ਾਂ ਵਿਰੁੱਧ ਸੰਘਰਸ਼ 'ਚ ਸ਼ਾਮਲ ਹੋਣ ਲਈ ਉਹ ਲਾਹੌਰ ਚਲੇ ਗਏ ਸਨ। ਉੱਥੇ 'ਲਾਲ ਕਿਲ੍ਹਾ' ਅਖ਼ਬਾਰ ਕੱਢਦੇ ਹੁੰਦੇ ਸਨ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਸੀ। ਮੌਤ ਤੋਂ ਚਾਰ ਦਿਨ ਪਹਿਲਾਂ ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ਦੀ ਖ਼ੁਸ਼ੀ 'ਚ 7 ਕੈਦੀਆਂ ਨੂੰ ਪਰਚੀਆਂ ਪਾ ਕੇ ਛੱਡਿਆ ਗਿਆ ਸੀ। ਉਨ੍ਹਾਂ 7 ਕੈਦੀਆਂ 'ਚ ਮੇਰੇ ਪਿਤਾ ਜੀ ਵੀ ਸ਼ਾਮਲ ਸਨ। 

ਸਵਾਲ : ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਕੀ ਟਿਕਟ ਮਿਲਣ ਦੀ ਉਮੀਦ ਹੈ?
ਜਵਾਬ : ਜਿੱਥੇ ਮੈਂ ਅਤੇ ਮੇਰੀ ਪਤਨੀ ਨੇ 10 ਸਾਲ ਮਿਹਨਤ ਕੀਤੀ, ਲੋਕਾਂ ਨਾਲ ਰਾਬਤਾ ਕਾਇਮ ਕੀਤਾ, ਵਿਕਾਸ ਕਾਰਜ ਕਰਵਾਏ, ਉੱਥੋਂ ਟਿਕਟ ਨਾ ਦੇ ਕੇ ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਚੋਣ ਲੜਨਾ ਕਿੱਥੋਂ ਤਕ ਜਾਇਜ਼ ਹੈ। ਮੈਨੂੰ ਕੁਰੂਕਸ਼ੇਤਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਠੁਕਰਾ ਦਿੱਤੀ ਸੀ। ਮੇਰੇ ਪਤਨੀ ਨਵਜੋਤ ਕੌਰ ਸਿੱਧੂ ਕੋਈ ਸਟਿਪਣੀ ਨਹੀਂ ਹੈ, ਜਿਸ ਨੂੰ ਚੋਣ ਲੜਨ ਲਈ ਜਿੱਥੇ ਮਰਜ਼ੀ ਫਿੱਟ ਕਰ ਦਿੱਤਾ ਜਾਵੇ। ਜਿਹੜਾ ਵਿਅਕਤੀ ਅਜਿਹੀ ਅਫ਼ਵਾਹਾਂ ਫ਼ੈਲਾ ਰਿਹਾ ਹੈ, ਜੇ ਦਮ ਹੈ ਤਾਂ ਉਹ ਆਪਣੀ ਸੀਟ ਛੱਡ ਕੇ ਬਠਿੰਡਾ ਜਾਂ ਆਨੰਦਪੁਰ ਸਾਹਿਬ ਤੋਂ ਚੋਣ ਲੜ ਕੇ ਵਿਖਾਏ।  

ਸਵਾਲ : ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਦਾ ਕੀ ਕਾਰਨ ਸੀ?
ਜਵਾਬ : ਅੰਮ੍ਰਿਤਸਰ ਲੋਕ ਸਭਾ ਸੀਟ 'ਚ 23 ਹਲਕੇ ਆਉਂਦੇ ਹਨ। ਮੈਂ ਉੱਥੋਂ 23 'ਚੋਂ 22 ਹਲਕਿਆਂ 'ਚ ਰਿਕਾਰਡ ਜਿੱਤ ਪ੍ਰਾਪਤ ਕੀਤੀ ਸੀ। ਸਟਾਰ ਪ੍ਰਚਾਰਕ ਹੋਣ ਕਾਰਨ ਮੈਨੂੰ ਕਾਂਗਰਸ ਲਈ ਦੇਸ਼ ਭਰ 'ਚ ਚੋਣ ਪ੍ਰਚਾਰ ਕਰਨਾ ਹੈ। ਮੈਂ ਆਪਣੀ ਪਤਨੀ ਨਾਲ ਇੱਥੇ ਚੋਣ ਪ੍ਰਚਾਰ ਲਈ ਜ਼ਿਆਦਾ ਸਮਾਂ ਨਹੀਂ ਦੇ ਸਕਦਾ। ਚੰਡੀਗੜ੍ਹ ਦਾ ਖੇਤਰ ਛੋਟਾ ਹੋਣ ਕਾਰਨ ਉਥੋਂ ਟਿਕਟ ਦੀ ਮੰਗ ਕੀਤੀ ਸੀ।

ਸਵਾਲ : ਚੰਡੀਗੜ੍ਹ ਤੋਂ ਨਵਜੋਤ ਕੌਰ ਸਿੱਧੂ ਨੂੰ ਟਿਕਟ ਕਿਉਂ ਨਹੀਂ ਮਿਲੀ?
ਜਵਾਬ : ਚੰਡੀਗੜ੍ਹ ਤੋਂ ਮੇਰੀ ਪਤਨੀ ਨੂੰ ਟਿਕਟ ਨਾ ਦੇਣ 'ਤੇ ਕਈ ਅਖ਼ਬਾਰਾਂ 'ਚ ਕਾਂਗਰਸੀ ਆਗੂਆਂ ਨੇ ਬਿਆਨ ਦਿੱਤੇ ਹਨ ਕਿ ਉਹ ਚੰਡੀਗੜ੍ਹ ਦੇ ਰਹਿਣ ਵਾਲੇ ਨਹੀਂ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕੀ ਮੇਰੀ ਪਤਨੀ ਬਠਿੰਡਾ ਜਾਂ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ? ਅਜਿਹੇ ਬਿਆਨ ਦੋਗਲਾਪੁਣ ਦੇ ਸਬੂਤ ਹਨ।

ਸਵਾਲ : ਕੀ ਨਵਜੋਤ ਕੌਰ ਸਿੱਧੂ ਬਠਿੰਡਾ ਤੋਂ ਚੋਣ ਲੜਨਗੇ? 
ਜਵਾਬ : ਜਿੱਥੇ ਅਸੀਂ 10 ਸਾਲ ਕੰਮ ਕੀਤਾ, ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ, ਉਥੋਂ ਟਿਕਟ ਨਾ ਦੇ ਕੇ ਕਿਸੇ ਹੋਰ ਥਾਂ ਤੋਂ ਚੋਣ ਲੜਵਾਉਣਾ ਗਲਤ ਹੈ। ਜਿਹੜੇ ਸ਼ਹਿਰ ਦੀਆਂ ਮੈਨੂੰ ਗਲੀਆਂ, ਸੜਕਾਂ ਬਾਰੇ ਨਹੀਂ ਪਤਾ ਮੈਂ ਉਥੋਂ ਕਿਵੇਂ ਚੋਣ ਲੜ ਸਕਦਾ ਹਾਂ। ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਹਰਾਉਣ ਲਈ ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਥੋਂ ਚੋਣ ਲੜਨੀ ਚਾਹੀਦੀ ਹੈ। 

ਸਵਾਲ : ਕੀ ਜਲਿਆਂਵਾਲੇ ਬਾਗ ਦਾ 100 ਸਾਲਾ ਸਮਾਗਮ ਚੋਣ ਜ਼ਾਬਤਾ ਲੱਗਣ ਕਾਰਨ ਅਣਗੌਲਿਆ ਜਾ ਰਿਹੈ?
ਜਵਾਬ : ਚੋਣ ਜ਼ਾਬਤਾ ਤਾਂ ਹੁਣੇ ਮਹੀਨੇ ਪਹਿਲਾਂ ਹੀ ਲੱਗਾ ਹੈ। ਮੋਦੀ ਨੂੰ ਪ੍ਰਧਾਨ ਮੰਤਰੀ ਬਣੇ 5 ਸਾਲ ਹੋ ਗਏ ਹਨ। ਕੀ ਉਨ੍ਹਾਂ ਨੇ ਜਲਿਆਂਵਾਲੇ ਬਾਗ ਲਈ ਕਦੇ ਫੰਡ ਭੇਜਿਆ? ਮੈਂ ਜਲਿਆਂਵਾਲੇ ਬਾਗ 'ਚ ਅਜਾਇਬ ਘਰ ਬਣਵਾਉਣ ਦੀ ਪੇਸ਼ਕਸ਼ ਕੀਤੀ ਸੀ। ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਸਰਕਾਰ ਇਸ ਅਜਾਇਬ ਘਰ ਨੂੰ ਬਣਾਉਣ ਲਈ 30-40 ਕਰੋੜ ਰੁਪਏ ਖ਼ੁਦ ਖਰਚੇਗੀ ਪਰ ਕੇਂਦਰ ਸਰਕਾਰ ਨੇ ਇਸ ਦੀ ਮਨਜੂਰੀ ਨਾ ਦਿੱਤੀ। 

ਸਵਾਲ : ਕੀ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਦਾ ਸਿਹਰਾ ਤੁਹਾਡੇ ਸਿਰ ਨਾ ਬੰਨ੍ਹਣ ਲਈ ਹੀ ਤੁਹਾਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੀ ਹੈ?
ਜਵਾਬ : ਜਦੋਂ ਪਹਿਲਾਂ ਮੈਂ ਕਰਤਾਰਪੁਰ ਲਾਂਘਾ ਬਣਾਉਣ ਦੀ ਗੱਲ ਕਹਿੰਦਾ ਸੀ ਤਾਂ ਕੇਂਦਰ 'ਚ ਬੈਠੇ ਆਗੂ ਮੇਰੇ 'ਤੇ ਹੱਸਦੇ ਹੁੰਦੇ ਸਨ। ਜਦੋਂ ਪਾਕਿਸਤਾਨ ਨੇ ਮੇਰੀ ਪੇਸ਼ਕਸ਼ ਮੰਨ ਲਈ ਤਾਂ ਇਹੀ ਆਗੂ ਸ਼ਰਮਸਾਰ ਹੋ ਕੇ ਪਾਕਿਸਤਾਨ ਗਏ। ਮੈਂ ਕਦੇ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਮੇਰੇ ਜੱਫੀ ਰੰਗ ਲਿਆਵੇਗੀ। ਮੈਂ ਇਮਰਾਨ ਖ਼ਾਨ ਨੂੰ ਚਿੱਠੀ ਲਿਖੀ ਸੀ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨੇੜੇ 40-50 ਏਕੜ 'ਚ ਕੋਈ ਉਸਾਰੀ ਦਾ ਕੰਮ ਨਾ ਕੀਤਾ ਜਾਵੇ। ਮੇਰੀ ਇਹ ਮੰਗ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਮਨਜੂਰ ਹੋ ਗਈ। ਜਿਹੜਾ ਵਿਅਕਤੀ ਇਨ੍ਹਾਂ ਭਾਜਪਾ ਆਗੂਆਂ ਨੂੰ ਸਵਾਲ ਕਰਦਾ ਹੈ ਉਸ ਨੂੰ ਦੇਸ਼ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ। ਜਿਵੇਂ ਕੱਚੀ ਇੱਟ ਭੱਠੀ ਦੀ ਅੱਗ ਨਾਲ ਪੱਕੀ ਹੁੰਦੀ ਹੈ, ਉਂਜ ਹੀ ਮੈਂ ਅਕਾਲੀ-ਭਾਜਪਾ ਦੀਆਂ ਆਲੋਚਨਾਵਾਂ ਤੋਂ ਹੋਰ ਮਜ਼ਬੂਤ ਹੁੰਦਾ ਹਾਂ। 

ਸਵਾਲ : ਬਾਦਲ ਮੁਤਾਬਕ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਹੁਣ ਪਤੀ-ਪਤਨੀ ਵਾਲਾ ਬਣਿਆ, ਤੁਸੀ ਕੀ ਕਹੋਗੇ?
ਜਵਾਬ : ਪਰਕਾਸ਼ ਸਿੰਘ ਬਾਦਲ ਦੋਗਲੀ ਗੱਲ ਕਰਦੇ ਹਨ। ਉਦੋਂ ਪਤੀ-ਪਤਨੀ ਦਾ ਰਿਸ਼ਤਾ ਕਿੱਥੇ ਗਿਆ ਸੀ ਜਦੋਂ ਉਹ ਹਰਿਆਣਾ 'ਚ ਚੌਟਾਲਿਆਂ ਦੇ ਨਾਲ ਜਾ ਕੇ ਖੜ੍ਹੇ ਹੋ ਗਏ ਸਨ। ਬਾਦਲ ਨੂੰ ਪਤਾ ਹੈ ਕਿ ਹੁਣ ਉਨ੍ਹਾਂ ਦਾ ਪੰਜਾਬ 'ਚੋਂ ਬਿਸਤਰਾ ਗੋਲ ਹੋਣ ਵਾਲਾ ਹੈ। ਜੇ ਕੇਂਦਰ 'ਚੋਂ ਵੀ ਹੱਥ ਉਨ੍ਹਾਂ ਦੇ ਸਿਰ ਤੋਂ ਚੁੱਕਿਆ ਗਿਆ ਤਾਂ ਉਨ੍ਹਾਂ ਦਾ ਰਹਿਣਾ ਕੱਖ ਨਹੀਂ। 

ਸਵਾਲ : ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਲੋਕਾਂ 'ਤੇ ਕੀ ਅਸਰ ਪਵੇਗਾ?
ਜਵਾਬ : ਭਾਜਪਾ ਸਰਕਾਰ ਵੱਲੋਂ ਜਾਰੀ ਕੀਤਾ ਚੋਣ ਮਨੋਰਥ ਪੱਤਰ ਪੁਰਾਣੇ ਮਨੋਰਥ ਪੱਤਰ ਦੀ ਫ਼ੋਟੋ ਕਾਪੀ ਹੈ। 2 ਕਰੋੜ ਨੌਕਰੀਆਂ, ਗੰਗਾ ਸਾਫ਼ ਕਰਨਾ, 15-15 ਲੱਖ ਰੁਪਏ ਖ਼ਾਤੇ 'ਚ ਪਾਉਣੇ ਜਿਹੇ ਵਾਅਦੇ ਸ਼ਾਮਲ ਹਨ। ਇਨ੍ਹਾਂ ਵਾਅਦਿਆਂ ਦੀ ਸੂਚੀ ਬਾਂਸ ਵਾਂਗੂ ਲੰਮੀ ਹੈ ਪਰ ਅੰਦਰੋਂ ਖੋਖਲੀ ਹੈ। ਮੋਦੀ ਵਰਗਾ ਝੂਠਾ ਪ੍ਰਧਾਨ ਮੰਤਰੀ ਅੱਜ ਤਕ ਪੈਦਾ ਨਹੀਂ ਹੋਇਆ। ਮੋਦੀ ਨੇ ਸੀਬੀਆਈ ਨੂੰ ਰਬੜ ਦਾ ਗੁੱਡਾ ਬਣਾ ਦਿੱਤਾ। ਫ਼ੌਜ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕੀਆਂ। ਫ਼ੌਜ ਦੇਸ਼ ਦੀ ਸੁਰੱਖਿਆ ਲਈ ਹੁੰਦੀ ਹੈ, ਚੋਣ ਲੜਨ ਲਈ ਨਹੀਂ। 

ਸਵਾਲ : ਤਾਨਾਸ਼ਾਹ ਸਰਕਾਰ ਵਿਰੁੱਧ ਤੁਸੀਂ ਕਿਵੇਂ ਮੁਕਾਬਲਾ ਕਰੋਗੇ?
ਜਵਾਬ : ਜੇ ਲੋਕ ਤਾਕਤ ਦਿੰਦੇ ਹਨ ਤਾਂ ਉਹ ਖੋਹ ਵੀ ਲੈਂਦੇ ਹਨ। ਤਿੰਨ ਸੂਬਿਆਂ 'ਚ ਇਸ ਦਾ ਉਦਾਹਰਣ ਵੇਖਿਆ ਜਾ ਸਕਦਾ ਹੈ। ਇਥੇ ਪਹਿਲਾਂ ਭਾਜਪਾ ਦੀ ਬਾਦਸ਼ਾਹਤ ਹੁੰਦੀ ਸੀ। ਜਿਹੜਾ ਲੋਕਤੰਤਰ ਨੂੰ ਗੁੰਡਾਤੰਤਰ ਅਤੇ ਡੰਡਾਤੰਤਰ ਬਣਾਏਗਾ, ਉਸ ਨੂੰ ਲੋਕ ਕਦੇ ਨਹੀਂ ਬਖ਼ਸ਼ਣਗੇ। ਲੋਕਾਂ ਨੂੰ ਹਰੇਕ ਆਗੂ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈ।