ਪਟਨਾ 'ਚ ਅੱਖੀਂ ਡਿੱਠੇ 350 ਸਾਲਾ ਸਮਾਗਮ (3) (ਪਿਛਲੇ ਹਫ਼ਤੇ ਤੋਂ ਅੱਗੇ)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਹਾਜ਼ ਤੋਂ ਦਰਿਆ ਕੰਢੇ ਉਤਰ ਕੇ ਅਸੀਂ ਗਊ-ਘਾਟ ਗੁਰਦੁਆਰੇ ਵਲ ਚੱਲ ਪਏ। ਬੜੀ ਦੂਰ ਤੁਰਨ ਤੋਂ ਬਾਅਦ ਅਸੀਂ ਗੁਰਦੁਆਰਾ ਬੜੀ ਸੰਗਤ ਪਹੁੰਚ ਗਏ।

Patna Sahib

ਗੁਰਦੁਆਰਾ ਗਊ ਘਾਟ: ਜਹਾਜ਼ ਤੋਂ ਦਰਿਆ ਕੰਢੇ ਉਤਰ ਕੇ ਅਸੀਂ ਗਊ-ਘਾਟ ਗੁਰਦੁਆਰੇ ਵਲ ਚੱਲ ਪਏ। ਬੜੀ ਦੂਰ ਤੁਰਨ ਤੋਂ ਬਾਅਦ ਅਸੀਂ ਗੁਰਦੁਆਰਾ ਬੜੀ ਸੰਗਤ ਪਹੁੰਚ ਗਏ। ਇਸ ਇਲਾਕੇ ਨੂੰ ਪਹਿਲਾਂ ਸੁੰਦਰਬਨ ਵੀ ਆਖਿਆ ਜਾਂਦਾ ਸੀ। ਅਪਣੀ ਪੂਰਬ ਦੀ ਪ੍ਰਚਾਰ ਫੇਰੀ ਦੌਰਾਨ ਨੌਵੇਂ ਪਾਤਸ਼ਾਹ ਨੇ ਪਟਨਾ ਵਿਚ ਸੱਭ ਤੋਂ ਪਹਿਲਾ ਪੜਾਅ ਇੱਥੇ ਕੀਤਾ। ਇੱਥੇ ਭਗਤੀ ਕਰਦੇ ਕਰਦੇ ਬਿਰਧ ਹੋ ਚੁੱਕੇ ਭਗਤ ਜੈਤਾ ਮੱਲ ਨੂੰ ਗੁਰਮਤਿ ਗਿਆਨ ਬਖ਼ਸ਼ਿਆ ਅਤੇ ਕੁੱਝ ਦਿਨ ਇੱਥੇ ਠਹਿਰਨ ਤੋਂ ਬਾਅਦ ਧਰਮ-ਪ੍ਰਚਾਰ ਵਾਸਤੇ ਅੱਗੇ ਚਲ ਪਏ ਅਤੇ ਪ੍ਰਵਾਰ ਨੂੰ ਬਾਅਦ ਵਿਚ ਸਾਲਸ ਰਾਇ ਦੀ ਹਵੇਲੀ ਵਿਚ ਪਹੁੰਚਾਇਆ ਗਿਆ। ਇਥੋਂ ਦੇ ਦਰਸ਼ਨ ਕਰਨ ਤੋਂ ਬਾਅਦ ਕਾਫ਼ੀ ਦੇਰ ਬਸ ਦੀ ਉਡੀਕ ਕਰਨੀ ਪਈ। ਲਗਭਗ 15 ਰੂਟਾਂ 'ਤੇ ਆਉਣ-ਜਾਣ ਦੀ ਇਹ ਬਸ-ਸੇਵਾ ਲੱਗੀ ਹੋਈ ਸੀ। ਇਕ ਬਸ ਆਈ ਅਤੇ ਖਚਾਖਚ ਭਰ ਗਈ। ਫਿਰ ਦੂਜੀ ਬੱਸ ਆਉਣ 'ਤੇ ਅਸੀਂ ਗੁਰਦੁਆਰਾ ਗੁਰੂ ਕਾ ਬਾਗ਼ ਵਲ ਚਲ ਪਏ।

ਗੁਰਦੁਆਰਾ ਗੁਰੂ ਦਾ ਬਾਗ਼: ਇਹ ਤਖ਼ਤ ਸਾਹਿਬ ਤੋਂ ਪੂਰਬ ਵਲ ਲਗਭਗ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖ਼ਸ਼ ਦਾ ਸੁੱਕਾ ਹੋਇਆ ਬਗੀਚਾ ਸੀ। ਇੱਥੇ ਗੁਰੂ ਤੇਗ਼ ਬਹਾਦਰ ਜੀ ਨੇ ਆਸਾਮ ਦੇ ਪ੍ਰਚਾਰ ਦੌਰੇ ਤੋਂ ਵਾਪਸ ਆ ਕੇ ਪੜਾਅ ਕੀਤਾ ਅਤੇ ਪਹਿਲੀ ਵਾਰੀ ਪੁੱਤਰ ਗੋਬਿੰਦ ਰਾਇ ਨੂੰ ਮਿਲੇ। ਗੁਰੂ ਜੀ ਦੇ ਆਉਣ ਨਾਲ ਇਹ ਬਾਗ਼ ਹਰਾ-ਭਰਾ ਹੋ ਗਿਆ ਅਤੇ ਦੋਹਾਂ ਭਰਾਵਾਂ ਨੇ ਬਾਗ਼ ਗੁਰੂ ਜੀ ਨੂੰ ਭੇਂਟ ਕਰ ਦਿਤਾ। ਇੱਥੇ ਗੁਰਦਵਾਰੇ ਦੇ ਬਾਹਰ ਨਿਹੰਗ ਸਿੰਘਾਂ ਵਲੋਂ ਸ਼ਰਧਾਲੂਆਂ ਨੂੰ ਸ਼ਰਦਾਈ ਪਿਆਈ ਜਾ ਰਹੀ ਸੀ। ਗੇਟ ਦੇ ਅੰਦਰ ਇਕ ਬੱਸ ਵਿਚ ਅਖੰਡ ਪਾਠ ਅਤੇ ਦੂਜੀ ਵਿਚ ਸ਼ਸਤਰਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਜੋੜੇ ਘਰ ਦਾ ਕੋਈ ਪ੍ਰਬੰਧ ਨਾ ਹੋਣ ਕਰ ਕੇ ਸਰੋਵਰ ਦੇ ਬਾਹਰ ਸੰਗਤ ਦੇ ਜੋੜੇ ਖਿਲਰੇ ਪਏ ਸਨ ਅਤੇ ਚਿਕੜੀ ਹੋਈ ਪਈ ਸੀ। ਇੱਥੇ ਸੰਗਤ ਵਲੋਂ ਤਰ੍ਹਾਂ-ਤਰ੍ਹਾਂ ਦੇ ਬੂਟੇ ਚੜ੍ਹਾਏ ਜਾਂਦੇ ਹਨ।

ਇੱਥੋਂ ਵਾਪਸ ਆਉਣ ਵਾਸਤੇ ਅਸੀਂ ਰਵਾਨਾ ਹੋਏ ਤਾਂ ਰਸਤੇ ਵਿਚ ਬਾਈਪਾਸ ਟੈਂਟ ਸਿਟੀ ਤੋਂ ਪਿੱਛੇ ਬਹੁਤ ਵੱਡਾ ਟ੍ਰੈਫ਼ਿਕ ਜਾਮ ਲੱਗਾ ਹੋਇਆ ਸੀ। ਬੱਸ ਤੋਂ ਉਤਰ ਕੇ ਅਸੀਂ ਪੈਦਲ ਤੁਰ ਪਏ। ਬਾਈਪਾਸ ਟੈਂਟ ਸਿਟੀ ਦੇ ਬੱਸ ਅੱਡੇ ਤੋਂ ਬੱਸ ਮਿਲੀ ਪਰ ਉਸ ਨੇ ਵੀ ਪੁਲ ਤੇ ਉਤਾਰ ਦਿਤਾ। ਇਥੇ ਇਕ 10-12 ਫ਼ੁਟ ਦਾ ਸਟੀਲ ਦਾ ਖੰਡਾ ਲੱਗਾ ਹੋਇਆ ਸੀ ਜਿਹੜਾ ਉਚਾਈ ਤੇ ਲੱਗਾ ਹੋਣ ਕਰ ਕੇ ਸਾਰੇ ਪਾਸਿਆਂ ਤੋਂ ਨਜ਼ਰ ਆਉਂਦਾ ਸੀ। ਬਿਹਾਰ ਵੀ ਅੱਜ ਸਿੱਖ ਸਭਿਆਚਾਰਕ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਹਰ ਪਾਸੇ ਸਿੱਖ ਸੰਗਤ ਦਾ ਹੜ੍ਹ ਆਇਆ ਹੋਇਆ ਸੀ। ਤੁਰਦੇ ਤੁਰਦੇ ਅਸੀਂ ਫਿਰ ਸਰਾਂ ਵਿਚ ਆ ਪਹੁੰਚੇ।

ਸਵੇਰੇ ਮੇਰੇ ਜ਼ੋਰ ਪਾਉਣ ਦੇ ਬਾਵਜੂਦ ਵੀ ਗਾਂਧੀ ਮੈਦਾਨ ਜਾਣ ਲਈ ਕੋਈ ਸਾਥੀ ਤਿਆਰ ਨਾ ਹੋਇਆ ਹੋਣ ਕਰ ਕੇ ਉਧਰ ਦਾ ਪ੍ਰੋਗਰਾਮ ਵੇਖਣ ਤੋਂ ਰਹਿ ਗਿਆ ਪਰ ਗੁਰੂ ਦਸਮ ਪਿਤਾ ਜੀ ਦੇ ਯਾਦਗਾਰੀ ਗੁਰਧਾਮਾਂ ਦੇ ਦਰਸ਼ਨ ਕਰਨੇ ਤੇ ਨਤਮਸਤਕ ਹੋਣਾ ਜ਼ਿਆਦਾ ਮਹੱਤਵਪੂਰਨ ਤੇ ਤਸੱਲੀਬਖ਼ਸ਼ ਸੀ। ਇਧਰ ਤਖ਼ਤ ਸਾਹਿਬ ਦੀ ਮੈਨੇਜਮੈਂਟ ਨੇ ਅਪਣੀ ਸਟੇਜ ਤੇ ਲੰਗਰ ਦਾ ਪ੍ਰਬੰਧ ਦਮਦਮੀ ਟਕਸਾਲ (ਮਹਿਤਾ) ਦੇ ਹਵਾਲੇ ਨਾਲ ਕੀਤਾ ਹੋਇਆ ਸੀ। ਲੰਗਰ ਦੇ ਸਾਹਮਣੇ ਦਵਾਈਆਂ ਦੀ ਕੰਪਨੀ ਟੋਰਕ ਨੇ ਪਾਣੀ ਦੀਆਂ ਬੋਤਲਾਂ ਦਾ ਸਟਾਲ ਲਾਇਆ ਹੋਇਆ ਸੀ, ਜਿਥੇ ਪਤਾ ਨਹੀਂ ਕਿੰਨੀਆਂ ਕੁ ਪੇਟੀਆਂ ਪਾਣੀ ਵਰਤਾਇਆ ਗਿਆ।

ਸਮਰਥਾਵਾਨ ਇਸ ਮੌਕੇ ਸੰਗਤਾਂ ਦੀ ਸੇਵਾ ਵਿਚ ਲੱਗੇ ਹੋਏ ਸਨ। ਸ਼ਹਿਰ ਦੇ ਕਿਸੇ ਇਕ ਕੋਨੇ ਵਿਚ ਜਾਣ ਤੇ ਹਾਲਤ ਇਹ ਨਹੀਂ ਸੀ ਕਿ ਇੱਧਰ ਰਸ਼ ਜ਼ਿਅਦਾ ਹੈ ਅਤੇ ਹੋਰ ਪਾਸੇ ਘੱਟ ਹੈ, ਦੂਜੇ ਕੋਨੇ ਤੇ ਉਧਰ ਵੀ ਇਹੀ ਮਹਿਸੂਸ ਹੁੰਦਾ ਸੀ। ਲਗਦਾ ਸੀ ਜਿਵੇਂ ਗੁਰੂ ਜੀ ਦੀ ਸਾਰੀ ਸੰਗਤ ਹੀ ਪਟਨਾ ਵਿਚ ਗੁਰਪੁਰਬ ਮਨਾਉਣ ਲਈ ਉਮੜ ਆਈ ਹੋਵੇ। ਅਪਣੇ ਪਿਆਰੇ ਚੋਜੀ ਪ੍ਰੀਤਮ ਦੀ ਜਨਮ ਸ਼ਤਾਬਦੀ ਦੀ ਯਾਦ ਵਿਚ ਅਪਣੀ ਜ਼ਿੰਦਗੀ ਦੀ ਅਹਿਮ ਜਾਣਕਾਰੀ ਪਲਾਂ ਦੇ ਰੂਪ ਵਿਚ ਮਨ ਦੇ ਮੈਮੋਰੀ ਬਾਕਸ ਵਿਚ ਸਦਾ ਲਈ ਸੁਰੱਖਿਅਤ ਰੱਖਣ ਲਈ!!

ਤਾਕਿ ਉਮਰ ਦੇ ਕਿਸੇ ਵੀ ਪੜਾਅ ਤੇ ਪਹੁੰਚ ਕੇ ਇਹ ਯਾਦਾਂ ਦੀ ਪਟਾਰੀ ਖੋਲ੍ਹ ਕੇ ਇਨ੍ਹਾਂ ਮਹੱਤਵਪੂਰਨ ਪਲਾਂ ਦੀ ਫ਼ਿਲਮ ਮਨ ਦੇ ਪਰਦੇ ਉਤੇ ਚਲ ਰਹੀ ਮਹਿਸੂਸ ਕਰ ਕੇ ਉਸ ਸਮੇਂ ਵਿਚ ਵਿਚਰ ਰਹੇ ਹੋਣ ਦੇ ਅਹਿਸਾਸ ਦਾ ਅਨੰਦ ਮਾਣਿਆ ਜਾ ਸਕੇ। ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬ ਦਿਸ਼ਾ ਵਿਚ ਪਟਨਾ ਵਿਖੇ ਗੰਗਾ ਕਿਨਾਰੇ ਜਨਮ ਲਿਆ, ਉੱਤਰ ਦਿਸ਼ਾ ਵਿਚ ਪਾਉਂਟਾ ਸਾਹਿਬ ਵਿਖੇ ਜਮੁਨਾ ਕਿਨਾਰੇ ਸ਼ਾਸਤਰ ਅਤੇ ਸ਼ਸਤਰ ਅਭਿਆਸ ਨੂੰ ਉਤਸ਼ਾਹਿਤ ਕੀਤਾ, ਪਟਨਾ ਤੋਂ ਪੱਛਮ ਵਲ ਅਨੰਦਪੁਰ ਸਾਹਿਬ ਵਿਖੇ ਸਤਲੁਜ ਕਿਨਾਰੇ ਖ਼ਾਲਸਾ ਸਿਰਜਣਾ ਕੀਤੀ ਅਤੇ ਦੱਖਣ ਵਿਚ ਨੰਦੇੜ ਵਿਖੇ ਗੋਦਾਵਰੀ ਕਿਨਾਰੇ ਜੀਵਨ ਨੂੰ ਸੰਪੂਰਨ ਕੀਤਾ।

ਇੰਜ ਚੌਹਾਂ ਦਿਸ਼ਾਵਾਂ ਅਤੇ ਦਰਿਆਵਾਂ ਨਾਲ ਅਪਣਾ ਸਬੰਧ ਰਖਿਆ। 42 ਸਾਲ ਦੀ ਸੀਮਤ ਜਹੀ ਉਤਰ ਵਿਚ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਵਾਰਿਸ ਦਸਮੇਸ਼ ਪਿਤਾ ਜੀ ਨੇ ਦੱਬੇ-ਕੁਚਲੇ ਲੋਕਾਂ ਦੇ ਜੀਵਨ ਵਿਚ ਵੱਡਾ ਪਲਟਾ ਲਿਆ ਕੇ ਉਨ੍ਹਾਂ ਨੂੰ ਤਖ਼ਤ ਅਤੇ ਤਾਜ ਨੂੰ ਹੱਥ ਪਾਉਣ ਯੋਗ ਬਣਾਇਆ। ਸੱਚ ਦੇ ਉਸ ਸੂਰਜ ਨੇ ਕਿੰਨੇ ਹੀ ਤਾਰਿਆਂ ਨੂੰ ਰੌਸ਼ਨੀ ਬਖ਼ਸ਼ੀ। ਉਸ ਪ੍ਰਕਾਸ਼ ਪੁੰਜ ਦਾ ਆਗਮਨਪੁਰਬ ਅੱਜ ਸੰਗਤ ਪਟਨਾ ਵਿਚ ਉਸੇ ਥਾਂ ਮਨਾਉਣ ਲਈ ਦੂਰੋਂ-ਦੂਰੋਂ ਆਈ ਸੀ।

ਅੱਗੇ ਤਖ਼ਤ ਸਾਹਿਬ ਰਹਿਰਾਸ ਸਾਹਿਬ ਤੋਂ ਬਾਅਦ ਆਰਤੀ ਹੋ ਰਹੀ ਸੀ। ਆਰਤੀ ਦਾ ਸ਼ਬਦ ਪੜ੍ਹਦਿਆਂ ਨਾਲ ਹੀ ਥਾਲੀ ਵਿਚ ਦੀਵੇ ਜਗਾ ਕੇ ਜਥੇਦਾਰ ਸਾਹਿਬ ਵਲੋਂ ਥਾਲੀ ਘੁਮਾਈ ਜਾ ਰਹੀ ਸੀ। ਇਹੀ ਦ੍ਰਿਸ਼ ਸੀ ਪੁਰੀ ਦੇ ਜਗਨ ਨਾਥ ਮੰਦਰ ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ ਥਾਲੀ ਵਿਚ ਦੀਵੇ ਰੱਖ ਕੇ ਘੁਮਾਉਣ ਦੀ ਪ੍ਰਕਿਰਿਆ ਨੂੰ ਨਿਰਅਰਥਕ ਦਸਦਿਆਂ ਰੱਦ ਕੀਤਾ ਤੇ ਕਿਹਾ ਕਿ ਖੰਡਾਂ-ਬ੍ਰਹਿਮੰਡਾਂ ਦੇ ਮਾਲਕ ਦੀ ਆਰਤੀ ਤਾਂ ਕੁਦਰਤ ਕਰ ਰਹੀ ਹੈ।

ਵਿਸ਼ਾਲ ਗਗਨ ਇਕ ਥਾਲ ਹੈ, ਸੂਰਜ ਤੇ ਚੰਦਰਮਾ ਇਸ ਵਿਚ ਦੀਵੇ ਹਨ, ਤਾਰਿਆਂ ਦੀਆਂ ਲੜੀਆਂ ਮਾਨੋ ਚਮਕਦੇ ਮੋਤੀਆਂ ਦੀਆਂ ਮਾਲਾਵਾਂ ਹਨ, ਮਤਲਬ ਪਰਬਤ ਤੋਂ ਧੂਫ਼ ਅਗਰਬੱਤੀ ਵਾਂਗ ਮਿੱਠੀ ਮਿੱਠੀ ਮਹਿਕ ਆ ਰਹੀ ਹੈ, ਹੌਲੀ-ਹੌਲੀ ਰੁਮਕਦੀ ਹੋਈ ਵਗ ਰਹੀ ਪੌਣ (ਹਵਾ) ਜਿਵੇਂ ਚੌਰ ਕਰ ਰਹੀ ਹੈ, ਜੰਗਲ ਦੀ ਫੁੱਲਾਂ ਨਾਲ ਲੱਦੀ ਹੋਈ ਬਨਸਪਤੀ ਫੁੱਲਾਂ ਦੀ ਵਰਖਾ ਕਰ ਰਹੀ ਪ੍ਰਤੀਤ ਹੁੰਦੀ ਹੈ। ਉਸ ਭਉ (ਡਰ) ਨੂੰ ਖੰਡਨ ਕਰਨ ਵਾਲੇ ਦੀ ਇਸ ਬ੍ਰਹਿਮੰਡ ਵਿਚ ਹੋ ਰਹੀ ਵਿਸ਼ਾਲ ਆਰਤੀ ਨੂੰ ਵੇਖ ਕੇ ਮਨ ਵਿਚ ਅਨੰਦ ਦੇ ਵਾਜੇ ਵੱਜਣ ਲੱਗ ਪੈਂਦੇ ਹਨ ਅਤੇ ਜਿੱਥੇ ਸਾਰੀ ਸ੍ਰਿਸ਼ਟੀ ਉਸ ਮਾਲਕ ਦੀ ਆਰਤੀ ਵਿਚ ਰੁੱਝੀ ਹੋਈ ਹੈ,

ਉਥੇ ਇਸ ਥਾਲੀ ਨਾਲ ਕੀਤੀ ਜਾ ਰਹੀ ਆਰਤੀ ਦੀ ਲੋੜ ਨਹੀਂ। ਵੇਖ ਸੁਣ ਕੇ ਪਾਂਡਿਆਂ ਦੀ ਜ਼ੁਬਾਨ ਥੱਲੇ ਤਾਂ ਉਂਗਲਾਂ ਆ ਗਈਆਂ ਸਨ ਪਰ ਜਿਹੜੇ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਦਾ ਇਸ ਉਪਦੇਸ਼ ਨੂੰ ਸੰਸਾਰ ਤਕ ਪੁਜਦਾ ਕਰਨ ਦਾ ਫ਼ਰਜ਼ ਸੀ ਉਹੀ ਇਸ ਆਰਤੀ ਦਾ ਖੰਡਨ ਕਰ ਕੇ ਬ੍ਰਹਿਮੰਡ ਵਿਚ ਕੁਦਰਤ ਵਲੋਂ ਹੋ ਰਹੀ ਆਰਤੀ ਦਾ ਉਪਦੇਸ਼ ਦੇਣ ਵਾਲਾ ਸ਼ਬਦ ਗਾਇਨ ਕਰ ਕੇ ਨਾਲ ਹੀ ਪਾਂਡਿਆਂ ਵਾਂਗ ਥਾਲੀ ਵੀ ਘੁਮਾ ਰਹੇ ਸਨ ਅਤੇ ਕੁਦਰਤ ਦੁਆਰਾ ਕੀਤੀ ਜਾ ਰਹੀ ਆਰਤੀ ਨਾਲੋਂ ਦੀਵਿਆਂ ਵਾਲੀ ਆਰਤੀ ਨੂੰ ਫਿਰ ਮਹੱਤਵਪੂਰਨ ਦਰਸਾ ਰਹੇ ਸਨ।

ਉਸ ਅਸਥਾਨ ਤੇ ਜਿੱਥੇ ਗਿਆਨ ਦਾ ਚਾਨਣ ਵੰਡਿਆ ਜਾਂਦਾ ਸੀ ਉਥੇ ਹੀ ਉਹੀ ਰੀਤੀ ਰਿਵਾਜ ਸ਼ੁਰੂ ਹੋ ਗਏ ਹਨ ਜਿਨ੍ਹਾਂ ਤੋਂ ਗੁਰੂ ਪਾਤਸ਼ਾਹ ਨੇ ਰੋਕਿਆ ਸੀ। ਇਹ ਸੋਚਦਿਆਂ ਇਧਰ ਸਮਾਪਤੀ ਹੋ ਗਈ ਅਤੇ ਘਰ ਵਾਸਤੇ ਪਿੰਨੀ ਪ੍ਰਸ਼ਾਦਿ ਲੈ ਕੇ ਸਰਾਂ ਵਿਚ ਵਾਪਸ ਆ ਗਿਆ। 6 ਜਨਵਰੀ ਨੂੰ ਸਵੇਰੇ ਗੁਰਧਾਮ ਤੇ ਹਾਜ਼ਰੀ ਲਵਾਈ ਅਤੇ ਆਟੋ ਫੜ ਕੇ ਪਟਨਾ ਜੰਕਸ਼ਨ ਸਟੇਸ਼ਨ ਤੇ ਪੁੱਜੇ ਜਿਥੇ ਸਾਢੇ ਬਾਰਾਂ ਵਜੇ ਟਰੇਨ ਚੱਲੀ। ਅੱਗੇ ਸ਼ਾਹਜਹਾਂਪੁਰ ਸਟੇਸ਼ਨ 'ਤੇ ਲੰਗਰ ਨਾ ਪਹੁੰਚਿਆ ਹੋਣ ਕਰ ਕੇ ਗੱਡੀ ਅੱਗੇ ਨਿਕਲ ਆਈ ਪਰ ਬਿਲਪੁਰ ਸਟੇਸ਼ਲ 'ਤੇ ਗੱਡੀ ਰੁਕਵਾ ਕੇ ਲੰਗਰ ਭੇਜ ਕੇ ਸੰਗਤ ਨੂੰ ਛਕਾ ਕੇ ਫਿਰ ਜਾਣ ਦਿਤਾ ਗਿਆ।

ਅੰਬਾਲਾ ਸਟੇਸ਼ਨ 'ਚ ਤੜਕੇ ਚਾਰ ਵਜੇ ਫਿਰ ਲੰਗਰ ਭੇਜਿਆ ਗਿਆ। ਰਸਤੇ ਵਿਚ ਸ. ਸੁਖਵਿੰਦਰ ਸਿੰਘ ਕਾਨੂੰਗੋ ਗੁਰਦਾਸਪੁਰ, ਸ. ਧਿਆਨ ਸਿੰਘ ਉੱਦੋਕੇ, ਮੈਡਮ ਜੋਗਿੰਦਰ ਕੌਰ ਪਿੰਡ ਮਾੜੀ ਬੁੱਚੀਆਂ (ਰਿਟਾ. ਪ੍ਰਿੰਸੀਪਲ) ਅਤੇ ਹੋਰ ਗੁਰਮੁਖ ਪਿਆਰੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਵਾਉਂਦੇ ਆਏ। ਮੈਂ ਅਪਣੇ ਜੀਵਨ ਵਿਚ ਪਹਿਲੀ ਸ਼ਤਾਬਦੀ (ਢਾਈ ਸਾਲ ਦੀ ਉਮਰ ਵਿਚ) ਅਪਣੇ ਨਗਰ ਘੁਮਾਣ 'ਚ ਵੇਖੀ।

ਇਹ ਬਾਬਾ ਨਾਮਦੇਵ ਜੀ ਦਾ 1970 ਵਿਚ ਪੰਜਾਬ ਸਰਕਾਰ ਵਲੋਂ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ 700 ਸਾਲਾ ਪ੍ਰਕਾਸ਼ ਪੁਰਬ ਸੀ। ਉਦੋਂ ਮਹਾਰਾਸ਼ਟਰ ਤੋਂ ਵੀ ਸ਼ਰਧਾਲੂ ਆਏ ਸਨ ਅਤੇ ਜਲੂਸ ਉਪਰ ਪੀਲੇ ਰੰਗ ਦਾ ਛੋਟਾ ਜਹਾਜ਼ ਫੁੱਲ ਵਰਸਾ ਰਿਹਾ ਸੀ। ਦੂਜੀ ਸ਼ਤਾਬਦੀ 1977 ਵਿਚ ਤਰਨ ਤਾਰਨ 'ਚ ਵੇਖੀ। ਇਹ ਪੰਜਾਬ ਦੀ ਬਾਦਲ ਸਰਕਾਰ ਵਲੋਂ ਮਨਾਇਆ ਗਿਆ ਅੰਮ੍ਰਿਤਸਰ ਦਾ 400 ਸਾਲਾ ਸਥਾਪਨਾ ਦਿਵਸ ਸੀ। ਉਦੋਂ ਏਨਾ ਵਿਸ਼ਾਲ ਜਲੂਸ ਨਿਕਲਿਆ ਸੀ ਜਿਸ ਦਾ ਇਕ ਸਿਰਾ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਤੇ ਦੂਜਾ ਸਿਰਾ ਅਜੇ ਤਰਨ ਤਾਰਨ ਵਿਚ ਹੀ ਸੀ। ਤੀਜੀ ਸ਼ਤਾਬਦੀ 2004 ਵਿਚ ਨਿਊ ਅੰਮ੍ਰਿਤਸਰ 'ਚ ਵੇਖੀ।

ਇਹ ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੇ 400 ਸਾਲ ਪੂਰੇ ਹੋਣ ਦਾ ਯਾਦਗਾਰੀ ਦਿਵਸ ਸੀ। ਚੌਥੀ ਇਹ ਸ਼ਤਾਬਦੀ ਪਟਨਾ ਵਿਚ ਦਸਮ ਪਾਤਸ਼ਾਹ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਸਰਕਾਰ ਵਲੋਂ ਸ੍ਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਮਨਾਈ ਗਈ ਵੇਖੀ ਜਿਸ ਵਿਚ ਸ਼ਾਮਲ ਹੋ ਕੇ ਇਤਿਹਾਸਕ ਗੁਰਧਾਮਾਂ ਅਤੇ ਸੰਗਤਾਂ ਦੇ ਦਰਸ਼ਨ ਦਾ ਅਨੰਦ ਮਾਣਿਆ। 8 ਜਨਵਰੀ ਸ਼ਾਮ 3:50 ਵਜੇ ਅਸੀਂ ਘੁਮਾਣ ਪੁੱਜ ਗਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਯਾਤਰਾ ਸੁੱਖ ਸਾਂਦ ਨਾਲ ਸੰਪੂਰਨ ਹੋਈ।
-ਗਿਆਨੀ ਜਨਰਲ ਸਟੋਰ, ਘੁਮਾਣ (ਗੁਰਦਾਸਪੁਰ)
ਸੰਪਰਕ : 94179-96797