ਜਨਮ ਦਿਵਸ 'ਤੇ ਵਿਸ਼ੇਸ਼- ਗੁਰਦੁਆਰਾ ਸੁਧਾਰ ਲਹਿਰ ਲਈ ਅਵਾਜ਼ ਬੁਲੰਦ ਕਰਨ ਵਾਲੇ ਸਰਦਾਰ ਮੰਗਲ ਸਿੰਘ ਅਕਾਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਰਦਾਰ ਮੰਗਲ ਸਿੰਘ ਪ੍ਰਭਾਵਸ਼ਾਲੀ ਬੁਲਾਰੇ ਸਨ, ਉਹਨਾਂ ਨੇ ਸਿੱਖਾਂ ਦੇ ਹਿੱਤਾਂ ਲਈ ਸਮੇਂ-ਸਮੇਂ ‘ਤੇ ਆਪਣੀ ਅਵਾਜ਼ ਉਠਾਈ। ਮੰਗਲ ਸਿੰਘ ਅਕਾਲੀ ਅਖ਼ਬਾਰ ਦੇ ਪਹਿਲੇ ਸੰਪਾਦਕ ਸਨ।

Akali Mangal Singh

ਅਕਾਲੀ ਅਖ਼ਬਾਰ ਦੇ ਪਹਿਲੇ ਸੰਪਾਦਕ ਅਤੇ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਅਜ਼ਾਦੀ ਲਈ ਕਲਮ ਰਾਹੀਂ ਅਵਾਜ਼ ਬੁਲੰਦ ਕਰਨ ਵਾਲੇ ਸਰਦਾਰ ਮੰਗਲ ਸਿੰਘ ਦਾ ਜਨਮ ਸੰਨ 1892 ਵਿਚ ਸਰਦਾਰ ਕਪੂਰ ਸਿੰਘ ਅਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ।

ਉਹਨਾਂ ਦੇ ਪਿਤਾ ਨੂੰ 1898 ਵਿਚ ਦੋ ਮੁਰੱਬੇ ਜ਼ਮੀਨ ਚੌਕ ਨੰ: 208 ਜ਼ਿਲ੍ਹਾ ਲਾਇਲਪੁਰ ਵਿਖੇ ਅੰਗਰੇਜ਼ ਸਰਕਾਰ ਵੱਲੋਂ ਅਲਾਟ ਕੀਤੀ ਗਈ ਸੀ। 1911 ਵਿਚ 10ਵੀਂ ਪਾਸ ਕਰਨ ਤੋਂ ਬਾਅਦ, ਮੰਗਲ ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਦਾਖਲਾ ਲੈ ਲਿਆ। 1914 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਉਹਨਾਂ ਨੂੰ ਪੜ੍ਹਾਈ ਛੱਡ ਕੇ ਯੂਨੀਵਰਸਿਟੀ ਆਫਿਸਰਸ ਟ੍ਰੇਨਿੰਗ ਕੋਰ ਦੇ ਸਿਗਨਲਜ਼ ਵਿਭਾਗ ਵਿਚ ਭਰਤੀ ਹੋਣਾ ਪਿਆ।

ਉਹਨਾਂ ਦੀ ਜੰਗੀ ਸੇਵਾ ਲਈ ਉਹਨਾਂ ਨੂੰ ਪਹਿਲਾਂ ਮੇਸੋਪੋਟਾਮੀਆ (ਇਰਾਕ) ਅਤੇ ਬਾਅਦ ਵਿਚ ਯੂਰੋਪ ਭੇਜਿਆ ਗਿਆ ਅਤੇ ਉਹਨਾਂ ਨੂੰ ਬੈਚੁਲਰ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਤਹਿਸੀਲਦਾਰ ਦੇ ਤੌਰ ‘ਤੇ ਭਰਤੀ ਕਰ ਲਿਆ ਗਿਆ। ਉਹ ਹਾਲੇ ਟ੍ਰੇਨਿੰਗ ‘ਤੇ ਹੀ ਸਨ ਕਿ ਜਲ੍ਹਿਆਂਵਾਲੇ ਬਾਗ ਦਾ ਸਾਕਾ ਵਾਪਰ ਗਿਆ ਅਤੇ ਛੇਤੀ ਹੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ ।

ਇਸ ਸਾਰੇ ਵਾਤਾਵਰਨ ਦਾ ਪ੍ਰਭਾਵ ਸ. ਮੰਗਲ ਸਿੰਘ ਉੱਪਰ ਪਿਆ ਅਤੇ ਉਹਨਾਂ ਨੇ ਸਰਕਾਰੀ ਨੌਕਰੀ ਛੱਡ ਕੇ ਦੇਸ਼ ਕੌਮ ਦੀ ਸੇਵਾ ਲਈ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਲਿਆ।  ਉਸ ਤੋਂ ਬਾਅਦ ਉਹਨਾਂ ਨੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਹੀਰਾ ਸਿੰਘ ਨਾਲ ਮਿਲ ਕੇ 1920 ਈ: ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ‘ਅਕਾਲੀ ਅਖ਼ਬਾਰ’ ਲਾਹੌਰ ਤੋਂ ਸ਼ੁਰੂ ਕੀਤਾ ਅਤੇ ਸਰਦਾਰ ਮੰਗਲ ਸਿੰਘ ਅਕਾਲੀ ਅਖ਼ਬਾਰ ਦੇ ਪਹਿਲੇ ਸੰਪਾਦਕ ਬਣੇ।

ਮੰਗਲ ਸਿੰਘ ਆਪਣੇ ਅਖ਼ਬਾਰ ਵਿਚ ਅੰਗ੍ਰੇਜ਼ੀ ਸਰਕਾਰ ਵਿਰੁੱਧ ਲਿਖ ਕੇ ਲੋਕਾਂ ਨੂੰ ਸੁਚੇਤ ਕਰਦੇ ਰਹੇ। ਜਿਸ ਕਰਕੇ ਅੰਗਰੇਜ਼ ਸਰਕਾਰ ਵਿਰੁੱਧ ਲਿਖਤਾਂ ਲਿਖਣ ਦੇ ਦੋਸ਼ ਵਿਚ ਮੰਗਲ ਸਿੰਘ ਤਿੰਨ ਸਾਲ ਜੇਲ ਵਿਚ ਰਹੇ। ਜਦੋਂ ਤੱਕ ਉਹਨਾਂ ਨੂੰ ਰਿਹਾਅ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਅਤੇ ਸਾਰੇ ਪ੍ਰਮੁੱਖ ਅਕਾਲੀਆਂ ਨੂੰ ਹਿਰਾਸਤ ਵਿਚ ਲਿਆ ਗਿਆ।

ਉਸ ਤੋਂ ਬਾਅਦ ਮੰਗਲ ਸਿੰਘ ਨੂੰ ਐਸ.ਜੀ.ਪੀ.ਸੀ. ਦਾ ਪ੍ਰਧਾਨ ਚੁਣਿਆ ਗਿਆ ਅਤੇ ਇਸ ਉਨ੍ਹਾਂ ਨੇ ਵਿਚਾਰ-ਵਟਾਂਦਰੇ ਅਤੇ ਗੱਲਬਾਤ ਵਿਚ ਹਿੱਸਾ ਲਿਆ ਜਿਸ ਨਾਲ ਆਖਿਰਕਾਰ ਸਿੱਖ ਗੁਰਦੁਆਰਾ ਐਕਟ 1925 ਦਾ ਮਤਾ ਪਾਸ ਹੋ ਗਿਆ ਪਾਸ ਹੋ ਗਿਆ। ਗੁਰਦੁਆਰਾ ਐਕਟ ਬਣਨ ਉਪਰੰਤ 1926 ਵਿਚ ਸਿੱਖ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਹੋਈਆਂ ਅਤੇ ਸਰਦਾਰ ਮੰਗਲ ਸਿੰਘ ਮੈਂਬਰ ਚੁਣੇ ਗਏ।

ਜਦੋਂ ਗੁਰਦੁਆਰਾ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ ਹੋਈ ਤਾਂ ਸਰਦਾਰ ਮੰਗਲ ਸਿੰਘ ਚੇਅਰਮੈਨ ਬਣੇ। 1935-1945 ਤੱਕ ਮੰਗਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਲਗਾਤਾਰ ਕੇਂਦਰੀ ਵਿਧਾਨ ਸਭਾ(ਲੋਕ ਸਭਾ) ਲਈ ਮੈਂਬਰ ਨਾਮਜ਼ਦ ਹੁੰਦੇ ਰਹੇ ਅਤੇ 1945 ਵਿਚ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਵਿਧਾਨ ਸਭਾ ਲਈ ਮੈਂਬਰ ਬਣੇ।

ਸਰਦਾਰ ਮੰਗਲ ਸਿੰਘ ਪ੍ਰਭਾਵਸ਼ਾਲੀ ਬੁਲਾਰੇ ਸਨ, ਉਹਨਾਂ ਨੇ ਸਿੱਖਾਂ ਦੇ ਹਿੱਤਾਂ ਲਈ ਸਮੇਂ-ਸਮੇਂ ‘ਤੇ ਆਪਣੀ ਅਵਾਜ਼ ਉਠਾਈ। ਸਰਦਾਰ ਮੰਗਲ ਸਿੰਘ ਅਕਾਲੀ ਧੜ੍ਹੇਬੰਦੀ ਅਤੇ ਆਪਸੀ ਫੁੱਟ ਕਾਰਨ ਕਾਫ਼ੀ ਪਰੇਸ਼ਾਨ ਸਨ, ਜਿਸ ਕਾਰਨ ਉਹਨਾਂ ਨੇ ਪੰਥਕ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਅਤੇ 1960 ਵਿਚ ਉਹ ਸਿਆਸਤ ਨਾਲੋਂ ਵੱਖ ਹੋ ਗਏ। ਸੰਨ 1987 ਈ: ਨੂੰ ਉਹ ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ।