ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਸੂਰਬੀਰਤਾ ਭਰ ਰਹੇ ਸਨ, ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।

Hola Mahalla symbolizes the rising art of the Sikhs

ਹੋਲਾ-ਮਹੱਲਾ ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣ ਕਾਰਨ ਹਰ ਸਾਲ ਬੜੇ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਹੀ ਸੰਗਤਾਂ ਵਲੋਂ ਮਨਾਇਆ ਜਾਂਦਾ ਹੈ। ‘ਹੋਲਾ-ਮਹੱਲਾ’ ਦੋ ਸ਼ਬਦਾਂ ‘ਹੋਲਾ’ ਅਤੇ ‘ਮਹੱਲਾ’ ਦੇ ਜੋੜ ਤੋਂ ਬਣਿਆ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਅਨੁਸਾਰ ‘ਹੋਲਾ’ ਸ਼ਬਦ ਦਾ ਅਰਥ ਹਮਲਾ ਹੈ ਅਤੇ ‘ਮਹੱਲਾ’ ਸ਼ਬਦ ਤੋਂ ਭਾਵ ਜਿਸ ਸਥਾਨ ਨੂੰ ਫ਼ਤਿਹ ਕਰਨਾ ਹੈ। ‘ਹੋਲਾ’ ਅਰਬੀ ਭਾਸ਼ਾ ਅਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਪ੍ਰਕਾਰ ‘ਹੋਲਾ-ਮਹੱਲਾ’ ਦਾ ਸਮੁੱਚਾ ਅਰਥ ਹੈ: ‘‘ਕਿਸੇ ਨਿਸ਼ਚਿਤ ਸਥਾਨ ਉਤੇ ਹਮਲਾ ਕਰ ਕੇ ਫ਼ਤਿਹ ਦਾ ਨਗਾਰਾ ਵਜਾਉਣਾ।”

ਇਹ ਦਿਹਾੜਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਭਾਰਤ ਦਾ ਇਕ ਪ੍ਰਾਚੀਨ ਤਿਉਹਾਰ ਹੈ ਜੋ ਭਗਤ ਪ੍ਰਹਿਲਾਦ, ਉਸ ਦੇ ਪਿਤਾ ਹਰਨਾਖ਼ਸ਼ ਅਤੇ ਉਸ ਦੀ ਭੂਆ ਹੋਲਿਕਾ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਹਰਨਾਖਸ਼ ਭਗਤ ਪ੍ਰਹਿਲਾਦ ਨੂੰ ਮਰਵਾਉਣਾ ਚਾਹੁੰਦਾ ਸੀ ਪਰ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ ਕੇ ਅਪਣੇ ਭਗਤ ਦੀ ਰਖਿਆ ਕੀਤੀ। ਭਾਰਤੀ ਪਰੰਪਰਾ ਅਨੁਸਾਰ ਇਸ ਦਿਨ ਤੋਂ ਲੋਕਾਂ ਨੇ ਇਕ-ਦੂਜੇ ਉੱਤੇ ਰੰਗ ਪਾ ਕੇ ਅਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ ਪਰ ਸਮੇਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਲੋਕਾਂ ਵਿਚ ਕਈ ਕੁਰੀਤੀਆਂ ਆ ਗਈਆਂ। ਉਹ ਨਸ਼ੇ ਦਾ ਸੇਵਨ ਕਰ ਕੇ ਇਕ ਦੂਜੇ ਉਤੇ ਰੰਗ ਅਤੇ ਗੰਦ ਸੁਟਦੇ। 

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਅਤੇ ਖ਼ਾਲਸੇ ਵਿਚ ਸੂਰਬੀਰਤਾ ਅਤੇ ਨਿਰਭੈਤਾ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈਸਵੀ) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਉਤੇ ਹੋਲਾ-ਮਹੱਲਾ ਮਨਾਉਣ ਦੀ ਸ਼ੁਰੂਆਤ ਕਰਵਾਈ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸਿੱਖ-ਯੋਧਿਆਂ ਨੂੰ ਦੋ ਦਲਾਂ ਵਿਚ ਵੰਡ ਕੇ ਉਨ੍ਹਾਂ ਦਾ ਆਪਸ ਵਿਚ ਯੁਧ ਅਭਿਆਸ ਕਰਵਾਉਂਦੇ ਸਨ। ਇਕ ਦਲ ਕਿਸੇ ਨਿਸ਼ਚਿਤ ਸਥਾਨ ਦੀ ਰਾਖੀ ਕਰਦਾ ਸੀ ਅਤੇ ਦੂਜਾ ਉਸ ਸਥਾਨ ਨੂੰ ਫ਼ਤਿਹ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਜਾਂਦੀ। ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ:
ਔਰਨ ਕੀ ਹੋਲੀ ਮਮ ਹੋਲਾ॥ 
ਕਹਿਯੋ ਕਿ੍ਰਪਾਨਿਧ ਬਚਨ ਅਮੋਲਾ॥


ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ 700 ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ਵਿਚ ਇਨਕਲਾਬੀ ਸੋਚ ਪੈਦਾ ਕਰਨ ਤੋਂ ਸੀ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵਲੋਂ ਜਾਰੀ ਫ਼ੁਰਮਾਨ ਅਨੁਸਾਰ ਭਾਰਤੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ। ਦਸਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਘੋੜ-ਸਵਾਰੀ, ਸ਼ਸਤਰ ਵਿਦਿਆ ਦੀ ਸਿਖਿਆ ਲੈਣ ਲਈ ਪ੍ਰੇਰਿਆ। ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਵਿਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਹਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਸੂਰਬੀਰਤਾ ਭਰ ਰਹੇ ਸਨ, ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।

ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੋਇਆ ਹੈ। ਪਰ ਹੁਣ ਸਵਾਲ ਉੱਠਦਾ ਹੈ ਕਿ ਅਸੀ ਅਪਣੀ ਇਸ ਸ਼ਸਤਰ ਵਿਦਿਆ ਨੂੰ ਅਪਣੀ ਆਉਣ ਵਾਲੀ ਨਵੀਂ ਪੀੜ੍ਹੀ ਅਤੇ ਅੰਤਰਰਾਸ਼ਟਰੀ ਮੰਚ ਤਕ ਕਿਵੇਂ ਲੈ ਕੇ ਜਾਈਏ? ਪਿਛਲੇ ਸਮੇਂ ਦੌਰਾਨ ਗਤਕੇ ਦੀ ਪੇਸ਼ਕਾਰੀ ਕਈ ਟੀ.ਵੀ. ਮੁਕਾਬਲਿਆਂ ਵਿਚ ਵੇਖਣ ਨੂੰ ਮਿਲੀ ਪਰ ਲੋੜ ਇਸ ਗੱਲ ਦੀ ਹੈ ਕਿ ਸਾਡੀ ਇਸ ਸ਼ਸਤਰ ਵਿਦਿਆ ਨੂੰ ਖੇਡਾਂ ਦਾ ਹਿੱਸਾ ਬਣਾਇਆ ਜਾਵੇ। ਜਿਵੇਂ ਕਿ ਤਲਵਾਰਬਾਜ਼ੀ, ਤੀਰ-ਅੰਦਾਜ਼ੀ, ਘੋੜ-ਸਵਾਰੀ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ। ਦੁਨੀਆਂ ਦੀਆਂ ਪ੍ਰਸਿੱਧ ਓਲਪਿੰਕ ਖੇਡਾਂ ਵਿਚ ਉਪਰੋਕਤ ਖੇਡਾਂ ਕਿਸੇ ਨਾ ਕਿਸੇ ਰੂਪ ਵਿਚ ਖੇਡੀਆਂ ਜਾਂਦੀਆਂ ਹਨ, ਜਿਵੇਂ ਕਿ ਫ਼ੈਸਿੰਗ     (ਤਲਵਾਰਬਾਜ਼ੀ), ਆਰਚਰੀ (ਤੀਰ ਅੰਦਾਜ਼ੀ), ਇਕਿਊਸਟੇਰੀਅਨ (ਘੋੜ-ਸਵਾਰੀ), ਸ਼ੂਟਿੰਗ (ਨਿਸ਼ਾਨੇਬਾਜ਼ੀ)।

ਫ਼ੈਸਿੰਗ (ਤਲਵਾਰਬਾਜ਼ੀ) ਖੇਡ 1896 ਤੋਂ ਹੀ ਓਲਪਿੰਕ ਖੇਡਾਂ ਦਾ ਹਿੱਸਾ ਰਹੀ ਹੈ। ਪਛਮੀ ਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਸਕੂਲਾਂ ਵਿਚ ਇਨ੍ਹਾਂ ਸਾਰੀਆਂ ਖੇਡਾਂ ਦੀ ਸਿਖਲਾਈ ਦਿਤੀ ਜਾਂਦੀ ਹੈ। ਸਾਨੂੰ ਅਪਣੀ ਸ਼ਸਤਰ ਵਿਦਿਆ ਦੇ ਨਾਲ ਨਾਲ ਇਹ ਸਾਰੀਆਂ ਖੇਡਾਂ ਵਿਚ ਅਪਣੇ ਨੌਜੁਆਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਇਕ ਮਾਰਸ਼ਲ ਆਰਟ ਸਕੂਲ ਦੀ ਜ਼ਰੂਰਤ ਪਵੇਗੀ ਜਿਸ ਵਿਚ ਇਨ੍ਹਾਂ ਸਾਰੀਆਂ ਵਿਰਾਸਤੀ ਖੇਡਾਂ ਦੀ ਸਿਖਲਾਈ ਮਾਹਰਾਂ ਵਲੋਂ ਨੌਜੁਆਨਾਂ ਨੂੰ ਦਿਤੀ ਜਾਵੇ। ਸ੍ਰੀ ਅਨੰਦਪੁਰ ਸਾਹਿਬ, ਜੋ ਕਿ ਖ਼ਾਲਸੇ ਦਾ ਜਨਮ ਅਸਥਾਨ ਹੈ, ਵਿਖੇ ਇਕ ਆਧੁਨਿਕ ਮਾਰਸ਼ਲ ਆਰਟ ਸਕੂਲ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਅਸੀ ਅੰਤਰਰਾਸ਼ਟਰੀ ਪੱਧਰ ਉਤੇ ਸਿੱਖੀ ਸਰੂਪ ਵਾਲੇ ਖਿਡਾਰੀ ਤਿਆਰ ਕਰ ਸਕਦੇ ਹਾਂ, ਜੋ ਕੌਮ ਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਖੇਡਾਂ ਨੂੰ ਅਪਣੇ ਸਕੂਲਾਂ ਕਾਲਜਾਂ ਵਿਚ ਸ਼ਾਮਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤਾ ਇਹ ਤਿਉਹਾਰ ਅੱਜ ਦੇ ਸਮੇਂ ਤਕ ਵੀ ਲਗਾਤਾਰ ਜਾਰੀ ਹੈ। ਪਰ ਸਮੇਂ ਦੇ ਨਾਲ-ਨਾਲ ਇਸ ਤਿਉਹਾਰ ਨੂੰ ਮਨਾਉਣ ਜਾ ਰਹੇ ਸਾਡੇ ਨੌਜੁਆਨ ਵਰਗ ਵਿਚ ਬਹੁਤ ਨਿਘਾਰ ਆਇਆ ਹੈ। ਅਜੋਕੀ ਪੀੜ੍ਹੀ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਬਾਣੀ ਤੇ ਬਾਣੇ ਤੋਂ ਬੇਮੁਖ ਹੋ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿਚ ਕਈ ਨੌਜੁਆਨ ਵੀਰ ਮੋਟਰ ਸਾਈਕਲਾਂ ਦੇ ਸਾਈਲੰਸਰ ਲਾਹ ਕੇ, ਪਟਾਕੇ ਮਾਰ ਕੇ, ਟਰੈਕਟਰਾਂ ਉੱਪਰ ਡੀ.ਜੇ. ਸਿਸਟਮ ਲਾ ਕੇ ਆਮ ਸੰਗਤ ਨੂੰ ਪ੍ਰੇਸ਼ਾਨ ਕਰਦੇ ਹਨ। ਨਸ਼ੇ ਕਰ ਕੇ ਖ਼ਾਲਸੇ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਉਹ ਅਣਜਾਣਪੁਣੇ ਵਿਚ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਲ ਰਹੇ ਹਨ ਜਿਨ੍ਹਾਂ ਨੇ ਸਾਡੇ ਲਈ ਅਪਣਾ ਖ਼ੂਨ ਪਾਣੀ ਵਾਂਗ ਵਹਾ ਦਿਤਾ।

ਸਾਡੀ ਨੌਜੁਆਨ ਪੀੜ੍ਹੀ ਵਿਚ ਅਪਣੇ ਇਸ ਕੌਮੀ ਤਿਉਹਾਰ ਪ੍ਰਤੀ ਸ਼ਰਧਾ ਤਾਂ ਭਰਪੂਰ ਹੈ ਪਰ ਲੋੜ ਹੈ ਉਸ ਸ਼ਰਧਾ ਨੂੰ ਸਹੀ ਸੇਧ ਦੇਣ ਦੀ, ਤਾਕਿ ਉਨ੍ਹਾਂ ਦੇ ਮਨਾਂ ਅੰਦਰ ਵੀ ਖ਼ਾਲਸੇ ਦੀ ਚੜ੍ਹਦੀ ਕਲਾ, ਜ਼ਾਲਮ ਨਾਲ ਟੱਕਰ ਲੈਣ ਦੀ ਜੁਝਾਰੂ ਅਤੇ ਇਨਕਲਾਬੀ ਸੋਚ ਭਰੀ ਜਾ ਸਕੇ। ਸਾਡੀਆਂ ਧਾਰਮਕ ਅਤੇ ਸਮਾਜਕ ਸੰਸਥਾਵਾਂ ਨੂੰ ਇਸ ਤਿਉਹਾਰ ਉਤੇ ਅੱਗੇ ਹੋ ਕੇ ਨੌਜੁਆਨਾਂ ਨੂੰ ਅਪਣੇ ਅਮੀਰ ਵਿਰਸੇ ਅਤੇ ਗੌਰਵਮਈ ਇਤਿਹਾਸ ਨਾਲ ਜੋੜਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਤੇ ਉਹ ਕਰ ਵੀ ਰਹੇ ਹਨ ਪਰ ਲੋੜ ਹੈ ਇਸ ਵਿਚ ਹੋਰ ਤੇਜ਼ੀ ਲਿਆਉਣ ਦੀ ਤਾਕਿ ਅਸੀ ਅਪਣੀ ਨੌਜੁਆਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾ ਸਕੀਏ। ਦਾਲ-ਰੋਟੀ ਦੇ ਲੰਗਰ ਦੇ ਨਾਲ-ਨਾਲ ਦਸਤਾਰ ਸਜਾਉਣ ਦੇ ਵੀ ਲੰਗਰ ਲਾਉਣੇ ਚਾਹੀਦੇ ਹਨ। ਇਸ ਤਿਉਹਾਰ ਮੌਕੇ ਸਾਹਿਤਕ ਸਭਾਵਾਂ ਅਤੇ ਗੁਰਮਤਿ ਸਮਾਗਮਾਂ ਰਾਹੀਂ ਸਮਾਜ ਵਿਚ ਫੈਲੇ ਨਸ਼ੇ, ਭਰੂਣ ਹਤਿਆ, ਦਾਜ ਦੀ ਸਮੱਸਿਆ, ਵਾਤਾਵਰਣ ਪ੍ਰਦੂਸ਼ਣ, ਜਾਤ-ਪਾਤ ਵਰਗੀਆਂ ਸਮਾਜਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਉਤੇ ਜ਼ੋਰ ਦਿਤਾ ਜਾਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਤਿਉਹਾਰ ਮੌਕੇ ਇਕ-ਦੂਜੇ ਉੱਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਧਾਰਮਕ ਸਦਭਾਵਨਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।

ਸੋ ਅੰਤ ਵਿਚ ਅਸੀ ਇਹ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ-ਮਹੱਲੇ ਦੇ ਰੂਪ ਵਿਚ ਖ਼ਾਲਸਾ ਪੰਥ ਨੂੰ ਇਕ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਤੇ ਹਰ ਸਿੱਖ ਨੂੰ ਇਕ ਆਦਰਸ਼ ਇਨਸਾਨ ਵਜੋਂ ਸਮਾਜ ਵਿਚ ਵਿਚਰ ਕੇ ਸਮਾਜ, ਦੇਸ਼ ਤੇ ਕੌਮ ਦੀ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਆਉ ਅਸੀ ਅਪਣੇ ਇਸ ਕੌਮੀ ਤਿਉਹਾਰ ਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਇਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਥਾਪਨਾ ਕਰੀਏ।

(ਸੰਪਰਕ : 98655-76022)