ਨਈਂ ਰੀਸਾਂ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀਆਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਨੁਸਰਤ ਫਤਿਹ ਅਲੀ ਖ਼ਾਨ ਦੇ ਨਾਂਅ ਦਰਜ ਨੇ ਵਿਸ਼ਵ ਦੇ ਕਈ ਰਿਕਾਰਡ

Nusrat Fateh Ali Khan

ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸੰਗੀਤ ਜਗਤ ਦਾ ਉਹ ਨਾਮ ਜਿਸ ਦਾ ਨਾਂਅ ਲੈ ਕੇ ਪਾਕਿਸਤਾਨ ਦੇ ਹੀ ਨਹੀਂ ਬਲਕਿ ਭਾਰਤ ਦੇ ਗਾਇਕ ਕਲਾਕਾਰ ਵੀ ਅਪਣੇ ਕੰਨਾਂ ਨੂੰ ਹੱਥ ਲਗਾਉਂਦੇ ਹਨ, ਨੁਸਰਤ ਸਾਬ੍ਹ ਨੂੰ ਸਤਿਕਾਰ ਦੇਣ ਲਈ ਨੁਸਰਤ ਫਤਿਹ ਅਲੀ ਖ਼ਾਨ ਦੀ ਗਾਇਕੀ ਦਾ ਆਲਮ ਇਹ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਅੱਜ ਵੀ ਵਿਸ਼ਵ ਭਰ ਵਿਚ ਉਨ੍ਹਾਂ ਦੇ ਕਰੋੜਾਂ ਫ਼ੈਨ ਮੌਜੂਦ ਹਨ। ਜੋ ਉਨ੍ਹਾਂ ਵੱਲੋਂ ਗਾਏ ਗੀਤ, ਕੱਵਾਲੀਆਂ ਤੇ ਗ਼ਜ਼ਲਾਂ ਸੁਣ ਕੇ ਅੱਜ ਵੀ ਸੰਗੀਤ ਦੇ ਇਸ ਸਮਰਾਟ ਨੂੰ ਯਾਦ ਕਰਦੇ ਹਨ। ਆਓ ਉਨ੍ਹਾਂ ਦੀ ਬਰਸੀ ਮੌਕੇ ਇਸ ਮਹਾਨ ਕਲਾਕਾਰ ਦੇ ਜੀਵਨ 'ਤੇ ਇਕ ਪੰਛੀ ਝਾਤ ਮਾਰੀਏ।

16 ਅਗਸਤ 1997 ਨੂੰ ਜਦੋਂ ਨੁਸਰਤ ਸਾਬ੍ਹ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਸ ਸਮੇਂ ਦੁਨੀਆ ਵਿਚ ਉਨ੍ਹਾਂ ਨੂੰ 'ਕਿੰਗਸ ਆਫ਼ ਕੱਵਾਲੀ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਪਿਤਾ ਫਤਿਹ ਅਲੀ ਖ਼ਾਨ ਵੀ ਅਪਣੇ ਸਮੇਂ ਦੇ ਮਸ਼ਹੂਰ ਗਾਇਕ ਹੋਇਆ ਕਰਦੇ ਸਨ ਪਰ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਇਸ ਲਾਈਨ ਵਿਚ ਆਵੇ। ਦਰਅਸਲ ਉਸ ਸਮੇਂ ਸੰਗੀਤ ਨੂੰ ਲੈ ਕੇ ਪਾਕਿਸਤਾਨ ਵਿਚ ਓਨਾ ਸਨਮਾਨ ਨਹੀਂ ਸੀ, ਪੈਸੇ ਵੀ ਜ਼ਿਆਦਾ ਨਹੀਂ ਸੀ ਬਣਦੇ। ਕੁੱਝ ਉਨ੍ਹਾਂ ਦੇ ਪਿਤਾ ਨੂੰ ਨੁਸਰਤ ਦੇ ਭਾਰੀ ਸਰੀਰ ਕਰਕੇ ਵੀ ਸ਼ੱਕ ਸੀ ਕਿ ਉਹ ਕੱਵਾਲੀ ਨਹੀਂ ਕਰ ਸਕਦਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਤੋਂ ਬਿਹਤਰੀਨ ਕਲਾਕਾਰ ਬਣੇਗਾ।

ਨੁਸਰਤ ਦੇ ਪਿਤਾ ਭਾਵੇਂ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਘਰ ਵਿਚ ਸੰਗੀਤ ਦਾ ਮਾਹੌਲ ਹੋਣ ਕਰਕੇ ਸੰਗੀਤ ਨੁਸਰਤ ਦੇ ਡੀਐਨਏ ਵਿਚ ਸੀ। ਅਪਣੇ ਪਿਤਾ ਦੇ ਘਰੋਂ ਜਾਣ ਮਗਰੋਂ ਨੁਸਰਤ ਹਰਮੋਨੀਅਮ ਵਜਾਉਣਾ ਸਿੱਖਣ ਲੱਗੇ। ਇਕ ਦਿਨ ਉਹ ਇਵੇਂ ਹੀ ਪਿਤਾ ਦੇ ਜਾਣ ਮਗਰੋਂ ਹਾਰਮੋਨੀਅਮ ਵਜਾ ਰਹੇ ਸਨ। ਉਨ੍ਹਾਂ ਦੇ ਪਿਤਾ ਐਨ ਮੌਕੇ 'ਤੇ ਪਹੁੰਚ ਗਏ ਅਤੇ ਪਿੱਛੇ ਖੜ੍ਹ ਕੇ ਸੁਣਨ ਲੱਗੇ। ਬਾਅਦ ਵਿਚ ਉਨ੍ਹਾਂ ਨੇ ਇਹ ਕਹਿ ਕੇ ਨੁਸਰਤ ਸਾਬ੍ਹ ਨੂੰ ਹਾਰਮੋਨੀਅਮ ਵਜਾਉਣ ਦੀ ਇਜਾਜ਼ਤ ਦੇ ਦਿੱਤੀ ਕਿ ਉਸ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਥੋੜ੍ਹੇ ਸਮੇਂ ਵਿਚ ਹੀ ਨੁਸਰਤ ਨੇ ਚੰਗਾ ਹਾਰਮੋਨੀਅਮ ਅਤੇ ਤਬਲਾ ਵਜਾਉਣਾ ਸਿੱਖ ਲਿਆ।

ਇਸ ਮਗਰੋਂ ਫਿਰ ਇਕ ਅਜਿਹੀ ਘਟਨਾ ਵਾਪਰੀ ਕਿ ਨੁਸਰਤ ਸਾਬ੍ਹ ਦੇ ਪਿਤਾ ਨੇ ਅਪਣੇ ਬੇਟੇ ਨੁਸਰਤ ਨੂੰ ਕੱਵਾਲੀ ਗਾਉਣ ਦੀ ਸਹਿਮਤੀ ਦੇ ਦਿੱਤੀ। ਦਰਅਸਲ ਭਾਰਤ ਵਿਚ ਮੁਨਾਵਰ ਅਲੀ ਖ਼ਾਨ ਨਾਂਅ ਦੇ ਇਕ ਗਾਇਕ ਸਨ ਜੋ ਬੜੇ ਗ਼ੁਲਾਮ ਅਲੀ ਸਾਬ੍ਹ ਦੇ ਬੇਟੇ ਸਨ। ਇਕ ਵਾਰ ਉਹ ਪਾਕਿਸਤਾਨ ਆਏ ਨੁਸਰਤ ਦੇ ਪਿਤਾ ਨਾਲ ਉਨ੍ਹਾਂ ਦੀ ਪਹਿਲਾਂ ਹੀ ਦੋਸਤੀ ਸੀ ਪਰ ਚੰਗਾ ਤਬਲਾਵਾਦਕ ਨਾ ਹੋਣ ਕਾਰਨ ਉਹ ਕਾਫ਼ੀ ਨਿਰਾਸ਼ ਸਨ। ਉਨ੍ਹਾਂ ਨੇ ਇਹ ਗੱਲ ਨੁਸਰਤ ਦੇ ਪਿਤਾ ਨਾਲ ਸਾਂਝੀ ਕੀਤੀ ਨੁਸਰਤ ਦੇ ਪਿਤਾ ਫਤਿਹ ਨੇ ਨੁਸਰਤ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਤੁਹਾਡੀ ਮਦਦ ਕਰ ਸਕਦਾ ਹੈ। ਮੁਨਾਵਰ ਅਲੀ ਨੇ ਨੁਸਰਤ ਦਾ ਮੋਟਾ ਸਰੀਰ ਦੇਖ ਮੂੰਹ ਵਿਗਾੜ ਲਿਆ ਪਰ ਜਦੋਂ ਪਿਤਾ ਨੇ ਨੁਸਰਤ ਦੀ ਤਾਰੀਫ਼ ਕੀਤੀ ਤਾਂ ਫਿਰ ਸ਼ੁਰੂ ਹੋਇਆ ਨੁਸਰਤ ਦਾ ਟ੍ਰਾਇਲ।

ਨੁਸਰਤ ਵੀ ਜਾਣਦੇ ਸਨ ਕਿ ਇਹ ਉਨ੍ਹਾਂ ਲਈ ਵੱਡਾ ਮੌਕਾ ਏ ਅਪਣੀ ਕਾਬਲੀਅਤ ਸਾਬਤ ਕਰਨ ਦਾ ਬਸ ਫਿਰ ਕੀ ਸੀ ਤਬਲੇ 'ਤੇ ਅਜਿਹੀਆਂ ਉਂਗਲਾਂ ਚਲਾਈਆਂ ਜਿਸ ਨੂੰ ਦੇਖ ਮੁਨਾਵਰ ਅਲੀ ਵੀ ਦੰਗ ਰਹਿ ਗਏ। ਇਹ ਨੁਸਰਤ ਦੀ ਪਹਿਲੀ ਜਿੱਤ ਸੀ ਇਸ ਤਰ੍ਹਾਂ ਨੁਸਰਤ ਲਈ ਸੰਗੀਤ ਦੀ ਦੁਨੀਆ ਦਾ ਦਰਵਾਜ਼ਾ ਨੁਸਰਤ ਲਈ ਖੁੱਲ੍ਹ ਗਿਆ। ਸੰਗੀਤ ਦੇ ਖੇਤਰ ਵਿਚ ਨੁਸਰਤ ਸਾਬ੍ਹ ਦੀ ਐਂਟਰੀ ਤੋਂ ਬਾਅਦ ਜੋ ਕੁੱਝ ਹੋਇਆ ਉਹ ਅੱਜ ਇਤਿਹਾਸ ਬਣ ਗਿਆ ਹੈ। ਨੁਸਰਤ ਦੇ ਗੀਤਾਂ ਲਈ ਉਨ੍ਹਾਂ ਨੂੰ ਦੋ ਗ੍ਰੈਮੀ ਐਵਾਰਡਜ਼ ਲਈ ਨਾਮੀਟੇਨ ਵੀ ਕੀਤਾ ਗਿਆ। ਉਨ੍ਹਾਂ ਨੂੰ ਯੂਨੈਸਕੋ ਮਿਊਜ਼ਕ ਐਵਾਰਡ ਵੀ ਮਿਲਿਆ. ਅਤੇ ਪਾਕਿਸਤਾਨ ਦਾ ਪ੍ਰੈਜੀਡੈਂਟ ਐਵਾਰਡ ਵੀ ਸਭ ਤੋਂ ਜ਼ਿਆਦਾ ਕੱਵਾਲੀ ਰਿਕਾਰਡ ਕਰਨ ਦੇ ਲਈ ਨੁਸਰਤ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋਇਆ ਪਰ ਇਨ੍ਹਾਂ ਸਾਰੇ ਐਵਾਰਡ ਜਿੱਤਣ ਦਾ ਰਾਹ ਇੰਨਾ ਆਸਾਨ ਨਹੀਂ ਸੀ।

ਸੰਗੀਤ ਦੀ ਧਾਰ ਨੂੰ ਤੇਜ਼ ਕਰਨ ਲਈ ਉਹ ਰੋਜ਼ਾਨਾ 10-10 ਘੰਟੇ ਤੱਕ ਕਮਰੇ ਵਿਚ ਬੰਦ ਹੋ ਕੇ ਰਿਆਜ਼ ਕਰਦੇ ਸਨ। ਨੁਸਰਤ ਦੀਆਂ ਕੱਵਾਲੀਆਂ ਅਤੇ ਗਾਣੇ ਜਿੰਨੇ ਪਾਕਿਸਤਾਨ ਵਿਚ ਫੇਮਸ ਸਨ।  ਉਸ ਤੋਂ ਕਿਤੇ ਜ਼ਿਆਦਾ ਭਾਰਤ ਵਿਚ ਉਨ੍ਹਾਂ ਨੂੰ ਸਰਾਹਿਆ ਗਿਆ  ਪਰ ਅਪਣੇ ਜੀਵਨ ਵਿਚ ਉਹ ਇਕ ਵਾਰ ਹੀ ਭਾਰਤ ਆ ਸਕੇ। ਉਹ ਵੀ ਰਾਜ ਕਪੂਰ ਦੇ ਬੁਲਾਵੇ 'ਤੇ ਇਸ ਤੋਂ ਬਾਅਦ ਉਹ ਕਦੇ ਭਾਰਤ ਨਹੀਂ ਆ ਸਕੇ। ਨੁਸਰਤ ਸਾਬ੍ਹ ਨੇ ਕੱਵਾਲੀਆਂ ਦੇ ਨਾਲ-ਨਾਲ ਗੁਰਬਾਣੀ ਦੇ ਸ਼ਬਦ ਵੀ ਗਾਏ ਜੋ ਸਿੱਖਾਂ ਵਿਚ ਵੀ ਕਾਫ਼ੀ ਮਕਬੂਲ ਹੋਏ।

ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਵਿਚ ਵੀ ਗਾਣੇ ਗਾਏ  ਲਤਾ ਮੰਗੇਸ਼ਕਰ ਦੇ ਨਾਲ ਉਨ੍ਹਾਂ ਦਾ ਇਕ ਗਾਣਾ 'ਊਪਰ ਖ਼ੁਦਾ ਆਸਮਾਂ ਨੀਚੇ' ਬੇਹੱਦ ਮਕਬੂਲ ਹੋਇਆ। ਭਲੇ ਹੀ ਨੁਸਰਤ ਸਾਬ੍ਹ ਨੂੰ ਇਸ ਦੁਨੀਆ ਤੋਂ ਗਏ ਅੱਜ 23 ਸਾਲ ਬੀਤ ਗਏ ਹੋਣ ਪਰ ਉਨ੍ਹਾਂ ਦੇ ਗਾਣੇ ਉਨ੍ਹਾਂ ਨੂੰ 23 ਸਦੀਆਂ ਤਕ ਵੀ ਅਮਰ ਬਣਾਏ ਰੱਖਣ ਵਿਚ ਸਮਰੱਥ ਹਨ। ਅੱਜ ਵੀ ਵਿਸ਼ਵ ਭਰ ਸੰਗੀਤ ਸਮਰਾਟ ਨੁਸਰਤ ਫਤਿਹ ਅਲੀ ਖ਼ਾਨ ਨੂੰ ਉਨ੍ਹਾਂ ਦੇ ਗੀਤਾਂ ਜ਼ਰੀਏ ਯਾਦ ਕੀਤਾ ਜਾਂਦਾ ਹੈ।